ਪੰਜਾਬ ਦੇ ਸਮਾਜਿਕ ਤੇ ਸਿਆਸੀ ਮਨਾਂ ਦਾ ਹਿੱਸਾ ਬਣੀ ਫ਼ਿਲਮ ‘ਸਤਲੁਜ’

ਪੰਜਾਬ ਦੇ ਸਮਾਜਿਕ ਤੇ ਸਿਆਸੀ ਮਨਾਂ ਦਾ ਹਿੱਸਾ ਬਣੀ ਫ਼ਿਲਮ ‘ਸਤਲੁਜ’

ਚੰਡੀਗੜ੍ਹ/ਏ.ਟੀ.ਨਿਊਜ਼: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫ਼ਿਲਮ ਸਤਲੁਜ ਪੰਜਾਬ ਦੀ ਸਿਆਸਤ ’ਚ ਕੇਂਦਰ ਬਿੰਦੂ ਵਜੋਂ ਉੱਭਰਨ ਲੱਗੀ ਹੈ। ਸੂਬੇ ਦੇ ਸੈਂਕੜੇ ਪਿੰਡਾਂ ਤੇ ਕਸਬਿਆਂ ’ਚ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਦਿਖਾਈ ਜਾ ਚੁੱਕੀ ਹੈ। ਓ. ਟੀ. ਟੀ. ਪਲੇਟਫ਼ਾਰਮ ਤੋਂ ਹਟਾਏ ਜਾਣ ਮਗਰੋਂ ਪੰਜ ਦਿਨਾਂ ’ਚ ਹੀ ਇਹ ਫ਼ਿਲਮ ਪੰਜਾਬ ਦੇ ਸਮਾਜਿਕ ਤੇ ਸਿਆਸੀ ਮਨਾਂ ਦਾ ਹਿੱਸਾ ਬਣ ਗਈ ਹੈ। ਕਈ ਸਿਆਸੀ ਧਿਰਾਂ ਇਸ ਫ਼ਿਲਮ ਦੇ ਜ਼ਰੀਏ ਆਪਣੇ ਸਿਆਸੀ ਬਿਰਤਾਂਤ ਲਈ ਵੀ ਜੁਟ ਗਈਆਂ ਹਨ। ‘ਆਪ’ ਸਰਕਾਰ ਵੱਲੋਂ ਪ੍ਰਚਾਰੇ ਜਾ ਰਹੇ ਅਹਿਮ ਮੁੱਦੇ ਜਿਵੇਂ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਆਦਿ ਫ਼ਿਲਮ ਸਤਲੁਜ ਕਾਰਨ ਮੱਠੇ ਪੈ ਗਏ ਹਨ।
ਇਸੇ ਤਰ੍ਹਾਂ ਭਗਵੰਤ ਮਾਨ ਖ਼ਿਲਾਫ਼ ‘ਪੰਥ ਦੋਖੀ’ ਹੋਣ ਦੇ ਪੋਸਟਰਾਂ ਦੀ ਮੁਹਿੰਮ ਵੀ ਇਸ ਫ਼ਿਲਮ ਨੇ ਲਾਂਭੇ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਥ ਕਲੱਬਾਂ, ਨਸ਼ਾ ਵਿਰੋਧੀ ਸਮੂਹਾਂ, ਪਿੰਡ ਪੱਧਰੀ ਕਮੇਟੀਆਂ, ਸ਼੍ਰੋਮਣੀ ਅਕਾਲੀ ਦਲ, ਮਿਸਲ ਸਤਲੁਜ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਫ਼ਿਲਮ ਸਤਲੁਜ ਪਿੰਡ-ਪਿੰਡ ਦਿਖਾਉਣ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਸਿਆਸੀ ਧਿਰਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਅਧਾਰਿਤ ਫ਼ਿਲਮ ਦੀ ਜਨਤਕ ਸਕਰੀਨਿੰਗ ਦਾ ਪ੍ਰਬੰਧ ਕਰਨ ਲਈ ਪ੍ਰੋਜੈਕਟਰ ਅਤੇ ਟੈਂਪੂ/ਮਿੰਨੀ ਟਰੱਕ ਕਿਰਾਏ ’ਤੇ ਲਏ ਹਨ।
ਅੰਦਾਜ਼ੇ ਅਨੁਸਾਰ ਹੁਣ ਤੱਕ ਇਹ ਫ਼ਿਲਮ ਚਾਰ ਸੌ ਤੋਂ ਜ਼ਿਆਦਾ ਪਿੰਡਾਂ ਤੇ ਕਸਬਿਆਂ ’ਚ ਦਿਖਾਈ ਜਾ ਚੁੱਕੀ ਹੈ। ਪਿੰਡਾਂ ’ਚ ਫ਼ਿਲਮ ਦੀ ਮੰਗ ਐਨੀ ਜ਼ਿਆਦਾ ਹੈ ਕਿ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਜਨਤਕ ਸਕਰੀਨਿੰਗ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਪਿੰਡਾਂ ’ਚੋਂ ਫ਼ਿਲਮ ਦਿਖਾਉਣ ਦੀ ਮੰਗ ਆਉਣ ਲੱਗੀ ਹੈ ਤੇ ਉਹ ਪਿੰਡਾਂ ’ਚ ਫ਼ਿਲਮ ਦਿਖਾਉਣ ਲਈ ਸਹਿਯੋਗ ਕਰ ਰਹੇ ਹਨ। ਇਸ ਹਲਕੇ ’ਚ ਇੱਕ ਛੋਟੇ ਵਾਹਨ ’ਤੇ ਪ੍ਰੋਜੈਕਟਰ ਲਗਾ ਕੇ ਫ਼ਿਲਮ ਪਿੰਡ-ਪਿੰਡ ਦਿਖਾਈ ਜਾ ਰਹੀ ਹੈ।
ਬਠਿੰਡਾ ਦਾ ਗੁਰਵਿੰਦਰ ਸ਼ਰਮਾ ਦੋ ਦਿਨਾਂ ’ਚ ਬੁਲਾਡੇ ਵਾਲਾ ਅਤੇ ਫ਼ੂਸ ਮੰਡੀ ’ਚ ਇਹ ਫ਼ਿਲਮ ਦਿਖਾ ਚੁੱਕਿਆ ਹੈ। ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਫ਼ਿਲਮ ਸਤਲੁਜ ਦੀ ਸਕਰੀਨਿੰਗ ਦੇ ਪ੍ਰਬੰਧ ਲਈ ਉਨ੍ਹਾਂ ਦੇ ਹਲਕੇ ਵਿੱਚ ਬਹੁਤ ਵੱਡੀ ਜਨਤਕ ਮੰਗ ਹੈ। ਉਨ੍ਹਾਂ ਕਿਹਾ ਕਿ ਉਹ ਫ਼ਿਲਮ ਲਈ ਸਹਿਯੋਗ ਕਰਨਗੇ। ਇਸੇ ਤਰ੍ਹਾਂ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦਾਖਾ ਵਿੱਚ ਹੀ ਨਹੀਂ, ਸਗੋਂ ਪੂਰੇ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਫ਼ਿਲਮ ਪ੍ਰਦਰਸ਼ਿਤ ਕਰਨ ਦੀ ਮੰਗ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਦਾਖਾ ਹਲਕੇ ’ਚ 25 ਸ਼ੋਅ ਹੋ ਗਏ ਹਨ ਅਤੇ ਰੋਜ਼ਾਨਾ ਤਿੰਨ ਤੋਂ ਚਾਰ ਪਿੰਡਾਂ ’ਚ ਫ਼ਿਲਮ ਦਿਖਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਵੈਨ ਦਾ ਵੀ ਇਸ ਵਾਸਤੇ ਪ੍ਰਬੰਧ ਕੀਤਾ ਗਿਆ ਹੈ।
    ਸਮਾਜਿਕ-ਰਾਜਨੀਤਿਕ ਸੰਸਥਾ, ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ ਫ਼ਿਲਮ ਦੀਆਂ 50 ਸਕਰੀਨਿੰਗਾਂ ਕਰ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 14 ਪ੍ਰੋਜੈਕਟਰਾਂ ਅਤੇ ਸਕਰੀਨਾਂ ਦੀ ਵਰਤੋਂ ਕਰਕੇ ਮੋਹਾਲੀ, ਖਰੜ, ਰੋਪੜ, ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਦੇ ਪਿੰਡਾਂ ਵਿੱਚ ਫ਼ਿਲਮ ਪ੍ਰਦਰਸ਼ਿਤ ਕੀਤੀ ਹੈ। ਸੰਗਰੂਰ ਇਲਾਕੇ ’ਚ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਅਤੇ ਖੇੜੀ ਕਲਾਂ ਵੱਲੋਂ 7 ਜੁਲਾਈ ਤੋਂ ਪਿੰਡ-ਪਿੰਡ ਇਹ ਫ਼ਿਲਮ ਦਿਖਾਉਣੀ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਕੋਲ 30 ਜੁਲਾਈ ਤੱਕ ਦੀ ਬੁਕਿੰਗ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਰਾਜ ਭਰ ਵਿੱਚ ਸਤਲੁਜ ਦੇ ਜਨਤਕ ਸ਼ੋਅ ਕਰਨਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਅਗਰ ਫ਼ਿਲਮ ’ਤੇ ਪਾਬੰਦੀ ਨਾ ਹਟਾਈ ਤਾਂ ਉਹ ਇੱਕ-ਦੋ ਦਿਨਾਂ ’ਚ ਫ਼ੈਸਲਾ ਕਰਕੇ ਫ਼ਿਲਮ ਦਿਖਾਉਣ ਦੀ ਮੁਹਿੰਮ ਵਿੱਢਣਗੇ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ’ਤੇ ਕਮੇਟੀ ਦੇ ਮੈਨੇਜਰਾਂ ਨੇ ਫ਼ਿਲਮ ਦਿਖਾਉਣ ਦਾ ਇੰਤਜ਼ਾਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸਿਮਰ ਪ੍ਰਤਾਪ ਸਿੰਘ ਬਰਨਾਲਾ ਦੁਆਰਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਬਰਨਾਲਾ ਵਿੱਚ ਆਪਣੇ ਘਰ ਵੀ ਇੱਕ ਸ਼ੋਅ ਦਾ ਪ੍ਰਬੰਧ ਕੀਤਾ ਗਿਆ। ਉਹ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪੋਤੇ ਹਨ, ਜੋ 1985-87 ਦੇ ਅਤਿਵਾਦ ਦੇ ਦਿਨਾਂ ਦੌਰਾਨ ਇਸ ਅਹੁਦੇ ’ਤੇ ਰਹੇ।