ਕੈਨੇਡਾ ਦੇ ਸੂਬੇ ਅਲਬਰਟਾ ’ਚ ਅਕਤੂਬਰ ਮਹੀਨੇ ਹੋਵੇਗੀ ਰਾਇਸ਼ੁਮਾਰੀ
ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦਾ ਤੇਲ ਦੀ ਬਹੁਤਾਤ ਵਾਲਾ ਸੂਬਾ ਅਲਬਰਟਾ ਕੈਨੇਡਾ ਛੱਡਣ ਬਾਰੇ ਅਕਤੂਬਰ ਵਿੱਚ ਰਾਇਸ਼ੁਮਾਰੀ ਕਰਵਾਏਗਾ, ਹਾਲਾਂਕਿ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿੱਥ ਨੇ ਕਿਹਾ ਕਿ ਇਹ ਅਸਲ ਵਿੱਚ ਵੱਖ ਹੋਣ ਦੇ ਮੁੱਦੇ ਬਾਰੇ ਵੋਟਿੰਗ ਨਹੀਂ ਹੋਵੇਗੀ। ਡੈਨੀਅਲ ਸਮਿੱਥ ਨੇ ਕਿਹਾ ਕਿ ਵੋਟਰ ਇਸ ਗੱਲ ਦਾ ਫ਼ੈਸਲਾ ਕਰਨਗੇ ਕਿ ਕੀ ਕੈਨੇਡਾ ਛੱਡਣ ਬਾਰੇ ਰਾਇਸ਼ੁਮਾਰੀ ਕਰਵਾਉਣ ਦਾ ਸਹੀ ਵੇਲਾ ਹੈ। ਉਂਝ, ਰਾਏਸ਼ੁਮਾਰੀ ਦੌਰਾਨ ‘ਹਾਂ’ ਦੇ ਹੱਕ ਵਿੱਚ ਵੋਟਿੰਗ ਨਾਲ ਅਲਬਰਟਾ ਫੌਰੀ ਆਜ਼ਾਦ ਨਹੀਂ ਹੋ ਜਾਵੇਗਾ ਤੇ ਇਸ ਲਈ ਫੈਡਰਲ ਸਰਕਾਰ ਨਾਲ ਗੱਲਬਾਤ ਕਰਨੀ ਪਵੇਗੀ। 1998 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਸੂਬੇ ਕੈਨੇਡਾ ਤੋਂ ਇਕਪਾਸੜ ਤੌਰ ’ਤੇ ਵੱਖ ਨਹੀਂ ਹੋ ਸਕਦੇ। ਸਮਿੱਥ ਨੇ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਟਿੱਪਣੀਆਂ ਵਿੱਚ ਕਿਹਾ, ‘‘ਮੈਂ ਸਾਫ਼-ਸਾਫ਼ ਕਹਿਣਾ ਚਾਹੁੰਦਾ ਹਾਂ। ਮੈਂ ਅਲਬਰਟਾ ਦੇ ਕੈਨੇਡਾ ਵਿੱਚ ਰਹਿਣ ਦਾ ਸਮਰਥਨ ਕਰਦਾ ਹਾਂ, ਤੇ ਮੈਂ ਸੂਬਾਈ ਰਾਇਸ਼ੁਮਾਰੀ ਵਿੱਚ ਇਸੇ ਆਧਾਰ ’ਤੇ ਵੋਟ ਪਾਵਾਂਗਾ। ਇਹ ਮੇਰੀ ਸਰਕਾਰ ਦਾ ਵੀ ਸਟੈਂਡ ਹੈ।’’ ਇਸ ਦੌਰਾਨ ਇਹ ਸਵਾਲ ਪੁੱਛਿਆ ਜਾਵੇਗਾ ਕਿ ਕੀ ਅਲਬਰਟਾ ਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਜਾਂ ਸੰਵਿਧਾਨ ਤਹਿਤ ਕਾਨੂੰਨੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਛੱਡਣ ਬਾਰੇ ਲਾਜ਼ਮੀ ਰਾਇਸ਼ੁਮਾਰੀ ਕਰਵਾਈ ਜਾ ਸਕੇ। ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸਾਬਕਾ ਚੀਫ ਆਫ ਸਟਾਫ ਪ੍ਰੋਫੈਸਰ ਇਆਨ ਬ੍ਰੌਡੀ ਨੇ ਕਿਹਾ ਕਿ ਸਮਿੱਥ ਬਹੁਤ ਫੂਕ ਕੇ ਕਦਮ ਰੱਖ ਰਹੇ ਹਨ। ਸਮਿੱਥ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆਫ ਅਲਬਰਟਾ ਕਾਕਸ ਦੇ ਤਿੰਨ ਮੈਂਬਰਾਂ ਨੇ ਕਮੇਟੀ ਵਿੱਚ ਮਤਾ ਪਾਸ ਕੀਤਾ ਜਿਸ ਵਿੱਚ ਉਨ੍ਹਾਂ ਇਸ ਮੁੱਦੇ ਨੂੰ 19 ਅਕਤੂਬਰ ਨੂੰ ਰਾਏਸ਼ੁਮਾਰੀ ਵਿੱਚ ਰੱਖਣ ਲਈ ਕਿਹਾ।











Comments (0)