ਗੂਗਲ ਮੁਲਾਜ਼ਮਾਂ ਦੀ ਬਜਾਏ ਮੁਨਾਫ਼ੇ ਨੂੰ ਦੇ ਰਿਹਾ ਹੈ ਤਰਜੀਹ : ਯੂੁਨੀਅਨ
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 4,500 ਤੋਂ ਵੱਧ ਗੂਗਲ ਕਰਮਚਾਰੀਆਂ ਨੇ ਸੀ. ਈ. ਓ. ਸੁੰਦਰ ਪਿਚਾਈ ਨੂੰ ਛਾਂਟੀ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਕੰਪਨੀ ਵੱਲੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਿੱਚ ਨਿਵੇਸ਼ ਕਰਦੇ ਸਮੇਂ ਕਰਮਚਾਰੀਆਂ ਨੂੰ ਨੌਕਰੀ ਸੁਰੱਖਿਆ ਮਿਲਣੀ ਚਾਹੀਦੀ ਹੈ। ਅਲਫ਼ਾਬੇਟ ਵਰਕਰਜ਼ ਯੂਨੀਅਨ ਦੁਆਰਾ ਤਿਆਰ ਇਸ ਮੰਗ ਪੱਤਰ ਵਿੱਚ ਗਾਰੰਟੀਸ਼ੁਦਾ ਛਾਂਟੀ, ਉਤਪਾਦ ਟੀਮਾਂ ਵਿੱਚ ਲਾਜ਼ਮੀ ਛਾਂਟੀ ਤੋਂ ਪਹਿਲਾਂ ਸਵੈ-ਇੱਛਤ ਸੇਵਾ ਮੁਕਤੀ
ਦਾ ਵਿਕਲਪ, ਵਧੀ ਹੋਈ ਤਨਖਾਹ ਨਾਲ ਛਾਂਟੀ ਪ੍ਰਾਪਤ ਕਰਨ ਦਾ ਵਿਕਲਪ, ਅਤੇ ਮੁਲਾਜ਼ਮਾਂ ਦੀ ਕਾਰਗੁਜਾਰੀ ਦੀ ਸਮੀਖਿਆ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਜੋ ਪ੍ਰਣਾਲੀ ਯੋਗਤਾ ਦੀ ਬਜਾਏ ਕੋਟੇ ’ਤੇ ਅਧਾਰਤ ਹੈ। ਗੂਗਲ ਸਾਫ਼ਟਵੇਅਰ ਇੰਜੀਨੀਅਰ ਅਤੇ ਅਲਫ਼ਾਬੇਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪਾਰੁਲ ਕੌਲ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਕੰਪਨੀ ਦੇ ਕੈਲੀਫ਼ੋਰਨੀਆ ਹੈੱਡਕੁਆਰਟਰ ਵਿਖੇ ਪਿਚਾਈ ਦੇ ਦਫ਼ਤਰ ਵਿੱਚ ਇਹ ਮੰਗ ਪੱਤਰ ਦਿੱਤਾ। ਹਾਲਾਂ ਕਿ ਹੈੱਡਕੁਆਰਟਰ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ, ਕੌਲ ਨੇ ਕਿਹਾ ਕਿ ਮੰਗ ਪੱਤਰ ਦਿੰਦੇ ਸਮੇਂ ਕਰਮਚਾਰੀਆਂ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ। ਇੱਕ ਸਟਾਫ਼ ਮੈਂਬਰ ਨੇ ਦਸਤਾਵੇਜ਼ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਇਸ ਨੂੰ ਸੀ ਈ ਓ ਨੂੰ ਸੌਂਪ ਦਿੱਤਾ ਜਾਵੇਗਾ ਤੇ ਸੀ ਈ ਓ ਖੁਦ
ਮੰਗ ਪੱਤਰ ਲੈਣ ਨਹੀਂ ਆਏ। ਕੌਲ ਨੇ ਕਿਹਾ ਕਿ ਗੂਗਲ ਵੱਡੀ, ਬੇਮਿਸਾਲ ਸਫ਼ਲਤਾ ਦਾ ਆਨੰਦ ਮਾਣ ਰਿਹਾ ਹੈ ਜਦੋਂ ਕਿ ਨੌਕਰੀਆਂ ਵਿੱਚ ਕਟੌਤੀ ਜਾਰੀ ਹੈ। ਉਨਾਂ ਕਿਹਾ ਕਿ ਕੰਪਨੀ ਕਰਮਚਾਰੀਆਂ ਨਾਲੋਂ ਮੁਨਾਫ਼ੇ ਨੂੰ ਤਰਜੀਹ ਦੇ ਰਹੀ ਹੈ। ਇਹ ਪਟੀਸ਼ਨ ਉਸ ਸਮੇਂ ਆਈ ਹੈ ਜਦੋਂ ਗੂਗਲ ਆਪਣੇ ਕਾਰੋਬਾਰ ਦਾ ਪੁਨਰਗਠਨ ਜਾਰੀ ਰੱਖ ਰਿਹਾ ਹੈ ਤੇ ਏ ਆਈ ਵਿੱਚ ਨਿਵੇਸ਼ ਕਰਨ ਦੀਆਂ ਯੋਜਨਾਵਾਂ ਲਾਗੂ ਕਰ ਰਿਹਾ ਹੈ। ਕੌਲ ਨੇ ਕਿਹਾ ਕਿ ਕਰਮਚਾਰੀਆਂ ਨੇ ਨੌਕਰੀ ਦੀ ਸੁਰੱਖਿਆ ਬਾਰੇ ਵਾਰ-ਵਾਰ ਚਿੰਤਾਵਾਂ ਪ੍ਰਗਟਾਈਆਂ ਹਨ ਪਰ ਕੰਪਨੀ ਨੇ ਉਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।











Comments (0)