ਪੰਜਾਬ ਵਿਚ 25-30 ਲੱਖ ਲੋਕਾਂ ਦਾ ਧਰਮ ਪਰਿਵਰਤਨ

ਪੰਜਾਬ ਵਿਚ 25-30 ਲੱਖ ਲੋਕਾਂ ਦਾ ਧਰਮ ਪਰਿਵਰਤਨ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੰਜਾਬ ਵਿੱਚ 25 ਤੋਂ 30 ਲੱਖ ਲੋਕਾਂ ਦੇ ਧਰਮ ਪਰਿਵਰਤਨ ਦੇ ਕੀਤੇ ਦਾਅਵੇ ਨੇ ਸੂਬੇ ਦੇ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ। ਅੰਮ੍ਰਿਤਸਰ ਵਿਖੇ ਕਰਵਾਈ ਗਈ ‘ਪੰਜਾਬ ਚਿੰਤਨ ਬੈਠਕ’ ਦੌਰਾਨ ਸਾਹਨੀ ਨੇ ਜਿੱਥੇ ਸਿੱਖ ਸੰਸਥਾਵਾਂ ਦੀ ਭੂਮਿਕਾ ’ਤੇ ਸਵਾਲ ਚੁੱਕੇ, ਉੱਥੇ ਹੀ ਇਸ ਮੁੱਦੇ ਦੇ ਸਿਆਸੀ ਪਹਿਲੂਆਂ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ।
 
​ਵਿਕਰਮਜੀਤ ਸਾਹਨੀ ਦਾ ਕਹਿਣਾ ਹੈ ਕਿ ਅੰਧਵਿਸ਼ਵਾਸ, ਕਥਿਤ ਚਮਤਕਾਰੀ ਇਲਾਜਾਂ ਦੇ ਦਾਅਵਿਆਂ ਅਤੇ ਗ਼ਰੀਬੀ ਦਾ ਫ਼ਾਇਦਾ ਚੁੱਕ ਕੇ ਵੱਡੇ ਪੱਧਰ ’ਤੇ ਧਰਮ ਬਦਲੀ ਕਰਵਾਈ ਜਾ ਰਹੀ ਹੈ।
​ਅੰਕੜਿਆਂ ਦਾ ਪੱਖ: 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਵਿੱਚ ਈਸਾਈ ਆਬਾਦੀ ਲਗਭਗ 1.5% (ਕਰੀਬ 4.5 ਲੱਖ) ਸੀ।
25-30 ਲੱਖ ਦਾ ਅੰਕੜਾ ਪੰਜਾਬ ਦੀ ਕੁੱਲ ਆਬਾਦੀ ਦਾ ਲਗਭਗ 10% ਬਣਦਾ ਹੈ। ਹਾਲਾਂਕਿ ਜ਼ਮੀਨੀ ਪੱਧਰ ’ਤੇ ਸਰਹੱਦੀ ਅਤੇ ਪੇਂਡੂ ਖੇਤਰਾਂ ਵਿੱਚ ਪ੍ਰਚਾਰ ਵਧਿਆ ਹੈ, ਪਰ ਇਸ ਦਾਅਵੇ ਦੀ ਪੁਸ਼ਟੀ ਲਈ ਸਾਹਨੀ ਵੱਲੋਂ ਕੋਈ ਸਰਕਾਰੀ ਦਸਤਾਵੇਜ਼ ਜਾਂ ਅਧਿਕਾਰਤ ਸਰਵੇਖਣ ਪੇਸ਼ ਨਹੀਂ ਕੀਤਾ ਗਿਆ। ਇਸ ਲਈ ਮਾਹਿਰ ਇਸ ਨੂੰ ਅਧਿਕਾਰਤ ਨਾਲੋਂ ਅੰਦਾਜ਼ਨ ਅੰਕੜਾ ਵੱਧ ਮੰਨਦੇ ਹਨ।
 
​ਸਿੱਖ ਸੰਸਥਾਵਾਂ ਦੀ ਭੂਮਿਕਾ ’ਤੇ ਸਵਾਲ ਕਿਉਂ?
​ਸਾਹਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਖ਼ਾਲਸਾ ਦੀਵਾਨ ਵਰਗੀਆਂ ਮੁੱਖ ਸੰਸਥਾਵਾਂ ਨੂੰ ਘੇਰਦਿਆਂ ਆਤਮ-ਪੜਚੋਲ ਦੀ ਸਲਾਹ ਦਿੱਤੀ।  ਉਨ੍ਹਾਂ ਦਾ ਕਹਿਣਾ ਹੈ ਕਿ ਹਾਸ਼ੀਏ ’ਤੇ ਧੱਕੇ ਗਏ ਅਤੇ ਗ਼ਰੀਬ ਸਿਖ ਵਰਗਾਂ ਤੱਕ ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ ਪਹੁੰਚਾਉਣ ਵਿੱਚ ਪੰਥਕ ਸੰਸਥਾਵਾਂ ਦੀ ਢਿੱਲ ਇਸ ਦਾ ਕਾਰਣ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਿੰਡਾਂ ਵਿੱਚ ਦਲਿਤ ਭਾਈਚਾਰੇ ਨਾਲ ਜਾਤੀ ਵਿਤਕਰਾ, ਵੱਖਰੇ ਗੁਰਦੁਆਰੇ ਅਤੇ ਵੱਖਰੇ ਸ਼ਮਸ਼ਾਨਘਾਟ ਹੋਣਾ, ਜਿਸ ਕਾਰਨ ਲੋਕ ਬਰਾਬਰੀ ਦੀ ਭਾਲ ਵਿੱਚ ਦੂਜੇ ਪਾਸੇ ਰੁਖ਼ ਕਰਦੇ ਹਨ।
ਉਨ੍ਹਾਂ  ਨੇ ਇਸ ਦੇ ਬਦਲ ਵਜੋਂ ਬੈਠਕ ਵਿੱਚ ਫ਼ੀਸਾਂ, ਹੁਨਰ ਸਿਖਲਾਈ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ‘ਸਿੱਖਿਆ ਲੰਗਰ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।