ਆਸਟਰੇਲੀਆ ’ਚ ਵਧੇਗੀ ਸਿਹਤ, ਸਿੱਖਿਆ, ਉਸਾਰੀ ਅਤੇ ਤਕਨੀਕੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ
ਸਿਡਨੀ/ਏ.ਟੀ.ਨਿਊਜ਼: ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਅਜੇ ਵੀ ਦੇਸ਼ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਭਾਵੇਂ ਕਿ ਆਵਾਸ ’ਤੇ ਰੋਕ ਲਗਾਉਣ ਦੀ ਗੱਲ ਉੱਠ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਦੌਰਾਨ ਦੇਸ਼ ਵਿੱਚ ਜਾਂਚੇ ਗਏ 1,022 ਕਿੱਤਿਆਂ ਵਿੱਚੋਂ 293 (ਜੋ ਕਿ 29 ਫ਼ੀਸਦੀ ਬਣਦੇ ਹਨ) ਅਜਿਹੇ ਕਿੱਤੇ ਹਨ, ਜਿਨ੍ਹਾਂ ਵਿੱਚ ਕਾਮਿਆਂ ਦੀ ਵੱਡੇ ਪੱਧਰ ’ਤੇ ਘਾਟ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਇਹ ਅੰਕੜਾ ਸਾਲ 2023 ਦੇ 36 ਫ਼ੀਸਦੀ ਅਤੇ 2024 ਦੇ 33 ਫ਼ੀਸਦੀ ਨਾਲੋਂ ਘੱਟ ਹੈ, ਪਰ ਕਈ ਅਹਿਮ ਖੇਤਰਾਂ ਵਿੱਚ ਮਾਹਿਰ ਕਾਮਿਆਂ ਦੀ ਕਮੀ ਅਜੇ ਵੀ ਬਰਕਰਾਰ ਹੈ। ਸਾਲ 2035 ਤੱਕ ਮੁਲਕ ਵਿੱਚ 80,000 ਨਰਸਾਂ ਦੀ ਘਾਟ ਹੋਵੇਗੀ।
ਸਿਹਤ ਖੇਤਰ ਵਿੱਚ ਡਾਕਟਰਾਂ ਦੇ ਨਾਲ-ਨਾਲ ਨਰਸਾਂ, ਮਾਨਸਿਕ ਰੋਗਾਂ ਦੇ ਮਾਹਿਰਾਂ, ਬਜ਼ੁਰਗਾਂ-ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲਿਆਂ, ਕਿੱਤਾਮੁਖੀ ਇਲਾਜ ਮਾਹਿਰਾਂ, ਪੈਰਾਂ ਦੇ ਰੋਗਾਂ ਦੇ ਮਾਹਿਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਲੋੜ ਵਧੇਰੇ ਹੈ। ਇਸੇ ਤਰ੍ਹਾਂ ਉਸਾਰੀ ਅਤੇ ਤਕਨੀਕੀ ਕੰਮਾਂ ਵਿੱਚ ਬਿਜਲੀ ਮਿਸਤਰੀਆਂ, ਪਲੰਬਰਾਂ, ਤਰਖਾਣਾਂ, ਵੈਲਡਰਾਂ, ਮਕੈਨਿਕਾਂ ਅਤੇ ਹੋਰ ਹੁਨਰਮੰਦ ਕਾਮਿਆਂ ਦੀ ਭਾਰੀ ਮੰਗ ਹੈ।
ਅੰਕੜਿਆਂ ਮੁਤਾਬਕ ਲਗਭਗ ਅੱਧੇ ਤਕਨੀਕੀ ਅਤੇ ਦਸਤਕਾਰੀ ਕਿੱਤੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਘਾਟ ਵਾਲੇ 123 ਕਿੱਤਿਆਂ ਵਿੱਚੋਂ 65 ਤਕਨੀਕੀ ਅਤੇ ਦਸਤਕਾਰੀ ਖੇਤਰ ਨਾਲ ਸਬੰਧਿਤ ਸਨ।
ਮਾਹਿਰਾਂ ਅਨੁਸਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਸਿਹਤ, ਸਿੱਖਿਆ, ਉਸਾਰੀ ਅਤੇ ਤਕਨੀਕੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਹੋਰ ਵਧ ਸਕਦੀ ਹੈ। ਸਰਕਾਰ ਨੇ ਸਾਲ 2026-27 ਲਈ ਵੱਖ-ਵੱਖ ਖੇਤਰਾਂ ਵਿੱਚ ਸਕਿੱਲਡ ਕਾਮਿਆਂ ਲਈ 1,86,000 ਵੀਜ਼ੇ ਦੇਣ ਦਾ ਟੀਚਾ ਰੱਖਿਆ ਹੈ।











Comments (0)