ਪੰਜਾਬ ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ
ਐੱਸ. ਏ. ਐੱਸ. ਨਗਰ (ਮੋਹਾਲੀ)/ਏ.ਟੀ.ਨਿਊਜ਼: ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਦੀ ਸਰਹੱਦ ’ਤੇ ਲਾਇਆ ਕਿਸਾਨ ਮੋਰਚਾ ਬੀਤੇ ਦਿਨ ਸਫਲਤਾਪੂਰਵਕ ਸਮਾਪਤ ਹੋ ਗਿਆ। ਨਾਅਰਿਆਂ ਦੀ ਗੂੰਜ ਅਤੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਹਜ਼ਾਰਾਂ ਕਿਸਾਨ ਸ਼ਾਮ ਨੂੰ ਆਪਣੇ ਘਰਾਂ ਲਈ ਰਵਾਨਾ ਹੋ ਗਏ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਪਿਛਲੇ ਦਿਨੀਂ ਕਰੀਬ ਢਾਈ ਘੰਟੇ ਲੰਮੀ ਚੱਲੀ ਮੀਟਿੰਗ ਮਗਰੋਂ ਸਹਿਮਤੀ ਬਣੀ ਸੀ। ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਮੰਗਾਂ ਦਾ ਪੱਤਰ ਕਿਸਾਨ ਜਥੇਬੰਦੀਆਂ ਨੂੰ ਸੌਂਪਿਆ ਗਿਆ। ਕੁਝ ਤਰੁੱਟੀਆਂ ਕਾਰਨ ਪੱਤਰ ਕਈ ਵਾਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਘੁੰਮਦਾ ਰਿਹਾ ਪਰ ਦੁਪਹਿਰ ਦੋ ਵਜੇ ਤੱਕ ਸਮੁੱਚੀਆਂ ਮੰਗਾਂ ਦਰਜ ਹੋਣ ਉਪਰੰਤ ਕਿਸਾਨਾਂ ਨੇ ਇਸ ਸਹਿਮਤੀ ਪੱਤਰ ਨੂੰ ਸਵੀਕਾਰ ਕਰ ਲਿਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੁਦ ਧਰਨੇ ਦੇ ਪੰਡਾਲ ’ਚ ਪੁੱਜੇ ਅਤੇ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ ਅਤੇ ਦਲਬੀਰ ਸਿੰਘ ਸਿੱਧੂਪੁਰ ਨੂੰ ਲਿਖਤੀ ਪੱਤਰ ਸੌਂਪਿਆ। ਇਸ ਮੌਕੇ ਮੰਤਰੀ ਨੇ ਐਲਾਨ ਕੀਤਾ ਕਿ ਇੱਕ ਮਹੀਨੇ ਦੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਪਾਣੀਆਂ ਦੇ ਗ਼ੈਰ-ਸੰਵਿਧਾਨਕ ਸਮਝੌਤੇ ਰੱਦ ਕਰਨ ਅਤੇ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।
ਡੈਮ ਸੇਫਟੀ ਐਕਟ ਅਤੇ ਬੀਜ ਬਿੱਲ-2025 ਨੂੰ ਰੱਦ ਕਰਨ ਲਈ ਵੀ ਵਿਧਾਨ ਸਭਾ ’ਚ ਮਤੇ ਪਾਸ ਕੀਤੇ ਜਾਣਗੇ। ਸਹਿਕਾਰੀ ਬੈਂਕਾਂ ਅਤੇ ਸੁਸਾਇਟੀਆਂ ਦੇ ਕਰਜ਼ਿਆਂ ਦੀ ਰਕਮ ਵਾਪਸ ਕਰਵਾਉਣ ਲਈ ਵਿਰੋਧੀ ਧਿਰਾਂ ਨਾਲ ਸਲਾਹ ਕਰ ਕੇ ਯਕਮੁਸ਼ਤ ਨਿਪਟਾਰਾ ਸਕੀਮ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ। ਗੰਨੇ ਦੇ ਭਾਅ ’ਚ ਹੋਰ ਵਾਧਾ ਕੀਤਾ ਜਾਵੇਗਾ ਅਤੇ ਪ੍ਰਾਈਵੇਟ ਖੰਡ ਮਿੱਲਾਂ ਦੀ ਬਕਾਇਆ ਰਾਸ਼ੀ ਦਾ ਸਮਾਂ-ਬੱਧ ਭੁਗਤਾਨ ਯਕੀਨੀ ਬਣਾਉਾਂਦਿਆਂਇੱਕ-ਖਿੜਕੀ ਭੁਗਤਾਨ ਪ੍ਰਣਾਲੀ ਲਾਗੂ ਹੋਵੇਗੀ। ਬਾਕੀ ਰਹਿੰਦੀਆਂ ਮੰਗਾਂ ਦੇ ਹੱਲ ਲਈ ਵੀ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰ ਕੇ ਕਮੇਟੀ ਬਣਾਈ ਜਾਵੇਗੀ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਮੀਤ ਸਿੰਘ ਕਾਦੀਆਂ ਨੇ ਇਸ ਨੂੰ ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਮਤੇ ਪਾਸ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਨੂੰ ਵੀ ਇਨ੍ਹਾਂ ਮੰਗਾਂ ਨੂੰ ਮੰਨਣ ਲਈ ਮਜਬੂਰ ਕਰੇਗਾ ਅਤੇ ਕੇਂਦਰ ਖ਼ਿਲਾਫ਼ ਅਗਲੀ ਲੜਾਈ ਵਿੱਢੀ ਜਾਵੇਗੀ।
ਆਗੂਆਂ ਨੇ ਪੰਜਾਬ ਭਰ ਤੋਂ ਆਏ ਕਿਸਾਨਾਂ, ਮੁਹਾਲੀ-ਚੰਡੀਗੜ੍ਹ ਦੇ ਨਾਗਰਿਕਾਂ, ਡਾ. ਸਵੈਮਾਨ ਸਿੰਘ ਦੀ ਮੈਡੀਕਲ ਟੀਮ, ਲੰਗਰ ਕਮੇਟੀਆਂ, ਪੁਲੀਸ ਤੇ ਸਿਵਲ ਪ੍ਰਸ਼ਾਸ਼ਨ, ਮਾਰਕੀਟ ਐਸੋਸੀਏਸ਼ਨਾਂ ਅਤੇ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਬੁਰਜਗਿੱਲ, ਗੁਰਮੀਤ ਸਿੰਘ ਮਹਿਮਾ, ਹਰਭਜਨ ਸਿੰਘ ਬੁੱਟਰ, ਡਾ. ਸਤਨਾਮ ਸਿੰਘ ਅਜਨਾਲਾ, ਪ੍ਰੇਮ ਸਿੰਘ ਭੰਗੂ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ ਚੌਹਾਨ, ਮਲੂਕ ਸਿੰਘ ਹੀਰ ਕੇ, ਜਗਮੋਹਨ ਸਿੰਘ ਪਟਿਆਲਾ, ਕੰਵਲਪ੍ਰੀਤ ਸਿੰਘ ਪੰਨੂ, ਬਲਦੇਵ ਸਿੰਘ ਨਿਹਾਲਗੜ੍ਹ, ਵੀਰ ਸਿੰਘ ਬੜਵਾ, ਨਛੱਤਰ ਸਿੰਘ ਜੈਤੋਂ, ਬਲਵਿੰਦਰ ਸਿੰਘ, ਰਵਨੀਤ ਬਰਾੜ, ਮੁਕੇਸ਼ ਕੁਮਾਰ, ਪਰਮਦੀਪ ਸਿੰਘ ਬੈਦਵਾਣ, ਮਿਹਰ ਸਿੰਘ ਥੇਹੜੀ, ਕਿਰਪਾਲ ਸਿੰਘ ਸਿਆਊ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਮੌਜੂਦ ਸਨ।
ਰਾਜੇਵਾਲ ਦੀ ਸਲਾਹ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੋਰਚੇ ’ਚ ਆਏ ਕਿਸਾਨਾਂ ਨੂੰ ਕਿਹਾ ਕਿ ਘਰ ਜਾਣ ਸਮੇਂ ਆਰਾਮ ਨਾਲ ਟਰੈਕਟਰ ਚਲਾਇਉ, ਇੱਕ-ਦੂਜੇ ਨੂੰ ਓਵਰਟੇਕ ਨਾ ਕਰਨਾ ਅਤੇ ਕਿੱਧਰੇ ਵੀ ਰਾਹ ’ਚ ਅੜਿੱਕਾ ਨਹੀਂ ਬਣਨਾ। ਮਾਝੇ ਖੇਤਰ ਦੇ ਕਿਸਾਨ ਭਾਵੇਂ ਸਵੇਰੇ ਇੱਥੋਂ ਤੁਰ ਜਾਣ ਜਾਂ ਫਿਰ ਰਸਤੇ ’ਚ ਕਿੱਧਰੇ ਰੁਕ ਜਾਣਾ। ਉਨ੍ਹਾਂ ਕਿਸਾਨਾਂ ਨੂੰ ਇੱਕ ਹੋਰ ਬੇਨਤੀ ਕੀਤੀ ਕਿ ਉਹ ਮੋਰਚਾ ਜਿੱਤਣ ਦੀ ਖੁਸ਼ੀ ’ਚ ਦਾਰੂ ਪੀ ਕੇ ਵਾਹਨ ਨਾ ਚਲਾਉਣ। ਉਨ੍ਹਾਂ ਕਿਹਾ ਕਿ ਜੇ ਪੀਣੀ ਹੀ ਹੈ ਤਾਂ ਉਹ ਘਰ ਜਾ ਕੇ ਪੀ ਸਕਦੇ ਹਨ। ਜਦੋਂ ਤੱਕ ਸਾਰੇ ਕਿਸਾਨ ਸੁੱਖੀ-ਸਾਂਦੀ ਆਪਣੇ ਘਰ ਨਾ ਪਹੁੰਚ ਜਾਣ, ਉਦੋਂ ਤੱਕ ਲੀਡਰਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਹਰਮੀਤ ਕਾਦੀਆਂ ਨੇ ਕਿਸਾਨਾਂ ਨੂੰ ਲੰਗਰਾਂ ਵਾਲੇ ਸਥਾਨਾਂ ਅਤੇ ਟਰਾਲੀਆਂ ਦੇ ਆਲੇ-ਦੁਆਲੇ ਦੀ ਖ਼ੁਦ ਸਫ਼ਾਈ ਕਰ ਕੇ ਜਾਣ ਦੀ ਸਲਾਹ ਦਿੱਤੀ।


Comments (0)