ਨਫ਼ਰਤ ਦੇ ਮਾਹੌਲ ’ਚ ਕਿਵੇਂ ਕਾਇਮ ਰਹੇ ਮਨੁੱਖਤਾ?
ਗੁਰਪ੍ਰੀਤ ਲਾਹੌਰੀ
ਭਾਰਤ ਸਮੇਤ ਦੁਨੀਆ ਭਰ ਵਿੱਚ ਅੱਜ ਅਜਿਹਾ ਮਾਹੌਲ ਬਣ ਚੁੱਕਿਆ ਹੈ, ਜਿਸ ਦੀ ਸ਼ਾਇਦ ਕੁਝ ਸਾਲ ਪਹਿਲਾਂ ਤੱਕ ਅਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪਿਛਲੇ ਲਗਪਗ ਡੇਢ ਦਹਾਕੇ ਦੌਰਾਨ ਦੇਸ਼-ਦੁਨੀਆ ਵਿੱਚ ਜਿੰਨੀ ਉਥਲ-ਪੁਥਲ ਹੋਈ ਹੈ, ਉਸ ਨੂੰ ਵੇਖਦਿਆਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਚੁਣੌਤੀਪੂਰਨ ਹੋ ਸਕਦਾ ਹੈ। ਅਸੀਂ ਆਪਣੇ ਸਮਿਆਂ ਦੌਰਾਨ ਕਈ ਮੁਲਕਾਂ ਵਿੱਚ ਜੰਗਾਂ ਲੱਗਦੀਆਂ ਵੇਖੀਆਂ ਹਨ। ਕਈ ਦੇਸ਼ਾਂ ਵਿੱਚ ਸਰਕਾਰਾਂ ਬਦਲਦੀਆਂ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸੱਤਾ ਤੋਂ ਲਾਂਭੇ ਹੁੰਦੇ ਅਤੇ ਲੋਕਾਂ ਦੇ ਹੱਥੋਂ ਰੋਟੀ, ਰੁਜ਼ਗਾਰ ਅਤੇ ਸਿੱਖਿਆ ਦੇ ਮੌਕੇ ਖੋਹੇ ਜਾਂਦੇ ਵੀ ਵੇਖੇ ਹਨ। ਸਵਾਲ ਇਹ ਹੈ ਕਿ ਇਸ ਸਾਰੀ ਉਥਲ-ਪੁਥਲ ਦਾ ਅਸਲ ਖਮਿਆਜ਼ਾ ਕੌਣ ਭੁਗਤਦਾ ਹੈ? ਜਵਾਬ ਸਾਫ਼ ਹੈ, ਆਮ ਲੋਕ।
ਪਿਛਲੇ ਦੋ-ਤਿੰਨ ਸਾਲਾਂ ਤੋਂ ਫ਼ਲਸਤੀਨ ਅਤੇ ਇਜ਼ਰਾਇਲ ਵਿਚਾਲੇ ਚੱਲ ਰਹੇ ਟਕਰਾਅ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉੱਥੇ ਵੱਡੀ ਗਿਣਤੀ ਵਿੱਚ ਬੇਗੁਨਾਹ ਲੋਕ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ, ਇਸ ਦੀ ਭੇਟ ਚੜ੍ਹੇ ਹਨ। ਹਰ ਪਾਸੇ ਗੋਲਾ-ਬਾਰੂਦ, ਬੰਬਾਂ ਦੇ ਧਮਾਕੇ, ਢਹਿ ਚੁੱਕੀਆਂ ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਨਜ਼ਰ ਆਉਂਦੇ ਹਨ। ਇਸ ਤਬਾਹੀ ਦੇ ਵਿਚਕਾਰ ਸਭ ਤੋਂ ਵੱਡੀ ਕਮੀ ਰੋਟੀ ਦੀ ਹੈ। ਜਿੱਥੇ ਬੋਰੀਆਂ, ਬਸਤਿਆਂ ਅਤੇ ਵੱਡੇ-ਵੱਡੇ ਟਰੱਕਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਪਹੁੰਚਣੀਆਂ ਚਾਹੀਦੀਆਂ ਹਨ, ਉੱਥੇ ਹਥਿਆਰ ਅਤੇ ਗੋਲਾ-ਬਾਰੂਦ ਪਹੁੰਚ ਰਿਹਾ ਹੈ। ਸਵਾਲ ਇਹ ਹੈ ਕਿ ਕੀ ਇਨਸਾਨ ਗੋਲੇ-ਬਾਰੂਦ ਖਾ ਕੇ ਜਿਊਂਦਾ ਰਹਿ ਸਕਦਾ ਹੈ?
ਜਿਸ ਮਨੁੱਖ ਨੂੰ ਰੋਟੀ ਦੀ ਲੋੜ ਹੈ, ਜੇਕਰ ਉਸ ਦੇ ਪੱਲੇ ਹਥਿਆਰ ਪਾ ਦਿੱਤੇ ਜਾਣ ਤਾਂ ਉਸ ਦੀ ਜ਼ਿੰਦਗੀ ਕਿਵੇਂ ਬਦਲੇਗੀ? ਦਰਅਸਲ, ਅੱਜ ਸਾਡੇ ਸਮਾਜ ਅਤੇ ਦੁਨੀਆ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ। ਦੁਨੀਆ ਦੇ ਬਹੁਤ ਘੱਟ ਮੁਲਕ ਹੋਣਗੇ ਜਿੱਥੇ ਕਿਸੇ ਨਾ ਕਿਸੇ ਰੂਪ ਵਿੱਚ ਨਫ਼ਰਤ ਜਾਂ ਹਿੰਸਾ ਦੀ ਅੱਗ ਨਾ ਫੈਲੀ ਹੋਵੇ। ਵਿਸ਼ਵ ਦੀਆਂ ਵੱਡੀਆਂ ਤਾਕਤਾਂ ਅਮਨ-ਸ਼ਾਂਤੀ ਦੀਆਂ ਗੱਲਾਂ ਤਾਂ ਕਰਦੀਆਂ ਹਨ, ਪਰ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਵਾਈਆਂ ਅਕਸਰ ਇਸ ਦੇ ਉਲਟ ਤਸਵੀਰ ਪੇਸ਼ ਕਰਦੀਆਂ ਹਨ। ਇਹ ਸਵਾਲ ਵੀ ਵਾਰ-ਵਾਰ ਉੱਠਦਾ ਹੈ ਕਿ ਜੰਗਾਂ ਦੇ ਪਿੱਛੇ ਅਸਲ ਕਾਰਨ ਕੀ ਹੁੰਦੇ ਹਨ? ਕੀ ਸੱਚਮੁੱਚ ਸਿਰਫ਼ ਸਰਹੱਦਾਂ, ਵਿਚਾਰਧਾਰਾਵਾਂ ਜਾਂ ਸੁਰੱਖਿਆ ਹੀ ਇਸ ਦਾ ਕਾਰਨ ਹੈ ਜਾਂ ਫਿਰ ਇਸ ਦੇ ਪਿੱਛੇ ਤੇਲ, ਖਣਿਜ ਪਦਾਰਥ, ਕੁਦਰਤੀ ਸਰੋਤ, ਵਪਾਰਕ ਹਿੱਤ ਅਤੇ ਹਥਿਆਰਾਂ ਦਾ ਬਾਜ਼ਾਰ ਵੱਡੀ ਭੂਮਿਕਾ ਨਿਭਾਉਂਦਾ ਹੈ।
ਅਸਲ ਗੱਲ ਤਾਂ ਇਹ ਹੈ ਕਿ ਕੁਦਰਤੀ ਸਰੋਤਾਂ ਨਾਲ ਭਰਪੂਰ ਖੇਤਰਾਂ ਵਿੱਚ ਚੱਲ ਰਹੇ ਸੰਘਰਸ਼ਾਂ ਪਿੱਛੇ ਵੱਡੇ ਆਰਥਿਕ ਹਿੱਤ ਕੰਮ ਕਰਦੇ ਹਨ। ਜਦੋਂ ਕਿਸੇ ਮੁਲਕ ਵਿੱਚ ਜੰਗ ਲੱਗਦੀ ਹੈ ਤਾਂ ਆਮ ਲੋਕ ਮਰਦੇ ਹਨ, ਘਰ ਤਬਾਹ ਹੁੰਦੇ ਹਨ, ਬੱਚਿਆਂ ਦੀ ਪੜ੍ਹਾਈ ਰੁਕਦੀ ਹੈ, ਹਸਪਤਾਲ ਬੰਦ ਹੁੰਦੇ ਹਨ ਅਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੋ ਜਾਂਦੇ ਹਨ। ਹਾਲਾਂਕਿ ਹਥਿਆਰ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਲਈ ਇਹੀ ਜੰਗ ਇੱਕ ਵੱਡਾ ਬਾਜ਼ਾਰ ਬਣ ਜਾਂਦੀ ਹੈ। ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬ, ਕਲਮ ਅਤੇ ਰੁਜ਼ਗਾਰ ਦੀ ਥਾਂ ਜਦੋਂ ਬੰਦੂਕ ਫੜਾ ਦਿੱਤੀ ਜਾਂਦੀ ਹੈ ਤਾਂ ਕਿਸੇ ਵੀ ਮੁਲਕ ਦਾ ਭਵਿੱਖ ਹਨੇਰੇ ਵੱਲ ਚਲਾ ਜਾਂਦਾ ਹੈ। ਨੌਜਵਾਨਾਂ ਦੇ ਮਨਾਂ ਵਿੱਚ ਨਫ਼ਰਤ ਭਰ ਕੇ ਉਨ੍ਹਾਂ ਨੂੰ ਆਪਣੇ ਹੀ ਲੋਕਾਂ ਵਿਰੁੱਧ ਖੜ੍ਹਾ ਕਰ ਦੇਣਾ ਮਨੁੱਖਤਾ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਬੰਦੂਕ ਕਿਸੇ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਦੀ, ਇਹ ਸਿਰਫ਼ ਇੱਕ ਹੋਰ ਮੌਤ, ਇੱਕ ਹੋਰ ਜ਼ਖ਼ਮ ਅਤੇ ਇੱਕ ਹੋਰ ਪਰਿਵਾਰ ਦੀ ਤਬਾਹੀ ਲਿਆ ਸਕਦੀ ਹੈ।
ਪਹਿਲੀ ਅਤੇ ਦੂਜੀ ਆਲਮੀ ਜੰਗ ਦੌਰਾਨ ਦੁਨੀਆ ਨੇ ਬਹੁਤ ਕੁਝ ਦੇਖਿਆ, ਪਰ ਅਫ਼ਸੋਸ ਕਿ ਜੰਗਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ। ਅਸੀਂ ਜਾਣਦੇ ਹਾਂ ਕਿ ਜੰਗ ਕਿਸੇ ਵੀ ਮਸਲੇ ਦਾ ਸਥਾਈ ਹੱਲ ਨਹੀਂ। ਇਸ ਦੇ ਬਾਵਜੂਦ ਛੋਟੀਆਂ-ਵੱਡੀਆਂ ਜੰਗਾਂ ਅਤੇ ਹਿੰਸਕ ਟਕਰਾਅ ਲਗਾਤਾਰ ਜਾਰੀ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ ਹੋਏ ਫ਼ੌਜੀ ਟਕਰਾਅ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਾਇਆ। ਭਾਵੇਂ ਇਹ ਟਕਰਾਅ ਬਹੁਤ ਲੰਮਾ ਨਹੀਂ ਚੱਲਿਆ, ਪਰ ਇਸ ਨੇ ਨਫ਼ਰਤ ਅਤੇ ਬੇਭਰੋਸਗੀ ਦੀਆਂ ਕੰਧਾਂ ਹੋਰ ਉੱਚੀਆਂ ਕਰ ਦਿੱਤੀਆਂ। ਜੰਗ ਖ਼ਤਮ ਹੋਣ ਤੋਂ ਬਾਅਦ ਵੀ ਉਸ ਦਾ ਅਸਰ ਲੰਮੇ ਸਮੇਂ ਤੱਕ ਰਹਿੰਦਾ ਹੈ। ਲੋਕਾਂ ਨੂੰ ਅਕਸਰ ਇਹ ਪਤਾ ਵੀ ਨਹੀਂ ਹੁੰਦਾ ਕਿ ਜੰਗਾਂ ਦੀ ਅਸਲ ਜੜ੍ਹ ਕੀ ਹੈ; ਉਨ੍ਹਾਂ ਨੂੰ ਸਿਰਫ਼ ਇਹ ਦੱਸਿਆ ਜਾਂਦਾ ਹੈ ਕਿ ਦੁਸ਼ਮਣ ਕੌਣ ਹੈ ਅਤੇ ਉਸ ਨਾਲ ਲੜਨਾ ਕਿਉਂ ਜ਼ਰੂਰੀ ਹੈ? ਪਰ ਜੇਕਰ ਅਸੀਂ ਜੰਗਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਕਈ ਵਾਰ ਸੱਤਾ, ਆਰਥਿਕ ਹਿੱਤ, ਸਰੋਤਾਂ ’ਤੇ ਕਬਜ਼ਾ ਅਤੇ ਵੋਟਾਂ ਦੀ ਸਿਆਸਤ ਵਰਗੇ ਕਾਰਕ ਵੀ ਸਾਹਮਣੇ ਆਉਂਦੇ ਹਨ।
ਜੇਕਰ ਨਫ਼ਰਤ ਦੀ ਅੱਗ ਵਿੱਚ ਗੋਲੇ-ਬਾਰੂਦ ਵੰਡੇ ਜਾ ਸਕਦੇ ਹਨ ਤਾਂ ਭੁੱਖੇ ਢਿੱਡ ਭਰਨ ਲਈ ਅਨਾਜ ਕਿਉਂ ਨਹੀਂ ਵੰਡਿਆ ਜਾ ਸਕਦਾ? ਜੇਕਰ ਜੰਗ ਲਈ ਸਰਹੱਦਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਅਮਨ ਲਈ ਦਿਲਾਂ ਦੇ ਦਰਵਾਜ਼ੇ ਕਿਉਂ ਨਹੀਂ ਖੋਲ੍ਹੇ ਜਾ ਸਕਦੇ? ਅਸੀਂ ਕਿਸ ਦੇ ਦੁਸ਼ਮਣ ਹਾਂ, ਇੱਕ-ਦੂਜੇ ਦੇ ਜਾਂ ਆਪਣੇ ਹੀ ਭਵਿੱਖ ਦੇ? ਜਵਾਬ ਸ਼ਾਇਦ ਸਾਡੇ ਸਾਰਿਆਂ ਕੋਲ ਹੈ। ਨਫ਼ਰਤ ਦੀ ਅੱਗ ਕਿਸੇ ਇੱਕ ਘਰ ਨੂੰ ਨਹੀਂ ਸਾੜਦੀ, ਇਹ ਪੂਰੇ ਸਮਾਜ ਨੂੰ ਰਾਖ ਕਰ ਦਿੰਦੀ ਹੈ। ਇਸ ਲਈ ਅੱਜ ਲੋੜ ਹੈ ਕਿ ਗੋਲੇ-ਬਾਰੂਦ ਦੀ ਥਾਂ ਕਿਤਾਬਾਂ, ਬੰਦੂਕਾਂ ਦੀ ਥਾਂ ਰੁਜ਼ਗਾਰ, ਜੰਗ ਦੀ ਥਾਂ ਗੱਲਬਾਤ ਅਤੇ ਨਫ਼ਰਤ ਦੀ ਥਾਂ ਮਨੁੱਖਤਾ ਨੂੰ ਤਰਜੀਹ ਦਿੱਤੀ ਜਾਵੇ।


Comments (0)