ਅਦਭੁਤ ਅਤੇ ਅਭੁੱਲ ਯਾਦਾਂ ਛੱਡ ਗਿਆ ਫ਼ੀਫ਼ਾ ਵਿਸ਼ਵ ਕੱਪ

ਅਦਭੁਤ ਅਤੇ ਅਭੁੱਲ ਯਾਦਾਂ ਛੱਡ ਗਿਆ ਫ਼ੀਫ਼ਾ ਵਿਸ਼ਵ ਕੱਪ

ਪ੍ਰਿੰਸੀਪਲ ਹਰਦੀਪ ਸਿੰਘ
ਫ਼ੁੱਟਬਾਲ ਸਿਰਫ਼ ਇੱਕ ਖੇਡ ਨਹੀਂ ਬਲਕਿ ਇੱਕ ਜਜ਼ਬਾਤ ਹੈ ਜੋ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਆਪਸ ਵਿੱਚ ਜੋੜਦਾ ਹੈ। ਸੰਨ 1930 ਵਿੱਚ ਉਰੂਗੁਏ ਤੋਂ ਸ਼ੁਰੂ ਹੋਇਆ ਫ਼ੀਫ਼ਾ ਵਿਸ਼ਵ ਕੱਪ ਦਾ ਇਹ ਸਫ਼ਰ ਅੱਜ ਇੱਕ ਅਜਿਹਾ ਗਲੋਬਲ ਤਿਉਹਾਰ ਬਣ ਚੁੱਕਾ ਹੈ, ਜਿੱਥੇ ਹਾਰ-ਜਿੱਤ ਦੇ ਹੰਝੂ, ਚਮਤਕਾਰੀ ਗੋਲ ਅਤੇ ਖਿਡਾਰੀਆਂ ਦੀ ਅਦਭੁਤ ਜਾਦੂਗਰੀ ਹਮੇਸ਼ਾ ਲਈ ਇਤਿਹਾਸ ਵਿੱਚ ਦਰਜ ਹੋ ਜਾਂਦੀ ਹੈ। ਇਸ ਮਹਾਂਕੁੰਭ ਦੇ ਇਤਿਹਾਸ ਵਿੱਚ ਸੰਨ 1958 ਦਾ ਸਵੀਡਨ ਵਿਸ਼ਵ ਕੱਪ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ, ਜਿੱਥੇ ਸਿਰਫ਼ 17 ਸਾਲ ਦੇ ਇੱਕ ਪਤਲੇ-ਜਿਹੇ ਲੜਕੇ ਪੇਲੇ ਨੇ ਫ਼ੁੱਟਬਾਲ ਦੀ ਦੁਨੀਆ ਵਿੱਚ ਕਦਮ ਰੱਖਿਆ।
ਪੇਲੇ ਨੇ ਸੈਮੀਫ਼ਾਈਨਲ ਵਿੱਚ ਹੈਟਿ੍ਰਕ ਲਗਾਈ ਅਤੇ ਫ਼ਾਈਨਲ ਵਿੱਚ ਮੇਜ਼ਬਾਨ ਸਵੀਡਨ ਵਿਰੁੱਧ ਦੋ ਸ਼ਾਨਦਾਰ ਗੋਲ ਕਰਕੇ ਬ੍ਰਾਜ਼ੀਲ ਨੂੰ ਪਹਿਲੀ ਵਾਰ ਵਿਸ਼ਵ ਜੇਤੂ ਬਣਾਇਆ। ਫ਼ਾਈਨਲ ਜਿੱਤਣ ਤੋਂ ਬਾਅਦ ਪੇਲੇ ਦਾ ਮੈਦਾਨ ’ਤੇ ਰੋਣਾ ਅਤੇ ਸਾਥੀ ਖਿਡਾਰੀਆਂ ਦੇ ਮੋਢਿਆਂ ’ਤੇ ਬੈਠਣਾ ਫ਼ੀਫ਼ਾ ਦੀਆਂ ਸਭ ਤੋਂ ਭਾਵੁਕ ਯਾਦਾਂ ਵਿੱਚੋਂ ਇੱਕ ਹੈ। ਇਸੇ ਟੂਰਨਾਮੈਂਟ ਵਿੱਚ ਫ਼ਰਾਂਸ ਦੇ ਜਸਟ ਫ਼ੋਂਟੇਨ ਨੇ ਇੱਕੋ ਵਿਸ਼ਵ ਕੱਪ ਵਿੱਚ 13 ਗੋਲ ਕਰਕੇ ਅਜਿਹਾ ਜਾਦੂਈ ਰਿਕਾਰਡ ਬਣਾਇਆ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ।
ਇਸ ਤੋਂ ਬਾਅਦ 1966 ਦਾ ਵਿਸ਼ਵ ਕੱਪ ਇੰਗਲੈਂਡ ਅਤੇ ਪੱਛਮੀ ਜਰਮਨੀ ਵਿਚਕਾਰ ਖੇਡੇ ਗਏ ਫ਼ਾਈਨਲ ਅਤੇ ਇਸ ਦੇ ਸਭ ਤੋਂ ਵੱਡੇ ਵਿਵਾਦ ‘ਫ਼ੈਂਟਮ ਗੋਲ’ ਲਈ ਯਾਦ ਕੀਤਾ ਜਾਂਦਾ ਹੈ। ਐਕਸਟਰਾ ਟਾਈਮ ਦੌਰਾਨ ਇੰਗਲੈਂਡ ਦੇ ਜੈਫ਼ ਹਰਸਟ ਦਾ ਇੱਕ ਸ਼ਾਟ ਗੋਲਪੋਸਟ ਦੇ ਉੱਪਰਲੇ ਡੰਡੇ ਨਾਲ ਟਕਰਾ ਕੇ ਹੇਠਾਂ ਲਾਈਨ ’ਤੇ ਡਿੱਗ ਕੇ ਬਾਹਰ ਆ ਗਿਆ। ਉਸ ਸਮੇਂ ਗੋਲ-ਲਾਈਨ ਤਕਨਾਲੋਜੀ ਨਾ ਹੋਣ ਕਰਕੇ ਰੈਫ਼ਰੀ ਨੇ ਲਾਈਨਜ਼ਮੈਨ ਦੀ ਸਲਾਹ ਨਾਲ ਇਸ ਨੂੰ ਗੋਲ ਕਰਾਰ ਦਿੱਤਾ ਅਤੇ ਇੰਗਲੈਂਡ 4-2 ਨਾਲ ਜਿੱਤ ਕੇ ਪਹਿਲੀ ਵਾਰ ਚੈਂਪੀਅਨ ਬਣਿਆ, ਪਰ ਇਹ ਫ਼ੈਂਟਮ ਗੋਲ ਅੱਜ ਵੀ ਚਰਚਾ ਵਿੱਚ ਰਹਿੰਦਾ ਹੈ।
ਸੰਨ 1986 ਦਾ ਮੈਕਸੀਕੋ ਵਿਸ਼ਵ ਕੱਪ ਪੂਰੀ ਤਰ੍ਹਾਂ ਅਰਜਨਟੀਨਾ ਦੇ ਮਹਾਨ ਖਿਡਾਰੀ ਡੀਏਗੋ ਮੈਰਾਡੋਨਾ ਦੇ ਨਾਂਅ ਰਿਹਾ। ਇੰਗਲੈਂਡ ਵਿਰੁੱਧ ਕੁਆਰਟਰ ਫ਼ਾਈਨਲ ਵਿੱਚ ਮੈਰਾਡੋਨਾ ਨੇ ਦੋ ਅਜਿਹੇ ਗੋਲ ਕੀਤੇ ਜੋ ਇਤਿਹਾਸ ਵਿੱਚ ਅਮਰ ਹੋ ਗਏ। ਪਹਿਲਾ ਗੋਲ ਉਨ੍ਹਾਂ ਨੇ ਹਵਾ ਵਿੱਚ ਉਛਲ ਕੇ ਆਪਣੇ ਹੱਥ ਦੀ ਮਦਦ ਨਾਲ ਕੀਤਾ, ਜਿਸ ਨੂੰ ਬਾਅਦ ਵਿੱਚ ‘ਹੈਂਡ ਆਫ਼ ਗੌਡ’ ਕਿਹਾ ਗਿਆ। ਇਸ ਦੇ ਤੁਰੰਤ ਬਾਅਦ, ਉਨ੍ਹਾਂ ਨੇ ਅੱਧੀ ਪਿੱਚ ਤੋਂ ਇਕੱਲਿਆਂ ਹੀ ਗੇਂਦ ਲੈ ਕੇ ਇੰਗਲੈਂਡ ਦੇ 5-6 ਖਿਡਾਰੀਆਂ ਅਤੇ ਗੋਲਕੀਪਰ ਨੂੰ ਚਕਮਾ ਦਿੰਦੇ ਹੋਏ ਸ਼ਾਨਦਾਰ ਗੋਲ ਕੀਤਾ, ਜਿਸ ਨੂੰ ਫ਼ੀਫ਼ਾ ਨੇ ‘ਸਦੀ ਦਾ ਸਰਵੋਤਮ ਗੋਲ’ ਐਲਾਨਿਆ। ਇਹ ਸਾਰੀਆਂ ਅਦਭੁਤ ਅਤੇ ਰੋਮਾਂਚਕ ਯਾਦਾਂ ਹੀ ਫ਼ੁਟਬਾਲ ਨੂੰ ਦੁਨੀਆ ਦੀ ਸਭ ਤੋਂ ਹਰਮਨਪਿਆਰੀ ਖੇਡ ਬਣਾਉਂਦੀਆਂ ਹਨ।
ਸੰਨ 1994 ਦੇ ਅਮਰੀਕਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਬ੍ਰਾਜ਼ੀਲ ਅਤੇ ਇਟਲੀ ਵਿਚਕਾਰ ਖੇਡਿਆ ਗਿਆ, ਜੋ ਫ਼ੁੱਟਬਾਲ ਦੀ ਬੇਰਹਿਮੀ ਦੀ ਸਭ ਤੋਂ ਵੱਡੀ ਮਿਸਾਲ ਬਣਿਆ। ਇਟਲੀ ਨੂੰ ਇਕੱਲੇ ਦਮ ’ਤੇ ਫ਼ਾਈਨਲ ਤੱਕ ਪਹੁੰਚਾਉਣ ਵਾਲੇ ਉਨ੍ਹਾਂ ਦੇ ਸਟਾਰ ਖਿਡਾਰੀ ਰੋਬਰਟੋ ਬਾਜੀਓ ਸਨ। ਮੈਚ ਪੈਨਲਟੀ ਸ਼ੂਟਆਊਟ ਤੱਕ ਪਹੁੰਚ ਗਿਆ, ਜਿੱਥੇ ਇਟਲੀ ਨੂੰ ਖੇਡ ਵਿੱਚ ਬਣੇ ਰਹਿਣ ਲਈ ਬਾਜੀਓ ਦਾ ਗੋਲ ਕਰਨਾ ਲਾਜ਼ਮੀ ਸੀ। ਪੂਰੀ ਦੁਨੀਆ ਦੀਆਂ ਨਜ਼ਰਾਂ ਉਨ੍ਹਾਂ ’ਤੇ ਸਨ ਪਰ ਬਾਜੀਓ ਦਾ ਸ਼ਾਟ ਗੋਲਪੋਸਟ ਦੇ ਬਹੁਤ ਉੱਪਰੋਂ ਦੀ ਲੰਘ ਗਿਆ। ਬ੍ਰਾਜ਼ੀਲ ਜਸ਼ਨ ਮਨਾਉਣ ਲੱਗਾ ਪਰ ਮੈਦਾਨ ਦੇ ਵਿਚਕਾਰ ਸਿਰ ਝੁਕਾਈ, ਦੋਵੇਂ ਹੱਥ ਲੱਕ ’ਤੇ ਰੱਖੀ ਖੜ੍ਹੇ ਬਾਜੀਓ ਦੀ ਉਹ ਤਸਵੀਰ ਖੇਡ ਜਗਤ ਦੀ ਸਭ ਤੋਂ ਦੁਖਦਾਈ ਯਾਦ ਬਣ ਗਈ।
ਇਹ ਪਲ ਸਿਖਾਉਂਦਾ ਹੈ ਕਿ ਕਿਵੇਂ ਪੂਰੇ ਟੂਰਨਾਮੈਂਟ ਦਾ ਹੀਰੋ ਇੱਕ ਪਲ ਵਿੱਚ ਤ੍ਰਾਸਦੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਬਾਅਦ 1998 ਦੇ ਫ਼ਾਈਨਲ ਵਿੱਚ ਬ੍ਰਾਜ਼ੀਲ ਦੇ ਮਹਾਨ ਸਟ੍ਰਾਈਕਰ ਰੋਨਾਲਡੋ ਰਹੱਸਮਈ ਤੌਰ ’ਤੇ ਬਿਮਾਰ ਹੋ ਗਏ, ਜਿਸ ਕਰਕੇ ਬ੍ਰਾਜ਼ੀਲ ਫ਼ਰਾਂਸ ਹੱਥੋਂ ਹਾਰ ਗਿਆ। ਅਗਲੇ ਚਾਰ ਸਾਲ ਰੋਨਾਲਡੋ ਗੋਡੇ ਦੀਆਂ ਗੰਭੀਰ ਸੱਟਾਂ ਨਾਲ ਜੂਝਦੇ ਰਹੇ ਅਤੇ ਬਹੁਤਿਆਂ ਨੇ ਸੋਚਿਆ ਕਿ ਉਨ੍ਹਾਂ ਦਾ ਕਰੀਅਰ ਖਤਮ ਹੋ ਚੁੱਕਾ ਹੈ। ਪਰ 2002 ਦੇ ਕੋਰੀਆ-ਜਾਪਾਨ ਵਿਸ਼ਵ ਕੱਪ ਵਿੱਚ ਰੋਨਾਲਡੋ ਨੇ ਕਿਸੇ ਫ਼ਿਲਮੀ ਕਹਾਣੀ ਵਰਗੀ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 8 ਗੋਲ ਕੀਤੇ, ਜਿਨ੍ਹਾਂ ਵਿੱਚ ਜਰਮਨੀ ਵਿਰੁੱਧ ਫ਼ਾਈਨਲ ਦੇ ਦੋ ਇਤਿਹਾਸਕ ਗੋਲ ਵੀ ਸ਼ਾਮਲ ਸਨ। ਬ੍ਰਾਜ਼ੀਲ ਪੰਜਵੀਂ ਵਾਰ ਚੈਂਪੀਅਨ ਬਣਿਆ ਅਤੇ ਰੋਨਾਲਡੋ ਦੀ ਇਹ ਵਾਪਸੀ ਦਿ੍ਰੜ੍ਹ ਇੱਛਾ ਸ਼ਕਤੀ ਦੀ ਸਭ ਤੋਂ ਮਹਾਨ ਮਿਸਾਲ ਬਣ ਗਈ।
ਸਾਲ 2006 ਦਾ ਜਰਮਨੀ ਵਿਸ਼ਵ ਕੱਪ ਫ਼ਰਾਂਸ ਦੇ ਮਹਾਨ ਮਿਡਫ਼ੀਲਡਰ ਜ਼ਿਨੇਦੀਨ ਜ਼ਿਦਾਨ ਦਾ ਆਖਰੀ ਟੂਰਨਾਮੈਂਟ ਸੀ, ਜੋ ਆਪਣੀ ਟੀਮ ਨੂੰ ਇਕੱਲੇ ਦਮ ’ਤੇ ਫ਼ਾਈਨਲ ਤੱਕ ਲੈ ਕੇ ਗਏ ਸਨ। ਇਟਲੀ ਵਿਰੁੱਧ ਫ਼ਾਈਨਲ ਮੈਚ ਦੇ ਐਕਸਟਰਾ ਟਾਈਮ ਦੌਰਾਨ ਇਟਲੀ ਦੇ ਡਿਫ਼ੈਂਡਰ ਮਾਰਕੋ ਮੈਟੇਰਾਜ਼ੀ ਦੀ ਕਿਸੇ ਟਿੱਪਣੀ ’ਤੇ ਆਪਾ ਖੋ ਕੇ ਜ਼ਿਦਾਨ ਨੇ ਉਸ ਦੀ ਛਾਤੀ ’ਤੇ ਜ਼ੋਰਦਾਰ ਟੱਕਰ (ਹੈੱਡਬੱਟ) ਮਾਰੀ। ਰੈਫ਼ਰੀ ਨੇ ਉਨ੍ਹਾਂ ਨੂੰ ਰੈੱਡ ਕਾਰਡ ਦਿਖਾ ਕੇ ਮੈਦਾਨੋਂ ਬਾਹਰ ਕਰ ਦਿੱਤਾ। ਵਿਸ਼ਵ ਕੱਪ ਟਰਾਫ਼ੀ ਦੇ ਕੋਲੋਂ ਲੰਘਦੇ ਹੋਏ ਸਿਰ ਝੁਕਾਈ ਬਾਹਰ ਜਾਂਦੇ ਜ਼ਿਦਾਨ ਦੀ ਤਸਵੀਰ ਅੱਜ ਵੀ ਫ਼ੁੱਟਬਾਲ ਪ੍ਰੇਮੀਆਂ ਦੇ ਦਿਲਾਂ ਨੂੰ ਝੰਜੋੜ ਦਿੰਦੀ ਹੈ।
ਸੰਨ 2010 ਦੇ ਦੱਖਣੀ ਅਫ਼ਰੀਕਾ ਵਿਸ਼ਵ ਕੱਪ ਵਿੱਚ ਘਾਨਾ ਦੀ ਟੀਮ ਇਤਿਹਾਸ ਰਚਣ ਦੇ ਬੇਹੱਦ ਨੇੜੇ ਸੀ। ਉਰੂਗੁਏ ਵਿਰੁੱਧ ਕੁਆਰਟਰ ਫ਼ਾਈਨਲ ਦੇ ਆਖਰੀ ਮਿੰਟ ਵਿੱਚ ਘਾਨਾ ਦਾ ਸ਼ਾਟ ਸਿੱਧਾ ਗੋਲ ਦੇ ਅੰਦਰ ਜਾ ਰਿਹਾ ਸੀ ਪਰ ਉਰੂਗੁਏ ਦੇ ਲੁਈਸ ਸੁਆਰੇਜ਼ ਨੇ ਇੱਕ ਗੋਲਕੀਪਰ ਵਾਂਗ ਹੱਥਾਂ ਨਾਲ ਗੇਂਦ ਨੂੰ ਲਾਈਨ ਤੋਂ ਰੋਕ ਦਿੱਤਾ। ਸੁਆਰੇਜ਼ ਨੂੰ ਰੈੱਡ ਕਾਰਡ ਮਿਲਿਆ ਪਰ ਘਾਨਾ ਦੇ ਅਸਾਮੋਆ ਗਿਆਨ ਪੈਨਲਟੀ ਤੋਂ ਗੋਲ ਕਰਨ ਵਿੱਚ ਖੁੰਝ ਗਏ ਅਤੇ ਪੂਰਾ ਅਫ਼ਰੀਕਾ ਰੋ ਪਿਆ। ਇਹ ਪਲ ਜਿੱਤਣ ਦੀ ਜਿੱਦ ਅਤੇ ਖੇਡ ਭਾਵਨਾ ਦੇ ਸਭ ਤੋਂ ਵੱਡੇ ਵਿਵਾਦ ਵਜੋਂ ਦਰਜ ਹੋਇਆ। ਫ਼ੁੱਟਬਾਲ ਵਿੱਚ ਚਮਤਕਾਰ ਸਿਰਫ਼ ਜਿੱਤ ਦੇ ਹੀ ਨਹੀਂ ਹੁੰਦੇ, ਕਈ ਵਾਰ ਹਾਰ ਦੇ ਝਟਕੇ ਵੀ ਅਦਭੁਤ ਹੁੰਦੇ ਹਨ। 2014 ਵਿੱਚ ਬ੍ਰਾਜ਼ੀਲ ਆਪਣੇ ਹੀ ਘਰ ਵਿੱਚ ਛੇਵੀਂ ਵਾਰ ਚੈਂਪੀਅਨ ਬਣਨ ਦੀ ਤਿਆਰੀ ਵਿੱਚ ਸੀ ਪਰ ਸੈਮੀਫ਼ਾਈਨਲ ਵਿੱਚ ਜਰਮਨੀ ਨੇ ਬ੍ਰਾਜ਼ੀਲ ਨੂੰ 7-1 ਦੀ ਸ਼ਰਮਨਾਕ ਹਾਰ ਦਿੱਤੀ। ਪਹਿਲੇ 29 ਮਿੰਟਾਂ ਵਿੱਚ ਹੀ ਜਰਮਨੀ ਨੇ 5 ਗੋਲ ਕਰ ਦਿੱਤੇ ਸਨ। ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੇ ਰੋਂਦੇ ਹੋਏ ਚਿਹਰੇ ਫ਼ੀਫ਼ਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਉਲਟਫ਼ੇਰ ਬਣ ਗਏ।
ਕਤਰ ਵਿੱਚ ਖੇਡਿਆ ਗਿਆ 2022 ਦਾ ਫ਼ੀਫ਼ਾ ਵਿਸ਼ਵ ਕੱਪ ਫ਼ੁੱਟਬਾਲ ਦੇ ਇਤਿਹਾਸ ਦਾ ਸਭ ਤੋਂ ਉੱਤਮ ਅਤੇ ਰੋਮਾਂਚਕ ਟੂਰਨਾਮੈਂਟ ਮੰਨਿਆ ਜਾਂਦਾ ਹੈ। ਲੋਕਾਂ ਨੂੰ ਲੱਗ ਰਿਹਾ ਸੀ ਕਿ ਇਹ ਲਿਓਨਲ ਮੈਸੀ ਦਾ ਆਖਰੀ ਵਿਸ਼ਵ ਕੱਪ ਹੈ, ਕਿਉਂਕਿ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਅਗਲਾ ਵਿਸ਼ਵ ਕੱਪ ਸ਼ਾਇਦ ਹੀ ਖੇਡਣਗੇ। ਦੁਨੀਆ ਦਾ ਹਰ ਫ਼ੁੱਟਬਾਲ ਪ੍ਰੇਮੀ ਚਾਹੁੰਦਾ ਸੀ ਕਿ ਇਸ ਮਹਾਨ ਖਿਡਾਰੀ ਦੇ ਹੱਥ ਵਿੱਚ ਵਿਸ਼ਵ ਕੱਪ ਦੀ ਟਰਾਫ਼ੀ ਸਜੇ। ਅਰਜਨਟੀਨਾ ਅਤੇ ਫ਼ਰਾਂਸ ਵਿਚਕਾਰ ਖੇਡਿਆ ਗਿਆ ਫ਼ਾਈਨਲ ਮੈਚ ਕਿਸੇ ਹਾਲੀਵੁੱਡ ਫ਼ਿਲਮ ਦੀ ਕਹਾਣੀ ਵਰਗਾ ਸੀ।
ਮੈਚ ਦੇ ਪਹਿਲੇ ਅੱਧ ਵਿੱਚ ਅਰਜਨਟੀਨਾ ਨੇ 2-0 ਦੀ ਬੜ੍ਹਤ ਬਣਾ ਲਈ, ਜਿਸ ਵਿੱਚ ਇੱਕ ਗੋਲ ਮੈਸੀ ਨੇ ਕੀਤਾ। ਪਰ 80ਵੇਂ ਮਿੰਟ ਦੌਰਾਨ ਫ਼ਰਾਂਸ ਦੇ ਕਿਲੀਅਨ ਐਮਬਾਪੇ ਨੇ ਮਹਿਜ਼ 97 ਸਕਿੰਟਾਂ ਵਿੱਚ ਦੋ ਗੋਲ ਕਰਕੇ ਮੈਚ 2-2 ਦੀ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਐਕਸਟਰਾ ਟਾਈਮ ਵਿੱਚ ਮੈਸੀ ਨੇ ਗੋਲ ਕਰਕੇ ਸਕੋਰ 3-2 ਕੀਤਾ ਪਰ ਐਮਬਾਪੇ ਨੇ ਫ਼ਿਰ ਪੈਨਲਟੀ ਰਾਹੀਂ ਸਕੋਰ 3-3 ਕਰ ਦਿੱਤਾ।
ਅਖ਼ੀਰ, ਪੈਨਲਟੀ ਸ਼ੂਟਆਊਟ ਵਿੱਚ ਅਰਜਨਟੀਨਾ ਨੇ 4-2 ਨਾਲ ਜਿੱਤ ਦਰਜ ਕਰਕੇ ਖ਼ਿਤਾਬ ਆਪਣੇ ਨਾਂਅ ਕੀਤਾ। ਫ਼ੀਫ਼ਾ ਵਿਸ਼ਵ ਕੱਪ ਦੇ ਇਸ ਸੁਨਹਿਰੀ ਇਤਿਹਾਸ ਵਿੱਚ ਅਜਿਹੀਆਂ ਅਣਗਿਣਤ ਅਦਭੁੱਤ, ਵਿਵਾਦਿਤ ਅਤੇ ਰੋਮਾਂਚਕ ਯਾਦਾਂ ਦਰਜ ਹਨ, ਜਿਨ੍ਹਾਂ ਨੇ ਇਸ ਖੇਡ ਦੀ ਦਾਸਤਾਨ ਨੂੰ ਅਮੀਰ ਬਣਾਇਆ ਹੈ। ਇਸੇ ਸੁਨਹਿਰੀ ਇਤਿਹਾਸ ਦੇ ਅਗਲੇ ਪੰਨੇ ਵਜੋਂ 19 ਜੁਲਾਈ ਨੂੰ ਖੇਡਿਆ ਗਿਆ ਫ਼ੀਫ਼ਾ ਵਿਸ਼ਵ ਕੱਪ 2026 ਦਾ ਫ਼ਾਈਨਲ ਮੈਚ ਵੀ ਬੇਹੱਦ ਰੋਮਾਂਚਕ ਰਿਹਾ, ਜਿਸ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਦੀ ਟਰਾਫ਼ੀ ’ਤੇ ਕਬਜ਼ਾ ਕੀਤਾ।
ਐਕਸਟਰਾ ਟਾਈਮ (106ਵੇਂ ਮਿੰਟ) ਵਿੱਚ ਫ਼ੇਰਾਨ ਟੋਰੇਸ ਵੱਲੋਂ ਕੀਤੇ ਗਏ ਸ਼ਾਨਦਾਰ ਗੋਲ ਨੇ ਸਪੇਨ ਨੂੰ ਦੂਜੀ ਵਾਰ ਵਿਸ਼ਵ ਜੇਤੂ ਬਣਾ ਦਿੱਤਾ, ਜਦਕਿ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਇਤਿਹਾਸਕ ਫ਼ਾਈਨਲ ਨੇ ਇੱਕ ਵਾਰ ਫ਼ਿਰ ਸਾਬਤ ਕਰ ਦਿੱਤਾ ਕਿ ਫ਼ੁੱਟਬਾਲ ਸਿਰਫ਼ ਇੱਕ ਖੇਡ ਨਹੀਂ, ਬਲਕਿ ਦੁਨੀਆ ਨੂੰ ਇੱਕ ਧਾਗੇ ਵਿੱਚ ਪਰੋਣ ਵਾਲਾ ਇੱਕ ਮਹਾਨ ਜਜ਼ਬਾਤ ਹੈ।