ਵਿਦਿਆਰਥੀ ਅੰਦੋਲਨ ਤੋਂ ਸਿਆਸੀ ਜ਼ਮੀਨ ਭਾਲਣ ਲੱਗੇ ਰਾਜਸੀ ਦਲ
ਨਵੀਂ ਦਿੱਲੀ/ਏ.ਟੀ.ਨਿਊਜ਼: ਪੇਪਰ ਲੀਕ ਖ਼ਿਲਾਫ਼ ਚੱਲ ਰਹੇ ਰੋਸ ਪ੍ਰਦਰਸ਼ਨ ਦੇ ਦਰਮਿਆਨ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਵਧ ਰਹੀ ਸਿਆਸੀ ਤਕਰਾਰ ਪਿੱਛੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਬਿਆਨ ਅਤੇ ਰੁਖ ਇਸੇ ਵੱਲ ਇਸ਼ਾਰਾ ਕਰ ਰਹੇ ਹਨ। ਦਿੱਲੀ ਦੀ ਸੱਤਾ ਗੁਆਉਣ ਤੋਂ ਬਾਅਦ ਪੰਜਾਬ ਵਿੱਚ ਹਾਰ ‘ਆਪ’ ਲਈ ਹੋਂਦ ਦਾ ਸੰਕਟ ਖੜ੍ਹਾ ਕਰ ਸਕਦੀ ਹੈ, ਜਦਕਿ ਕਾਂਗਰਸ ਇਸੇ ਸੂਬੇ ਤੋਂ ਆਪਣੀ ਵਾਪਸੀ ਦੀ ਆਸ ਲਾਈ ਬੈਠੀ ਹੈ। ਅਜਿਹੇ ਵਿੱਚ ਦੋਵੇਂ ਪਾਰਟੀਆਂ ਨੌਜਵਾਨਾਂ ਨਾਲ ਜੁੜੇ ਪੇਪਰ ਲੀਕ ਦੇ ਮੁੱਦੇ ’ਤੇ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਧਰਨੇ ’ਤੇ ਬੈਠਣ ਤੋਂ ਬਾਅਦ ‘ਆਪ’ ਆਗੂਆਂ ਦੀ ਤਿੱਖੀ ਪ੍ਰਤੀਕਿਰਿਆ ਨੂੰ ਵੀ ਇਸੇ ਸਿਆਸੀ ਮੁਕਾਬਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਰਕਾਰ ’ਤੇ ਹਮਲਾ ਕਰਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਦੀ ਵਧਦੀ ਸਰਗਰਮੀ ਨੂੰ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਦਰਅਸਲ, ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਆਸ਼ੂਤੋਸ਼ ਰਾਂਕਾ ਦੀ ‘ਆਪ’ ਦੇ ਸਿਖਰਲੇ ਆਗੂਆਂ ਨਾਲ ਨੇੜਤਾ ਪਹਿਲਾਂ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਇਹੀ ਕਾਰਨ ਰਿਹਾ ਕਿ ਜੰਤਰ-ਮੰਤਰ ’ਤੇ ਚੱਲ ਰਹੇ ਧਰਨੇ ਤੋਂ ਕਾਂਗਰਸ ਨੇ ਸ਼ੁਰੂਆਤੀ ਦਿਨਾਂ ਵਿੱਚ ਦੂਰੀ ਬਣਾਈ ਰੱਖੀ। ਦੂਜੇ ਪਾਸੇ ਅੰਦੋਲਨ ਨੂੰ ਗ਼ੈਰ-ਸਿਆਸੀ ਬਣਾਈ ਰੱਖਣ ਦੇ ਮਕਸਦ ਨਾਲ ‘ਆਪ’ ਦੇ ਸਿਖਰਲੇ ਆਗੂ ਵੀ ਸਿੱਧੇ ਤੌਰ ’ਤੇ ਮੰਚ ਤੋਂ ਦੂਰ ਰਹੇ।
ਹਾਲਾਂਕਿ, ‘ਸੰਸਦ ਚਲੋ’ ਮਾਰਚ ਤੋਂ ਤਿੰਨ ਦਿਨ ਪਹਿਲਾਂ ਕਾਂਗਰਸ ਨੇ ਆਪਣਾ ਰੁਖ਼ ਬਦਲ ਲਿਆ। ਪਾਰਟੀ ਵੱਲੋਂ ਪਵਨ ਖੇੜਾ ਪ੍ਰਦਰਸ਼ਨ ਸਥਾਨ ’ਤੇ ਪਹੁੰਚੇ ਅਤੇ ਕਿਹਾ ਕਿ ਰਾਹੁਲ ਗਾਂਧੀ ਨੇ ਨੌਜਵਾਨਾਂ ਦੇ ਸੰਘਰਸ਼ ਨਾਲ ਹਮਦਰਦੀ ਜਤਾਉਣ ਲਈ ਉਨ੍ਹਾਂ ਨੂੰ ਭੇਜਿਆ ਹੈ। ਉਸੇ ਦਿਨ ਰਾਹੁਲ ਗਾਂਧੀ ਦੇਹਰਾਦੂਨ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦੀ ਰਣਨੀਤੀ ਸਮੂਹ ਦੀ ਬੈਠਕ ਵਿੱਚ ਵੀ ਇਸ ਮੁੱਦੇ ’ਤੇ ਚਰਚਾ ਹੋਈ ਸੀ। ਬੈਠਕ ਵਿੱਚ ਸੋਨੀਆ ਗਾਂਧੀ ਨੇ ਅੰਦੋਲਨ ਨੂੰ ਸਮਰਥਨ ਦੇਣ ’ਤੇ ਜ਼ੋਰ ਦਿੱਤਾ ਸੀ, ਜਦਕਿ ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸਮਰਥਨ ਦਾ ਐਲਾਨ ਕੀਤਾ ਸੀ।
ਪਿਛਲੇ ਦਿਨੀਂ ਪ੍ਰਦਰਸ਼ਨ ਦੇ ਹਿੰਸਕ ਹੋਣ ਅਤੇ ਪੁਲਿਸ ਨਾਲ ਝੜਪਾਂ ਤੋਂ ਬਾਅਦ ਸਿਆਸੀ ਘਟਨਾਕ੍ਰਮ ਤੇਜ਼ੀ ਨਾਲ ਬਦਲਿਆ। ‘ਆਪ’ ਨੇ ਇਸ ਨੂੰ ਸਰਕਾਰ ’ਤੇ ਹਮਲੇ ਦਾ ਮੌਕਾ ਬਣਾਇਆ। ਉਸ ਤੋਂ ਬਾਅਦ ਕੇਜਰੀਵਾਲ ਕਾਫ਼ੀ ਸਰਗਰਮ ਨਜ਼ਰ ਆਏ। ਉਨ੍ਹਾਂ ਹਸਪਤਾਲਾਂ ਅਤੇ ਥਾਣਿਆਂ ਦਾ ਦੌਰਾ ਕਰ ਕੇ ਜ਼ਖ਼ਮੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਹਿਰਾਸਤ ਵਿੱਚ ਲਏ ਗਏ ਲੋਕਾਂ ਨਾਲ ਸਬੰਧਤ ਵੀਡੀਓ ਵੀ ਸਾਂਝੀਆਂ ਕੀਤੀਆਂ। ਦੂਜੇ ਪਾਸੇ ਕਾਂਗਰਸ ਨੇ ਸੰਸਦ ਅੰਦਰ ਰੋਸ ਪ੍ਰਦਰਸ਼ਨ ਕਰ ਕੇ ਆਪਣੀ ਸਰਗਰਮੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਸੇਵਾ ਦਲ ਦੇ ਕਾਰਕੁਨ ਵੀ ਆਪਣੇ ਰਵਾਇਤੀ ਪਹਿਰਾਵੇ ਵਿੱਚ ਜੰਤਰ-ਮੰਤਰ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭੋਜਨ ਕਰਵਾਉਂਦੇ ਨਜ਼ਰ ਆਏ।











Comments (0)