ਮੋਦੀ-ਅਲਬਾਨੀਜ਼ ਰੈਲੀ ’ਤੇ ਭੜਕਿਆ ਆਸਟ੍ਰੇਲੀਆਈ ਮੀਡੀਆ

ਮੋਦੀ-ਅਲਬਾਨੀਜ਼ ਰੈਲੀ ’ਤੇ ਭੜਕਿਆ ਆਸਟ੍ਰੇਲੀਆਈ ਮੀਡੀਆ

ਮੇਲਬੌਰਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪੀ.ਐਮ. ਐਂਥਨੀ ਅਲਬਾਨੀਜ਼ ਦੀ ਸਾਂਝੀ ਰੈਲੀ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਰੈਲੀ ਵਿੱਚ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਸੀ। ਇੱਕ ਪਾਸੇ ਇਸ ਨੂੰ ਭਾਰਤੀ ਪ੍ਰਵਾਸੀਆਂ ਦੀ ਵਧ ਰਹੀ ਤਾਕਤ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਆਸਟ੍ਰੇਲੀਆਈ ਮੀਡੀਆ ਇਸ ਦੀ ਤਿੱਖੀ ਆਲੋਚਨਾ ਕਰ ਰਿਹਾ ਹੈ। ਸਕਾਈ ਨਿਊਜ਼ ਆਸਟ੍ਰੇਲੀਆ ਦੇ ਪੱਤਰਕਾਰ ਜੇਮਜ਼ ਮੋਰੋ ਨੇ ਇਸ ਪ੍ਰੋਗਰਾਮ ’ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਮੁਤਾਬਕ ਇਹ ਭੀੜ ਮਸ਼ਹੂਰ ਗਾਇਕਾ ਟੇਲਰ ਸਵਿਫ਼ਟ ਦੇ ਸ਼ੋਅ ਤੋਂ ਵੀ ਜ਼ਿਆਦਾ ਸੀ। ਮੀਡੀਆ ਨੇ ਪੀ.ਐਮ. ਅਲਬਾਨੀਜ਼ ਦਾ ਮਜ਼ਾਕ ਵੀ ਉਡਾਇਆ ਹੈ। ਰਿਪੋਰਟਾਂ ਮੁਤਾਬਕ ਅਲਬਾਨੀਜ਼ ਪੀ.ਐਮ. ਮੋਦੀ ਨਾਲ ਦਿਖਣ ਲਈ ਬਹੁਤ ਉਤਸ਼ਾਹਿਤ ਸਨ। ਉਹ ਰੈਲੀ ਵਿੱਚ ਮੋਦੀ ਦੀ ਰੱਜ ਕੇ ਤਾਰੀਫ਼ ਕਰ ਰਹੇ ਸਨ ਤੇ ਸੈਲਫ਼ੀਆਂ ਲੈ ਰਹੇ ਸਨ।
ਪੱਤਰਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਲੋਕ ਬਹੁਤ ਮਿਹਨਤੀ ਹਨ। ਉਹ ਆਸਟ੍ਰੇਲੀਆ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਪਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਆਪਣੇ ਹੀ ਦੇਸ਼ ਵਿੱਚ ਕਿਸੇ ਵਿਦੇਸ਼ੀ ਨੇਤਾ ਨਾਲ ਮਿਲ ਕੇ ਇਸ ਤਰ੍ਹਾਂ ਦਾ ਪ੍ਰਚਾਰ ਕਰਨਾ ਅਜੀਬ ਤੇ ਗੈਰ ਲੋਕਤੰਤਰੀ ਹੈ।
ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਪਿਛਲੀਆਂ ਚੋਣਾਂ ਵਿੱਚ 85 ਫ਼ੀਸਦੀ ਭਾਰਤੀਆਂ ਨੇ ਅਲਬਾਨੀਜ਼ ਦੀ ‘ਲੇਬਰ ਪਾਰਟੀ’ ਨੂੰ ਵੋਟ ਦਿੱਤੀ ਸੀ। ਵਿਕਟੋਰੀਆ ਸੂਬੇ ਵਿੱਚ ਭਾਰਤੀ ਮੂਲ ਦੇ ਲੋਕ ਸਭ ਤੋਂ ਵੱਧ ਰਹਿੰਦੇ ਹਨ। ਆਲੋਚਕਾਂ ਦਾ ਦੋਸ਼ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਸੇ ਵੋਟ ਬੈਂਕ ਨੂੰ ਖਿੱਚਣ ਲਈ ਇਹ ਰੈੱਡ ਕਾਰਪੇਟ ਵਿਛਾਇਆ ਗਿਆ ਸੀ। ਇਸ ਸਰਕਾਰੀ ਪ੍ਰੋਗਰਾਮ ਲਈ ਜਨਤਾ ਦੇ ਟੈਕਸ ਦੇ ਪੈਸੇ ਦੀ ਰੱਜ ਕੇ ਵਰਤੋਂ ਕੀਤੀ ਗਈ। ਸਥਾਨਕ ਨਾਗਰਿਕ ਇਸ ਗੱਲੋਂ ਨਾਰਾਜ਼ ਹਨ ਅਤੇ ਕੁਝ ਗਰੁੱਪਾਂ ਨੇ ‘ਆਸਟ੍ਰੇਲੀਆਈ ਲੋਕ ਪਹਿਲਾਂ’ ਦੇ ਨਾਅਰੇ ਲਗਾ ਕੇ ਵਿਰੋਧ ਵੀ ਕੀਤਾ।
ਹੁਣ ਵਿਦੇਸ਼ ਨੀਤੀ ਅਤੇ ਘਰੇਲੂ ਚੋਣਾਂ ਆਪਸ ਵਿੱਚ ਉਲਝ ਚੁੱਕੀਆਂ ਹਨ। ਪਹਿਲਾਂ ਵਿਦੇਸ਼ ਨੀਤੀ ਦਾ ਮਤਲਬ ਸਿਰਫ਼ ਵਪਾਰ ਅਤੇ ਸੁਰੱਖਿਆ ਹੁੰਦਾ ਸੀ। ਪਰ ਅੱਜ ਵਿਦੇਸ਼ੀ ਨੇਤਾਵਾਂ ਦੀ ਵਰਤੋਂ ਆਪਣੇ ਦੇਸ਼ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਪੀ.ਐਮ. ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ 10 ਲੱਖ ਤੋਂ ਵੱਧ ਭਾਰਤੀ ਦੋਵਾਂ ਦੇਸ਼ਾਂ ਨੂੰ ਜੋੜਨ ਵਾਲਾ ਇੱਕ ਮਜ਼ਬੂਤ ਪੁਲ ਹਨ। ਇਹ ਪ੍ਰੋਗਰਾਮ ਵੋਟ ਬੈਂਕ ਲਈ ਨਹੀਂ, ਸਗੋਂ ਬਹੁ-ਸੱਭਿਆਚਾਰਕ ਸਮਾਜ ਦਾ ਜਸ਼ਨ ਮਨਾਉਣ ਲਈ ਸੀ। ਸਰਕਾਰ ਨੇ ਸਾਫ਼ ਕੀਤਾ ਕਿ ਭਾਰਤ ਨਾਲ ਰਿਸ਼ਤੇ ਸਿਰਫ਼ ਰੈਲੀਆਂ ਤੱਕ ਸੀਮਤ ਨਹੀਂ ਹਨ। ਇਸ ਦੌਰੇ ਦੌਰਾਨ ਯੂਰੇਨੀਅਮ ਸਪਲਾਈ, ਰੱਖਿਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਲਈ ਅਹਿਮ ਸਮਝੌਤੇ ਹੋਏ ਹਨ। ਮਾਹਿਰਾਂ ਮੁਤਾਬਕ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਨੂੰ ਨਾਲ ਰੱਖਣਾ ਆਸਟ੍ਰੇਲੀਆ ਦੀ ਲੋੜ ਹੈ।