ਮਨੁੱਖੀ ਸੁਭਾਅ ਵਿੱਚ ਸਨਮਾਨ, ਪ੍ਰਸ਼ੰਸਾ, ਪਛਾਣ ਅਤੇ ਸਫਲਤਾ ਪ੍ਰਾਪਤ ਕਰਨ ਦੀ ਇੱਛਾ ਜਨਮਜਾਤ ਹੁੰਦੀ ਹੈ। ਸਭਿਆਚਾਰ ਦੇ ਆਰੰਭ ਤੋਂ ਹੀ ਮਨੁੱਖ ਨੇ ਸਿਰਫ਼ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਹੀ ਨਹੀਂ, ਸਗੋਂ ਸਮਾਜ ਵਿੱਚ ਇੱਕ ਚੰਗਾ ਨਾਮ ਅਤੇ ਇੱਜ਼ਤ ਕਮਾਉਣ ਲਈ ਵੀ ਅਣਥੱਕ ਮਿਹਨਤ ਕੀਤੀ ਹੈ। ਚੰਗਾ ਨਾਮ ਮਨੁੱਖ ਦੇ ਚੰਗੇ ਚਰਿੱਤਰ, ਉਸ ਦੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਯੋਗਦਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦ੍ਰਿਸ਼ਟੀ ਤੋਂ ਨਾਮ ਅਤੇ ਸ਼ੋਹਰਤ ਵਿਅਕਤੀ ਨੂੰ ਉੱਚੇ ਆਦਰਸ਼ਾਂ ਲਈ ਪ੍ਰੇਰਿਤ ਕਰ ਸਕਦੇ ਹਨ, ਸਮਾਜ ਦੀ ਸੇਵਾ ਲਈ ਉਤਸ਼ਾਹਿਤ ਕਰ ਸਕਦੇ ਹਨ ਅਤੇ ਇੱਕ ਅਰਥਪੂਰਨ ਵਿਰਾਸਤ ਛੱਡਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ।
ਪਰ ਜਦੋਂ ਨਾਮ ਅਤੇ ਸ਼ੋਹਰਤ ਜੀਵਨ ਦਾ ਉਦੇਸ਼ ਬਣ ਜਾਂਦੇ ਹਨ, ਨਾ ਕਿ ਚੰਗੇ ਕਰਮਾਂ ਦਾ ਸੁਭਾਵਿਕ ਨਤੀਜ਼ਾ, ਤਾਂ ਇਹ ਪ੍ਰੇਰਣਾ ਦੀ ਥਾਂ ਚਿੰਤਾ, ਤਣਾਅ, ਮਾਨਸਿਕ ਦਬਾਅ ਅਤੇ ਭਾਵਨਾਤਮਕ ਪੀੜਾ ਦਾ ਕਾਰਨ ਬਣ ਜਾਂਦੇ ਹਨ।
ਅੱਜ ਦੇ ਭੌਤਿਕਵਾਦੀ ਅਤੇ ਡਿਜ਼ੀਟਲ ਯੁੱਗ ਵਿੱਚ ਸਫਲਤਾ ਦਾ ਮਾਪਦੰਡ ਅਕਸਰ ਧਨ-ਦੌਲਤ, ਪ੍ਰਸਿੱਧੀ, ਸਮਾਜਿਕ ਰੁਤਬੇ ਅਤੇ ਲੋਕਪ੍ਰਿਯਤਾ ਨੂੰ ਮੰਨਿਆ ਜਾਂਦਾ ਹੈ। ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਅੱਜ 'ਲਾਈਕ', 'ਫਾਲੋਅਰ', 'ਕੁਮੈਂਟ' ਅਤੇ 'ਸ਼ੇਅਰ' ਕਈ ਲੋਕਾਂ ਲਈ ਅਸਲ ਪ੍ਰਾਪਤੀਆਂ ਨਾਲੋਂ ਵੱਧ ਮਹੱਤਵਪੂਰਨ ਬਣ ਗਏ ਹਨ। ਇਸ ਕਾਰਨ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੀ ਤੁਲਨਾ ਦੂਜਿਆਂ ਦੀਆਂ ਸਜਾਈਆਂ-ਸਵਾਰੀਆਂ ਤਸਵੀਰਾਂ ਅਤੇ ਸਫਲਤਾਵਾਂ ਨਾਲ ਕਰਨ ਲੱਗ ਪਏ ਹਨ ਅਤੇ ਇਹ ਮੰਨਣ ਲੱਗੇ ਹਨ ਕਿ ਖੁਸ਼ੀ ਦਾ ਇਕੋ-ਇੱਕ ਰਾਹ ਮਸ਼ਹੂਰ ਹੋਣਾ ਹੈ।
ਮਨੋਵਿਗਿਆਨਕ ਪੱਖੋਂ ਦੇਖਿਆ ਜਾਵੇ ਤਾਂ ਨਾਮ ਅਤੇ ਸ਼ੋਹਰਤ ਦੇ ਸਕਾਰਾਤਮਕ ਅਤੇ ਨਕਾਰਾਤਮਕ—ਦੋਵੇਂ ਪ੍ਰਭਾਵ ਹਨ। ਜਦੋਂ ਕਿਸੇ ਵਿਅਕਤੀ ਨੂੰ ਉਸਦੀ ਇਮਾਨਦਾਰੀ, ਗਿਆਨ, ਮਿਹਨਤ, ਸਿਰਜਣਾਤਮਕਤਾ ਜਾਂ ਸਮਾਜ ਸੇਵਾ ਲਈ ਮਾਣ-ਸਨਮਾਨ ਮਿਲਦਾ ਹੈ ਤਾਂ ਉਸ ਦਾ ਆਤਮ-ਵਿਸ਼ਵਾਸ ਵਧਦਾ ਹੈ, ਉਸ ਨੂੰ ਹੋਰ ਬਿਹਤਰ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਅਤੇ ਉਹ ਹੋਰਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦਾ ਹੈ। ਅਜਿਹੀ ਪ੍ਰਸਿੱਧੀ ਸਮਾਜ ਵਿੱਚ ਚੰਗੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦੀ ਹੈ।
ਪਰ ਸ਼ੋਹਰਤ ਦਾ ਇੱਕ ਅਦਿੱਖ ਬੋਝ ਵੀ ਹੁੰਦਾ ਹੈ। ਜਿਵੇਂ-ਜਿਵੇਂ ਪ੍ਰਸਿੱਧੀ ਵੱਧਦੀ ਹੈ, ਉਸ ਨੂੰ ਕਾਇਮ ਰੱਖਣ ਦਾ ਦਬਾਅ ਵੀ ਵੱਧਦਾ ਜਾਂਦਾ ਹੈ। ਆਲੋਚਨਾ ਦਾ ਡਰ, ਲੋਕਾਂ ਦੇ ਫ਼ੈਸਲੇ ਦਾ ਡਰ, ਅਸਫਲ ਹੋਣ ਦੀ ਚਿੰਤਾ ਅਤੇ ਲੋਕਪ੍ਰਿਯਤਾ ਗੁਆ ਬੈਠਣ ਦਾ ਭੈਅ ਮਨੁੱਖ ਨੂੰ ਲਗਾਤਾਰ ਮਾਨਸਿਕ ਤਣਾਅ ਵਿੱਚ ਰੱਖ ਸਕਦਾ ਹੈ। ਬਹੁਤ ਸਾਰੇ ਪ੍ਰਸਿੱਧ ਵਿਅਕਤੀ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਲਈ ਇਹ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਕੌਣ ਉਨ੍ਹਾਂ ਦਾ ਸੱਚਾ ਸਾਥੀ ਹੈ ਅਤੇ ਕੌਣ ਸਿਰਫ਼ ਨਿੱਜੀ ਲਾਭ ਲਈ ਨੇੜੇ ਆਇਆ ਹੈ। ਜਨਤਕ ਜੀਵਨ ਵਿੱਚ ਨਿੱਜਤਾ ਵੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਅਤੇ ਇੱਕ ਛੋਟੀ ਜਿਹੀ ਗ਼ਲਤੀ ਵੀ ਵੱਡੇ ਵਿਵਾਦ ਦਾ ਰੂਪ ਧਾਰ ਲੈਂਦੀ ਹੈ।
ਆਧੁਨਿਕ ਮਨੋਵਿਗਿਆਨ ਇਸ ਸਥਿਤੀ ਨੂੰ 'ਹੀਡੋਨਿਕ ਟ੍ਰੈਡਮਿੱਲ' (Hedonic Treadmill) ਦੇ ਸਿਧਾਂਤ ਨਾਲ ਸਮਝਾਉਂਦਾ ਹੈ। ਇਸ ਅਨੁਸਾਰ ਮਨੁੱਖ ਕਿਸੇ ਵੀ ਸਫਲਤਾ ਨਾਲ ਬਹੁਤ ਜਲਦੀ ਅਨੁਕੂਲ ਹੋ ਜਾਂਦਾ ਹੈ। ਇੱਕ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਉਹ ਹੋਰ ਵੱਡੇ ਟੀਚੇ ਦੀ ਭਾਲ ਵਿੱਚ ਲੱਗ ਜਾਂਦਾ ਹੈ। ਇਸ ਤਰ੍ਹਾਂ ਨਾਮ, ਧਨ ਅਤੇ ਪ੍ਰਸਿੱਧੀ ਦੀ ਇਹ ਦੌੜ ਕਦੇ ਖ਼ਤਮ ਨਹੀਂ ਹੁੰਦੀ। ਪਰ ਬਾਹਰੀ ਪ੍ਰਾਪਤੀਆਂ ਮਨੁੱਖ ਦੀਆਂ ਅੰਦਰੂਨੀ ਭਾਵਨਾਤਮਕ ਲੋੜਾਂ ਨੂੰ ਸਥਾਈ ਤੌਰ 'ਤੇ ਸੰਤੁਸ਼ਟ ਨਹੀਂ ਕਰ ਸਕਦੀਆਂ। ਇਸ ਲਈ ਬਹੁਤ ਸਾਰੀ ਸਫਲਤਾ ਪ੍ਰਾਪਤ ਕਰਨ ਦੇ ਬਾਵਜੂਦ ਵੀ ਕਈ ਲੋਕ ਅੰਦਰੋਂ ਖਾਲੀਪਣ ਮਹਿਸੂਸ ਕਰਦੇ ਹਨ।
ਸੋਸ਼ਲ ਮੀਡੀਆ ਨੇ ਇਸ ਸਮੱਸਿਆ ਨੂੰ ਖਾਸ ਕਰਕੇ ਨੌਜਵਾਨਾਂ ਵਿੱਚ ਹੋਰ ਗੰਭੀਰ ਬਣਾ ਦਿੱਤਾ ਹੈ। ਅੱਜ ਬਹੁਤ ਸਾਰੇ ਨੌਜਵਾਨ ਆਪਣੇ ਚਰਿੱਤਰ, ਯੋਗਤਾ ਜਾਂ ਮਨੁੱਖੀ ਗੁਣਾਂ ਦੀ ਬਜਾਏ ਡਿਜ਼ੀਟਲ ਪ੍ਰਸਿੱਧੀ ਨੂੰ ਆਪਣੀ ਕੀਮਤ ਦਾ ਮਾਪਦੰਡ ਮੰਨਦੇ ਹਨ। ਜਦੋਂ ਉਨ੍ਹਾਂ ਨੂੰ ਉਮੀਦ ਅਨੁਸਾਰ ਪ੍ਰਤੀਕਿਰਿਆ ਨਹੀਂ ਮਿਲਦੀ ਤਾਂ ਉਹ ਚਿੰਤਾ, ਉਦਾਸੀ, ਹੀਣ-ਭਾਵਨਾ ਅਤੇ ਘੱਟ ਆਤਮ-ਵਿਸ਼ਵਾਸ ਦਾ ਸ਼ਿਕਾਰ ਹੋ ਸਕਦੇ ਹਨ।
ਇਸ ਸਥਿਤੀ ਦਾ ਸਭ ਤੋਂ ਸਿਹਤਮੰਦ ਹੱਲ ਇਹ ਹੈ ਕਿ ਅਸੀਂ ਸਮਝੀਏ ਕਿ ਨਾਮ ਅਤੇ ਸ਼ੋਹਰਤ ਚੰਗੇ ਕੰਮਾਂ ਦਾ ਨਤੀਜ਼ਾ ਹਨ, ਜੀਵਨ ਦਾ ਮਕਸਦ ਨਹੀਂ। ਜੇਕਰ ਸਨਮਾਨ ਮਿਲੇ ਤਾਂ ਉਸ ਨੂੰ ਨਿਮਰਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ, ਪਰ ਉਸ ਨੂੰ ਆਪਣੀ ਪਹਿਚਾਣ ਦਾ ਆਧਾਰ ਨਹੀਂ ਬਣਾਉਣਾ ਚਾਹੀਦਾ। ਮਨੁੱਖ ਦੀ ਅਸਲ ਕੀਮਤ ਉਸ ਦੀ ਇਮਾਨਦਾਰੀ, ਨਿਮਰਤਾ, ਦਇਆ, ਸੱਚਾਈ, ਗਿਆਨ, ਸੇਵਾ-ਭਾਵਨਾ ਅਤੇ ਉੱਚੇ ਚਰਿੱਤਰ ਵਿੱਚ ਹੁੰਦੀ ਹੈ। ਜਿਹੜਾ ਵਿਅਕਤੀ ਇਨ੍ਹਾਂ ਗੁਣਾਂ ਨਾਲ ਜੁੜਿਆ ਰਹਿੰਦਾ ਹੈ, ਉਹ ਲੋਕਾਂ ਦੀ ਪ੍ਰਸ਼ੰਸਾ ਜਾਂ ਆਲੋਚਨਾ ਦੋਵਾਂ ਹਾਲਾਤਾਂ ਵਿੱਚ ਮਾਨਸਿਕ ਸੰਤੁਲਨ ਬਣਾਈ ਰੱਖਦਾ ਹੈ।
ਅੱਜ ਦੇ ਮੁਕਾਬਲੇ ਭਰੇ ਜੀਵਨ ਵਿੱਚ ਭਾਵਨਾਤਮਕ ਸੰਤੁਲਨ ਅਤੇ ਸਵੈ-ਜਾਗਰੂਕਤਾ ਬਹੁਤ ਜ਼ਰੂਰੀ ਹਨ। ਦੂਜਿਆਂ ਨਾਲ ਤੁਲਨਾ ਕਰਨ ਦੀ ਥਾਂ ਆਪਣੇ ਵਿਅਕਤੀਗਤ ਵਿਕਾਸ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸ਼ੁਕਰਗੁਜ਼ਾਰੀ ਦਾ ਭਾਵ ਮਨੁੱਖ ਨੂੰ ਆਪਣੀਆਂ ਪ੍ਰਾਪਤੀਆਂ ਦੀ ਕਦਰ ਕਰਨਾ ਸਿਖਾਉਂਦਾ ਹੈ। ਪਰਿਵਾਰ ਅਤੇ ਸੱਚੇ ਮਿੱਤਰਾਂ ਨਾਲ ਮਜ਼ਬੂਤ ਰਿਸ਼ਤੇ ਸਫਲਤਾ ਅਤੇ ਅਸਫਲਤਾ ਦੋਵੇਂ ਸਮਿਆਂ ਵਿੱਚ ਭਾਵਨਾਤਮਕ ਸਹਾਰਾ ਦਿੰਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਸੀਮਤ ਵਰਤੋਂ, ਚੰਗੀਆਂ ਪੁਸਤਕਾਂ ਦਾ ਅਧਿਐਨ, ਆਤਮ-ਚਿੰਤਨ, ਧਿਆਨ ਅਤੇ ਸਮਾਜ ਸੇਵਾ ਮਨੁੱਖ ਨੂੰ ਅੰਦਰੂਨੀ ਤੌਰ 'ਤੇ ਮਜ਼ਬੂਤ ਬਣਾਉਂਦੇ ਹਨ।
ਨਿਮਰਤਾ ਹੀ ਉਹ ਗੁਣ ਹੈ ਜੋ ਮਨੁੱਖ ਨੂੰ ਸ਼ੋਹਰਤ ਦੇ ਮਾਨਸਿਕ ਖ਼ਤਰਿਆਂ ਤੋਂ ਬਚਾਉਂਦਾ ਹੈ। ਹਰ ਸਫਲ ਵਿਅਕਤੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰਾਪਤੀਆਂ ਸਥਾਈ ਨਹੀਂ ਹੁੰਦੀਆਂ। ਹਾਲਾਤ ਕਿਸੇ ਵੀ ਵੇਲੇ ਬਦਲ ਸਕਦੇ ਹਨ। ਪ੍ਰਸਿੱਧੀ ਘਟ ਸਕਦੀ ਹੈ, ਧਨ ਘਟ-ਵੱਧ ਸਕਦਾ ਹੈ ਅਤੇ ਲੋਕਾਂ ਦਾ ਧਿਆਨ ਕਿਸੇ ਹੋਰ ਵੱਲ ਮੁੜ ਸਕਦਾ ਹੈ। ਪਰ ਦਇਆ, ਸਿਆਣਪ, ਸੱਚਾਈ ਅਤੇ ਮਨੁੱਖਤਾ ਦੇ ਆਧਾਰ 'ਤੇ ਕਮਾਇਆ ਗਿਆਨ ਸਨਮਾਨ ਸਦਾ ਕਾਇਮ ਰਹਿੰਦਾ ਹੈ।
ਮਾਪਿਆਂ ਅਤੇ ਵਿਦਿਅਕ ਸੰਸਥਾਵਾਂ ਦੀ ਵੀ ਇਸ ਪ੍ਰਤੀ ਮਹੱਤਵਪੂਰਨ ਜ਼ਿੰਮੇਵਾਰੀ ਬਣਦੀ ਹੈ। ਬੱਚਿਆਂ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਜੀਵਨ ਦਾ ਅਸਲ ਮਕਸਦ ਕੇਵਲ ਮਸ਼ਹੂਰ ਹੋਣਾ ਨਹੀਂ, ਸਗੋਂ ਜ਼ਿੰਮੇਵਾਰ, ਨੈਤਿਕ, ਸੰਵੇਦਨਸ਼ੀਲ ਅਤੇ ਦਿਆਲੂ ਇਨਸਾਨ ਬਣਨਾ ਹੈ। ਜਦੋਂ ਸਮਾਜ ਚਰਿੱਤਰ ਨੂੰ ਪ੍ਰਸਿੱਧੀ ਨਾਲੋਂ ਵੱਧ ਮਹੱਤਵ ਦੇਵੇਗਾ, ਤਦੋਂ ਆਉਣ ਵਾਲੀਆਂ ਪੀੜ੍ਹੀਆਂ ਸਫਲਤਾ ਦੀ ਸਹੀ ਪਰਿਭਾਸ਼ਾ ਨੂੰ ਸਮਝ ਸਕਣਗੀਆਂ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਨਾਮ ਅਤੇ ਸ਼ੋਹਰਤ ਨਾ ਤਾਂ ਆਪਣੇ ਆਪ ਵਿੱਚ ਚੰਗੇ ਹਨ ਅਤੇ ਨਾ ਹੀ ਮਾੜੇ। ਉਨ੍ਹਾਂ ਦਾ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿਸ ਸੋਚ ਅਤੇ ਕਿਸ ਮਕਸਦ ਨਾਲ ਪ੍ਰਾਪਤ ਕਰਦੇ ਹਾਂ। ਜੇਕਰ ਉਹ ਨਿਮਰਤਾ, ਸਿਆਣਪ ਅਤੇ ਸਮਾਜ ਸੇਵਾ ਨਾਲ ਜੁੜੇ ਹੋਣ ਤਾਂ ਉਹ ਸਮਾਜ ਵਿੱਚ ਸਕਾਰਾਤਮਕ ਬਦਲਾਅ ਦਾ ਸਾਧਨ ਬਣ ਸਕਦੇ ਹਨ। ਪਰ ਜੇਕਰ ਉਹੀ ਜੀਵਨ ਦਾ ਅੰਤਿਮ ਟੀਚਾ ਬਣ ਜਾਣ ਤਾਂ ਭੌਤਿਕ ਸਫਲਤਾ ਦੇ ਬਾਵਜੂਦ ਵੀ ਮਨੁੱਖ ਅੰਦਰੋਂ ਖਾਲੀ ਰਹਿ ਜਾਂਦਾ ਹੈ।
ਅਸਲ ਸਫਲਤਾ ਇਸ ਗੱਲ ਨਾਲ ਨਹੀਂ ਮਾਪੀ ਜਾਂਦੀ ਕਿ ਕਿੰਨੇ ਲੋਕ ਸਾਡਾ ਨਾਮ ਜਾਣਦੇ ਹਨ, ਸਗੋਂ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਸਾਡੇ ਕਰਮਾਂ ਨੇ ਕਿੰਨੇ ਲੋਕਾਂ ਦੇ ਜੀਵਨ ਨੂੰ ਸੁਚੱਜਾ ਬਣਾਇਆ ਹੈ। ਸਥਾਈ ਖੁਸ਼ੀ ਜਨਤਕ ਤਾੜੀਆਂ ਵਿੱਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ, ਸੱਚੇ ਰਿਸ਼ਤਿਆਂ, ਉੱਚੇ ਚਰਿੱਤਰ, ਨੈਤਿਕਤਾ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਜੀਵਨ ਵਿੱਚ ਵੱਸਦੀ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਵਿਭਾਗ
ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ।
Comments (0)