ਦਿੱਲੀ ਦਰਬਾਰ ਦੇ ਗੈਂਗਸਟਰ ਨੈੱਟਵਰਕਾਂ ਨੂੰ ਵਰਤਣ ਦਾ ਪਰਦਾਫ਼ਾਸ਼ ਹੋਇਆ : ਦਲ ਖ਼ਾਲਸਾ

ਦਿੱਲੀ ਦਰਬਾਰ ਦੇ ਗੈਂਗਸਟਰ ਨੈੱਟਵਰਕਾਂ ਨੂੰ ਵਰਤਣ ਦਾ ਪਰਦਾਫ਼ਾਸ਼ ਹੋਇਆ  : ਦਲ ਖ਼ਾਲਸਾ

ਅੰਮ੍ਰਿਤਸਰ/ਏ.ਟੀ.ਨਿਊਜ਼:  ਜੂਨ 2023 ਵਿੱਚ ਖ਼ਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਗੁਜਰਾਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗੌੜੇ ਗੋਲਡੀ ਬਰਾੜ ’ਤੇ ਅਮਰੀਕਾ ਵੱਲੋਂ ਦੋਸ਼ ਲਗਾਉਣ ਨੇ ਸਿੱਖ ਭਾਈਚਾਰੇ ਦੇ ਦਾਅਵਿਆਂ ਨੂੰ ਮਜ਼ਬੂਤ ਕੀਤਾ ਹੈ ਕਿ ਭਾਰਤੀ ਖੁਫ਼ੀਆ ਏਜੰਸੀਆਂ ਨੇ ਅਪਰਾਧਿਕ ਨੈੱਟਵਰਕਾਂ ਅਤੇ ਅਖੌਤੀ ਰਾਸ਼ਟਰਵਾਦੀ ਗੈਂਗਸਟਰਾਂ ਰਾਹੀਂ ਭਾਈ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
    ਭਾਈ ਨਿੱਝਰ ਦੇ ਮਾਮਲੇ ਵਿੱਚ ‘ਸਵੈ-ਕਲੀਨ ਚਿੱਟ’ ਦੇਣ ਦੇ ਭਾਰਤ ਸਰਕਾਰ ਅਤੇ ਇਸ ਦੇ ਮੀਡੀਆ ਦੇ ਦਾਅਵਿਆਂ ਨੂੰ ਨਕਾਰਦੇ ਹੋਏ, ਦਲ ਖ਼ਾਲਸਾ ਲੀਡਰਸ਼ਿਪ ਨੇ ਕਿਹਾ ਕਿ ਖੁਫ਼ੀਆ ਏਜੰਸੀਆਂ ਦੇ ਗੁਪਤ ਕੰਮਕਾਜ ਤੋਂ ਜਾਣੂ ਕੋਈ ਵੀ ਅਕਲਮੰਦ ਵਿਅਕਤੀ ਸਹਿਜੇ ਹੀ ਇਹ ਸਮਝ ਸਕਦਾ ਹੈ ਕਿ ਸਰਕਾਰਾਂ ਅਧਿਕਾਰਤ ਤੌਰ ’ਤੇ ਵਰਦੀ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਗੈਰ-ਨਿਆਂਇਕ ਅਤੇ ਸਰਹੱਦਾਂ ਤੋਂ ਬਾਹਰ ਕਾਰਵਾਈਆਂ ਵਿੱਚ ਨਹੀਂ ਸ਼ਾਮਲ ਕਰਦੀਆਂ ਹਨ। ਅਜਿਹੇ ਗੁਪਤ ਅਪਰੇਸ਼ਨ ਆਮ ਤੌਰ ’ਤੇ ਹਿੱਟ ਮੈਨ, ਅਪਰਾਧਿਕ ਸਿੰਡੀਕੇਟਾਂ ਅਤੇ ਗੈਰ-ਸਟੇਟ ਕਾਰਕੁਨਾਂ ਦੁਆਰਾ ਕੀਤੇ ਜਾਂਦੇ ਹਨ।
    ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ, ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਜੋ ਹਾਲ ਹੀ ਵਿੱਚ ਕੈਨੇਡਾ ਟੂਰ ਲਗਾ ਕੇ ਵਾਪਸ ਪਰਤੇ ਹਨ,  ਨੇ ਕਿਹਾ ਕਿ ਅਪਰੇਸ਼ਨ ਹਾਰਡ ਬਾਲ ਤੋਂ ਉੱਭਰ ਰਹੇ ਤੱਥਾਂ ਨੇ ਹੋਰ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਭਾਰਤ ਦਾ ‘ਡੀਪ ਸਟੇਟ’ ਕਥਿਤ ਤੌਰ ’ਤੇ ਅੰਤਰ-ਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਦੀ ਵਰਤੋਂ ਕਰਕੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਰਾਸ਼ਟਰੀ ਹਿੱਤਾਂ ਲਈ ਖ਼ਤਰਾ ਸਮਝਦਾ ਹੈ।
 ਮੰਡ ਨੇ ਕਿਹਾ ਕਿ ‘ਲਾਰੈਂਸ ਬਿਸ਼ਨੋਈ ਸਖ਼ਤ ਪਹਿਰੇ ਵਾਲੀ ਜੇਲ੍ਹ ਵਿੱਚ ਕੈਦ ਹੋਣ ਦੇ ਬਾਵਜੂਦ  ਉਸਦਾ ਅਪਰਾਧਿਕ ਨੈੱਟਵਰਕ ਭਾਰਤ ਅਤੇ ਕਈ ਵਿਦੇਸ਼ੀ ਦੇਸ਼ਾਂ ਵਿੱਚ ਫ਼ੈਲ ਚੁੱਕਾ ਹੈ। ਇਹ ਸਭ ਸਪੱਸ਼ਟ ਸੰਕੇਤ ਹੈ ਕਿ ਅਜਿਹਾ ਨੈਟਵਰਕ ਡੀਪ ਸਟੇਟ ਤੋਂ ਸੁਰੱਖਿਆ, ਸਹੂਲਤ ਜਾਂ ਸਰਪ੍ਰਸਤੀ ਤੋਂ ਬਿਨਾਂ ਇਸ ਹੱਦ ਤੱਕ ਨਹੀਂ ਫ਼ੈਲ ਸਕਦਾ।’
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਦੇ ਹਿੱਸੇ ਲੋਕਾਂ ਤੋਂ ਇਹ ਉਮੀਦ ਨਾ ਰੱਖਣ ਕਿ ਉਹ ਇਹ ਵਿਸ਼ਵਾਸ ਕਰਨ ਕਿ ਇੱਕ ਜੇਲ੍ਹ ਵਿੱਚ ਬੰਦ ਗੈਂਗਸਟਰ ਵੱਡੇ ਪੱਧਰ ’ਤੇ ਫ਼ੈਲ ਰਹੇ ਅੰਤਰਰਾਸ਼ਟਰੀ ਸਿੰਡੀਕੇਟ ਨੂੰ ਪੂਰੀ ਤਰ੍ਹਾਂ ਆਪਣੇ ਆਪ, ਰਾਜਨੀਤਿਕ ਸਹਾਇਤਾ ਜਾਂ ਏਜੰਸੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਿਰਦੇਸ਼ਤ ਕਰ ਰਿਹਾ ਹੈ।
ਮੰਡ ਨੇ ਟਿੱਪਣੀ ਕਰਦਿਆਂ ਪੁੱਛਿਆ ਕਿ ਲਾਰੈਂਸ ਬਿਸ਼ਨੋਈ ਦੀ ਹਰਦੀਪ ਸਿੰਘ ਨਿੱਝਰ ਨਾਲ ਭਲਾ ਕੀ ਨਿੱਜੀ ਦੁਸ਼ਮਣੀ ਹੋ ਸਕਦੀ ਸੀ? ਉਨ੍ਹਾਂ ਅੱਗੇ ਕਿਹਾ ਕਿ ਮੁਮਕਿਨ ਹੈ ਕਿ ਸਟੇਟ ਦੀਆਂ ਏਜੰਸੀਆਂ ਬਿਸ਼ਨੋਈ ਦੇ ਨੈੱਟਵਰਕ ਨੂੰ ਉਸਦੀ ਮਨਜ਼ੂਰੀ ਤੋਂ ਬਿਨਾ ਵੀ ਆਪਣੇ ਉਦੇਸ਼ਾਂ ਲਈ ਵਰਤ ਰਹੀਆਂ ਹੋ ਸਕਦੀਆਂ ਹਨ।
ਅਪਰਾਧਿਕ ਸਿੰਡੀਕੇਟਾਂ ਨੂੰ ਖਤਮ ਕਰਨ ਅਤੇ ਗੈਂਗਸਟਰਾਂ ਦੇ ਖਤਰੇ ਦਾ ਮੁਕਾਬਲਾ ਕਰਨ ਦੀ ਬਜਾਏ, ਸਟੇਟ ਤੰਤਰ ਦੇ ਕੁਝ ਹਿੱਸੇ ਰਣਨੀਤਕ ਅਤੇ ਰਾਜਨੀਤਿਕ ਉਦੇਸ਼ਾਂ ਲਈ ਗ਼ੈਰ-ਸਟੇਟ ਐਕਟਰਾਂ ਦੀ ਵਰਤੋਂ ਕਰਦੇ ਆ ਰਹੇ ਹਨ।
ਦਲ ਖ਼ਾਲਸਾ ਨੇ ਨਿੱਝਰ ਦੇ ਕਤਲ ਪਿੱਛੇ ਕਮਾਂਡ, ਵਿੱਤ, ਸਹੂਲਤ ਅਤੇ ਸੰਚਾਲਨ ਸਹਾਇਤਾ ਦੀ ਪੂਰੀ ਲੜੀ ਦੀ ਪੰਜ ਅੱਖਾਂ ਵਾਲੇ ਦੇਸ਼ਾਂ ਕੋਲੋਂ ਪਾਰਦਰਸ਼ੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ। ਜਥੇਬੰਦੀ ਨੇ ਕਿਹਾ ਕਿ ਜਾਂਚ ਕਥਿਤ ਬੰਦੂਕ ਚੁੱਕ ਕੇ ਮਾਰਨ ਵਾਲੇ ਹੱਥਾਂ ਅਤੇ ਗੈਂਗਸਟਰਾਂ ਤੋਂ ਅੱਗੇ ਸਾਜ਼ਿਸ਼ ਅਤੇ ਸਪੋਰਟ ਦੇਣ ਵਾਲੇ ਹਰ ਅਧਿਕਾਰੀ, ਵਿਚੋਲੇ ਅਤੇ ਏਜੰਸੀ ਤੱਕ ਹੋਣੀ ਚਾਹੀਦੀ ਹੈ ।