ਟੋਕੇ ਵਾਲੀ ਮਸ਼ੀਨ ਤੋਂ ਰਾਸ਼ਟਰਮੰਡਲ ਦੇ ਮੰਚ ਤੱਕ: ਵੇਟਲਿਫਟਰ ਹਰਜਿੰਦਰ ਕੌਰ ਨੇ ਜਿੱਤਿਆ ਚਾਂਦੀ ਦਾ ਮੈਡਲ

ਟੋਕੇ ਵਾਲੀ ਮਸ਼ੀਨ ਤੋਂ ਰਾਸ਼ਟਰਮੰਡਲ ਦੇ ਮੰਚ ਤੱਕ: ਵੇਟਲਿਫਟਰ ਹਰਜਿੰਦਰ ਕੌਰ ਨੇ ਜਿੱਤਿਆ ਚਾਂਦੀ ਦਾ ਮੈਡਲ

ਨਿਊਜ਼ ਸਟੋਰੀ

ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਖੇਡ ਮੰਚ ਉੱਤੇ ਆਪਣੀ ਤਾਕਤ ਅਤੇ ਲਗਨ ਦਾ ਲੋਹਾ ਮਨਵਾਉਂਦੇ ਹੋਏ ਰਾਸ਼ਟਰਮੰਡਲ ਖੇਡਾਂ 2026 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਅਤੇ ਸਿੱਖ ਪੰਥ ਦਾ ਨਾਮ ਰੌਸ਼ਨ ਕੀਤਾ ਹੈ। ਗਲਾਸਗੋ ਵਿੱਚ ਖੇਡੀਆਂ ਜਾ ਰਹੀਆਂ ਇਨ੍ਹਾਂ ਖੇਡਾਂ ਦੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਜਿੰਦਰ ਨੇ ਕੁੱਲ 227 ਕਿਲੋ (ਸਨੈਚ ਵਿੱਚ 101 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋ) ਭਾਰ ਚੁੱਕ ਕੇ ਆਪਣੇ ਕੈਰੀਅਰ ਦਾ ਸਰਵੋਤਮ (ਪਰਸਨਲ ਬੈਸਟ) ਪ੍ਰਦਰਸ਼ਨ ਕੀਤਾ। ਸਾਲ 2022 ਦੀਆਂ ਬਰਮਿੰਘਮ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਹੁਣ ਚਾਂਦੀ ਦਾ ਤਗਮਾ ਜਿੱਤਣਾ ਉਸ ਦੀ ਅਣਥੱਕ ਮਿਹਨਤ ਦਾ ਪ੍ਰਤੱਖ ਪ੍ਰਮਾਣ ਹੈ।

 ਹਰਜਿੰਦਰ ਦੀ ਸਫ਼ਲਤਾ ਦੀ ਬੁਨਿਆਦ ਤੇ ਪ੍ਰਾਪਤੀਆਂ
ਹਰਜਿੰਦਰ ਕੌਰ ਦਾ ਜਨਮ 14 ਅਕਤੂਬਰ 1996 ਨੂੰ ਪੰਜਾਬ ਦੇ ਨਾਭਾ ਨੇੜਲੇ ਪਿੰਡ ਮੈਹਸ਼ ਵਿੱਚ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਇੱਕ ਕਮਰੇ ਦੇ ਘਰ ਵਿੱਚ ਪਲੀ ਹਰਜਿੰਦਰ ਦੇ ਪਰਿਵਾਰ ਨੇ ਆਰਥਿਕ ਤੰਗੀਆਂ ਦਾ ਸਾਹਮਣਾ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਲਈ ਖੇਡ ਸਿਖਲਾਈ ਦਾ ਬੁਨਿਆਦੀ ਖ਼ਰਚਾ ਚੁੱਕਣਾ ਵੀ ਵੱਡੀ ਚੁਣੌਤੀ ਸੀ ਪਰ ਇਨ੍ਹਾਂ ਆਰਥਿਕ ਮੁਸ਼ਕਿਲਾਂ ਨੇ ਹਰਜਿੰਦਰ ਦੇ ਇਰਾਦਿਆਂ ਨੂੰ ਤੋੜਨ ਦੀ ਬਜਾਏ ਹੋਰ ਮਜ਼ਬੂਤ ਕੀਤਾ। ਰੋਜ਼ਾਨਾ ਪਸ਼ੂਆਂ ਲਈ ਹੱਥੀਂ ਟੋਕੇ ਵਾਲੀ ਮਸ਼ੀਨ ਨਾਲ ਚਾਰਾ ਕੱਟਣਾ ਅਤੇ ਖੇਤਾਂ ਦੇ ਕੰਮਾਂ ਵਿੱਚ ਪਿਤਾ ਦਾ ਹੱਥ ਵਟਾਉਣਾ ਹੀ ਉਨ੍ਹਾਂ ਦੀ ਬੁਨਿਆਦੀ ਸਰੀਰਕ ਤਾਕਤ ਬਣਿਆ। ਸਕੂਲ ਤੋਂ ਥੱਕ ਕੇ ਆਉਣ ਦੇ ਬਾਵਜੂਦ ਘਰ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿਣਾ ਅਤੇ ਭੈਣ ਨਾਲ 5-5 ਕਿਲੋਮੀਟਰ ਸਾਈਕਲ ਚਲਾ ਕੇ ਅਭਿਆਸ ਲਈ ਜਾਣਾ ਉਨ੍ਹਾਂ ਦੇ ਅਨੁਸ਼ਾਸਨ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ।
ਹਰਜਿੰਦਰ ਕੌਰ ਨੇ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਇੱਕ ਕਬੱਡੀ ਰੇਡਰ ਵਜੋਂ ਕੀਤੀ ਸੀ। ਸਾਲ 2016 ਵਿੱਚ ਆਪਣੇ ਭਰਾ ਦੀ ਸਲਾਹ ’ਤੇ ਉਨ੍ਹਾਂ ਨੇ ਕਬੱਡੀ ਛੱਡ ਕੇ ਵੇਟਲਿਫਟਿੰਗ ਵੱਲ ਰੁੱਖ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲੇ ਅਤੇ ਉੱਥੇ ਮਿਲੇ ਬਿਹਤਰ ਕੋਚਾਂ ਦੀ ਬਦੌਲਤ ਉਨ੍ਹਾਂ ਦੇ ਕੈਰੀਅਰ ਨੇ ਨਵੀਂ ਉਡਾਣ ਭਰੀ। 2016 ਵਿੱਚ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਣ ਤੋਂ ਬਾਅਦ 2017 ਵਿੱਚ ਉਹ ਸੂਬਾਈ ਚੈਂਪੀਅਨ ਬਣੇ। ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਨੂੰ ਪਹਿਲੀ ਵੱਡੀ ਸਫ਼ਲਤਾ 2021 ਦੀ ਸੀਨੀਅਰ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ (211 ਕਿਲੋ) ਜਿੱਤ ਕੇ ਮਿਲੀ।
ਹਰਜਿੰਦਰ ਕੌਰ ਦਾ ਖੇਡ ਕੈਰੀਅਰ ਲਗਾਤਾਰ ਉਪਲੱਬਧੀਆਂ ਨਾਲ ਭਰਿਆ ਰਿਹਾ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਉਨ੍ਹਾਂ ਨੇ 212 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ ਸੀ। ਇਸ ਤੋਂ ਬਾਅਦ ਸਾਲ 2024 ਦੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 223 ਕਿਲੋਗ੍ਰਾਮ ਭਾਰ ਚੁੱਕ ਕੇ ਉਨ੍ਹਾਂ ਨੇ ਇੱਕੋ ਵਾਰ ਵਿੱਚ ਤਿੰਨ ਨਵੇਂ ਰਾਸ਼ਟਰੀ ਰਿਕਾਰਡ ਕਾਇਮ ਕੀਤੇ। ਉਨ੍ਹਾਂ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 2025 ਵਿੱਚ ਕਾਂਸੀ ਦਾ ਤਗ਼ਮਾ (222 ਕਿਲੋ) ਅਤੇ 2026 ਦੀ ਸੀਨੀਅਰ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਸਨੈਚ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਹੁਣ 2026 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 227 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਣਾ ਉਨ੍ਹਾਂ ਦੇ ਖੇਡ ਕੈਰੀਅਰ ਦਾ ਸਿਖਰ ਹੈ।
ਸਿੱਖ ਪੰਥ ਅਤੇ ਪੰਜਾਬ ਦਾ ਨਾਂਅ ਰੌਸ਼ਨ
ਹਰਜਿੰਦਰ ਕੌਰ ਦੀ ਇਹ ਜਿੱਤ ਕੇਵਲ ਇੱਕ ਖੇਡ ਤਗ਼ਮਾ ਨਹੀਂ ਹੈ, ਸਗੋਂ ਇਹ ਸਿੱਖ ਪੰਥ ਦੀਆਂ ਉਨ੍ਹਾਂ ਪਰੰਪਰਾਵਾਂ ਦਾ ਪ੍ਰਤੀਕ ਹੈ ਜੋ ਕਿਰਤ ਕਰਨ, ਚੜ੍ਹਦੀ ਕਲਾ ਵਿੱਚ ਰਹਿਣ ਅਤੇ ਕਠਿਨ ਤੋਂ ਕਠਿਨ ਹਾਲਾਤਾਂ ਦਾ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇੱਕ ਸਧਾਰਨ ਪੇਂਡੂ ਪਰਿਵਾਰ ਦੀ  ਸਿੱਖ ਧੀ ਨੇ ਆਪਣੇ ਕਿਰਦਾਰ, ਸਿਦਕ ਅਤੇ ਨਿਮਰਤਾ ਨਾਲ ਵਿਸ਼ਵ ਪੱਧਰ ’ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਮਨ ਨੀਵਾਂ ਮਤ ਉੱਚੀ’ ਨੂੰ ਪ੍ਰਤੱਖ ਕਰ ਵਿਖਾਇਆ ਹੈ। ਆਪਣੀ ਇਸ ਇਤਿਹਾਸਕ ਸਫ਼ਲਤਾ ਤੋਂ ਬਾਅਦ ਹਰਜਿੰਦਰ ਕੌਰ ਨੇ ਆਪਣਾ ਇਹ ਮੈਡਲ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਅਤੇ ਭਾਰਤੀ ਫੈਡਰੇਸ਼ਨ ਤੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦਾ ਇਹ ਸਫ਼ਰ ਅੱਜ ਪੰਜਾਬ ਦੀਆਂ ਹਜ਼ਾਰਾਂ ਧੀਆਂ ਲਈ ਪ੍ਰੇਰਨਾ ਦਾ ਸਰੋਤ ਹੈ ਕਿ ਜੇਕਰ ਇਰਾਦੇ ਬੁਲੰਦ ਹੋਣ ਤਾਂ ਖੇਤਾਂ ਦੀ ਮਿੱਟੀ ਤੋਂ ਸ਼ੁਰੂ ਹੋਇਆ ਸਫ਼ਰ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਤੱਕ ਪਹੁੰਚ ਸਕਦਾ ਹੈ।