ਬੰਦੀ ਸਿੰਘਾਂ ਦੀ ਰਿਹਾਈ ਜਲਦੀ ਕਰੇ ਮੋਦੀ ਸਰਕਾਰ
ਗਿਆਨੀ ਕੇਵਲ ਸਿੰਘ
ਭਾਰਤ ਅੰਦਰ ਕੇਵਲ ਸਿੱਖ ਭਾਈਚਾਰਾ ਇੱਕ ਐਸਾ ਭਾਈਚਾਰਾ ਹੈ ਜੋ 1947 ਤੋਂ ਹੀ ਭਾਰਤੀ ਨਵੇਂ ਹਾਕਮਾਂ ਵੱਲੋਂ ਆਪਣੇ ਸੰਵਿਧਾਨਕ ਹੱਕ ਲੈਣ ਲਈ ਨਿਰੰਤਰ ਘੋਲ ਕਰਦਾ ਆ ਰਿਹਾ ਹੈ। ਜੇਕਰ ਸਾਰੇ ਦੇਸ਼ ਵਾਸੀਆਂ ਦੀ ਗੱਲ ਕਰੀਏ ਤਾਂ ਬਹੁ ਗਿਣਤੀ ਉਹ ਮੇਰੇ ਦੇਸ਼ ਵਾਸੀ ਹਨ ਜੋ ਸਿੱਖ ਭਾਈਚਾਰੇ ਬਾਰੇ ਇਤਿਹਾਸ ਦੇ ਪੱਖ ਤੋਂ ਅਤੇ ਦੇਸ਼ ਹਿੱਤਾਂ ਦੇ ਰਾਖੇ ਵਾਲੇ ਪੱਖ ਤੋਂ ਵਾਕਿਫ਼ ਹੀ ਨਹੀਂ ਹਨ ਕਿਉਂਕਿ ਸਿੱਖ ਆਬਾਦੀ ਪੰਜਾਬ ਵਿੱਚ ਵਧੇਰੇ ਕਰਕੇ ਕੇਂਦਰਿਤ ਹੈ। ਬਾਕੀ ਭਾਰਤ ਅੰਦਰ ਭਾਵੇਂ ਸਿੱਖ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ ਵੱਖ ਸੂਬਿਆਂ ਵਿੱਚ ਵੱਸਦੇ ਹਨ ਆਪਣੇ ਆਪਣੇ ਕਾਰੋਬਾਰ ਕਰਦੇ ਹਨ। ਆਪਣੀ ਭਾਈਚਾਰਕ ਸਾਂਝ ਸਭ ਥਾਂ ਇਨਸਾਨੀਅਤ ਦੇ ਨਾਤੇ ਬਹੁਤ ਸਤਿਕਾਰ ਭਰੀ ਸਥਾਪਤ ਕਰਕੇ ਰੱਖਦੇ ਹਨ। ਸਮਾਜਿਕ ਰਾਜਨੀਤਕ ਤੇ ਧਾਰਮਿਕ ਗਤੀਵਿਧੀਆਂ ਵਿਚ ਸਿੱਖਾਂ ਦੀ ਪਹਿਲ ਕਦਮੀ ਦੀ ਆਪਣੀ ਪਹਿਚਾਣ ਦੇਸ਼ ਵਿਆਪੀ ਹੈ।
ਕਿਉਂਕਿ ਸਿੱਖ ਆਬਾਦੀ ਭਾਰਤ ਦੀ ਆਬਾਦੀ ਦਾ ਬੜੀ ਮੁਸ਼ਕਲ ਨਾਲ 2 ਫੀਸਦੀ ਹੀ ਹਿੱਸਾ ਹੋ ਸਕਦੀ ਹੈ। ਸ਼ੁਰੂ ਤੋਂ ਇਹ ਗਿਣਤੀ ਇਸ ਰੂਪ ਵਿੱਚ ਹੀ ਹੈ। ਭਾਰਤ ਦੇ ਵਾਸੀਆਂ ਨੂੰ ਜੋ ਗੱਲ ਬਿਲਕੁਲ ਨਹੀਂ ਪਤਾ ਹੋਵੇਗੀ ਜੇਕਰ ਥੋੜ੍ਹੀ ਬਹੁਤ ਹੋਵੇਗੀ ਤਾਂ ਥੋੜ੍ਹੇ ਲੋਕਾਂ ਤੱਕ ਹੀ ਹੋ ਸਕਦੀ ਹੈ।
ਸਿੱਖ ਭਾਈਚਾਰਾ ਉਹ ਭਾਈਚਾਰਾ ਹੈ ਜੋ 1947 ਦੀ ਦੇਸ਼ ਆਜ਼ਾਦੀ ਦੀ ਲੜਾਈ ਦਾ ਜਿੱਥੇ ਸਭ ਤੋਂ ਵੱਧ ਹਿੱਸੇਦਾਰ ਹੈ ਜੇਲ੍ਹਾਂ ਕੱਟਣ, ਸ਼ਹੀਦ ਹੋਣ, ਜ਼ਮੀਨ ਜਾਇਦਾਦ ਕੁਰਕ ਕਰਵਾਉਣ ਵਿੱਚ। ਓਥੇ ਇਹ ਭਾਈਚਾਰਾ ਦੇਸ਼ ਦੀ ਵੰਡ ਦਾ ਤੀਜੀ ਹਿੱਸੇਦਾਰੀ ਦਾ ਮਾਲਕ ਵੀ ਸੀ। ਇਹ ਤੀਜੀ ਧਿਰ ਸੀ ਜੋ ਅੰਗ੍ਰੇਜ਼ੀ ਹੁਕਮਰਾਨਾਂ ਨਾਲ ਗੱਲ ਬਾਤ ਵਿੱਚ ਭਾਈਵਾਲ ਹੈ। ਇਸ ਹਕੀਕਤ ਨੂੰ ਅੰਗਰੇਜ਼ਾਂ ਨੇ ਸਵੀਕਾਰ ਕੀਤਾ ਸੀ ਅਤੇ ਭਾਰਤੀ ਆਜ਼ਾਦੀ ਘੁਲਾਟੀਏ ਵੀ ਇਸ ਸੱਚ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਸਨ।
ਕਿਉਂਕਿ ਅੰਗ੍ਰੇਜ਼ਾਂ ਨੇ ਭਾਰਤੀ ਸੂਬਿਆਂ ਤਥਾ ਇਲਾਕਿਆਂ ’ਤੇ ਕਬਜ਼ਾ ਕੀਤਾ ਆਪਣੀਆਂ ਕੁਟਲ ਚਾਲਬਾਜ਼ੀਆਂ ਨਾਲ ਪਰ ਸਿੱਖ ਆਪਣੇ ਰਾਜਭਾਗ ਦੇ ਵਾਰਸ ਸਨ। ਅੰਗਰੇਜ਼ ਨਾਲ ਰਾਜ ਦੀਆਂ ਸਰਹੱਦੀ ਸੰਧੀਆਂ ਦੇ ਪ੍ਰਤੱਖ ਸਬੂਤ ਹਨ। ਭਾਰਤੀ ਖਿੱਤੇ ਦੇ ਦੂਜੇ ਹਿੱਸਿਆਂ ’ਤੇ ਅੰਗਰੇਜ਼ਾਂ ਨੇ ਪੰਜਾਬ ਨਾਲੋਂ ਸੌ ਸਾਲ ਵੱਧ ਰਾਜ ਕੀਤਾ ਤੇ ਗੁਲਾਮ ਰੱਖਿਆ। ਜਦੋਂ ਪੰਜਾਬ ਅੰਦਰਲੇ ਸਿੱਖ ਰਾਜ ਨੂੰ ਅੰਗਰੇਜ਼ਾਂ ਨੇ ਬਹੁਤ ਹੀ ਘਟੀਆ ਕਪਟ ਭਰੀਆਂ ਚਾਲਾਂ ਨਾਲ ਹਥਿਆਇਆ ਸੀ। ਸਿੱਖਾਂ ਨੇ ਅੰਗਰੇਜ਼ੀ ਰਾਜ ਦੀ ਗ਼ੁਲਾਮੀ ਨੂੰ ਕਦੇ ਵੀ ਮਾਨਸਿਕ ਤੌਰ ਤੇ ਨਹੀਂ ਸਵੀਕਾਰਿਆ। ਬਲਕਿ ਆਪਣੇ ਰਾਜ ਹੱਕ ਲੈਣ ਲਈ ਨਿਰੰਤਰ ਯਤਨਸ਼ੀਲ ਰਹੇ। ਜਾਂ ਹੋਰ ਢੰਗ ਅਪਣਾ ਕੇ ਆਪਣੇ ਹੱਕਾਂ ਲਈ ਕੰਮ ਕਰਨਾ ਜਾਰੀ ਰੱਖਿਆ।ਧਾਰਮਿਕ ਅਸਥਾਨਾਂ ’ਤੇ ਪ੍ਰਬੰਧ ਲੈਣ ਵੱਲ ਧਿਆਨ ਦੇ ਕੇ ਅੰਗਰੇਜ਼ੀ ਰਾਜ ਦੇ ਖਾਸ ਪਿੱਠੂਆਂ ਨੂੰ ਬਾਹਰ ਕੱਢਣ ਲਈ ਕੁਰਬਾਨੀਆਂ ਦਾ ਇਤਿਹਾਸ ਰਚਿਆ। ਜਿੱਥੇ ਅੰਗਰੇਜ਼ੀ ਰਾਜ ਨੂੰ ਝੁਕਣ ਲਈ ਮਜ਼ਬੂਰ ਕੀਤਾ।
ਆਜ਼ਾਦੀ ਦੀ ਕੀਮਤ ਸਭ ਤੋਂ ਵੱਧ ਸਿੱਖਾਂ ਨੇ ਤਾਰੀ ਹੈ। ਦੇਸ਼ ਲਈ ਮੁਹੱਬਤ ਵੀ ਸਿੱਖਾਂ ਸਭ ਤੋਂ ਵਧੇਰੇ ਪ੍ਰਗਟਾਉਣ ਵਿੱਚ ਨਾਮਣਾ ਖੱਟਿਆ ਹੈ।
ਕਿਉਂਕਿ ਸਿੱਖਾਂ ਨਵੇਂ ਇਤਿਹਾਸ ਵਿੱਚ ਜੋ ਰੁਤਬਾ ਦੇ ਕੇ ਇਨ੍ਹਾਂ ਬਾਰੇ ਬਹੁਤ ਸਪੱਸ਼ਟ ਤੇ ਮਹੱਤਵਪੂਰਨ ਕੁਰਬਾਨੀ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਰੱਖਣ ਦੀ ਜ਼ਿੰਮੇਵਾਰੀ ਭਾਰਤੀ ਹਾਕਮਾਂ ਦੀ ਸੀ ਉਹ ਨਹੀਂ ਨਿਭਾਈ ਗਈ। ਭਾਰਤੀ ਵਿੱਦਿਆ ਸਮੱਗਰੀ ਅੰਦਰ ਸਿੱਖ ਭਾਈਚਾਰੇ ਦੀ ਦੇਸ਼ ਪ੍ਰਸਤੀ ਦੀ ਗਾਥਾ ਨੂੰ ਉਜਾਗਰ ਨਹੀਂ ਕੀਤਾ ਗਿਆ। ਇਸ ਲਈ ਸਿੱਖ ਭਾਈਚਾਰੇ ਨੂੰ ਭਾਰਤੀ ਆਬਾਦੀ ਦਾ ਵੱਡਾ ਹਿੱਸਾ ਇਸ ਦੇ ਇਤਿਹਾਸ ਗੌਰਵ ਦੇ ਪੱਖੋਂ ਨਹੀਂ ਜਾਣਦਾ। ਹਾਂ ਜੇਕਰ ਜਾਣਕਾਰੀ ਹੈ ਤਾਂ ਉਹ ਬਹੁਤ ਅਧੂਰੀ ਹੈ। ਇਨ੍ਹਾਂ ਦੀ ਛਵੀ ਨੂੰ ਵਧੇਰੇ ਕਰਕੇ ਦੇਸ਼ ਅੰਦਰ ਦੇਸ਼ ਧ੍ਰੋਹੀਆਂ ਦੇ ਤੌਰ ਤੇ ਲੰਮਾ ਸਮਾਂ ਮਿਲ ਕੇ ਪ੍ਰਚਾਰਿਆ ਪ੍ਰਸਾਰਿਆ ਗਿਆ ਹੈ। ਹਊਆ ਬਣਾ ਕੇ ਅਤਿ ਦੀ ਨਫ਼ਰਤ ਭਰਕੇ ਵੋਟਤੰਤਰ ਦਾ ਰਾਜਸੀ ਹਿੱਤਾਂ ਲਈ ਭੁਗਤਾਨ ਕਰਵਾਇਆ ਜਾਂਦਾ ਰਿਹਾ ਹੈ।
ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਵਾਏ ਸਿੱਖਾਂ ਦੇ ਇੱਕ ਖ਼ਾਸ ਚੇਤੰਨ ਭਾਈਚਾਰੇ ਤੋਂ ਬਗੈਰ ਨਾ ਪੰਜਾਬ ਵਾਸੀਆਂ ਨੇ ਕਦੀ ਨੇਕ ਨੀਤੀ ਨਾਲ ਜਾਨਣ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨ ਹੀ ਹਕੀਕਤ ਦੇ ਆਰ ਪਾਰ ਜਾ ਕੇ ਸੱਚ ਨਾਲ ਖੜ੍ਹੇ ਹੋਣ ਵਾਲੇ ਫਰਜ਼ ਨੂੰ ਪਛਾਣਿਆ ਹੈ। ਇਹੀ ਕਾਰਨ ਹੈ ਸਿੱਖ ਮੁੱਦੇ, ਮੁੱਦੇ ਹੀ ਨਹੀਂ ਸਮਝੇ ਜਾਂਦੇ। ਹਾਲਾਂਕਿ ਸਿੱਖ ਮੁੱਦਿਆਂ ਵਿਚ ਸਿੱਖ ਭਾਈਚਾਰੇ ਦਾ ਜਾਤੀ ਸਵਾਰਥ ਕਦੇ ਸ਼ਾਮਲ ਨਹੀਂ ਰਿਹਾ। ਕਿਉਂਕਿ ਜਿਹੜੇ ਗੁਰੂ ਗਿਆਨ ਸੋਚ ਦੇ ਪਹਿਰੇਦਾਰ ਵਜੋਂ ਸਿੱਖ ਸਮਾਜ ਸੰਸਾਰ ਵਿੱਚ ਵਿਚਰਦਾ ਹੈ ਉਸ ਦਾ ਸਪਸ਼ਟ ਐਲਾਨ ਹੈ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।’
ਐਸੇ ਸੱਚੇ ਸੁੱਚੇ ਗਿਆਨ ਪ੍ਰਭਾਵ ਦੇ ਵਾਰਸ ਹਨ ਸਿੱਖ।
ਪੰਜਾਬ ਦਾ ਖਿੱਤਾ ਇਨ੍ਹਾਂ ਦੀ ਰੂਹ ਹੈ ਜਿੰਦ ਜਾਨ ਹੈ ਇਹ ਇਸ ਖਿੱਤੇ ਨੂੰ ਜਨਮ ਸਿੱਧ ਅਧਿਕਾਰ ਹੇਠ ਵੇਖਦੇ ਹਨ ਅਤੇ ਮਾਣ ਕਰਦੇ ਹਨ ਪੰਜਾਬ ਦੀ ਇਸ ਪਵਿੱਤਰ ਧਰਤੀ ’ਤੇ। ਇਹੀ ਇਨ੍ਹਾਂ ਦੀ ਪਕੜ ਹੈ ਸੁਹਿਰਦਤਾ ਹੈ ਇਸ ਧਰਤੀ ਪ੍ਰਤੀ ਇਸ ਦੇ ਮਾਣ ਸਨਮਾਨ ਲਈ ਕੰਮ ਕਰਨਾ ਰੂਹ ਦਾ ਜਨੂੰਨ ਹੈ ਨ ਕਿ ਕੋਈ ਜਾਤੀ ਸਿੱਧੀ ਲਈ ਲੜੀ ਜਾਣ ਵਾਲੀ ਸਵਾਰਥੀ ਲੜਾਈ ਹੈ।
‘ਬੰਦੀ ਸਿੰਘ ਕੌਣ ਹਨ’ ਪੰਜਾਬ ਵਾਸੀਆਂ ਨੂੰ ਹੁਣ ਪੂਰੀ ਤਰ੍ਹਾਂ ਯਾਦ ਨਹੀਂ ਹੋਵੇਗਾ। ਕੀ ਇਹ ਕੋਈ ਧਾੜਵੀ ਨੇ, ਕਾਤਲ ਨੇ, ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਕਿਸੇ ਗ੍ਰੋਹ ਦੇ ਕਰਿੰਦੇ ਨੇ ? ਨਹੀਂ। ਨਹੀਂ ॥ ਨਹੀਂ॥। ਇਹ ਪੰਜਾਬ ਲਈ ਪੰਜਾਬ ਦੀ ਸ਼ਾਨ ਲਈ ਆਪਣੇ ਮਜ਼ਬੀ ਹੱਕ ਹਕੂਕ ਲਈ ਸ਼ਾਂਤਮਈ ਸੰਘਰਸ਼ ਕਰਨ ਵਾਲਿਆਂ ਦੀ ਅੰਸ਼ ਬੰਸ ਹਨ। ਇਨਾਂ ਦੇ ਪੁਰਖਿਆਂ ਨੇ 1947 ਤੋਂ ਪੰਜਾਬ ਅਤੇ ਪੰਥ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ ਆਪਣੇ ਉਸ ਦੇਸ਼ ਅੰਦਰ ਜਿਸ ਦੀ ਆਜ਼ਾਦੀ ਦੀਆਂ ਨੀਂਹਾਂ ਵਿੱਚ ਸਿਰ ਚੁਣਵਾਏ ਹਨ। ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਫਾਂਸੀਆਂ ਦੇ ਰੱਸੇ ਚੁੰਮਣ ਦੀ ਦਲੇਰੀ ਕੀਤੀ ਹੈ। ਦੁੱਖ ਹੁੰਦਾ ਹੈ ਜਦੋਂ 1947 ਤੋਂ ਮਗਰੋਂ ਦਾ ਇਤਿਹਾਸ ਪੜ੍ਹਦੇ ਸੁਣਦੇ ਤੇ ਅੱਖੀਂ ਹੋ ਰਹੇ ਸਿੱਖਾਂ ਨਾਲ ਹਕੂਮਤੀ ਵਿਹਾਰ ਨੂੰ ਵੇਖ ਰਹੇ ਹਾਂ।
ਭਾਰਤ ਦੀ ਹਕੂਮਤ ਵੱਲੋਂ ਹੱਕੀ ਮੰਗਾਂ ਨ ਸਮੇਂ ਸਿਰ ਸੁਣੀਆਂ ਪੜ੍ਹੀਆਂ ਨਾ ਹੀ ਮੰਨੀਆਂ। ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ। ਗੱਲ ਬਾਤ ਰਾਹੀਂ ਸਾਰੇ ਮਸਲੇ ਹੱਲ ਹੁੰਦੇ ਹਨ ਇਹ ਸੰਸਾਰ ਪ੍ਰਸਿੱਧ ਅਸੂਲ ਹੈ। ਸੰਘਰਸ਼ ਕਿਸੇ ਵੀ ਪ੍ਰਕਾਰ ਦਾ ਕਿਉਂ ਨ ਹੋਵੇ ਨਤੀਜੇ ਬੈਠ ਕੇ ਕੀਤੀ ਗੱਲ ਬਾਤ ਰਾਹੀਂ ਹੀ ਨਿੱਕਲਦੇ ਹਨ। ਮਗਰ ਇਥੇ ਸਿੱਖਾਂ ਬਾਰੇ ਭਾਰਤੀ ਹਾਕਮਾਂ ਦੇ ਤੌਰ ਤਰੀਕੇ ਹੀ ਵੱਖਰੇ ਰਹੇ। ਜਾਣ ਬੁੱਝ ਕੇ ਮਾਹੌਲ ਵਿੱਚ ਜ਼ਹਿਰ ਭਰਿਆ ਸਿੱਖਾਂ ਬਾਰੇ ਗ਼ਲਤ ਪ੍ਰਚਾਰ ਕੀਤਾ ਜਾਣ ਬੁੱਝ ਕੇ ਦਰਬਾਰ ਸਾਹਿਬ ਅਤੇ ਹੋਰ ਗੁਰ ਅਸਥਾਨਾਂ ’ਤੇ ਭਾਰਤੀ ਫ਼ੌਜ ਨੂੰ ਸਿੱਖਾਂ ਨੂੰ ਸਬਕ ਸਿਖਾਉਣ ਦੀ ਕਪਟੀ ਨੀਤੀ ਨਾਲ ਚਾੜਿ੍ਹਆ। ਇਹ ਸੰਸਾਰ ਦੇ ਅੰਦਰ ਆਪਣੇ ਹੀ ਵਤਨ ਦੀ ਹਕੂਮਤ ਦਾ ਦੇਸ਼ ਦੇ ਮਹਾਨ ਸੇਵਕ ਸਿਖ ਭਾਈਚਾਰੇ ਨੂੰ ਜਾਣ ਬੁੱਝ ਕੇ ਦੇਸ਼ ਦੀ ਫ਼ੌਜ ਭੇਜ ਕੇ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ ਸੀ।
ਉਸ ਦੇ ਰੋਸ ਵਜੋਂ ਆਪਣੇ ਧਾਰਮਿਕ ਅਸਥਾਨਾਂ ਦੀ ਹਕੂਮਤ ਵਲੋਂ ਕੀਤੀ ਗਈ ਅਪਮਾਨਜਨਕ ਕਾਰਵਾਈ ਦਾ ਵਿਰੋਧ ਸਿੱਖ ਗੱਭਰੂਆਂ ਨੇ ਕੀਤਾ। ਉਨ੍ਹਾਂ ਨੂੰ ਫੜ ਕੇ ਭੈੜੇ ਭੈੜੇ ਕਨੂੰਨ ਵੱਖਰੇ ਬਣਾ ਕੇ ਜੇਲ੍ਹਾਂ ਵਿੱਚ ਤਾੜਿਆ ਹੋਇਆ ਹੈ ਇਹ ਹੱਕਾਂ ਦੀ ਲੜਾਈ ਲੜਨ ਵਾਲੇ ਸਿਆਸੀ ਕੈਦੀ ਹਨ। ਜ਼ਰਾਇਮ ਪੇਸ਼ਾ ਨਹੀਂ ਹਨ। ਨ ਇਨ੍ਹਾਂ ਵਿਚੋਂ ਕਿਸੇ ਦਾ ਜਾਤੀ ਸਵਾਰਥ ਭਰਿਆ ਕੋਈ ਹਿੱਤ ਹੈ। ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਕੀਤੇ ਜਾ ਚੁੱਕੇ ਹਨ ਹੋਰ ਕਈ ਸੰਘਰਸ਼ ਨਾਲ ਜੁੜਿਆਂ ਨੂੰ ਛੱਡਿਆ ਜਾ ਚੁੱਕਾ ਹੈ। ਮਗਰ ਇਹ ਸਿੱਖ ਕੈਦੀ ਦਹਾਕਿਆਂ ਤੋਂ ਬੰਦੀ ਖ਼ਾਨੇ ਵਿਚ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਰੱਖੇ ਹਨ। 2019 ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਰਿਹਾਈ ਦਾ ਐਲਾਨ ਵੀ ਕੀਤਾ ਸੀ ਮਗਰ ਅਮਲ ਹੀ ਨਹੀਂ। ਅੱਜ ਆਵਾਜ਼ ਬੁਲੰਦ ਕਰਨ ’ਤੇ ਫਿਰ ਤਸ਼ੱਦਦ ਹੋ ਰਿਹਾ ਹੈ। ਕਈ ਵਾਰ ਗਵਰਨਰ, ਰਾਸ਼ਟਰਪਤੀ ਆਦਿ ਦੇਸ਼ ਦੇ ਸਤਿਕਾਰਤ ਅਹੁਦਿਆਂ ਵਾਲਿਆਂ ਨੂੰ ਮੰਗ ਪੱਤਰ ਸੌਂਪਿਆ ਜਾ ਚੁੱਕਿਆ ਹੈ।
ਸਿਆਸੀ ਤੌਰ ਤੇ ਮੰਗ ਨੂੰ ਨਿਰੰਤਰ ਭਾਰਤ ਸਰਕਾਰ ਦੇ ਸਾਹਮਣੇ ਰੱਖਣ ਦਾ ਯਤਨ ਹੁੰਦਾ ਆ ਰਿਹਾ ਹੈ। ਜਿੱਦੀ ਵਤੀਰਾ ਅਖ਼ਤਿਆਰ ਕਰਕੇ ਇਸ ਦੇ ਹੱਲ ਤੋਂ ਜਾਣ ਬੁੱਝ ਕੇ ਹਕੂਮਤ ਪਾਸਾ ਵੱਟਦੀ ਰਹੀ ਹੈ ਅੱਜ ਵੀ ਐਸਾ ਹੀ ਹੈ। ਜੋ ਸਿੱਖ ਹਲਕਿਆਂ ਅੰਦਰ ਰੋਸ ਪੈਦਾ ਕਰਦਾ ਹੈ ਨਵੀਆਂ ਪੀੜ੍ਹੀਆਂ ਲਈ ਇਹ ਹਕੂਮਤੀ ਵਿਹਾਰ ਉਦਾਸੀ ਦੇ ਰਿਹਾ ਹੈ।
21 ਅਗਸਤ 2026 ਪੰਜਾਬ ਬੰਦ ਲਈ ਆਵਾਜ਼ ਦਿੱਤੀ ਗਈ ਸੀ ਕਿਉਂਕਿ ਪਿਛਲੇ ਦਿਨੀਂ ਗਵਰਨਰ ਨੂੰ ਰੋਸ ਪੱਤਰ ਦੇਣ ਜਾਣ ਵਾਲਿਆਂ ਤੇ ਬੇਹਿਸਾਬ ਪੁਲਸੀਆ ਜ਼ੁਲਮ ਢਾਹਿਆ ਗਿਆ ਸੀ। ਅੱਜ ਪੰਜਾਬ ਵਿੱਚ ਕਿੰਨਾ ਸਮਰਥਨ ਮਿਲਿਆ ਇਹ ਗੱਲ ਵੱਡੇ ਅਰਥ ਨਹੀਂ ਰੱਖਦੀ ਵੱਡੇ ਅਰਥ ਹਨ ਕਿ ਭਾਰਤੀ ਹਕੂਮਤ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਦੀ?
ਹੁਣ ਤੇ ਇਸ ਤੋਂ ਅਗਲੀ ਜ਼ਾਲਮੀ ਕਾਰਵਾਈ ਕਰਦਿਆਂ ਨਵੇਂ ਸਿੰਘਾਂ ਨੂੰ ਫੜ ਕੇ ਪੰਜਾਬ ਤੋਂ ਕਾਲੇ ਕਾਨੂੰਨ ਹੇਠ ਸਾਲਾਂ ਤੋਂ ਬੰਦ ਕਰਨ ਦਾ ਧੱਕਾ ਹੋ ਰਿਹਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਸ ਧੱਕੇ ਲਈ ਦੋਸ਼ੀ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਸ ਇਲਾਕੇ ਦੇ ਲੋਕਾਂ ਨੇ ਲੋਕ ਸਭਾ ਦਾ ਨੁਮਾਇੰਦਾ ਚੁਣਿਆ ਹੋਇਆ ਹੈ ਉਹ ਵੀ ਜੇਲ੍ਹ ਵਿਚ ਬੰਦ ਹੈ।
ਸਰਕਾਰ ਨੂੰ ਸਿੱਖ ਕੈਦੀ ਜੋ ਪਹਿਲਾਂ ਤੋਂ ਕੈਦ ਹਨ ਜਾਂ ਹੁਣ ਇਸ ਤਰ੍ਹਾਂ ਫੜ ਕੇ ਬੰਦੀ ਬਣਾਏ ਹਨ ਬਿਨਾਂ ਦੇਰ ਰਿਹਾ ਕਰਨੇ ਚਾਹੀਦੇ ਹਨ।
ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ।


Comments (0)