ਕੈਲੀਫ਼ੋਰਨੀਆ ਅਸੈਂਬਲੀ ਨੇ ਪਾਸ ਕੀਤਾ ਦੀਵਾਲੀ ਮਨਾਉਣ ਲਈ ਮਤਾ

ਕੈਲੀਫ਼ੋਰਨੀਆ ਅਸੈਂਬਲੀ ਨੇ ਪਾਸ ਕੀਤਾ ਦੀਵਾਲੀ ਮਨਾਉਣ ਲਈ ਮਤਾ

ਕੈਲੀਫ਼ੋਰਨੀਆ/ਏ.ਟੀ.ਨਿਊਜ਼: ਕੈਲੀਫ਼ੋਰਨੀਆ ਸਟੇਟ ਅਸੈਂਬਲੀ ਨੇ 8 ਨਵੰਬਰ ਨੂੰ ਦਿਵਾਲੀ ਦਿਵਸ ਵਜੋਂ ਮਾਨਤਾ ਦੇਣ ਵਾਲਾ ਇੱਕ ਮਤਾ ਪਾਸ ਕੀਤਾ ਹੈ ਅਤੇ ਸੂਬੇ ਦੇ ਨਾਗਰਿਕਾਂ ਨੂੰ ਇਸ ਜਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਅਸੈਂਬਲੀ ਮੈਂਬਰਾਂ ਦਰਸ਼ਨਾ ਪਟੇਲ ਅਤੇ ਅਸ਼ ਕਾਲਰਾ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਵਿੱਚ ਇਸ ਪ੍ਰਮੁੱਖ ਮੌਕੇ ’ਤੇ ਭਾਰਤੀ ਅਮਰੀਕੀਆਂ ਅਤੇ ਕੈਲੀਫ਼ੋਰਨੀਆ ਅਤੇ ਦੁਨੀਆ ਭਰ ਦੇ ਭਾਰਤੀ ਭਾਈਚਾਰੇ ਲਈ ਡੂੰਘੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅਸੈਂਬਲੀ ਦੁਆਰਾ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ‘‘...ਅਸੈਂਬਲੀ ਐਤਵਾਰ, 8 ਨਵੰਬਰ, 2026 ਨੂੰ ਇਸ ਸਾਲ ਦੇ ਦਿਵਾਲੀ ਤਿਉਹਾਰ ਨੂੰ ਮਾਨਤਾ ਦਿੰਦੀ ਹੈ ਅਤੇ ਕੈਲੀਫ਼ੋਰਨੀਆ ਦੇ ਲੋਕਾਂ ਨੂੰ ਜਸ਼ਨ ਦੇ ਇਸ ਖੁਸ਼ੀ ਭਰੇ ਦਿਨ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹੈ।’’
ਇਸ ਵਿੱਚ ਕਿਹਾ ਗਿਆ ਹੈ ਕਿ ਦਿਵਾਲੀ, ਭਾਰਤੀ ਅਮਰੀਕੀਆਂ ਅਤੇ ਦੱਖਣੀ ਏਸ਼ੀਆਈ ਅਮਰੀਕੀਆਂ ਲਈ ਬਹੁਤ ਮਹੱਤਤਾ ਵਾਲਾ ਤਿਉਹਾਰ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਦਿਵਾਲੀ, ਜਿਸਨੂੰ ਰੋਸ਼ਨੀ ਦੇ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ, ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਘਰਾਂ ਨੂੰ ਮੋਮਬੱਤੀਆਂ, ਤੇਲ ਦੇ ਲਾਲਟੈਣਾਂ ਅਤੇ ਮਿੱਟੀ ਦੇ ਦੀਵਿਆਂ ਨਾਲ ਰੁਸ਼ਨਾਇਆ ਜਾਂਦਾ ਹੈ ਅਤੇ ਚੰਗੀ ਸਿਹਤ, ਦੌਲਤ, ਗਿਆਨ, ਸ਼ਾਂਤੀ ਅਤੇ ਖੁਸ਼ਹਾਲੀ ਦਾ ਸਤਿਕਾਰ ਕਰਨ ਲਈ ਅਸਮਾਨ ਪਟਾਕਿਆਂ ਨਾਲ ਭਰ ਜਾਂਦਾ ਹੈ।
ਮਤੇ ਵਿੱਚ ਕਿਹਾ ਗਿਆ ਹੈ ਕਿ ਦਿਵਾਲੀ ਬਹੁਤ ਵਿਭਿੰਨ ਤਰੀਕਿਆਂ ਨਾਲ ਮਨਾਈ ਜਾਂਦੀ ਹੈ ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦੀ ਹੈ, ਨਕਾਰਾਤਮਕਤਾ ਤੋਂ ਮੁਕਤੀ ਦੇ ਵਿਸ਼ਿਆਂ ਨਾਲ ਜੁੜਦੀ ਹੈ, ਸੰਘਰਸ਼ਾਂ ਨੂੰ ਪਾਰ ਕਰਨ ਲਈ ਉਤਸ਼ਾਹਤ ਕਰਦੀ ਹੈ, ਸਕਾਰਾਤਮਕਤਾ ਅਤੇ ਨਿਮਰਤਾ ਨੂੰ ਅਪਣਾਉਂਦੀ ਹੈ ਅਤੇ ਨਿੱਜੀ ਚੁਣੌਤੀਆਂ ਦੇ ਬਾਵਜੂਦ ਦਿਆਲਤਾ ਨੂੰ ਕਾਇਮ ਰੱਖਦੀ ਹੈ।