ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ.......

ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ.......

ਇਹ ਲਾਇਨਾਂ ਕੇਵਲ ਸਾਉਣ ਦਾ ਤਰਜਮਾ ਹੀ ਨਹੀਂ ਕਰਦੀਆ, ਸਗੋਂ ਪੰਜਾਬੀ ਜੀਵਨ ਦੀਆਂ ਉਹ ਸਦਾਬਹਾਰ ਹਿੱਸਾ ਹਨ ਜੋ ਹਰ ਸਾਲ ਸਾਉਣ ਦੇ ਆਉਣ ਨਾਲ ਮੁੜ ਜੀਵਤ ਹੋ ਜਾਂਦੀਆਂ ਹਨ। ਜਦੋਂ ਜੇਠ ਅਤੇ ਹਾੜ੍ਹ ਦੇ ਤਪਾਏ ਧਰਤੀ, ਪਸ਼ੂ, ਰੁੱਖ, ਮਨੁੱਖ ਉਪਰ ਕਾਲੀਆਂ ਘਟਾਵਾਂ ਇਕੱਠੀਆਂ ਹੋ ਵਰਖਾ ਕਰਦੀਆਂ ਹਨ ਕੱਕੇ ਰੇਤੇ ’ਤੇ ਪਈਆਂ ਬੂੰਦਾਂ ਦੀ ਸੁਗੰਧ ਨਾਲ ਪੂਰਾ ਵਾਤਾਵਰਣ ਮਹਿਕ ਉੱਠਦਾ ਹੈ। ਸੁੱਕੀ ਪਈ ਕੁਦਰਤ ਮੁੜ ਹਰਿਆਲੀ ਨਾਲ ਭਰ ਜਾਂਦੀ ਹੈ, ਖੇਤਾਂ ਵਿੱਚ ਨਵੀਂ ਜਾਨ ਪੈ ਜਾਂਦੀ ਹੈ ਅਤੇ ਮਨੁੱਖ ਦੇ ਮਨ ਵਿੱਚ ਵੀ ਤਾਜ਼ਗੀ, ਉਮੀਦ ਅਤੇ ਖ਼ੁਸ਼ੀ ਦੀ ਨਵੀਂ ਲਹਿਰ ਦੌੜ ਪੈਂਦੀ ਹੈ। ਇਸ ਲਈ ਸਾਉਣ ਸਿਰਫ਼ ਇੱਕ ਮਹੀਨਾ ਨਹੀਂ, ਸਗੋਂ ਜੀਵਨ ਨੂੰ ਨਵਾਂ ਰੰਗ ਦੇਣ ਵਾਲੀ ਰੁੱਤ ਹੈ।
ਪੰਜਾਬੀ ਸੱਭਿਆਚਾਰ ਵਿੱਚ ਸਾਉਣ ਦਾ ਸਥਾਨ ਵਿਸ਼ੇਸ਼ ਹੈ। ਇਹ ਕੁਦਰਤ ਦੀ ਸੁੰਦਰਤਾ, ਪਿਆਰ ਦੀ ਮਿਠਾਸ, ਵਿਛੋੜੇ ਦੀ ਪੀੜ, ਖੇਤੀਬਾੜੀ ਦੀ ਰੁਝੇਵੇਂ, ਪਰਿਵਾਰਕ ਰਿਸ਼ਤਿਆਂ ਦਾ ਨਿੱਘ ਅਤੇ ਲੋਕ-ਸੱਭਿਆਚਾਰ ਦੀ ਰੌਣਕ ਨੂੰ ਇੱਕੋ ਸਮੇਂ ਆਪਣੇ ਅੰਦਰ ਸਮੇਟ ਲੈਂਦਾ ਹੈ। ਇਸੇ ਕਰਕੇ ਪੰਜਾਬੀ ਲੋਕ-ਗੀਤਾਂ, ਕਵਿਤਾਵਾਂ, ਗੁਰਬਾਣੀ, ਲੋਕ-ਕਥਾਵਾਂ ਅਤੇ ਕਹਾਵਤਾਂ ਵਿੱਚ ਸਾਉਣ ਦੀ ਛਾਪ ਬੜੀ ਗਹਿਰੀ ਮਿਲਦੀ ਹੈ। ਹਰ ਯੁੱਗ ਦੇ ਕਵੀਆਂ, ਲੋਕ-ਗਾਇਕਾਂ ਅਤੇ ਸਾਹਿਤਕਾਰਾਂ ਨੇ ਇਸ ਮਹੀਨੇ ਨੂੰ ਆਪਣੇ ਅਨੁਭਵਾਂ ਅਤੇ ਭਾਵਨਾਵਾਂ ਰਾਹੀਂ ਅਮਰ ਕਰ ਦਿੱਤਾ ਹੈ।
ਅੰਗਰੇਜ਼ੀ ਕੈਲੰਡਰ ਮੁਤਾਬਕ ਇਹ ਲਗਭਗ ਪੰਦਰਾਂ ਕੁ ਜੁਲਾਈ ਤੋਂ ਲੈ ਪੰਦਰਾਂ ਅਗਸਤ ਤੱਕ ਰਹਿੰਦਾ ਹੈ। ਨਾਨਕਸ਼ਾਹੀ ਅਤੇ ਸੰਮਤ ਕੈਲੰਡਰ ਮੁਤਾਬਿਕ ਇਹ ਪੰਜਵਾਂ ਮਹੀਨਾ ਹੈ,ਭਾਵੇਂ ਮੌਨਸੂਨੀ ਹਵਾਵਾਂ ਦੀ ਆਮਦ ਹਾੜ੍ਹ ਦੇ ਅੰਤ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਪਰ ਪੰਜਾਬ ਵਿੱਚ ਭਰਪੂਰ ਵਰਖਾ ਦਾ ਅਸਲ ਤਜਰਬਾ ਸਾਉਣ ਦੌਰਾਨ ਹੀ ਹੁੰਦਾ ਹੈ। ਮਹਾਸਾਗਰ ਵੱਲੋਂ ਆਉਣ ਵਾਲੀਆਂ ਨਮੀ ਭਰੀਆਂ ਹਵਾਵਾਂ ਉੱਤਰੀ ਭਾਰਤ ਵਿੱਚ ਮੀਂਹ ਵਰਸਾਉਂਦੀਆਂ ਹਨ, ਜਿਸ ਨਾਲ ਸਿਰਫ਼ ਮੌਸਮ ਹੀ ਨਹੀਂ ਬਦਲਦਾ, ਸਗੋਂ ਲੋਕਾਂ ਦੀ ਜੀਵਨ-ਸ਼ੈਲੀ ਵੀ ਨਵੀਂ ਤਾਜ਼ਗੀ ਨਾਲ ਭਰ ਜਾਂਦੀ ਹੈ।
ਖੇਤੀ-ਪ੍ਰਧਾਨ ਸੂਬੇ ਲਈ ਸਾਉਣ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਝੋਨੇ ਦੀ ਫ਼ਸਲ ਦਾ ਭਵਿੱਖ ਇਸ ਮਹੀਨੇ ਪੈਣ ਵਾਲੇ ਮੀਂਹ ਉੱਤੇ ਕਾਫ਼ੀ ਹੱਦ ਤੱਕ ਨਿਰਭਰ ਕਰਦਾ ਹੈ। ਸਮੇਂ ਸਿਰ ਵਰਖਾ ਕਿਸਾਨ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੀ। ਪਾਣੀ ਨਾਲ ਭਰੇ ਖੇਤ, ਕੰਮ ਵਿੱਚ ਰੁੱਝੇ ਕਿਸਾਨ, ਮਿਹਨਤ ਤੋਂ ਬਾਅਦ ਚਿਹਰਿਆਂ ’ਤੇ ਦਿਖਾਈ ਦੇਣ ਵਾਲੀ ਸੰਤੁਸ਼ਟੀ ਇਹ ਸਭ ਸਾਉਣ ਦੀ ਜੀਵਤ ਤਸਵੀਰ ਪੇਸ਼ ਕਰਦੇ ਹਨ। ਪੰਜਾਬੀ ਲੋਕ-ਸਿਆਣਪ ਵੀ ਕਹਿੰਦੀ ਹੈ ਕਿ ਜੇ ਸਾਉਣ ਖੁੱਲ੍ਹ ਕੇ ਵਰ੍ਹੇ ਤਾਂ ਅੰਨ ਦੇ ਭੰਡਾਰ ਭਰ ਜਾਂਦੇ ਹਨ।
ਪਰ ਜਦੋਂ ਇਹ ਮਹੀਨਾ ਆਪਣੀ ਮੇਹਰਬਾਨੀ ਨਾ ਦਿਖਾਵੇ ਤਾਂ ਚਿੰਤਾ ਵੀ ਵਧ ਜਾਂਦੀ ਹੈ। ਅੱਜ ਭਾਵੇਂ ਨਹਿਰਾਂ ਅਤੇ ਟਿਊਬਵੈੱਲਾਂ ਨੇ ਸਿੰਚਾਈ ਦੇ ਸਾਧਨ ਵਧਾ ਦਿੱਤੇ ਹਨ, ਫਿਰ ਵੀ ਕੁਦਰਤੀ ਵਰਖਾ ਦਾ ਕੋਈ ਬਦਲ ਨਹੀਂ। ਮੀਂਹ ਧਰਤੀ ਹੇਠਲੇ ਪਾਣੀ ਨੂੰ ਮੁੜ ਭਰਦਾ ਹੈ, ਦਰਿਆਵਾਂ ਅਤੇ ਤਲਾਬਾਂ ਵਿੱਚ ਜਲ-ਭੰਡਾਰ ਵਧਾਉਾਂਦਾਹੈ ਅਤੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਦਾ ਹੈ। ਇਸ ਕਰਕੇ ਇਹ ਜੀਵਨ ਅਤੇ ਕੁਦਰਤ ਦੇ ਆਪਸੀ ਰਿਸ਼ਤੇ ਦਾ ਅਹਿਮ ਹਿੱਸਾ ਹੈ।
ਸਾਉਣ ਦੀ ਮਹਿਮਾ ਕੇਵਲ ਕੁਦਰਤ ਦੀ ਹਰਿਆਵਲ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਗੁਰਬਾਣੀ ਵਿੱਚ ਵੀ ਇਸ ਨੂੰ ਆਤਮਕ ਜਾਗਰੂਕਤਾ ਅਤੇ ਪ੍ਰਭੂ-ਮਿਲਾਪ ਦਾ ਪ੍ਰਤੀਕ ਮੰਨਿਆ ਗਿਆ ਹੈ। ਬਾਰਹਮਾਹਾ ਬਾਣੀ ਵਿੱਚ ਸਾਉਣ ਉਸ ਅਵਸਥਾ ਨੂੰ ਦਰਸਾਉਂਦਾ ਹੈ ਜਦੋਂ ਆਤਮਾ ਆਪਣੇ ਸੱਚੇ ਪਤੀ-ਪ੍ਰਭੂ ਨਾਲ ਮਿਲਾਪ ਦੀ ਤਾਂਘ ਵਿੱਚ ਰੰਗੀ ਹੋਈ ਹੁੰਦੀ ਹੈ।
ਮੋਰੀ ਰੁਣਝੁਣ ਲਾਇਆ, ਭੈਣੇ ਸਾਵਣੁ ਆਇਆ॥
ਇਸ ਸਤਰ ਵਿੱਚ ਸਿਰਫ਼ ਬਾਹਰਲੀ ਵਰਖਾ ਨਹੀਂ, ਸਗੋਂ ਅੰਦਰਲੀ ਪ੍ਰੇਮ-ਵਰਖਾ ਦਾ ਵੀ ਸੰਕੇਤ ਹੈ। ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ—
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ।
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥
ਸ਼ਾਹ ਹੁਸੈਨ ਨੇ ਵੀ ਸਾਵਣ ਦੀ ਗੱਲ ਕੀਤੀ ਹੈ
ਰੋ ਰੋ ਨੈਨ ਭਰੇਨੀ ਹਾਂ
ਚੋਲਾ ਜਿਉਂ ਸਾਵਣਦੜੋ ਮੀਂਹ।
ਜੇ ਕੁਦਰਤ ਨੇ ਸਾਉਣ ਨੂੰ ਹਰਿਆਵਲ, ਠੰਢੀਆਂ ਫੁਹਾਰਾਂ ਅਤੇ ਮਿੱਟੀ ਦੀ ਮਹਿਕ ਨਾਲ ਸਜਾਇਆ ਹੈ ਤਾਂ ਪੰਜਾਬੀ ਲੋਕ-ਸੱਭਿਆਚਾਰ ਨੇ ਇਸ ਮਹੀਨੇ ਨੂੰ ਤੀਆਂ, ਪੀਂਘਾਂ, ਗਿੱਧੇ ਅਤੇ ਲੋਕ-ਗੀਤਾਂ ਦੀ ਰੌਣਕ ਨਾਲ ਅਮਰ ਕਰ ਦਿੱਤਾ ਹੈ। ਸਦੀਆਂ ਤੋਂ ਸਾਉਣ ਪੰਜਾਬ ਦੀਆਂ ਧੀਆਂ-ਭੈਣਾਂ ਲਈ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਮਹੀਨਾ ਰਿਹਾ ਹੈ। ਜਿਵੇਂ ਹੀ ਕਾਲੀਆਂ ਘਟਾਵਾਂ ਅਸਮਾਨ ਉੱਤੇ ਛਾ ਜਾਂਦੀਆਂ, ਪਿੰਡਾਂ ਦੇ ਬੋਹੜਾਂ, ਪਿੱਪਲਾਂ, ਨਿੰਮਾਂ ਦੀਆਂ ਟਾਹਣੀਆਂ ਉੱਤੇ ਪੀਂਘਾਂ ਪੈ ਜਾਂਦੀਆਂ। ਹਵਾ ਦੇ ਨਾਲ ਝੂਲਦੀਆਂ ਪੀਂਘਾਂ ਅਤੇ ਉਨ੍ਹਾਂ ਉੱਤੇ ਝੂਟੇ ਲੈਂਦੀਆਂ ਮੁਟਿਆਰਾਂ ਸਾਉਣ ਦੀ ਸਭ ਤੋਂ ਸੋਹਣੀ ਤਸਵੀਰ ਬਣ ਜਾਂਦੀਆਂ ਸਨ।
ਇਸ ਰੁੱਤ ਵਿੱਚ ਕੁੜੀਆਂ ਰੰਗ-ਬਰੰਗੇ ਸੂਟ, ਪਰਾਂਦੇ, ਚੂੜੀਆਂ ਅਤੇ ਮਹਿੰਦੀ ਨਾਲ ਸਜ ਕੇ ਸਹੇਲੀਆਂ ਨਾਲ ਇਕੱਠੀਆਂ ਹੁੰਦੀਆਂ। ਉਹਨਾਂ ਦਾ ਤੀਆਂ ਵਿੱਚ ਪੈਂਦਾ ਗਿੱਧਾ ਕੇਵਲ ਮਨੋਰੰਜਨ ਹੀ ਨਹੀਂ ਸੀ, ਸਗੋਂ ਲੋਕ-ਜੀਵਨ ਦੀ ਉਹ ਖੁੱਲ੍ਹੀ ਪੇਸ਼ਕਾਰੀ ਹੁੰਦਾ ਸੀ ਜਿਸ ਵਿੱਚ ਇਸਤਰੀ ਆਪਣੇ ਮਨ ਦੀ ਹਰ ਭਾਵਨਾ ਨੂੰ ਬਿਨਾਂ ਝਿਜਕ ਪ੍ਰਗਟ ਕਰਦੀ ਸੀ।
ਇਸ ਦੀਆਂ ਬੋਲੀਆਂ ਵਿੱਚ ਪਿਆਰ ਵੀ ਹੈ, ਵਿਛੋੜਾ ਵੀ, ਹਾਸਾ ਵੀ ਅਤੇ ਸਮਾਜਕ ਵਿਅੰਗ ਵੀ ਹੁੰਦਾ ਸੀ। ਕਿਤੇ ਸੱਸ-ਨਣਦ ਨਾਲ ਹਾਸੇ-ਮਜ਼ਾਕ ਦੀਆਂ ਗੱਲਾਂ ਹਨ, ਕਿਤੇ ਪਤੀ ਲਈ ਪਿਆਰ ਹੈ ਅਤੇ ਕਿਤੇ ਪੇਕੇ ਘਰ ਦੀਆਂ ਯਾਦਾਂ ਦਾ ਦਰਦ। ਇਸੇ ਕਰਕੇ ਸਾਉਣ ਦੇ ਗਿੱਧੇ ਦੀ ਹਰ ਬੋਲੀ ਲੋਕ-ਜੀਵਨ ਦਾ ਇੱਕ ਜੀਵਤ ਦਸਤਾਵੇਜ਼ ਬਣ ਜਾਂਦੀ ਸੀ।
ਸਾਉਣ ਦੀ ਰੌਣਕ ਦਾ ਜ਼ਿਕਰ ਆਉਂਦੇ ਹੀ ਲੋਕ-ਗੀਤ ਆਪਣੇ ਆਪ ਬੁੱਲ੍ਹਾਂ ’ਤੇ ਆ ਜਾਂਦੇ ਹਨ—
ਸ਼ੌਕ ਨਾਲ ਗਿੱਧੇ ਵਿੱਚ ਆਵਾਂ,
ਬੋਲੀ ਪਾਵਾਂ, ਸ਼ਗਨ ਮਨਾਵਾਂ।
ਸਾਉਣ ਦਿਆ ਬੱਦਲਾ ਵੇ,
ਮੈਂ ਤੇਰਾ ਜਸ ਗਾਵਾਂ।
ਇਨ੍ਹਾਂ ਸਤਰਾਂ ਵਿੱਚ ਸਿਰਫ਼ ਖ਼ੁਸ਼ੀ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਕੁਦਰਤ ਪ੍ਰਤੀ ਧੰਨਵਾਦ ਦੀ ਭਾਵਨਾ ਵੀ ਲੁਕੀ ਹੋਈ ਹੈ। ਪੰਜਾਬੀ ਮਨ ਮੀਂਹ ਨੂੰ ਜੀਵਨ ਦਾ ਆਧਾਰ ਮੰਨਦਾ ਹੈ, ਇਸ ਲਈ ਬੱਦਲਾਂ ਦੀ ਆਮਦ ਵੀ ਤਿਉਹਾਰ ਬਣ ਜਾਂਦੀ ਹੈ
ਇਸੇ ਤਰ੍ਹਾਂ -
ਛਮ ਛਮ ਛਮ ਛਮ ਪੈਣ ਫੁਹਾਰਾਂ,
ਬਿਜਲੀ ਦੇ ਰੰਗ ਨਿਆਰੇ।
ਆਓ ਕੁੜੀਓ ਗਿੱਧਾ ਪਾਈਏ,
ਸਾਨੂੰ ਸਾਉਣ ਸੈਨਤਾਂ ਮਾਰੇ।
ਵਿਆਹੀਆਂ ਧੀਆਂ ਲਈ ਸਾਉਣ ਦਾ ਸਭ ਤੋਂ ਵੱਡਾ ਚਾਅ ਆਪਣੇ ਪੇਕੇ ਘਰ ਆਉਣ ਦਾ ਹੁੰਦਾ ਸੀ। ਭਰਾ ਉਨ੍ਹਾਂ ਨੂੰ ਲੈਣ ਜਾਂਦੇ ਅਤੇ ਮਾਪੇ ਧੀ ਦੀ ਆਮਦ ਦੀ ਉਡੀਕ ਕਰਦੇ। ਇਹ ਰਸਮ ਕੇਵਲ ਮਿਲਣ-ਮਿਲਾਉਣ ਤੱਕ ਸੀਮਿਤ ਨਹੀਂ ਸੀ, ਸਗੋਂ ਪਰਿਵਾਰਕ ਪਿਆਰ ਅਤੇ ਆਪਣੇਪਣ ਦਾ ਪ੍ਰਤੀਕ ਸੀ। ਇਸ ਭਾਵਨਾ ਨੂੰ ਲੋਕ-ਗੀਤਾਂ ਨੇ ਬਹੁਤ ਹੀ ਮਰਮਿਕ ਢੰਗ ਨਾਲ ਬਿਆਨ ਕੀਤਾ ਏ—
ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ,
ਭੇਜੀ ਮਾਏਂ ਵੱਡੇ ਵੀਰ ਨੂੰ।
ਇਸ ਤਰ੍ਹਾਂ ਜੇਕਰ ਕੋਈ ਮਾਹੀਆ ਜਲਦੀ ਵਾਪਸ ਲੈਣ ਆ ਜਾਵੇ ਤਾਂ ਕਿਹਾ ਜਾਂਦਾ ਹੈ
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ।
ਇਥੇ ਧੀ ਦੇ ਮਾਪਿਆਂ ਨੂੰ ਮਿਲਣ ਦੀ ਤਾਂਘ ਹੈ।
ਪੇਕੇ ਤੋਂ ਨਾ ਕੋਈ ਲੈਣ ਆਵੇ ਤਾਂ ਤਾਹਨੇ ਮਿਹਣੇ ਬਣੇ ਨੇ
ਤੈਨੂੰ ਤੀਆਂ ਨੂੰ ਲੈਣ ਨਾ ਆਏ
ਬਹੁਤੀਆਂ ਭਰਾਵਾਂ ਵਾਲੀਏ।
ਪੰਜਾਬੀ ਲੋਕ-ਸਿਆਣਪ ਵਿੱਚ ਇਹ ਕਹਾਵਤ ਵੀ ਬਹੁਤ ਪ੍ਰਸਿੱਧ ਹੈ—
ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਵੇ।
ਇਹ ਬੋਲੀ ਦੱਸਦੀ ਹੈ ਕਿ ਸਾਉਣ ਮਿਲਾਪ ਦਾ ਮਹੀਨਾ ਹੈ। ਇਸ ਵੇਲੇ ਪਰਿਵਾਰਾਂ ਵਿੱਚ ਰੌਣਕ ਵਧਦੀ ਹੈ, ਭੈਣ-ਭਰਾ ਮਿਲਦੇ ਹਨ ਅਤੇ ਰਿਸ਼ਤਿਆਂ ਵਿੱਚ ਨਵੀਂ ਮਿਠਾਸ ਘੁਲ ਜਾਂਦੀ ਹੈ। ਪਰ ਭਾਦੋਂ ਆਉਂਦੇ ਹੀ ਮੁੜ ਵਿਛੋੜੇ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ।
ਸਾਉਣ ਅਤੇ ਪੀਂਘਾਂ ਦਾ ਰਿਸ਼ਤਾ ਵੀ ਬਹੁਤ ਪੁਰਾਣਾ ਹੈ। ਰੁੱਖਾਂ ਦੀਆਂ ਉੱਚੀਆਂ ਟਾਹਣੀਆਂ ਉੱਤੇ ਪਈਆਂ ਪੀਂਘਾਂ ਸਿਰਫ਼ ਝੂਲੇ ਨਹੀਂ ਹੁੰਦੀਆਂ ਸਨ, ਸਗੋਂ ਆਜ਼ਾਦੀ, ਖ਼ੁਸ਼ੀ ਅਤੇ ਉਮੰਗ ਦੀ ਪ੍ਰਤੀਕ ਬਣ ਜਾਂਦੀਆਂ ਸਨ। ਜਿਵੇਂ ਕਿਸੇ ਨੇ ਲਿਖਿਆ ਹੈ
ਸਾਵਣ ਚੜਿਆ ਤੀਆਂ ਆਈਆਂ
ਪਿੱਪਲਾਂ ਤੇ ਰਲ ਪੀਂਘਾਂ ਪਾਈਆਂ
’ਕੱਠੀਆਂ ਹੋ ਨਣਦਾਂ ਭਰਜਾਈਆਂ
ਇੱਕ-ਦੂਜੀ ਨੂੰ ਕਹਿੰਦੀ
ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ।
ਇਨ੍ਹਾਂ ਬੋਲੀਆਂ ਵਿੱਚ ਇਸਤਰੀ ਮਨ ਦੀ ਨਿਰਮਲਤਾ, ਬਚਪਨ ਦੀ ਮਾਸੂਮੀਅਤ ਅਤੇ ਜੀਵਨ ਦੀ ਬੇਫ਼ਿਕਰੀ ਇੱਕੋ ਸਮੇਂ ਝਲਕਦੀ ਹੈ।
ਸਾਉਣ ਦੀਆਂ ਪਰੰਪਰਾਵਾਂ ਵਿੱਚ ਸੰਧਾਰਾ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਮਾਪੇ ਆਪਣੀ ਵਿਆਹੀ ਧੀ ਲਈ ਕੱਪੜੇ, ਚੂੜੀਆਂ, ਮਹਿੰਦੀ, ਬਿਸਕੁਟ ਮਿਠਾਈਆਂ, ਮੱਠੀਆਂ, ਪਿੰਨੀਆਂ ਅਤੇ ਹੋਰ ਸੌਗਾਤਾਂ ਭੇਜਦੇ ਸਨ। ਇਹ ਕੇਵਲ ਤੋਹਫ਼ੇ ਨਹੀਂ ਹੁੰਦੇ ਸਨ, ਸਗੋਂ ਇਹ ਸੰਦੇਸ਼ ਹੁੰਦਾ ਸੀ ਕਿ ਵਿਆਹ ਤੋਂ ਬਾਅਦ ਵੀ ਧੀ ਆਪਣੇ ਘਰ ਦੀ ਰੂਹ ਹੈ। ਸੰਧਾਰਾ ਪੰਜਾਬੀ ਪਰਿਵਾਰਕ ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ ਅਤੇ ਮਮਤਾ ਦਾ ਅਨੋਖਾ ਪ੍ਰਤੀਕ ਸੀ।
ਸਾਉਣ ਦਾ ਪ੍ਰਭਾਵ ਕੇਵਲ ਮਨੁੱਖਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਮੀਂਹ ਨਾਲ ਚਰਾਗਾਹ ਹਰੇ-ਭਰੇ ਹੋ ਜਾਂਦੇ ਹਨ, ਪਸ਼ੂਆਂ ਲਈ ਚਾਰਾ ਵਧ ਜਾਂਦਾ ਹੈ ਅਤੇ ਇਸਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ—
ਸਾਉਣ ਮਹੀਨੇ ਘਾਹ ਹੋ ਚਲਿਆ,
ਰੱਜਣ ਮੱਝੀਆਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਮ ਲਾਮ ਨਾ ਜਾਈਂ।
ਇਸ ਬੋਲੀ ਵਿੱਚ ਖੇਤੀਬਾੜੀ, ਪਸ਼ੂ-ਧਨ ਅਤੇ ਪਿੰਡਾਂ ਦੇ ਜੀਵਨ ਦਾ ਸੁੰਦਰ ਮੇਲ ਮਿਲਦਾ ਹੈ।
ਸਾਉਣ ਮਿਲਣ ਅਤੇ ਵਿਛੋੜੇ ਦੋਵਾਂ ਦਾ ਮਹੀਨਾ ਵੀ ਹੈ। ਜਦੋਂ ਪ੍ਰੀਤਮ ਦੂਰ ਹੋਵੇ ਤਾਂ ਰਿਮਝਿਮ ਕਣੀਆਂ ਵੀ ਮਨ ਵਿੱਚ ਤੜਪ ਪੈਦਾ ਕਰ ਦਿੰਦੀ ਹੈ। ਇਸ ਭਾਵਨਾ ਨੂੰ ਲੋਕ-ਗੀਤਾਂ ਰਾਹੀਂ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ—

ਤੇਰੀ ਦੋ ਟਕਿਆਂ ਦੀ ਨੌਕਰੀ
ਵੇ ਮੇਰਾ ਲੱਖਾਂ ਦਾ ਸਾਵਣ ਜਾਵੇ।
ਸਾਉਣ ਦੀ ਪਛਾਣ ਕੇਵਲ ਹਰਿਆਲੀ, ਤੀਆਂ ਅਤੇ ਪੀਂਘਾਂ ਤੱਕ ਸੀਮਿਤ ਨਹੀਂ ਰਹਿੰਦੀ। ਇਹ ਮਹੀਨਾ ਪੰਜਾਬ ਦੇ ਪੇਂਡੂ ਜੀਵਨ ਦੀ ਪੂਰੀ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ। ਜਿਵੇਂ ਹੀ ਮੌਸਮ ਸੁਹਾਵਣਾ ਹੁੰਦਾ, ਘਰਾਂ ਦੇ ਰਸੋਈਘਰਾਂ ਵਿੱਚ ਵੀ ਇੱਕ ਵੱਖਰੀ ਹੀ ਰੌਣਕ ਦਿਖਾਈ ਦਿੰਦੀ ਸੀ। ਮੀਂਹ ਨਾਲ ਹਰਾ ਚਾਰਾ ਵਧਣ ਕਾਰਨ ਪਸ਼ੂਆਂ ਦਾ ਦੁੱਧ ਵੀ ਵਧ ਜਾਂਦਾ, ਜਿਸ ਕਰਕੇ ਘਰ-ਘਰ ਖੀਰ, ਮਾਲ੍ਹ ਪੂੜੇ, ਮੱਠੀਆਂ, ਗੁਲਗੁਲੇ, ਪਿੰਨੀਆਂ ਅਤੇ ਹੋਰ ਰਵਾਇਤੀ ਪਕਵਾਨ ਤਿਆਰ ਕੀਤੇ ਜਾਂਦੇ। ਇਹ ਪਕਵਾਨ ਕੇਵਲ ਭੋਜਨ ਨਹੀਂ ਸਨ, ਸਗੋਂ ਪਰਿਵਾਰਕ ਸਾਂਝ, ਖ਼ੁਸ਼ਹਾਲੀ ਅਤੇ ਮਿਲ-ਬੈਠ ਕੇ ਜੀਵਨ ਦਾ ਆਨੰਦ ਮਾਣਨ ਦਾ ਪ੍ਰਤੀਕ ਸਨ।
ਇਸੇ ਲੋਕ-ਅਨੁਭਵ ਨੇ ਕਈ ਕਹਾਵਤਾਂ ਅਤੇ ਅਖਾਣਾਂ ਨੂੰ ਜਨਮ ਦਿੱਤਾ। ਲੋਕ ਅਕਸਰ ਹੱਸਦੇ-ਖੇਡਦੇ ਕਹਿੰਦੇ ਸਨ—
ਖੀਰਾਂ ਤੇ ਪੂੜੇ ਨੀ, ਸਾਉਣ ਦੀਆਂ ਝੜੀਆਂ ਨੀ।
ਇਸੇ ਤਰ੍ਹਾਂ ਇੱਕ ਹੋਰ ਪ੍ਰਸਿੱਧ ਅਖਾਣ ਹੈ—
ਸਾਵਣ ਨਾ ਖੀਰਾਂ ਖਾਧੀਆਂ,
ਤੂੰ ਕਿਉਂ ਜਨਮਿਓਂ ਅਪਰਾਧੀਆ।
ਇਨ੍ਹਾਂ ਅਖਾਣਾਂ ਵਿੱਚ ਲੋਕ-ਜੀਵਨ ਦੀ ਸਾਦਗੀ, ਹਾਸ-ਰਸ ਅਤੇ ਖੇਤੀ ਨਾਲ ਜੁੜੀ ਖ਼ੁਸ਼ਹਾਲੀ ਦਾ ਸੁੰਦਰ ਚਿੱਤਰ ਮਿਲਦਾ ਹੈ।
 ਸਦੀਆਂ ਦੇ ਤਜਰਬੇ ਨੂੰ ਲੋਕਾਂ ਨੇ ਸਿਆਣਪ ਨਾਲ ਛੋਟੀਆਂ-ਛੋਟੀਆਂ ਕਹਾਵਤਾਂ ਵਿੱਚ ਸਮੇਟ ਦਿੱਤਾ। ਉਦਾਹਰਨ ਵਜੋਂ—
ਸਾਵਣ ਦੀ ਝੜੀ, ਨਾ ਕੋਠਾ ਛੱਡੇ ਨਾ ਕੜੀ।
ਇਹ ਕੱਚੇ ਘਰਾਂ ਦੀਆਂ ਸਮੱਸਿਆਂਵਾਂ ਨੂੰ ਦਰਸਾਉਂਦੀ ਸੀ।
ਇਸੇ ਤਰ੍ਹਾਂ ਸਾਵਣ ਵੱਸੇ ਨਿੱਤ ਨਿੱਤ, ਭਾਦੋਂ ਦੇ ਦਿਨ ਚਾਰ।
ਇਹ ਕਹਾਵਤ ਮੌਸਮ ਦੇ ਸੁਭਾਅ ਅਤੇ ਰੁੱਤਾਂ ਦੇ ਬਦਲਾਅ ਨੂੰ ਬਿਆਨ ਕਰਦੀ ਹੈ।
ਸਾਉਣ ਦਾ ਧਾਰਮਿਕ ਮਹੱਤਵ ਵੀ ਘੱਟ ਨਹੀਂ। ਭਾਰਤੀ ਪਰੰਪਰਾ ਵਿੱਚ ਇਸ ਮਹੀਨੇ ਨੂੰ ਭਗਤੀ, ਸੰਜਮ ਅਤੇ ਆਤਮ-ਚਿੰਤਨ ਦਾ ਸਮਾਂ ਮੰਨਿਆ ਗਿਆ ਹੈ। ਬਹੁਤ ਸਾਰੇ ਲੋਕ ਸਾਉਣ ਦੇ ਸੋਮਵਾਰਾਂ ਨੂੰ ਵਰਤ ਰੱਖਦੇ ਹਨ ਅਤੇ ਭਗਵਾਨ ਸ਼ਿਵ ਦੀ ਉਪਾਸਨਾ ਕਰਦੇ ਹਨ। ਇਸ ਕਰਕੇ ਸਾਉਣ ਲੋਕਾਂ ਨੂੰ ਆਤਮਾ ਪ੍ਰਮਾਤਮਾ ਨਾਲ ਜੋੜਦਾ ਹੈ।
ਸਿੱਖ ਪਰੰਪਰਾ ਵਿੱਚ ਵੀ ਸਾਉਣ ਨੂੰ ਡੂੰਘੇ ਰੂਹਾਨੀ ਅਰਥਾਂ ਨਾਲ ਦੇਖਿਆ ਗਿਆ ਹੈ। ਗੁਰਬਾਣੀ ਦੀ ਬਾਰਹਮਾਹਾ ਰਚਨਾ ਵਿੱਚ ਇਹ ਮਹੀਨਾ ਪ੍ਰਭੂ-ਪ੍ਰੇਮ, ਆਤਮਕ ਤੜਪ ਅਤੇ ਨਾਮ ਨਾਲ ਜੁੜਨ ਦੀ ਅਵਸਥਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਉਂਦਾ ਹੈ।
ਪੰਜਾਬੀ ਸਾਹਿਤ ਨੇ ਵੀ ਸਾਉਣ ਨੂੰ ਬੜੇ ਪਿਆਰ ਨਾਲ ਆਪਣੇ ਅੰਦਰ ਸਮੇਟਿਆ ਹੈ। ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਅਤੇ ਹੋਰ ਅਨੇਕਾਂ ਸਾਹਿਤਕਾਰਾਂ ਨੇ ਇਸ ਨੂੰ ਪੰਜਾਬੀ ਲੋਕ-ਜੀਵਨ ਦੀ ਸਭ ਤੋਂ ਰੰਗੀਲੀ ਰੁੱਤ ਵਜੋਂ ਚਿਤਰਿਆ। ਇਸੇ ਕਾਰਨ ਪੰਜਾਬੀ ਕਵਿਤਾ ਅਤੇ ਲੋਕ-ਗੀਤਾਂ ਵਿੱਚ ਸਾਉਣ ਦਾ ਜ਼ਿਕਰ ਸਭ ਤੋਂ ਵੱਧ ਮਿਲਦਾ ਹੈ।
ਪਰ ਸਮੇਂ ਦੇ ਨਾਲ ਜੀਵਨ-ਸ਼ੈਲੀ ਵਿੱਚ ਵੱਡੇ ਬਦਲਾਅ ਆਏ ਹਨ। ਸ਼ਹਿਰੀਕਰਨ, ਛੋਟੇ ਪਰਿਵਾਰ, ਵਿਅਸਤ ਜੀਵਨ ਅਤੇ ਡਿਜ਼ੀਟਲ ਸੰਸਾਰ ਨੇ ਲੋਕ-ਪਰੰਪਰਾਵਾਂ ਦੇ ਰੂਪ ਨੂੰ ਕਾਫ਼ੀ ਬਦਲ ਦਿੱਤਾ ਹੈ। ਪਿੱਪਲਾਂ ਹੇਠ ਲੱਗਣ ਵਾਲੀਆਂ ਤੀਆਂ, ਪਿੰਡਾਂ ਦੀਆਂ ਪੀਂਘਾਂ ਹੁਣ ਬਹੁਤ ਘੱਟ ਦਿਖਾਈ ਦਿੰਦੀਆਂ ਹਨ। ਕਈ ਥਾਵਾਂ ’ਤੇ ਇਹ ਪਰੰਪਰਾਵਾਂ ਸਕੂਲਾਂ, ਕਾਲਜਾਂ ਅਤੇ ਸੱਭਿਆਚਾਰਕ ਸਮਾਗਮਾਂ ਤੱਕ ਹੀ ਸੀਮਿਤ ਰਹਿ ਗਈਆਂ ਹਨ। ਭਾਵੇਂ ਇਹ ਯਤਨ ਸ਼ਲਾਘਾਯੋਗ ਹਨ।
ਸਾਉਣ ਸਾਨੂੰ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਵਾਉਾਂਦਾਹੈ। ਜਲਵਾਯੂ ਪਰਿਵਰਤਨ, ਰੁੱਖਾਂ ਦੀ ਬੇਰਹਿਮੀ ਨਾਲ ਕਟਾਈ, ਧਰਤੀ ਹੇਠਲੇ ਪਾਣੀ ਦਾ ਲਗਾਤਾਰ ਘਟਦਾ ਪੱਧਰ ਅਤੇ ਪ੍ਰਦੂਸ਼ਣ ਕਾਰਨ ਮੌਨਸੂਨ ਦਾ ਕੁਦਰਤੀ ਸੰਤੁਲਨ ਪ੍ਰਭਾਵਿਤ ਹੋ ਰਿਹਾ ਹੈ। ਕਿਤੇ ਅਚਾਨਕ ਹੜ੍ਹ ਆ ਜਾਂਦੇ ਹਨ ਤੇ ਕਿਤੇ ਮੀਂਹ ਦੀ ਘਾਟ ਕਾਰਨ ਕਿਸਾਨਾਂ ਦੀਆਂ ਉਮੀਦਾਂ ਟੁੱਟ ਜਾਂਦੀਆਂ ਹਨ। ਇਹ ਹਾਲਾਤ ਸਪੱਸ਼ਟ ਕਰਦੇ ਹਨ ਕਿ ਕੁਦਰਤ ਨਾਲ ਅਸੰਤੁਲਿਤ ਵਰਤਾਓ ਦਾ ਨਤੀਜਾ ਆਖ਼ਰਕਾਰ ਮਨੁੱਖ ਨੂੰ ਹੀ ਭੁਗਤਣਾ ਪੈਂਦਾ ਹੈ।
ਇਸ ਲਈ ਸਾਉਣ ਦਾ ਅਸਲ ਜਸ਼ਨ ਸਿਰਫ਼ ਲੋਕ-ਗੀਤ ਗਾ ਕੇ ਨਹੀਂ, ਸਗੋਂ
ਕੁਦਰਤ ਦੀ ਸੰਭਾਲ ਕਰਕੇ ਮਨਾਇਆ ਜਾਣਾ ਚਾਹੀਦਾ ਹੈ। ਜੇ ਹਰ ਪਰਿਵਾਰ ਇਸ ਮਹੀਨੇ ਇੱਕ ਰੁੱਖ ਲਗਾਉਣ, ਵਰਖਾ ਦੇ ਪਾਣੀ ਨੂੰ ਸੰਭਾਲਣ ਅਤੇ ਆਪਣੇ ਆਲੇ-ਦੁਆਲੇ ਦੀ ਹਰਿਆਵਲ ਦੀ ਰੱਖਿਆ ਕਰਨ ਦਾ ਸੰਕਲਪ ਲਵੇ, ਤਾਂ ਇਹ ਸਾਉਣ ਪ੍ਰਤੀ ਸਭ ਤੋਂ ਅਰਥਪੂਰਨ ਸ਼ਰਧਾਂਜਲੀ ਹੋਵੇਗੀ।
 ਸਾਉਣ ਪੰਜਾਬ ਦੀ ਅਜਿਹੀ ਅਮੁੱਲੀ ਵਿਰਾਸਤ ਹੈ। ਇਹ ਸਿਰਫ਼ ਮੌਸਮ ਦਾ ਨਾਂ ਨਹੀਂ, ਸਗੋਂ ਕੁਦਰਤ, ਮਨੁੱਖ ਅਤੇ ਸੱਭਿਆਚਾਰ ਵਿਚਕਾਰ ਬਣੇ ਉਸ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ ਜਿਸ ਨੇ ਸਦੀਆਂ ਤੋਂ ਪੰਜਾਬ ਦੇ ਲੋਕ-ਜੀਵਨ ਨੂੰ ਰੰਗ, ਰੂਪ ਅਤੇ ਰੂਹ ਬਖ਼ਸ਼ੀ ਹੈ। ਜਦੋਂ ਵੀ ਮੀਂਹ ਦੀ ਪਹਿਲੀ ਬੂੰਦ ਧਰਤੀ ਨੂੰ ਛੂਹਦੀ ਹੈ ਤਾਂ ਸਿਰਫ਼ ਮਿੱਟੀ ਹੀ ਨਹੀਂ ਮਹਿਕਦੀ, ਸਗੋਂ ਲੋਕ-ਯਾਦਾਂ, ਰਿਸ਼ਤੇ ਅਤੇ ਸੱਭਿਆਚਾਰਕ ਪਰੰਪਰਾਵਾਂ ਵੀ ਮੁੜ ਜੀਵਤ ਹੋ ਜਾਂਦੀਆਂ ਹਨ।
ਅੱਜ ਦੀ ਨਵੀਂ ਪੀੜ੍ਹੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਦਾ ਹਿੱਸਾ ਹੈ। ਮੋਬਾਈਲ ਫ਼ੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਜੀਵਨ ਨੂੰ ਆਸਾਨ ਤਾਂ ਬਣਾਇਆ ਹੈ, ਪਰ ਇਸ ਨਾਲ ਲੋਕ-ਸੱਭਿਆਚਾਰ ਨਾਲ ਜੁੜਾਅ ਕਮਜ਼ੋਰ ਵੀ ਹੋਇਆ ਹੈ। ਬਹੁਤ ਸਾਰੇ ਨੌਜਵਾਨਾਂ ਲਈ ਸਾਉਣ ਦੀ ਪਛਾਣ ਸਿਰਫ਼ ਵਰਖਾ ਜਾਂ ਤਸਵੀਰਾਂ ਤੱਕ ਸੀਮਿਤ ਰਹਿ ਗਈ ਹੈ, ਜਦਕਿ ਇਸ ਦੇ ਪਿੱਛੇ ਲੋਕ-ਗੀਤਾਂ, ਬੋਲੀਆਂ, ਤੀਆਂ, ਸੰਧਾਰੇ, ਪੀਂਘਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਦੀਆਂ ਪੁਰਾਣੀ ਵਿਰਾਸਤ ਲੁਕੀ ਹੋਈ ਹੈ। ਇਸ ਵਿਰਾਸਤ ਨੂੰ ਸਮਝਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਤੀਆਂ ਦੇ ਮੇਲੇ, ਲੋਕ-ਗੀਤ ਅਤੇ ਗਿੱਧਾ ਮੁਕਾਬਲੇ, ਪੰਜਾਬੀ ਬੋਲੀਆਂ ਦੀਆਂ ਪੇਸ਼ਕਾਰੀਆਂ, ਲੋਕ-ਸਾਹਿਤ ਬਾਰੇ ਭਾਸ਼ਣ, ਰੁੱਖ ਲਗਾਉਣ ਦੀਆਂ ਮੁਹਿੰਮਾਂ ਅਤੇ ਵਿਰਸਾ-ਦਿਵਸ ਵਰਗੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਸਕਦੀਆਂ ਹਨ। ਜੇ ਬੱਚੇ ਕਿਤਾਬਾਂ ਦੇ ਨਾਲ-ਨਾਲ ਆਪਣੇ ਲੋਕ-ਵਿਰਸੇ ਨੂੰ ਵੀ ਸਮਝਣਗੇ ਤਾਂ ਉਹ ਆਧੁਨਿਕਤਾ ਅਤੇ ਪਰੰਪਰਾ ਵਿਚਕਾਰ ਸੰਤੁਲਨ ਕਾਇਮ ਰੱਖ ਸਕਣਗੇ।
ਅੱਜ ਜਲਵਾਯੂ ਪਰਿਵਰਤਣ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਦੇ ਅਣ ਕਿਆਸੇ ਸਮੇਂ ਦੀ ਵਰਖਾ ਅਤੇ ਕਦੇ ਲੰਬਾ ਸੋਕਾ ਖੇਤੀ ਅਤੇ ਆਮ ਜੀਵਨ ਦੋਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਸਾਉਣ ਸਾਨੂੰ ਕੁਦਰਤ ਦੇ ਨਿਯਮਾਂ ਦਾ ਸਤਿਕਾਰ ਕਰਨ ਅਤੇ ਵਾਤਾਵਰਨ ਨਾਲ ਸੰਤੁਲਿਤ ਰਿਸ਼ਤਾ ਬਣਾਉਣ ਦੀ ਪ੍ਰੇਰਨਾ ਦਿੰਦਾ ਹੈ। ਜੇ ਅਸੀਂ ਅੱਜ ਜਾਗਰੂਕ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲੋਕ-ਗੀਤਾਂ ਵਾਲਾ ਉਹ ਸਾਉਣ ਸ਼ਾਇਦ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹ ਸਕਣ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਸਾਉਣ ਪੰਜਾਬ ਦੀ ਰੂਹ ਦਾ ਸਭ ਤੋਂ ਸੁੰਦਰ ਰੂਪ ਹੈ। ਇਹ ਹਰਿਆਵਲ, ਉਮੀਦ, ਪਿਆਰ, ਮਿਲਾਪ, ਮਿਹਨਤ, ਲੋਕ-ਕਲਾ ਅਤੇ ਆਧਿਆਤਮਿਕਤਾ ਦਾ ਅਦਭੁੱਤ ਮੇਲ ਹੈ। ਇਹ ਕਿਸਾਨ ਦੀਆਂ ਉਮੀਦਾਂ ਨੂੰ ਸਿੰਜਦਾ ਹੈ, ਧੀਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਂਦਾ ਹੈ, ਲੋਕ-ਗੀਤਾਂ ਨੂੰ ਨਵੇਂ ਸੁਰ ਦਿੰਦਾ ਹੈ, ਗੁਰਬਾਣੀ ਦੇ ਸੰਦੇਸ਼ ਨੂੰ ਹੋਰ ਡੂੰਘਾਈ ਨਾਲ ਮਹਿਸੂਸ ਕਰਵਾਉਂਦਾ ਹੈ ਅਤੇ ਮਨੁੱਖ ਨੂੰ ਕੁਦਰਤ ਨਾਲ ਆਪਣੇ ਅਟੁੱਟ ਰਿਸ਼ਤੇ ਦੀ ਯਾਦ ਦਿਵਾਉਂਦਾ ਹੈ।
ਜਦੋਂ ਤੱਕ ਵਰਖਾ ਦੀ ਪਹਿਲੀ ਫੁਹਾਰ ਨਾਲ ਮਿੱਟੀ ਮਹਿਕਦੀ ਰਹੇਗੀ, ਬਾਗਾਂ ਵਿੱਚ ਮੋਰ ਪੈਲ ਪਾਉਂਦੇ ਰਹਿਣਗੇ, ਪਰ ਪਿੱਪਲਾਂ ਦੀਆਂ ਟਾਹਣੀਆਂ ਉੱਤੇ ਪੀਂਘਾਂ ਝੂਲਦੀਆਂ ਰਹਿਣਗੀਆਂ, ਗਿੱਧੇ ਦੇ ਪਿੜਾਂ ਵਿੱਚ ਬੋਲੀਆਂ ਗੂੰਜਦੀਆਂ ਰਹਿਣਗੀਆਂ ਅਤੇ ਪੰਜਾਬੀ ਲੋਕ-ਮਨ ਕੁਦਰਤ ਨਾਲ ਪਿਆਰ ਕਰਦਾ ਰਹੇਗਾ, ਉਦੋਂ ਤੱਕ ਸਾਉਣ ਦੀ ਰੁਣਝੁਣ ਕਦੇ ਮੱਧਮ ਨਹੀਂ ਪਵੇਗੀ।

ਲਾਡੀ ਜਗਤਾਰ ਮਾਨਸਾ