ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਸਪਲਾਈ ਬਾਰੇ ਸਮਝੌਤਾ
ਮੈਲਬੌਰਨ/ਏ.ਟੀ.ਨਿਊਜ਼: ਭਾਰਤ ਅਤੇ ਆਸਟਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ’ਤੇ ਮੋਹਰ ਲੱਗ ਗਈ ਹੈ ਜੋ ਪਰਮਾਣੂ ਊਰਜਾ ਅਤੇ ਹਥਿਆਰਾਂ ਲਈ ਬਹੁਤ ਜ਼ਰੂਰੀ ਹੈ। ਮੈਲਬੌਰਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵਿਚਾਲੇ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਰੱਖਿਆ, ਵਪਾਰ, ਊਰਜਾ, ਪੁਲਾੜ ਅਤੇ ਮਹੱਤਵਪੂਰਨ ਖਣਿਜਾਂ (ਕਰਿਟੀਕਲ ਮਿਨਰਲਜ਼) ਸਮੇਤ ਕਈ ਅਹਿਮ ਖੇਤਰਾਂ ਵਿੱਚ ਨਵੇਂ ਸਮਝੌਤਿਆਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਅਤੇ ਆਸਟ੍ਰੇਲੀਆ ਮਿਲ ਕੇ ਇੱਕ ਕਰਿਟੀਕਲ ਮਿਨਰਲਜ਼ ਕੌਰੀਡੋਰ ਵੀ ਤਿਆਰ ਕਰਨਗੇ। ਇਸ ਦੇ ਨਾਲ ਹੀ ਭਾਰਤ ਦੇ ਅਹਿਮ ਪੁਲਾੜ ਮਿਸ਼ਨ ਗਗਨਯਾਨ ਦੀ ਮਦਦ ਲਈ ਕੋਕੋਸ ਟਾਪੂ ’ਤੇ ਇੱਕ ਸਪੇਸ ਟ੍ਰੈਕਿੰਗ ਟਰਮੀਨਲ ਬਣਾਇਆ ਜਾਵੇਗਾ, ਜੋ ਭਾਰਤੀ ਪੁਲਾੜ ਖੋਜ ਨੂੰ ਨਵੀਂ ਮਜ਼ਬੂਤੀ ਦੇਵੇਗਾ।
ਜਾਣਕਾਰੀ ਅਨੁਸਾਰ ਭਾਰਤ ਤੇ ਆਸਟ੍ਰੇਲੀਆ ਨੇ ਪਿਛਲੇ ਦਿਨੀਂ ਇੱਥੇ ਗ਼ੈਰ-ਫੌਜੀ ਪਰਮਾਣੂ ਊਰਜਾ, ਸਮੁੰਦਰੀ ਰੱਖਿਆ ਤੇ ਅਹਿਮ ਖਣਿਜ ਸੈਕਟਰ ਨਾਲ ਜੁੜੇ ਕਈ ਅਹਿਮ ਸਮਝੌਤੇ ਸਹੀਬੰਦ ਕੀਤੇ। ਸਿਵਲ ਪਰਮਾਣੂ ਸਮਝੌਤੇ ਤਹਿਤ ਭਾਰਤ ਨੂੰ ਆਸਟਰੇਲੀਆ ਤੋਂ ਯੂਰੇਨੀਅਮ ਦੀ ਸਪਲਾਈ ਮਿਲੇਗੀ। ਦੋਵਾਂ ਧਿਰਾਂ ਨੇ ਰੱਖਿਆ, ਖਣਿਜ ਤੇ ਸਾਗਰੀ ਖੇਤਰ ’ਚ ਦੁਵੱਲੇ ਰਿਸ਼ਤਿਆਂ ਦਾ ਘੇਰਾ ਮੋਕਲਾ ਕਰਨ ਦਾ ਵੀ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਨੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਯਕੀਨੀ ਬਣਾਉਣ ਲਈ ਦੋਵਾਂ ਮੁਲਕਾਂ ਦਰਮਿਆਨ ਭਾਈਵਾਲੀ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਤਿੰਨ ਮੁਲਕੀ ਫੇਰੀ ਦੇ ਦੂਜੇ ਪੜਾਅ ਤਹਿਤ ਲੰਘੇ ਦਿਨ ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਅਨ ਆਗੂ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ, ਜਿਸ ਦਾ ਮੁੱਖ ਮਕਸਦ ਵਪਾਰ ਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ। ਮੋਦੀ ਨੇ ਦੋਵਾਂ ਮੁਲਕਾਂ ਦੇ ਸਬੰਧਾਂ ਦੀ ਤੁਲਨਾ ਕ੍ਰਿਕਟ ਨਾਲ ਕਰਦਿਆਂ ਕਿਹਾ, ‘‘ਸਾਡਾ ਏਜੰਡਾ ਇਕ ਰੋਜ਼ਾ ਮੈਚ ਵਾਂਗ ਕੇਂਦਰਤ ਹੈ, ਸਾਡੇ ਫੈਸਲੇ ਟੀ 20 ਕ੍ਰਿਕਟ ਵਾਂਗ ਤੇਜ਼ ਹਨ ਤੇ ਸਾਡੀ ਭਾਈਵਾਲੀ ਟੈਸਟ ਮੈਚ ਵਾਂਗ ਸਥਾਈ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਸਰਕਾਰ ਵੱਲੋਂ 16 ਸਾਲ ਤੱਕ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਲਗਾਈ ਪਾਬੰਦੀ ਦੇ ਫੈਸਲੇ ਦੀ ਤਾਰੀਫ਼ ਕੀਤੀ ਅਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਉਨ੍ਹਾਂ ਤੋਂ ਸਿੱਖ ਰਹੇ ਹਨ। ਇਨ੍ਹਾਂ ਅਧਿਕਾਰਤ ਸਮਝੌਤਿਆਂ ਅਤੇ ਮੀਟਿੰਗਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੈਲਬੌਰਨ ਵਿੱਚ ਇਕੱਠੇ ਹੋਏ ਵੱਡੇ ਭਾਰਤੀ ਲੋਕਾਂ ਦੇ ਵੱਡੇ ਇਕੱਠ ਨੂੰ ਵੀ ਸੰਬੋਧਨ ਕੀਤਾ।











Comments (0)