ਜ਼ੁਲਮ ਦੀ ਹਿੱਕ ’ਤੇ ਸੱਚ ਦੀ ਦਸਤਕ: ਹਰੀਕੇ ਪੱਤਣ ਹੁਣ ਕਹਾਏਗਾ ‘ਸਿੱਖ ਸ਼ਹੀਦੀ ਪੱਤਣ’
ਹਰੀਕੇ ਪੱਤਣ ਦੇ ਸ਼ਾਂਤ ਵਹਿਣਾਂ ’ਤੇ ਅੱਜ ਸਿਰਫ਼ ਪਾਣੀ ਨਹੀਂ ਵਹਿ ਰਿਹਾ, ਸਗੋਂ ਪੰਜਾਬ ਦੇ ਸੰਤਾਪ ਦੀ ਉਹ ਦਾਸਤਾਨ ਤੈਰ ਰਹੀ ਹੈ, ਜਿਸ ਨੂੰ ਵਕਤ ਦੀਆਂ ਹਾਕਮ ਜਮਾਤਾਂ ਨੇ ‘ਲਾਵਾਰਿਸ’ ਆਖ ਕੇ ਮਿਟਾਉਣਾ ਚਾਹਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹਰੀਕੇ ਵਿਖੇ ਹੋਈ ‘ਸ਼ਹੀਦਾਂ ਦੀ ਅਰਦਾਸ’ ਅਤੇ 1982 ਤੋਂ 1995 ਤੱਕ ਦੇ ਸਿੱਖ ਸ਼ਹੀਦਾਂ ਦਾ ਅਧਿਕਾਰਤ ਰਿਕਾਰਡ (ਆਰਕਾਈਵ) ਤਿਆਰ ਕਰਨ ਦਾ ਐਲਾਨ ਜ਼ੁਲਮ ਦੀ ਹਿੱਕ ’ਤੇ ਸੱਚ ਦੀ ਉਹ ਦਸਤਕ ਹੈ ਜਿਸ ਦੀ ਗੂੰਜ ਦੁਨੀਆ, ਸਰਕਾਰ ਅਤੇ ਸਿੱਖ ਪੰਥ ਲਈ ਵੱਖ-ਵੱਖ ਸੁਨੇਹੇ ਤੇ ਮਹੱਤਵ ਲੈ ਕੇ ਆਈ ਹੈ।
ਦਰਿਆਵਾਂ ਦੇ ਪਾਣੀਆਂ ਵਿੱਚ ਲਾਸ਼ਾਂ ਰੋੜ੍ਹ ਕੇ ਇਤਿਹਾਸ ਨੂੰ ਗੁਮਨਾਮ ਕਰਨ ਵਾਲੀ ਸਿਆਸਤ ਨੂੰ ਇਸ ਅਰਦਾਸ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ‘ਗੁਰੂ ਕੇ ਲਾਡਲੇ ਕਦੇ ਲਾਵਾਰਿਸ ਨਹੀਂ ਹੁੰਦੇ।’
ਹਰੀਕੇ ਦੇ ਕਿਨਾਰੇ ਬਣਨ ਜਾ ਰਿਹਾ ‘ਸ਼ਹੀਦੀ ਪੱਤਣ’ ਅਤੇ ਤਿਆਰ ਹੋਣ ਵਾਲਾ ਰਿਕਾਰਡ ਤਿੰਨ ਅਹਿਮ ਧਿਰਾਂ ਦੇ ਸਨਮੁਖ ਇੱਕ ਵੱਡਾ ਸੁਨੇਹਾ ਪੇਸ਼ ਕਰਦਾ ਹੈ।
ਇਹ ਅਰਦਾਸ ਕੌਮਾਂਤਰੀ ਭਾਈਚਾਰੇ ਲਈ ਇੱਕ ਜਗਾਉਣ ਵਾਲਾ ਹੋਕਾ ਹੈ। ਜਦੋਂ ਮਨੁੱਖੀ ਅਧਿਕਾਰਾਂ ਦੇ ਅਖੌਤੀ ਆਲਮਬਰਦਾਰ ਖ਼ਾਮੋਸ਼ ਸਨ, ਉਦੋਂ ਜਸਵੰਤ ਸਿੰਘ ਖਾਲੜਾ ਵਰਗੇ ਸਿਦਕੀ ਯੋਧਿਆਂ ਨੇ ਇਸ ਨਸਲਕੁਸ਼ੀ ਦੇ ਸੱਚ ਨੂੰ ਉਜਾਗਰ ਕੀਤਾ। ਦੁਨੀਆ ਲਈ ਮਹੱਤਵ ਇਹ ਹੈ ਕਿ ਮੌਤ ਤੋਂ ਬਾਅਦ ਵੀ ਮ੍ਰਿਤਕ ਦੇਹਾਂ ਦੀ ਬੇਅਦਬੀ ਕਰਨਾ ਬੁਨਿਆਦੀ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। ਇਹ ਕਦਮ ਸੰਸਾਰ ਨੂੰ ਯਾਦ ਦਿਵਾਉਂਦਾ ਹੈ ਕਿ ਸੱਚ ਨੂੰ ਸਿਆਸੀ ਸਾਜ਼ਿਸ਼ਾਂ ਦੇ ਤਹਿਤ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦੇ ਇਨਸਾਫ਼ਪਸੰਦ ਲੋਕਾਂ ਅਤੇ ਮਨੁੱਖੀ ਅਧਿਕਾਰ ਮੰਚਾਂ ਵਿੱਚ ਇਸ ਕਦਮ ਨਾਲ ਬਹੁਤ ਡੂੰਘਾ ਅਤੇ ਸਪੱਸ਼ਟ ਸੁਨੇਹਾ ਗਿਆ ਹੈ ਕਿ ਸੰਸਾਰ ਨੇ ਦੇਖਿਆ ਹੈ ਕਿ ਜਿਨ੍ਹਾਂ ਮ੍ਰਿਤਕ ਦੇਹਾਂ ਨੂੰ ਸਰਕਾਰੀ ਤੰਤਰ ਨੇ ‘ਲਾਵਾਰਿਸ’ ਆਖ ਕੇ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣਾ ਚਾਹਿਆ ਸੀ, ਤਿੰਨ ਦਹਾਕਿਆਂ ਬਾਅਦ ਵੀ ਉਨ੍ਹਾਂ ਦੀ ਯਾਦ ਅਤੇ ਹੋਂਦ ਨੂੰ ਮਿਟਾਇਆ ਨਹੀਂ ਜਾ ਸਕਿਆ। ਇਸ ਨਾਲ ਦੁਨੀਆਂ ਵਿੱਚ ਇਹ ਗੱਲ ਮੁੜ ਸਾਬਤ ਹੋਈ ਹੈ ਕਿ 1982 ਤੋਂ 1995 ਦੇ ਦੌਰ ਦਰਮਿਆਨ ਪੰਜਾਬ ਵਿੱਚ ਜੋ ਹੋਇਆ, ਉਹ ਮਹਿਜ਼ ਕਾਨੂੰਨ ਵਿਵਸਥਾ ਦੀ ਸਮੱਸਿਆ ਨਹੀਂ ਸੀ, ਬਲਕਿ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਸੀ, ਜਿੱਥੇ ਬੁਨਿਆਦੀ ਮਨੁੱਖੀ ਅਧਿਕਾਰਾਂ (ਮੌਤ ਤੋਂ ਬਾਅਦ ਸਸਕਾਰ ਦੇ ਹੱਕ) ਨੂੰ ਵੀ ਕੁਚਲਿਆ ਗਿਆ। ਦੁਨੀਆਂ ਵਿੱਚ ਸਿੱਖਾਂ ਦੇ ਸਿਦਕ ਅਤੇ ਜੀਵੰਤਤਾ ਦਾ ਸੁਨੇਹਾ ਗਿਆ ਹੈ ਕਿ ਇਹ ਕੌਮ ਆਪਣੇ ਸ਼ਹੀਦਾਂ ਦੀ ਘਾਲ-ਕਮਾਈ ਨੂੰ ਕਦੇ ਭੁਲਾਉਂਦੀ ਨਹੀਂ ਅਤੇ ਆਪਣੇ ਹੱਕਾਂ ਲਈ ਸਦੀਆਂ ਤੱਕ ਲੜਨਾ ਜਾਣਦੀ ਹੈ।
ਸੱਤਾ ਦੇ ਨਸ਼ੇ ਵਿੱਚ ਚੂਰ ਹਾਕਮਾਂ ਲਈ ਇਹ ਸਿੱਧੀ ਚਿਤਾਵਨੀ ਹੈ ਕਿ ‘ਸਮਾਂ ਹਰ ਜ਼ੁਲਮ ਦਾ ਹਿਸਾਬ ਰੱਖਦਾ ਹੈ।’ ਲਾਸ਼ਾਂ ਦੇ ਸਸਕਾਰ ਗੁਪਤ ਤਰੀਕੇ ਨਾਲ ਕਰਕੇ ਜਾਂ ਉਨ੍ਹਾਂ ਨੂੰ ਦਰਿਆਵਾਂ ਦੀ ਨਜ਼ਰ ਕਰਕੇ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ। ਇਹ ਸਰਕਾਰੀ ਤੰਤਰ ਦੀ ਅਸਫ਼ਲਤਾ ਅਤੇ ਅਣਮਨੁੱਖੀ ਵਤੀਰੇ ’ਤੇ ਇੱਕ ਕਰਾਰੀ ਚੋਟ ਹੈ, ਜੋ ਇਹ ਸਾਫ਼ ਕਰਦੀ ਹੈ ਕਿ ਸੱਤਾਧਾਰੀ ਜਵਾਬਦੇਹੀ ਤੋਂ ਮੁਕਤ ਨਹੀਂ ਹਨ; ਅੱਜ ਨਹੀਂ ਤਾਂ ਭਲਕੇ, ਇਤਿਹਾਸ ਦੀ ਕਚਹਿਰੀ ਵਿੱਚ ਉਨ੍ਹਾਂ ਦੇ ਗੁਨਾਹਾਂ ਦਾ ਲੇਖਾ-ਜੋਖਾ ਹੋ ਕੇ ਰਹੇਗਾ।
ਸਿੱਖ ਕੌਮ ਲਈ ਇਹ ਅਰਦਾਸ ਆਪਣੇ ਸਵੈ-ਮਾਣ, ਚੇਤਿਆਂ ਅਤੇ ਪਛਾਣ ਨੂੰ ਮੁੜ ਸੁਰਜੀਤ ਕਰਨ ਦਾ ਜ਼ਰੀਆ ਹੈ। ਇਹ ਸੁਨੇਹਾ ਦਿੰਦਾ ਹੈ ਕਿ ਕੌਮ ਆਪਣੀ ਘਾਲ-ਕਮਾਈ ਅਤੇ ਸ਼ਹੀਦਾਂ ਦੇ ਲਹੂ ਦੇ ਇੱਕ-ਇੱਕ ਕਤਰੇ ਦੀ ਵਾਰਸ ਹੈ। ਇਹ ਹਰ ਸਿੱਖ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਹਿਰਦਿਆਂ ਵਿੱਚ ਇਸ ਇਤਿਹਾਸ ਨੂੰ ਨਿੱਤਨੇਮ ਵਾਂਗ ਵਸਾਉਣ ਦੀ ਪ੍ਰੇਰਨਾ ਦਿੰਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਸ਼ਹੀਦੀ ਪੱਤਣ ਯਾਦਗਾਰ’ ਬਣਾਉਣ ਅਤੇ 1982-1995 ਦੇ ਦੌਰ ਦਾ ਸਰਕਾਰੀ/ਗ਼ੈਰ-ਸਰਕਾਰੀ ਜਬਰ ਦਾ ਅਧਿਕਾਰਤ ਰਿਕਾਰਡ ਤਿਆਰ ਕਰਨ ਦੇ ਫ਼ੈਸਲੇ ਦੇ ਪੰਥ ਉੱਪਰ ਡੂੰਘੇ ਅਤੇ ਇਤਿਹਾਸਕ ਪ੍ਰਭਾਵ ਪੈਣਗੇ।
ਹੁਣ ਤੱਕ ਯੂ.ਐਨ.ਓ. (ਸੰਯੁਕਤ ਰਾਸ਼ਟਰ) ਜਾਂ ਕੌਮਾਂਤਰੀ ਅਦਾਲਤਾਂ ਵਿੱਚ ਇਹ ਮਸਲੇ ਇਸ ਲਈ ਕਮਜ਼ੋਰ ਰਹਿ ਜਾਂਦੇ ਸਨ ਕਿਉਂਕਿ ਸਾਡੇ ਕੋਲ ਕੋਈ ਸਾਂਝਾ ਅਤੇ ਅਧਿਕਾਰਤ ‘ਦਸਤਾਵੇਜ਼ੀ ਰਿਕਾਰਡ’ ਨਹੀਂ ਸੀ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 1982 ਤੋਂ 1995 ਤੱਕ ਦੇ ਹਜ਼ਾਰਾਂ ‘ਅਣਪਛਾਤੇ’ ਕਹਿ ਕੇ ਮਾਰੇ ਗਏ ਸਿੱਖਾਂ ਦਾ ਪੂਰਾ ਵੇਰਵਾ, ਗਵਾਹੀਆਂ ਅਤੇ ਸਬੂਤ ਇਕੱਠੇ ਹੋ ਗਏ, ਤਾਂ ਇਸ ਪੂਰੇ ਦਸਤਾਵੇਜ਼ ਨੂੰ ਯੂ.ਐਨ.ਓ. ਦੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲਿਜਾਇਆ ਜਾ ਸਕਦਾ ਹੈ। ਇਹ ਰਿਕਾਰਡ ਯੂ.ਐਨ.ਓ. ਵਿੱਚ ਪੰਜਾਬ ਸੰਤਾਪ ਨੂੰ ਅਧਿਕਾਰਤ ਤੌਰ ’ਤੇ ‘ਸਿੱਖ ਨਸਲਕੁਸ਼ੀ’ ਵਜੋਂ ਮਾਨਤਾ ਦਿਵਾਉਣ ਲਈ ਸਭ ਤੋਂ ਵੱਡਾ ਅਤੇ ਅਟੁੱਟ ਸਾਧਨ ਬਣੇਗਾ।
ਸਿੱਖ ਕੌਮ, ਖ਼ਾਸਕਰ ਦੇਸ਼-ਵਿਦੇਸ਼ ਵਿੱਚ ਬੈਠੇ ਪੰਥਕ ਦਰਦੀਆਂ ਨੂੰ ਹੇਠ ਲਿਖੇ ਫ਼ਰਜ਼ ਨਿਭਾਉਣੇ ਚਾਹੀਦੇ ਹਨ। ਜਿਨ੍ਹਾਂ ਪਰਿਵਾਰਾਂ ਦੇ ਜੀਅ ਉਸ ਦੌਰ ਵਿੱਚ ਲਾਪਤਾ ਹੋਏ ਜਾਂ ਜਿਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਉਹ ਆਪੋ-ਆਪਣੇ ਇਲਾਕੇ ਦੇ ਵੇਰਵੇ, ਤਾਰੀਖਾਂ ਅਤੇ ਗਵਾਹੀਆਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਜਾਣ ਵਾਲੀ ਕਮੇਟੀ ਕੋਲ ਦਰਜ ਕਰਵਾਉਣ। ਇਹ ਰਿਕਾਰਡ ਜਿੰਨਾ ਮਜ਼ਬੂਤ ਹੋਵੇਗਾ, ਕੌਮ ਦਾ ਪੱਖ ਓਨਾ ਹੀ ਤਕੜਾ ਹੋਵੇਗਾ।
ਵਿਦੇਸ਼ਾਂ (ਕੈਨੇਡਾ, ਅਮਰੀਕਾ, ਯੂ.ਕੇ. ਆਦਿ) ਵਿੱਚ ਬੈਠੇ ਸਿੱਖ ਨੌਜਵਾਨ ਅਤੇ ਬੁੱਧੀਜੀਵੀ ਇਸ ਰਿਕਾਰਡ ਨੂੰ ਅੰਗਰੇਜ਼ੀ ਅਤੇ ਹੋਰ ਕੌਮਾਂਤਰੀ ਭਾਸ਼ਾਵਾਂ ਵਿੱਚ ਉਲਥਾ ਕਰਕੇ ਦੁਨੀਆਂ ਦੀਆਂ ਯੂਨੀਵਰਸਿਟੀਆਂ, ਲਾਇਬ੍ਰੇਰੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪਹੁੰਚਾਉਣ।
ਆਪਸੀ ਮੱਤਭੇਦ ਭੁਲਾ ਕੇ ਇਕਜੁੱਟ ਹੋਣ: ਸਭ ਤੋਂ ਵੱਡਾ ਕੰਮ ਇਹ ਹੈ ਕਿ ਸਿੱਖ ਧੜੇਬੰਦੀਆਂ, ਸਿਆਸੀ ਰੰਜਿਸ਼ਾਂ ਅਤੇ ਆਪਸੀ ਖਹਿਬਾਜ਼ੀ ਨੂੰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਹੋਕੇ ਦੇ ਪਿੱਛੇ ਇੱਕਮੁੱਠ ਹੋ ਕੇ ਖੜ੍ਹੇ ਹੋਣ।
ਜੇਕਰ ਕੌਮ ਨੇ ਇਸ ਵਾਰ ਸਹੀ ਰਣਨੀਤੀ, ਕਾਨੂੰਨੀ ਮਾਹਿਰਾਂ ਦੀ ਮਦਦ ਅਤੇ ਪੂਰੇ ਸਿਦਕ ਨਾਲ ਇਸ ਰਿਕਾਰਡ ਨੂੰ ਤਿਆਰ ਕਰਕੇ ਕੌਮਾਂਤਰੀ ਮੰਚਾਂ ’ਤੇ ਪੇਸ਼ ਕੀਤਾ, ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰੀਕੇ ਦੇ ਪਾਣੀਆਂ ਵਿੱਚ ਰੋੜ੍ਹੇ ਗਏ ਇੱਕ-ਇੱਕ ਸਾਹ ਦਾ ਹਿਸਾਬ ਦੁਨੀਆਂ ਦੀ ਕਚਹਿਰੀ ਵਿੱਚ ਹੋਵੇਗਾ।
ਪਿਛਲੇ ਕੁਝ ਸਮੇਂ ਤੋਂ ਆਪਸੀ ਮੱਤਭੇਦਾਂ ਵਿੱਚ ਉਲਝੀ ਕੌਮ ਨੂੰ ਇਹ ਕਦਮ ਇੱਕ ਸਾਂਝੇ ਦਰਦ ਅਤੇ ਸਾਂਝੇ ਸੰਕਲਪ ਦੇ ਸੂਤਰ ਵਿੱਚ ਪਰੋਵੇਗਾ। ਜਦੋਂ ਸਾਂਝੀ ਸ਼ਹੀਦੀ ਦਾ ਰਿਕਾਰਡ ਸਾਹਮਣੇ ਆਵੇਗਾ, ਤਾਂ ਆਪਸੀ ਵਖਰੇਵੇਂ ਮੁੱਕਣਗੇ ਅਤੇ ਕੌਮੀ ਪ੍ਰਭੂਸੱਤਾ ਦੀ ਰਾਖੀ ਲਈ ਇਕਜੁੱਟਤਾ ਵਧੇਗੀ।
ਹੁਣ ਤੱਕ ਪੰਜਾਬ ਸੰਤਾਪ ਦਾ ਇਤਿਹਾਸ ਜ਼ਿਆਦਾਤਰ ਜ਼ੁਬਾਨੀ ਦਾਸਤਾਨਾਂ ਜਾਂ ਨਿੱਜੀ ਡਾਇਰੀਆਂ ਤੱਕ ਸੀਮਤ ਸੀ। ਅਕਾਲ ਤਖ਼ਤ ਸਾਹਿਬ ਵੱਲੋਂ ਤਿਆਰ ਹੋਣ ਵਾਲਾ ਇਹ ਅਧਿਕਾਰਤ ਆਰਕਾਈਵ ਭਵਿੱਖ ਦੀਆਂ ਨਸਲਾਂ ਲਈ ਇੱਕ ਅਟੁੱਟ ਇਤਿਹਾਸਕ ਢਾਲ ਬਣੇਗਾ, ਜਿਸ ਨੂੰ ਕੋਈ ਵੀ ਪੰਥ-ਵਿਰੋਧੀ ਤਾਕਤ ਝੂਠਲਾ ਨਹੀਂ ਸਕੇਗੀ।
ਇਹ ਫ਼ੈਸਲਾ ਪੰਥ ਵਿੱਚ ਸੋਗ ਦੀ ਭਾਵਨਾ ਨੂੰ ਬਦਲ ਕੇ ‘ਚੜ੍ਹਦੀ ਕਲਾ’ ਵਿੱਚ ਤਬਦੀਲ ਕਰਦਾ ਹੈ। ਇਹ ਸਿੱਖ ਮਾਨਸਿਕਤਾ ਵਿੱਚ ਇਹ ਵਿਸ਼ਵਾਸ ਪੱਕਾ ਕਰਦਾ ਹੈ ਕਿ ਕੌਮ ਆਪਣੇ ਮਜ਼ਲੂਮਾਂ ਅਤੇ ਯੋਧਿਆਂ ਦੀ ਪਿੱਠ ’ਤੇ ਹਮੇਸ਼ਾ ਚਟਾਨ ਵਾਂਗ ਖੜ੍ਹੀ ਹੈ।
ਹਰੀਕੇ ਪੱਤਣ ਵਿਖੇ ਹੋਈ ਇਹ ਅਰਦਾਸ ਅਸਲ ਵਿੱਚ ਪੰਜਾਬ ਦੇ ਦਰਦ ਨੂੰ ਕੌਮੀ ਚੇਤਨਾ ਵਿੱਚ ਬਦਲਣ ਦਾ ਇਤਿਹਾਸਕ ਮੋੜ ਹੈ। ‘ਸਿੱਖ ਸ਼ਹੀਦੀ ਪੱਤਣ’ ਦੀ ਸਥਾਪਨਾ ਨਿਰੰਤਰ ਇਹ ਯਾਦ ਦਿਵਾਉਂਦੀ ਰਹੇਗੀ ਕਿ ਪਾਣੀ ਦੀਆਂ ਲਹਿਰਾਂ ਭਾਵੇਂ ਕਿੰਨੀਆਂ ਵੀ ਡੂੰਘੀਆਂ ਹੋਣ, ਉਹ ਸੱਚ ਦੇ ਸੂਰਜ ਨੂੰ ਕਦੇ ਡੋਬ ਨਹੀਂ ਸਕਦੀਆਂ।
ਰਜਿੰਦਰ ਸਿੰਘ ਪੁਰੇਵਾਲ











Comments (0)