ਰਾਹੁਲ ਗਾਂਧੀ ਦੀ ਮਨੂ ਸਿਮਰਤੀ ਬਾਰੇ ਤਿੱਖੀ ਟਿੱਪਣੀ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਗਰਮਾਈ ਸਿਆਸਤ

ਰਾਹੁਲ ਗਾਂਧੀ ਦੀ ਮਨੂ ਸਿਮਰਤੀ  ਬਾਰੇ ਤਿੱਖੀ ਟਿੱਪਣੀ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਗਰਮਾਈ ਸਿਆਸਤ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਪੁਣੇ ਦੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦੌਰਾਨ ਮਨੁਸਮ੍ਰਿਤੀ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਦੇਸ਼ ਭਰ ਵਿੱਚ ਇੱਕ ਵਾਰ ਫਿਰ ਸਿਆਸੀ, ਸਮਾਜਿਕ ਅਤੇ ਵਿਚਾਰਧਾਰਕ ਭੂਚਾਲ ਲਿਆ ਦਿੱਤਾ ਹੈ। ਰਾਹੁਲ ਗਾਂਧੀ ਨੇ ਮਨੁਸਮ੍ਰਿਤੀ ਵਿੱਚ ਔਰਤਾਂ ਦੀ ਸਥਿਤੀ ਅਤੇ ਉਨ੍ਹਾਂ ਦੀ ਆਜ਼ਾਦੀ ਨੂੰ ਸੀਮਤ ਕਰਨ ਵਾਲੇ ਹਵਾਲਿਆਂ ਨੂੰ ‘ਸ਼ਰਮਨਾਕ’ ਕਰਾਰ ਦਿੱਤਾ। ਇਸ ਤੋਂ ਬਾਅਦ ਸੱਤਾਧਾਰੀ ਭਾਜਪਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਵਿਰੋਧੀ ਧਿਰਾਂ ਵਿਚਕਾਰ ਤਿੱਖੀ ਤੇ ਹਮਲਾਵਰ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਵਿਵਾਦ  ਭਾਰਤੀ ਸਮਾਜ ਵਿੱਚ ਪ੍ਰਾਚੀਨ ਰੂੜ੍ਹੀਵਾਦੀ ਵਿਵਸਥਾ ਅਤੇ ਆਧੁਨਿਕ ਸੰਵਿਧਾਨਕ ਕਦਰਾਂ-ਕੀਮਤਾਂ ਵਿਚਕਾਰ ਚੱਲ ਰਹੀ ਡੂੰਘੀ ਜੰਗ ਨੂੰ ਉਜਾਗਰ ਕਰਦਾ ਹੈ।
ਰਾਹੁਲ ਗਾਂਧੀ ਦਾ ਮੂਲ ਬਿਆਨ ਅਤੇ ਇਸ ਪਿੱਛੇ ਦੀ ਗਣਿਤ-ਸਿਆਸਤ
ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤੀ ਸਮਾਜ ਵਿੱਚ ਪੁਰਸ਼ ਪ੍ਰਧਾਨ ਮਾਨਸਿਕਤਾ ਕਾਰਨ ਅਕਸਰ ਔਰਤਾਂ ਨੂੰ ਸਿਰਫ਼ ਤਿੰਨ ਖਾਨਿਆਂ—ਧੀ, ਪਤਨੀ ਜਾਂ ਮਾਂ ਦੇ ਰੂਪ ਵਿੱਚ ਹੀ ਦੇਖਿਆ ਜਾਂਦਾ ਹੈ, ਜੋ ਕਿ ਉਨ੍ਹਾਂ ਦੀ ਪੂਰੀ ਪਛਾਣ ਜਾਂ ਹੋਂਦ ਨਹੀਂ ਹੋ ਸਕਦੀ। ਉਨ੍ਹਾਂ ਮਨੁਸਮ੍ਰਿਤੀ ਦੇ ਖਾਸ ਹਵਾਲੇ ਨਾਲ ਦੱਸਿਆ ਕਿ ਇਸ ਗ੍ਰੰਥ ਵਿੱਚ ਔਰਤਾਂ ਨੂੰ ਕਦੇ ਵੀ ਆਜ਼ਾਦ ਨਾ ਹੋਣ ਅਤੇ ਹਰ ਪੜਾਅ ’ਤੇ ਕਿਸੇ ਪੁਰਸ਼ (ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਅਤੇ ਪਤੀ ਦੀ ਮੌਤ ਤੋਂ ਬਾਅਦ ਪੁੱਤਰਾਂ) ਦੇ ਅਧੀਨ ਰਹਿਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ, ਜੋ ਕਿ ਅਜੋਕੇ ਲੋਕਤੰਤਰ, ਨਾਰੀ ਆਜ਼ਾਦੀ ਅਤੇ ਮਹਿਲਾ ਸਸ਼ਕਤੀਕਰਨ ਦੇ ਬੁਨਿਆਦੀ ਸਿਧਾਂਤਾਂ ਦੇ ਮੂੰਹ ’ਤੇ ਇੱਕ ਥਪੜ ਹੈ। ਕਾਂਗਰਸ ਪਾਰਟੀ ਅਜਿਹੇ ਬਿਆਨਾਂ ਜ਼ਰੀਏ ਆਪਣੇ ਆਪ ਨੂੰ ‘ਸੰਵਿਧਾਨ ਦੇ ਰੱਖਿਅਕ’ ਵਜੋਂ ਪੇਸ਼ ਕਰਦੀ ਹੈ ਅਤੇ ਸੱਤਾਧਾਰੀ ਧਿਰ ਦੀ ਵਿਚਾਰਧਾਰਾ ਨੂੰ ਪੁਰਾਤਨ ਰੂੜ੍ਹੀਵਾਦੀ ਸੋਚ ਨਾਲ ਜੋੜ ਕੇ ਵਿਰੋਧ ਦਰਜ ਕਰਵਾਉਂਦੀ ਹੈ।
ਇਸ ਵਿਚਾਰ ਰਾਹੀਂ ਕਾਂਗਰਸ ਪਾਰਟੀ ਅਤੇ ‘ਇੰਡੀਆ’ ਗਠਜੋੜ ਦਲਿਤ, ਬਹੁਜਨ, ਪੱਛੜੇ ਵਰਗਾਂ ਅਤੇ ਮਹਿਲਾ ਵੋਟਰਾਂ ਨੂੰ ਲਾਮਬੰਦ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਮਨੁਸਮ੍ਰਿਤੀ ਨੂੰ ਸਿੱਧਾ ਨਿਸ਼ਾਨਾ ਬਣਾ ਕੇ ਵਿਰੋਧੀ ਧਿਰ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਜਾਤੀਗਤ ਅਸਮਾਨਤਾ, ਵਰਣ ਵਿਵਸਥਾ ਅਤੇ ਪੁਰਾਤਨ ਸਮਾਜਿਕ ਪਾੜੇ ਨਾਲ ਜੋੜ ਕੇ ਪੇਸ਼ ਕਰ ਰਹੀ ਹੈ, ਤਾਂ ਜੋ ਬਹੁਜਨ ਸਮਾਜ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਾਤੀਗਤ ਅਤੇ ਵਿਚਾਰਧਾਰਕ ਬਹਿਸਾਂ ਛੇੜਨ ਨਾਲ ਸਮਾਜ ਦੇ ਵਾਂਝੇ ਵਰਗਾਂ ਵਿੱਚ ਚੇਤਨਾ ਪੈਦਾ ਹੁੰਦੀ ਹੈ, ਜਿਸਦਾ ਚੋਣਾਂ ਦੌਰਾਨ ਸਿਆਸੀ ਫਾਇਦਾ ਮਿਲਣ ਦੀ ਸੰਭਾਵਨਾ ਰਹਿੰਦੀ ਹੈ।
ਯੋਗੀ ਆਦਿਤਿਆਨਾਥ ਅਤੇ ਭਾਜਪਾ ਦਾ ਤਿੱਖਾ ਪਲਟਵਾਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਹੁਲ ਗਾਂਧੀ ਦੇ ਇਸ ਬਿਆਨ ’ਤੇ ਬਹੁਤ ਹਮਲਾਵਰ ਰੁਖ਼ ਅਪਣਾਉਂਦਿਆਂ ਰਾਏਪੁਰ ਵਿੱਚ ਦਿੱਤੇ ਇੱਕ ਭਾਸ਼ਣ ਦੌਰਾਨ ਉਨ੍ਹਾਂ ਨੂੰ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਸੰਵਿਧਾਨ ਦੀ ਸਹੁੰ ਚੁੱਕਣ ਦੇ ਬਾਵਜੂਦ ਰਾਹੁਲ ਗਾਂਧੀ ਭਾਰਤ ਦੀਆਂ ਪਰੰਪਰਾਵਾਂ ਅਤੇ ਵਿਰਾਸਤ ਦਾ ਅਪਮਾਨ ਕਰਨਾ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਮਨੂ ਨੂੰ ਸਮਝਣਾ ਹੈ ਤਾਂ ਅਥਰਵਵੇਦ, ਸ਼ਤਪਥ ਬ੍ਰਾਹਮਣ ਅਤੇ ਮਤਸਯ ਪੁਰਾਣ ਪੜ੍ਹਨੇ ਚਾਹੀਦੇ ਹਨ, ਜਿੱਥੇ ਇਨ੍ਹਾਂ ਦਾ ਸਤਿਕਾਰਯੋਗ ਜ਼ਿਕਰ ਮਿਲਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ‘ਸ਼ਹਿਰੀ ਨਕਸਲੀਆਂ’ ਦੇ ਪ੍ਰਭਾਵ ਹੇਠ ਆ ਕੇ ਲਗਾਤਾਰ ਭਾਰਤ ਦੀ ਮਹਾਨ ਵਿਰਾਸਤ, ਪਵਿੱਤਰ ਸੰਸਥਾਵਾਂ ਅਤੇ ਸੱਭਿਆਚਾਰ ਦਾ ਅਪਮਾਨ ਕਰਨ ਨੂੰ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਵਾਲ ਕੀਤਾ ਕਿ ਕੀ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਮਾਂ, ਧੀ, ਪਤਨੀ ਜਾਂ ਭੈਣ ਦਾ ਰੋਲ ਸਭ ਤੋਂ ਅਹਿਮ ਨਹੀਂ ਹੁੰਦਾ? ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਵਿੱਚ ਔਰਤਾਂ ਨੂੰ ਹਮੇਸ਼ਾ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ।
ਉਨ੍ਹਾਂ ਕਾਂਗਰਸ ਲੀਡਰਸ਼ਿਪ ’ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਜਦੋਂ ਇਹ ਨੇਤਾ ਵਿਦੇਸ਼ ਜਾਂਦੇ ਹਨ ਤਾਂ ਭਾਰਤ ਦਾ ਅਕਸ ਖਰਾਬ ਕਰਦੇ ਹਨ ਅਤੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਅਪਮਾਨਜਨਕ ਟਿੱਪਣੀਆਂ ਕਰਕੇ ਨਵੀਂ ਪੀੜ੍ਹੀ ਨੂੰ ਗੁਮਰਾਹ ਕਰ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਸਗੋਂ ਦੇਸ਼ ਦੀ ਇੱਕ ਸੰਵਿਧਾਨਕ ਸੰਸਥਾ ਹੈ, ਅਤੇ ਅਜਿਹੇ ਅਹੁਦਿਆਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਪੂਰੇ ਦੇਸ਼ ਦਾ ਅਪਮਾਨ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ’ਤੇ ਤਿੱਖਾ ਵਾਰ ਕਰਦਿਆਂ ਦੋਸ਼ ਲਾਇਆ ਕਿ ਉਹ ਮਹਿਲਾ ਸਸ਼ਕਤੀਕਰਨ ਦੀ ਆੜ ਵਿੱਚ ਹਿੰਦੂ ਧਰਮ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਕਦੇ ਵੀ ਹੋਰਨਾਂ ਪ੍ਰਥਾਵਾਂ ਖ਼ਿਲਾਫ਼ ਉਸੇ ਤਰ੍ਹਾਂ ਆਵਾਜ਼ ਕਿਉਂ ਨਹੀਂ ਚੁੱਕਦੇ। ਨਾਲ ਹੀ, ਉਨ੍ਹਾਂ ਨੇ ਕਾਂਗਰਸ ’ਤੇ ਸ਼ਾਹ ਬਾਨੋ ਮਾਮਲੇ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ’ਤੇ ਸਿਆਸਤ ਕਰਨ ਦਾ ਦੋਸ਼ ਵੀ ਲਾਇਆ।
ਮਨੁਸਮ੍ਰਿਤੀ ਦੀ ਅਸਲ ਬਣਤਰ ਅਤੇ ਇਤਿਹਾਸਕ ਪਰਤਾਂ

ਇਤਿਹਾਸਕਾਰਾਂ ਅਤੇ ਵਿਦਵਾਨਾਂ ਮੁਤਾਬਕ ਮਨੁਸਮ੍ਰਿਤੀ ਵਿੱਚ ਕੁੱਲ 12 ਅਧਿਆਇ ਅਤੇ ਲਗਭਗ 2684 ਸ਼ਲੋਕ ਸ਼ਾਮਲ ਹਨ। ਇਸ ਗ੍ਰੰਥ ਦੀ ਰਚਨਾ ਅਤੇ ਪ੍ਰਸਾਰ ਬਾਰੇ ਵੱਖ-ਵੱਖ ਮੱਤ ਹਨ, ਪਰ ਬ੍ਰਿਟਿਸ਼ ਕਾਲ ਦੌਰਾਨ ਅੰਗਰੇਜ਼ਾਂ ਨੇ ਹਿੰਦੂ ਕਾਨੂੰਨ ਵਜੋਂ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇਸਦੀ ਪ੍ਰਸਿੱਧੀ ਅਤੇ ਵਿਵਾਦ ਦੋਵੇਂ ਵਧ ਗਏ।
ਔਰਤਾਂ ਅਤੇ ਸ਼ੂਦਰਾਂ ਪ੍ਰਤੀ ਨਿਯਮ: ਗ੍ਰੰਥ ਦੇ ਵੱਖ-ਵੱਖ ਹਿੱਸਿਆਂ ਵਿੱਚ ਚਾਰ ਵਰਣਾਂ ਦੀ ਕਠੋਰ ਵਿਵਸਥਾ ਨੂੰ ਸਥਾਪਤ ਕੀਤਾ ਗਿਆ ਹੈ। ਸ਼ੂਦਰਾਂ (ਦਲਿਤਾਂ) ਨੂੰ ਸਿੱਖਿਆ ਹਾਸਲ ਕਰਨ, ਸੰਪਤੀ ਰੱਖਣ ਅਤੇ ਉੱਚ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਵਾਂਝਾ ਰੱਖਿਆ ਗਿਆ ਹੈ। ਅਪਰਾਧਾਂ ਦੇ ਨਿਆਂ ਅਤੇ ਸਜ਼ਾਵਾਂ ਦੇ ਮਾਮਲੇ ਵਿੱਚ ਵੀ ਬ੍ਰਾਹਮਣਾਂ ਲਈ ਘੱਟ ਸਜ਼ਾ ਅਤੇ ਸ਼ੂਦਰਾਂ ਲਈ ਅਤਿ-ਕਠੋਰ ਸਜ਼ਾਵਾਂ ਦੀ ਵਿਵਸਥਾ ਦਰਜ ਹੈ, ਜਿਸ ਨੂੰ ਲੈ ਕੇ ਇਤਿਹਾਸਕ ਤੌਰ 'ਤੇ ਭਾਰੀ ਇਤਰਾਜ਼ ਉਠਾਏ ਜਾਂਦੇ ਰਹੇ ਹਨ।

ਬਾਬਾ ਸਾਹਿਬ ਅੰਬੇਡਕਰ, ਕਾਂਸ਼ੀ ਰਾਮ ਅਤੇ ਸਿੱਖ ਗ੍ਰੰਥਾਂ ਦਾ ਬਦਲਵਾਂ ਦ੍ਰਿਸ਼ਟੀਕੋਣ
 ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਮਨੁਸਮ੍ਰਿਤੀ ਨੇ ਹੀ ਭਾਰਤੀ ਸਮਾਜ ਵਿੱਚ ਜਾਤੀ ਵਿਵਸਥਾ, ਛੂਤ-ਛਾਤ ਅਤੇ ਅਸਮਾਨਤਾ ਦੇ ਜ਼ਹਿਰੀਲੇ ਬੀਜ ਬੀਜੇ ਹਨ। ਇਸੇ ਮਾਨਸਿਕ ਗੁਲਾਮੀ ਅਤੇ ਜਾਤੀਵਾਦੀ ਵਿਚਾਰਧਾਰਾ ਦੇ ਵਿਰੋਧ ਵਜੋਂ ਉਨ੍ਹਾਂ ਨੇ 25 ਦਸੰਬਰ 1927 ਨੂੰ ਮਹਾਰਾਸ਼ਟਰ ਦੇ ਮਹਾਡ ਵਿਖੇ ਜਨਤਕ ਤੌਰ ’ਤੇ ਮਨੁਸਮ੍ਰਿਤੀ ਨੂੰ ਅੱਗ ਲਾ ਕੇ ਸਾੜਿਆ ਸੀ ਅਤੇ ਇਸਨੂੰ ਸਮਾਜਿਕ ਨਿਆਂ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਦੱਸਿਆ ਸੀ। ਅੰਬੇਡਕਰ ਦਾ ਮੰਨਣਾ ਸੀ ਕਿ ਮਨੁਸਮ੍ਰਿਤੀ ਨੇ ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਅਤੇ ਸੁਤੰਤਰ ਪਛਾਣ ਤੋਂ ਵਾਂਝਾ ਰੱਖਿਆ। ਮਨੁਸਮ੍ਰਿਤੀ ਦੇ ਨਿਯਮਾਂ ਮੁਤਾਬਕ ਔਰਤ ਆਪਣੇ ਜੀਵਨ ਦੇ ਹਰ ਪੜਾਅ (ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਅਤੇ ਬੁਢਾਪੇ ਵਿੱਚ ਪੁੱਤਰ) ਉੱਤੇ ਨਿਰਭਰ ਰਹਿੰਦੀ ਹੈ।
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨੇ ਵੀ ਮਨੁਵਾਦੀ ਸੋਚ ਖਿਲਾਫ਼ ਮੋਰਚਾ ਖੋਲ੍ਹਦਿਆਂ ਸਮਾਜ ਨੂੰ ‘ਮਨੁਵਾਦੀ’ ਅਤੇ ‘ਮੂਲ ਨਿਵਾਸੀ’ ਵਰਗਾਂ ਵਿੱਚ ਵੰਡਿਆ ਅਤੇ ਬਹੁਜਨਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ।
ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਵੀ ਕਿਸਮ ਦੇ ਜਾਤੀ, ਵਰਣ, ਲਿੰਗ ਜਾਂ ਰੰਗ ਦੇ ਭੇਦਭਾਵ ਨੂੰ ਬਹੁਤ ਸਖ਼ਤੀ ਨਾਲ ਰੱਦ ਕੀਤਾ ਗਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਮਨੁਸਮ੍ਰਿਤੀ ਵਰਗੀਆਂ ਜਾਤੀਵਾਦੀ ਅਤੇ ਔਰਤ ਵਿਰੋਧੀ ਮਰਿਆਦਾਵਾਂ ਨੂੰ ਪੂਰਨ ਤੌਰ ’ਤੇ ਨਕਾਰਦਿਆਂ ਸਾਰੀ ਮਾਨਵਤਾ ਦੀ ਬਰਾਬਰੀ, ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਰਸਾਇਆ ਹੈ।
ਬੁੱਧੀਜੀਵੀਆਂ, ਦਲਿਤ ਆਗੂਆਂ ਦੀ ਰਾਇ ਅਤੇ ਸਨਾਤਨ ਸੰਸਥਾ ਦਾ ਪੱਖ
ਦੇਸ਼ ਦੇ ਪ੍ਰਮੁੱਖ ਸਮਾਜਿਕ ਚਿੰਤਕਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ 21ਵੀਂ ਸਦੀ ਦੇ ਆਧੁਨਿਕ ਲੋਕਤੰਤਰ, ਸੰਵਿਧਾਨ ਅਤੇ ਕਾਨੂੰਨ ਦੇ ਰਾਜ ਵਿੱਚ ਮਨੁਸਮ੍ਰਿਤੀ ਵਰਗੇ ਗ੍ਰੰਥਾਂ ਦੇ ਵਿਚਾਰਾਂ ਅਤੇ ਨਿਯਮਾਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦਾ ਤਰਕ ਹੈ ਕਿ ਅਜਿਹੀ ਸੋਚ ਸਮਾਜ ਵਿੱਚ ਭਾਈਚਾਰਕ ਸਾਂਝ, ਸਮਾਨਤਾ ਅਤੇ ਭਰਾਤਰੀ ਭਾਵ ਨੂੰ ਤੋੜਦੀ ਹੈ।ਜੇਐਨਯੂ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਵਿਵੇਕ ਕੁਮਾਰ ਕਹਿੰਦੇ ਹਨ, ‘ਕਾਂਸ਼ੀ ਰਾਮ ਕਹਿੰਦੇ ਸਨ ਕਿ ਜਾਤੀਆਂ ਦੀ ਰਚਨਾ ਮਨੁਸਮ੍ਰਿਤੀ ਦੇ ਆਧਾਰ ’ਤੇ ਹੋਈ ਹੈ। ਇਸ ਨਾਲ ਅਸਮਾਨਤਾਵਾਂ ਵਾਲੇ ਸਮਾਜ ਦੀ ਰਚਨਾ ਹੋਈ। ਇਸ ਦੀ ਵਜ੍ਹਾ ਕਰਕੇ ਇਹ ਸਮਾਜ ਛੇ ਹਜ਼ਾਰ ਜਾਤੀਆਂ ਵਿੱਚ ਵੰਡਿਆ ਗਿਆ।’
ਦੂਜੇ ਪਾਸੇ, ਕੁਝ ਕੱਟੜਪੰਥੀ ਸੰਗਠਨਾਂ ਅਤੇ ਹਿੰਦੂਵਾਦੀ ਸੰਸਥਾਵਾਂ (ਜਿਵੇਂ ਕਿ ਸਨਾਤਨ ਸੰਸਥਾ) ਵੱਲੋਂ ਇਸਦਾ ਬਚਾਅ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮਨੁਸਮ੍ਰਿਤੀ ਪ੍ਰਾਚੀਨ ਕਾਲ ਦਾ ਇੱਕ ਸਮਾਜਿਕ ਵਿਵਸਥਾ ਦਾ ਦਸਤਾਵੇਜ਼ ਹੈ ਅਤੇ ਇਸਦੇ ਕੁਝ ਹਿੱਸਿਆਂ ਨੂੰ ਛੱਡ ਕੇ ਬਾਕੀ ਸਮਾਜਿਕ ਅਨੁਸ਼ਾਸਨ ਲਈ ਮਹੱਤਵਪੂਰਨ ਹੈ। ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਮਨੁਸਮ੍ਰਿਤੀ ਦੇ ਕੁਝ ਸ਼ਲੋਕਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਗ੍ਰੰਥ ਵਿੱਚ ਔਰਤਾਂ ਦੇ ਸਨਮਾਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਅੰਗਰੇਜ਼ੀ ਪ੍ਰਭਾਵ ਹੇਠ ਰਹਿਣ ਕਾਰਨ ਕਾਂਗਰਸੀ ਆਗੂਆਂ ਨੂੰ ਭਾਰਤ ਦੇ ਵੇਦਾਂ, ਪੁਰਾਣਾਂ ਅਤੇ ਗ੍ਰੰਥਾਂ ਦੀ ਸਹੀ ਜਾਣਕਾਰੀ ਨਹੀਂ ਹੈ।
 ਹਾਲਾਂਕਿ, ਆਧੁਨਿਕ ਸਿੱਖਿਆ ਪ੍ਰਾਪਤ ਸਮਾਜ ਇਸਨੂੰ ਪਿਛਾਂਹਖਿੱਚੂ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਗ੍ਰੰਥ ਹੀ ਮੰਨਦਾ ਹੈ।
ਮਨੁਸਮ੍ਰਿਤੀ ਨੂੰ ਲੈ ਕੇ ਛਿੜੀ ਇਹ ਤਾਜ਼ਾ ਸਿਆਸੀ ਜੰਗ ਮਹਿਜ਼ ਚੋਣਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤੀ ਸਮਾਜ ਅਜੇ ਵੀ ਆਪਣੀ ਪ੍ਰਾਚੀਨ ਮਨਸਿਕਤਾ ਅਤੇ ਆਧੁਨਿਕ ਸੰਵਿਧਾਨਕ ਮੁੱਲਾਂ ਵਿਚਕਾਰ ਫਸਿਆ ਹੋਇਆ ਹੈ। ਜਦੋਂ ਤੱਕ ਸਮਾਜਿਕ ਬਰਾਬਰੀ ਅਤੇ ਲਿੰਗਕ ਨਿਆਂ ਪੂਰੀ ਤਰ੍ਹਾਂ ਸਥਾਪਤ ਨਹੀਂ ਹੁੰਦੇ, ਅਜਿਹੇ ਵਿਵਾਦ ਦੇਸ਼ ਦੀ ਸਿਆਸਤ ਅਤੇ ਵਿਚਾਰਧਾਰਾ ਨੂੰ ਗਰਮਾਉਂਦੇ ਰਹਿਣਗੇ। ਪੁਣੇ ਵਿੱਚ ਰਾਹੁਲ ਗਾਂਧੀ ਵੱਲੋਂ ਮਨੁਸਮ੍ਰਿਤੀ ਦੀ ਜ਼ੋਰਦਾਰ ਨਿੰਦਾ ਅਤੇ ਨੌਜਵਾਨ ਕੁੜੀਆਂ ਨੂੰ ਇਸ ਦੇ ਉਨ੍ਹਾਂ ਧਾਰਮਿਕ ਹੁਕਮਾਂ ਨੂੰ ਰੱਦ ਕਰਨ ਦੀ ਅਪੀਲ, ਜੋ ਉਨ੍ਹਾਂ ਦੀ ਪਛਾਣ ਅਤੇ ਆਜ਼ਾਦੀ ਨੂੰ ਨਕਾਰਦੇ ਹਨ, ਭਾਜਪਾ  ਅਤੇ ਆਰ.ਐੱਸ.ਐੱਸ. ਦੇ ਇਸ ਗ੍ਰੰਥ ਨਾਲ ਨਿਰੰਤਰ ਜੁੜਾਅ ਨੂੰ ਇੱਕ ਸਿੱਧੀ ਚੁਣੌਤੀ ਦੇ ਸਮਾਨ ਸੀ।