ਪੱਛਮੀ ਏਸ਼ੀਆ ਜੰਗ ਕਾਰਨ ਫ਼ੈਲ ਸਕਦੀ ਹੈ ਭੁੱਖਮਰੀ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ/ਏ.ਟੀ.ਨਿਊਜ਼: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਕਾਰਨ ਲੱਖਾਂ ਲੋਕ ਭੁੱਖਮਰੀ ਦੇ ਕਿਨਾਰੇ ’ਤੇ ਪਹੁੰਚ ਰਹੇ ਹਨ, ਕਿਉਂਕਿ ਇੰਧਨ ਅਤੇ ਆਵਾਜਾਈ ਦੀਆਂ ਵਧਦੀਆਂ ਕੀਮਤਾਂ ਨਾਲ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ (ਡਬਲਯੂ.ਐਫ਼.ਪੀ.) ਨੇ ਦਿੱਤੀ ਹੈ।
ਰਿਪੋਰਟ ਮੁਤਾਬਕ, ਫਰਵਰੀ ਵਿੱਚ ਇਰਾਨ ’ਤੇ ਅਮਰੀਕਾ ਅਤੇ ਇਜ਼ਰਾਇਲ ਦੇ ਸਾਂਝੇ ਹਮਲਿਆਂ ਤੋਂ ਬਾਅਦ ਖਾੜੀ ਖੇਤਰ ਤੋਂ ਲੈ ਕੇ ਲਿਬਨਾਨ ਤੱਕ ਤਣਾਅ ਵਧਿਆ, ਜਿਸ ਨਾਲ ਹੋਰਮੁਜ਼ ਜਲਡਮਰੂਮਧੀ ਸਮੇਤ ਕਈ ਮਹੱਤਵਪੂਰਨ ਸਮੁੰਦਰੀ ਰਸਤੇ ਪ੍ਰਭਾਵਿਤ ਹੋਏ।
ਇਸ ਨਾਲ ਜਹਾਜ਼ਾਂ ਨੂੰ ਰਸਤਾ ਬਦਲਣਾ ਪਿਆ ਅਤੇ ਗਲੋਬਲ ਸਪਲਾਈ ਚੇਨ ਅਤੇ ਊਰਜਾ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਡਬਲਯੂ.ਐਫ਼.ਪੀ. ਨੇ ਮਾਰਚ ਵਿੱਚ ਅੰਦਾਜ਼ਾ ਲਾਇਆ ਸੀ ਕਿ ਜੇ ਤੇਲ ਦੀਆਂ ਕੀਮਤਾਂ ਲਗਭਗ 100 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਰਹਿੰਦੀਆਂ ਹਨ ਤਾਂ ਕਰੀਬ 4.5 ਕਰੋੜ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸ਼ਿਕਾਰ ਹੋ ਸਕਦੇ ਹਨ।
ਹੁਣ ਏਜੰਸੀ ਦਾ ਕਹਿਣਾ ਹੈ ਕਿ ਇਹ ਸਥਿਤੀ ਹਕੀਕਤ ਬਣਦੀ ਜਾ ਰਹੀ ਹੈ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ।
ਰਿਪੋਰਟ ਮੁਤਾਬਕ ਸੋਮਾਲੀਆ, ਅਫ਼ਗਾਨਿਸਤਾਨ ਅਤੇ ਸ੍ਰੀ ਲੰਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਸੋਮਾਲੀਆ ਵਿੱਚ ਕਰੀਬ 65 ਲੱਖ ਲੋਕ 2026 ਵਿੱਚ ਗੰਭੀਰ ਭੁੱਖਮਰੀ ਦੇ ਖਤਰੇ ਵਿੱਚ ਹਨ। ਅਫ਼ਗਾਨਿਸਤਾਨ ਵਿੱਚ ਲਗਭਗ 1.74 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ ਹਨ। ਹੋਰ ਲੱਖਾਂ ਲੋਕ ਵਧਦੀ ਕੀਮਤਾਂ ਅਤੇ ਆਮਦਨ ਘਟਣ ਕਾਰਨ ਖਤਰੇ ਵਿੱਚ ਹਨ
ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਸੋਮਾਲੀਆ ਵਿੱਚ ਹੋਰ 25 ਲੱਖ ਅਤੇ ਅਫਗਾਨਿਸਤਾਨ ਵਿੱਚ 23 ਲੱਖ ਹੋਰ ਲੋਕ ਭੋਜਨ ਅਸੁਰੱਖਿਆ ਦੀ ਚਪੇਟ ਵਿੱਚ ਆ ਸਕਦੇ ਹਨ।
ਡਬਲਯੂ.ਐਫ਼.ਪੀ.ਨੇ ਚਿਤਾਵਨੀ ਦਿੱਤੀ ਹੈ ਕਿ ਇਹ ਦੇਸ਼ ਪਹਿਲਾਂ ਹੀ ਦਰਾਮਦ ’ਤੇ ਨਿਰਭਰ ਹਨ ਅਤੇ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਹੋਰ ਬਦਤਰ ਬਣਾ ਰਿਹਾ ਹੈ।











Comments (0)