ਵਿਸ਼ਵ ਸੰਘਰਸ਼ਾਂ ਦਰਮਿਆਨ ਪ੍ਰਮਾਣੂ ਯੁੱਧ ਦਾ ਖ਼ਤਰਾ ਵਧਿਆ

ਵਿਸ਼ਵ ਸੰਘਰਸ਼ਾਂ ਦਰਮਿਆਨ ਪ੍ਰਮਾਣੂ ਯੁੱਧ ਦਾ ਖ਼ਤਰਾ ਵਧਿਆ

ਵਿਸ਼ਵ ਭੂ-ਰਾਜਨੀਤੀ ਇਸ ਵੇਲੇ ਅਜਿਹੇ ਨਾਜ਼ੁਕ ਅਤੇ ਖ਼ਤਰਨਾਕ ਮੋੜ ’ਤੇ ਪਹੁੰਚ ਚੁੱਕੀ ਹੈ, ਜਿੱਥੇ ਸ਼ੀਤ ਯੁੱਧ ਤੋਂ ਬਾਅਦ ਪਹਿਲੀ ਵਾਰ ਪ੍ਰਮਾਣੂ ਟਕਰਾਅ ਦਾ ਖ਼ਤਰਾ ਸਭ ਤੋਂ ਗੰਭੀਰ ਰੂਪ ਵਿੱਚ ਮੰਡਰਾ ਰਿਹਾ ਹੈ। ਪੈਂਟਾਗਨ ਦੇ ਸੀਨੀਅਰ ਰੱਖਿਆ ਅਧਿਕਾਰੀ ਐਲਬ੍ਰਿਜ ਕੋਲਬੀ ਵੱਲੋਂ ‘ਸਟ੍ਰੈਟੇਜਿਕ ਕਮਾਂਡ ਡਿਟਰੈਂਸ ਸਿੰਪੋਜ਼ੀਅਮ’ ਦੌਰਾਨ ਦਿੱਤੇ ਗਏ ਤਾਜ਼ਾ ਬਿਆਨਾਂ ਨੇ ਵਿਸ਼ਵ ਭਰ ਦੇ ਸੁਰੱਖਿਆ ਮਾਹਿਰਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਪੈਂਟਾਗਨ ਦਾ ਮੰਨਣਾ ਹੈ ਕਿ ਅੱਜ ਦੇ ਦੌਰ ਵਿੱਚ ਅਮਰੀਕਾ ਉੱਤੇ ਕਿਸੇ ਦੇਸ਼ ਵੱਲੋਂ ਸਿੱਧਾ ਅਚਾਨਕ ਪ੍ਰਮਾਣੂ ਹਮਲਾ ਹੋਣ ਦੀ ਸੰਭਾਵਨਾ ਘੱਟ ਹੈ, ਪਰ ਕਿਸੇ ਖੇਤਰੀ ਜਾਂ ਪਰੰਪਰਾਗਤ ਜੰਗ  ਦਾ ਬੇਕਾਬੂ ਹੋ ਕੇ ਪ੍ਰਮਾਣੂ ਯੁੱਧ ਵਿੱਚ ਤਬਦੀਲ ਹੋ ਜਾਣਾ ਕਿਤੇ ਵੱਡਾ ਅਤੇ ਅਸਲ ਖ਼ਤਰਾ ਬਣ ਚੁੱਕਾ ਹੈ। ਯੂਕ੍ਰੇਨ ਸੰਕਟ, ਮੱਧ ਪੂਰਬ ਵਿੱਚ ਵਧਦਾ ਤਣਾਅ ਅਤੇ ਤਾਈਵਾਨ ਜਲਡਮਰੂਮੱਧ ਦੇ ਹਾਲਾਤ ਇਸ ਖ਼ਦਸ਼ੇ ਨੂੰ ਹੋਰ ਡੂੰਘਾ ਕਰ ਰਹੇ ਹਨ, ਜਿੱਥੇ ਫੈਸਲੇ ਲੈਣ ਲਈ ਮਿਲਣ ਵਾਲਾ ਬਹੁਤ ਘੱਟ ਸਮਾਂ ਅਤੇ ਇੱਕ ਛੋਟੀ ਜਿਹੀ ਰਣਨੀਤਕ ਗਲਤਫਹਿਮੀ ਪੂਰੀ ਦੁਨੀਆ ਨੂੰ ਤਬਾਹੀ ਵੱਲ ਧੱਕ ਸਕਦੀ ਹੈ।
ਇਸ ਬਦਲਦੇ ਵਿਸ਼ਵ ਵਿਵਸਥਾ ਵਿੱਚ ਅਮਰੀਕਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸ਼ੀਤ ਯੁੱਧ ਦੇ ਮੁਕਾਬਲੇ ਦੋ ਮਹਾਂਸ਼ਕਤੀਆਂ—ਰੂਸ ਅਤੇ ਚੀਨ—ਨਾਲ ਇਕੱਠਿਆਂ ਨਜਿੱਠਣ ਦੀ ਹੈ। ਚੀਨ ਵੱਲੋਂ ਆਪਣੀ ਜ਼ਮੀਨੀ, ਹਵਾਈ ਅਤੇ ਸਮੁੰਦਰੀ ਪ੍ਰਮਾਣੂ ਤਾਕਤ ਦਾ ਤੇਜ਼ੀ ਨਾਲ ਕੀਤਾ ਜਾ ਰਿਹਾ ਆਧੁਨਿਕੀਕਰਨ ਅਤੇ ਸੈਂਕੜੇ ਨਵੇਂ ਮਿਜ਼ਾਈਲ ਸਾਈਲੋ ਤਿਆਰ ਕਰਨਾ ਪੈਂਟਾਗਨ ਦੀ ਰੱਖਿਆ ਨੀਤੀ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਮਜਬੂਰ ਕਰ ਰਿਹਾ ਹੈ। ਅਮਰੀਕਾ ਹੁਣ ਰਵਾਇਤੀ ਅਤੇ ਸੀਮਤ ਪ੍ਰਮਾਣੂ ਵਿਕਲਪਾਂ ਦੇ ਤਾਲਮੇਲ  ’ਤੇ ਜ਼ੋਰ ਦੇ ਰਿਹਾ ਹੈ ਤਾਂ ਜੋ ਵੱਡੇ ਯੁੱਧ ਤੋਂ ਬਿਨਾਂ ਦੁਸ਼ਮਣ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ, ਰੂਸ ਅਤੇ ਇਰਾਨ ਨਾਲ ਜੁੜੇ ਤਣਾਅ ਨੇ ਵਿਸ਼ਵ ਊਰਜਾ ਬਾਜ਼ਾਰ ਅਤੇ ਅੰਤਰਰਾਸ਼ਟਰੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਅਸਥਿਰ ਕਰ ਦਿੱਤਾ ਹੈ, ਜਿਸ ਦਾ ਸਿੱਧਾ ਪ੍ਰਭਾਵ ਸਮੁੱਚੀ ਗਲੋਬਲ ਆਰਥਿਕਤਾ ’ਤੇ ਪੈ ਰਿਹਾ ਹੈ।
ਇਹ ਵਿਸ਼ਵ-ਵਿਆਪੀ ਪ੍ਰਮਾਣੂ ਤਣਾਅ ਭਾਰਤ ਲਈ ਸਿੱਧੇ ਤੌਰ ’ਤੇ ਇੱਕ ਵੱਡੀ ਖ਼ਤਰੇ ਦੀ ਘੰਟੀ ਹੈ। ਭਾਰਤ ਦੁਨੀਆ ਦਾ ਅਜਿਹਾ ਵਿਲੱਖਣ ਦੇਸ਼ ਹੈ ਜਿਸ ਦੇ ਦੋਵੇਂ ਗੁਆਂਢੀ—ਚੀਨ ਅਤੇ ਪਾਕਿਸਤਾਨ—ਪ੍ਰਮਾਣੂ ਸ਼ਕਤੀਆਂ ਹਨ ਅਤੇ ਦੋਵਾਂ ਨਾਲ ਹੀ ਭਾਰਤ ਦੇ ਸਰਹੱਦੀ ਵਿਵਾਦ ਚੱਲ ਰਹੇ ਹਨ। ਪਾਕਿਸਤਾਨ ਵੱਲੋਂ ਛੋਟੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀਆਂ ਧਮਕੀਆਂ ਅਤੇ ਉਸ ਦੀ ਅੰਦਰੂਨੀ ਸਿਆਸੀ-ਆਰਥਿਕ ਅਸਥਿਰਤਾ ਭਾਰਤ ਦੀ ਸਰਹੱਦ ਸੁਰੱਖਿਆ ਲਈ ਹਮੇਸ਼ਾ ਇੱਕ ਗੰਭੀਰ ਜੋਖਮ ਬਣੀ ਰਹਿੰਦੀ ਹੈ। ਦੂਜੇ ਪਾਸੇ, ਚੀਨ ਦੀ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਸਲ ਕੰਟਰੋਲ ਰੇਖਾ ’ਤੇ ਵਧਦੀ ਹਮਲਾਵਰਤਾ ਨਵੀਂ ਦਿੱਲੀ ਲਈ ‘ਦੋ-ਮੁਹਾਜ਼ੀ ਜੰਗ’  ਦੇ ਖ਼ਤਰੇ ਨੂੰ ਹੋਰ ਜਟਿਲ ਬਣਾਉਂਦੀ ਹੈ।
ਇਸ ਧਰੁਵੀਕਰਨ ਦੇ ਦੌਰ ਵਿੱਚ ਸਭ ਤੋਂ ਅਹਿਮ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ਅਮਰੀਕੀ ਖੇਮੇ ਵੱਲ ਝੁਕੇਗਾ ਜਾਂ ਰੂਸ-ਚੀਨ ਗਠਜੋੜ ਵੱਲ? ਕੌਮਾਂਤਰੀ ਰਣਨੀਤਕ ਮਾਹਿਰਾਂ ਦਾ ਵਿਸ਼ਲੇਸ਼ਣ ਹੈ ਕਿ ਭਾਰਤ ਕਿਸੇ ਇੱਕ ਧੜੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣ ਦੀ ਰਵਾਇਤੀ ਗਲਤੀ ਨਹੀਂ ਕਰੇਗਾ। ਭਾਰਤ ਦੀ ਵਿਦੇਸ਼ ਨੀਤੀ ਦਾ ਧੁਰਾ ‘ਰਣਨੀਤਕ ਖ਼ੁਦਮੁਖ਼ਤਿਆਰੀ’  ਅਤੇ ‘ਮਲਟੀ-ਅਲਾਈਨਮੈਂਟ’ ਹੈ। ਚੀਨ ਦੇ ਵਧਦੇ ਦਬਾਅ ਨੂੰ ਸੰਤੁਲਿਤ ਕਰਨ ਲਈ ਭਾਰਤ ਅਮਰੀਕਾ ਅਤੇ ‘ਕਵਾਡ’  ਦੇਸ਼ਾਂ ਨਾਲ ਰੱਖਿਆ, ਖੁਫੀਆ ਅਤੇ ਤਕਨੀਕੀ ਸਾਂਝੇਦਾਰੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਪਰ ਇਸ ਦੇ ਬਾਵਜੂਦ, ਭਾਰਤ ਰੂਸ ਨਾਲ ਆਪਣੇ ਦਹਾਕਿਆਂ ਪੁਰਾਣੇ ਰੱਖਿਆ ਅਤੇ ਊਰਜਾ ਸਬੰਧਾਂ ਨੂੰ ਤੋੜਨਾ ਨਹੀਂ ਚਾਹੁੰਦਾ, ਕਿਉਂਕਿ ਮਾਸਕੋ ਨਾਲ ਦੂਰੀ ਰੂਸ ਨੂੰ ਪੂਰੀ ਤਰ੍ਹਾਂ ਬੀਜਿੰਗ ਦੇ ਅਧੀਨ ਕਰ ਸਕਦੀ ਹੈ, ਜੋ ਭਾਰਤ ਦੇ ਰਣਨੀਤਕ ਹਿੱਤਾਂ ਦੇ ਵਿਰੁੱਧ ਹੋਵੇਗਾ।