ਵੰਦੇ ਮਾਤਰਮ ’ਤੇ ਕਾਂਗਰਸ ਵਿੱਚ ਆਖ਼ਰ ਇੰਨੀ ਦੁਵਿਧਾ ਕਿਉਂ ਹੈ?

ਵੰਦੇ ਮਾਤਰਮ ’ਤੇ ਕਾਂਗਰਸ ਵਿੱਚ ਆਖ਼ਰ ਇੰਨੀ ਦੁਵਿਧਾ ਕਿਉਂ ਹੈ?

ਲੇਖਕ: ਅਪੂਰਵਾਨੰਦ
ਗੀਤ ‘ਵੰਦੇ ਮਾਤਰਮ’ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਕਾਂਗਰਸ ਦੇ ਪ੍ਰੋਗਰਾਮ ਵਿੱਚ ਵੰਦੇ ਮਾਤਰਮ ਪੂਰਾ ਗਾਇਆ ਗਿਆ, ਜਦਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਸ ਨੂੰ ਪੂਰਾ ਗਾਏ ਜਾਣ ਨਾਲ ਸਹਿਮਤ ਨਹੀਂ ਸਨ। ਸਵਾਲ ਇਹ ਹੈ ਕਿ ਆਖ਼ਰ ਬਾਕੀ ਕਾਂਗਰਸ ਅਜੇ ਵੀ ਇੰਨੇ ਭੰਬਲਭੂਸੇ ਵਿੱਚ ਕਿਉਂ ਹੈ। ‘ਵੰਦੇ ਮਾਤਰਮ’ ਪੂਰਾ ਗਾਇਆ ਜਾਵੇ ਜਾਂ ਨਹੀਂ, ਇਸ ਸਵਾਲ ’ਤੇ ਪਾਰਟੀ ਅੰਦਰ ਦੁਵਿਧਾ ਬਣੀ ਹੋਈ ਹੈ। ਇਸ ਦਾ ਸਬੂਤ ਆਜ਼ਾਦੀ ਦਿਹਾੜੇ ਮੌਕੇ ਕਾਂਗਰਸ ਸੇਵਾ ਦਲ ਦੇ ਸਮਾਗਮ ਤੋਂ ਮਿਲਦਾ ਹੈ। ਜਦੋਂ ਪਹਿਲੇ ਦੋ ਬੰਦਾਂ ਤੋਂ ਬਾਅਦ ਅਗਲਾ ਹਿੱਸਾ ਗਾਇਆ ਜਾਣ ਲੱਗਾ ਤਾਂ ਸੋਨੀਆ ਗਾਂਧੀ ਨੇ ਗਾਉਣ ਵਾਲਿਆਂ ਨੂੰ ਕੁਝ ਇਸ਼ਾਰਾ ਕੀਤਾ, ਰਾਹੁਲ ਗਾਂਧੀ ਦਾ ਧਿਆਨ ਭਟਕਿਆ ਅਤੇ ਸੋਨੀਆ ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵਿਚਾਲੇ ਗੱਲਬਾਤ ਹੋਈ। ਸੋਨੀਆ ਗਾਂਧੀ ਪ੍ਰਤੱਖ ਤੌਰ ’ਤੇ ਅਸਹਿਜ ਦਿਖੀ, ਪਰ ਗੀਤ ਪੂਰਾ ਗਾਇਆ ਗਿਆ।
ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ਦੇਸ਼ ਵਿਰੋਧੀ ਹਨ ਅਤੇ ਉਹ ‘ਵੰਦੇ ਮਾਤਰਮ’ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਦੂਜੇ ਪਾਸੇ ਕਾਂਗਰਸ ਦੇ ਬੁਲਾਰਿਆਂ ਨੇ ਸਫ਼ਾਈ ਦਿੱਤੀ ਕਿ ਸੋਨੀਆ ਗਾਂਧੀ ਖੜਗੇ ਜੀ ਲਈ ਕੁਰਸੀ ਮੰਗਵਾ ਰਹੀ ਸੀ, ਕਿਉਂਕਿ ਉਹ ਲੰਮੇ ਸਮੇਂ ਤੋਂ ਖੜ੍ਹੇ ਸਨ। ਵੀਡੀਓ ਵਿੱਚ ਆਵਾਜ਼ ਸਾਫ਼ ਨਾ ਹੋਣ ਕਾਰਨ ਦੋਵਾਂ ਦਾਅਵਿਆਂ ਦੀ ਪੁਸ਼ਟੀ ਔਖੀ ਹੈ। ਹਾਲਾਂਕਿ, ਵੱਖ-ਵੱਖ ਰਾਜਾਂ ਵਿੱਚ ਵੀ ਕਾਂਗਰਸ ਸਰਕਾਰਾਂ ਦਾ ਰਵੱਈਆ ਇਸ ਗੀਤ ਪ੍ਰਤੀ ਵੱਖਰਾ ਰਿਹਾ ਹੈ; ਕਰਨਾਟਕ ਤੇ ਤੇਲੰਗਾਨਾ ਵਿੱਚ ਇਹ ਪੂਰਾ ਗਾਇਆ ਗਿਆ, ਪਰ ਕੇਰਲ ਸਰਕਾਰ ਨੇ ਕੇਂਦਰ ਦੇ ਨਿਰਦੇਸ਼ਾਂ ਨੂੰ ਸਿਰਫ਼ ਸੁਝਾਅ ਦੱਸ ਕੇ ਇਸ ਨੂੰ ਲਾਜ਼ਮੀ ਨਹੀਂ ਮੰਨਿਆ। ਦੂਜੇ ਪਾਸੇ ਦਿੱਲੀ ਵਿੱਚ ਸੇਵਾ ਦਲ ਦੇ ਇੱਕ ਵਰਕਰ ਨੇ ਦਾਅਵਾ ਕੀਤਾ ਕਿ ਨੇਤਾਵਾਂ ਦੇ ਰੋਕਣ ਦੇ ਬਾਵਜੂਦ ਉਨ੍ਹਾਂ ਨੇ ਇਸ ਨੂੰ ਪੂਰਾ ਗਾਇਆ।
ਇਸ ਦੁਵਿਧਾ ਦੇ ਬਾਵਜੂਦ ਸੋਨੀਆ ਅਤੇ ਰਾਹੁਲ ਗਾਂਧੀ ਦੀ ਅਸਹਿਜਤਾ ਪੂਰੀ ਤਰ੍ਹਾਂ ਜਾਇਜ਼ ਹੈ। ਪਾਰਟੀ ਦੇ ਸੀਨੀਅਰ ਆਗੂ ਹੋਣ ਨਾਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ 1937 ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਉਸ ਇਤਿਹਾਸਕ ਮਤੇ ਦੀ ਯਾਦ ਦਿਵਾਉਣ, ਜਿਸ ਅਨੁਸਾਰ ਜਨਤਕ ਮੌਕਿਆਂ ’ਤੇ ਸਿਰਫ਼ ਪਹਿਲੇ ਦੋ ਬੰਦ ਹੀ ਗਾਏ ਜਾਣੇ ਚਾਹੀਦੇ ਹਨ। ਇਹ ਫ਼ੈਸਲਾ ਅੱਜ ਤੱਕ ਬਦਲਿਆ ਨਹੀਂ ਗਿਆ, ਇਸ ਲਈ ਪੂਰਾ ਗੀਤ ਗਾਉਣਾ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਹੈ। ਪੂਰਾ ਗੀਤ ਉਸ ਧਰਮ ਨਿਰਪੱਖ ਰਾਸ਼ਟਰਵਾਦ ਦੀ ਭਾਵਨਾ ਦੇ ਖ਼ਿਲਾਫ਼ ਹੈ ਜਿਸ ਨੂੰ ਕਾਂਗਰਸ ਨੇ ਵਿਕਸਤ ਕੀਤਾ ਸੀ। ਧਰਮ ਨਿਰਪੱਖਤਾ ਸਿਰਫ਼ ਇੱਕ ਸਰਕਾਰੀ ਨੀਤੀ ਨਹੀਂ ਹੈ, ਸਗੋਂ ਇਸ ਦਾ ਮਕਸਦ ਸਾਰੇ ਨਾਗਰਿਕਾਂ ਨੂੰ ਭਾਵਨਾਤਮਕ ਤੌਰ ’ਤੇ ਜੋੜਨਾ ਹੈ, ਨਾ ਕਿ ਅਜਿਹੇ ਪ੍ਰਤੀਕ ਥੋਪਣਾ ਜਿਨ੍ਹਾਂ ਨਾਲ ਕੋਈ ਵਰਗ ਬੇਗਾਨਗੀ ਮਹਿਸੂਸ ਕਰੇ।
‘ਵੰਦੇ ਮਾਤਰਮ’ ਨਾਅਰੇ ਜਾਂ ਗੀਤ ’ਤੇ ਮੁਸਲਮਾਨਾਂ ਦੇ ਇਤਰਾਜ਼ ਦੇ ਦੋ ਮੁੱਖ ਕਾਰਨ ਹਨ। ਪਹਿਲਾ ਇਹ ਕਿ ਇਸ ਵਿੱਚ ਭਾਰਤ ਮਾਤਾ ਦਾ ਸੰਕਲਪ ਸਿਰਫ਼ ਮਾਤ-ਭੂਮੀ ਤੱਕ ਸੀਮਤ ਨਹੀਂ, ਸਗੋਂ ਦੂਜੇ ਬੰਦ ਤੋਂ ਬਾਅਦ ‘ਮਾਂ’ ਸ਼ਬਦ ਦੇਵੀ ਦੁਰਗਾ ਅਤੇ ਕਮਲਾ ਲਈ ਵਰਤਿਆ ਗਿਆ ਹੈ ਜੋ ਸ਼ਸਤਰਧਾਰੀ ਹਨ ਅਤੇ ਜਿਨ੍ਹਾਂ ਦੀਆਂ ਮੂਰਤੀਆਂ ਮੰਦਰਾਂ ਵਿੱਚ ਸਥਾਪਿਤ ਹੋਣੀਆਂ ਹਨ। ਦੂਜਾ ਕਾਰਨ ਇਸ ਦਾ ਇਤਿਹਾਸਕ ਪਿਛੋਕੜ ਹੈ। ਬੰਕਿਮ ਚੰਦਰ ਚੈਟਰਜੀ ਨੇ ਇਸ ਗੀਤ ਨੂੰ ਆਪਣੇ ਨਾਵਲ ‘ਆਨੰਦ ਮੱਠ’ ਵਿੱਚ ਸ਼ਾਮਲ ਕੀਤਾ, ਜੋ ਸੰਨਿਆਸੀ ਵਿਦਰੋਹ ’ਤੇ ਆਧਾਰਿਤ ਸੀ। ਇਸ ਨਾਵਲ ਵਿੱਚ ਮੁਸਲਮਾਨਾਂ ਦੇ ਖ਼ਾਤਮੇ ਦੀ ਗੱਲ ਕਹੀ ਗਈ ਹੈ ਅਤੇ ਸੰਨਿਆਸੀ ਉਸੇ ਯੁੱਧ ਦੀ ਅਰਾਧਨਾ ਲਈ ਇਹ ਗੀਤ ਗਾਉਂਦੇ ਹਨ। ਅਜਿਹੇ ਸੰਦਰਭ ਕਾਰਨ ਕਿਸੇ ਵੀ ਮੁਸਲਮਾਨ ਤੋਂ ਇਸ ਨੂੰ ਪੂਰਾ ਗਾਉਣ ਦੀ ਉਮੀਦ ਕਰਨਾ ਜਾਇਜ਼ ਨਹੀਂ ਮੰਨਿਆ ਜਾ ਸਕਦਾ।
ਹਾਲਾਂਕਿ ਇਹ ਗੀਤ ਆਜ਼ਾਦੀ ਸੰਗਰਾਮ ਵਿੱਚ ਬਹੁਤ ਹਰਮਨਪਿਆਰਾ ਸੀ, ਪਰ 20ਵੀਂ ਸਦੀ ਵਿੱਚ ਫ਼ਿਰਕੂ ਤਣਾਅ ਵਧਣ ’ਤੇ ਮੁਸਲਿਮ ਭਾਈਚਾਰੇ ਨੇ ਇਸ ਦੇ ਕੁਝ ਹਿੱਸਿਆਂ ’ਤੇ ਇਤਰਾਜ਼ ਜਤਾਇਆ ਸੀ। ਗਾਂਧੀ, ਨਹਿਰੂ ਅਤੇ ਟੈਗੋਰ ਦੀ ਸਮਝ ਤੋਂ ਬਾਅਦ 1937 ਵਿੱਚ ਕਾਂਗਰਸ ਨੇ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਕਿ ਗੀਤ ਦੇ ਪਹਿਲੇ ਦੋ ਬੰਦ ਹੀ ਦੇਸ਼ ਦੀ ਕੁਦਰਤੀ ਸੁੰਦਰਤਾ ਦਾ ਵਰਣਨ ਕਰਦੇ ਹਨ ਅਤੇ ਇਹੀ ਸੁਤੰਤਰਤਾ ਸੰਗਰਾਮ ਦਾ ਅਟੁੱਟ ਹਿੱਸਾ ਰਹੇ ਹਨ। ਬਾਕੀ ਬੰਦਾਂ ਵਿੱਚ ਅਜਿਹੀ ਧਾਰਮਿਕ ਵਿਚਾਰਧਾਰਾ ਹੈ ਜੋ ਸਾਰੇ ਭਾਈਚਾਰਿਆਂ ਦੇ ਅਨੁਕੂਲ ਨਹੀਂ ਹੈ। ਮੁਸਲਮਾਨਾਂ ਨੇ ਕਦੇ ਵੀ ਪਹਿਲੇ ਦੋ ਬੰਦਾਂ ’ਤੇ ਇਤਰਾਜ਼ ਨਹੀਂ ਕੀਤਾ, ਪਰ ਪਿਛਲੇ ਕੁਝ ਦਹਾਕਿਆਂ ਵਿੱਚ ਹਿੰਦੂਤਵਵਾਦੀ ਰਾਸ਼ਟਰਵਾਦ ਦੇ ਉਭਾਰ ਨੇ ਇਸ ਗੀਤ ਨੂੰ ਇੱਕ ਵਾਰ ਫਿਰ ਮੁਸਲਿਮ ਵਿਰੋਧੀ ਸਿਆਸੀ ਨਾਅਰੇ ਵਿੱਚ ਤਬਦੀਲ ਕਰ ਦਿੱਤਾ ਹੈ।
‘ਵੰਦੇ ਮਾਤਰਮ’ ਨੂੰ ਜ਼ਬਰਦਸਤੀ ਥੋਪਣਾ ਅਤੇ ‘ਭਾਰਤ ਵਿੱਚ ਰਹਿਣਾ ਹੈ ਤਾਂ ਵੰਦੇ ਮਾਤਰਮ ਕਹਿਣਾ ਪਵੇਗਾ’ ਵਰਗੇ ਨਾਅਰੇ ਲਗਾਉਣਾ ਕਿਸੇ ਇੱਕ ਸਮੂਹ ਵੱਲੋਂ ਦੂਜਿਆਂ ’ਤੇ ਆਪਣੀ ਮਰਜ਼ੀ ਥੋਪਣ ਦਾ ਪ੍ਰਤੀਕ ਹੈ। ਭਾਰਤੀ ਹੋਣ ਲਈ ਕਿਸੇ ’ਤੇ ਅਜਿਹੀ ਕੋਈ ਬਾਹਰੀ ਸ਼ਰਤ ਲਾਗੂ ਨਹੀਂ ਕੀਤੀ ਜਾ ਸਕਦੀ। ਇਸ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਸਹਿਜਤਾ ਕਾਂਗਰਸ ਦੇ ਇਤਿਹਾਸ ਅਤੇ ਧਰਮ ਨਿਰਪੱਖ ਰਾਸ਼ਟਰਵਾਦ ਪ੍ਰਤੀ ਉਨ੍ਹਾਂ ਦੀ ਸੁਚੇਤਤਾ ਨੂੰ ਦਰਸਾਉਾਂਦੀਹੈ। ਅਸਲ ਸਵਾਲ ਇਹ ਬਣਦਾ ਹੈ ਕਿ ਬਾਕੀ ਕਾਂਗਰਸੀ ਆਗੂ ਧਰਮ ਨਿਰਪੱਖਤਾ ਦੇ ਇਨ੍ਹਾਂ ਬੁਨਿਆਦੀ ਮੁੱਲਾਂ ਪ੍ਰਤੀ ਓਨੇ ਸੰਵੇਦਨਸ਼ੀਲ ਕਿਉਂ ਨਹੀਂ ਹਨ ਅਤੇ ਉਹ ਅੱਜ ਵੀ ਆਪਣੀ ਭੂਮਿਕਾ ਨੂੰ ਲੈ ਕੇ ਦੁਵਿਧਾ ਵਿੱਚ ਕਿਉਂ ਫਸੇ ਹੋਏ ਹਨ।