ਚਾਈਨਾ ਮਾਸਟਰਜ਼ ਸੁਪਰ 750 ਦਾ ਖ਼ਿਤਾਬ ਸਾਤਵਿਕ-ਚਿਰਾਗ ਨੇ ਜਿੱਤਿਆ

ਚਾਈਨਾ ਮਾਸਟਰਜ਼ ਸੁਪਰ 750 ਦਾ ਖ਼ਿਤਾਬ ਸਾਤਵਿਕ-ਚਿਰਾਗ ਨੇ ਜਿੱਤਿਆ

ਸ਼ੇਨਜ਼ੇਨ/ਏ.ਟੀ.ਨਿਊਜ਼: ਭਾਰਤ ਦੀ ਸਟਾਰ ਬੈਡਮਿੰਟਨ ਡਬਲਜ਼ ਜੋੜੀ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਲੰਘੇ ਦਿਨੀਂ ਇੱਥੇ ਹੀ ਜੀ ਤਿੰਗ ਅਤੇ ਰੇਨ ਸ਼ਿਆਂਗ ਯੂ ਦੀ ਚੀਨੀ ਜੋੜੀ ਨੂੰ ਤਿੰਨ ਗੇਮਾਂ ਦੇ ਫਸਵੇਂ ਮੁਕਾਬਲੇ ਵਿੱਚ ਹਰਾ ਕੇ ਚਾਈਨਾ ਮਾਸਟਰਜ਼ ਸੁਪਰ 750 ਦਾ ਖ਼ਿਤਾਬ ਜਿੱਤ ਲਿਆ। ਇੱਥੇ ਆਪਣਾ ਤੀਜਾ ਫਾਈਨਲ ਖੇਡਦਿਆਂ ਸਾਤਵਿਕ ਅਤੇ ਚਿਰਾਗ ਨੇ ਇੱਕ ਘੰਟਾ ਅਤੇ 10 ਮਿੰਟ ਚੱਲੇ ਮੁਕਾਬਲੇ ਵਿੱਚ 11-21, 21-13, 21-17 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ 2023 ਅਤੇ 2025 ਵਿੱਚ ਉਪ ਜੇਤੂ ਰਹੀ ਸੀ।
    ਇਸ ਸੈਸ਼ਨ ਵਿੱਚ ਸਾਤਵਿਕ-ਚਿਰਾਗ ਦਾ ਇਹ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਸਿੰਗਾਪੁਰ ਓਪਨ ਸੁਪਰ 750 ਦਾ ਖ਼ਿਤਾਬ ਜਿੱਤਿਆ ਸੀ ਅਤੇ ਥਾਈਲੈਂਡ ਓਪਨ ਸੁਪਰ 500 ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। 19 ਸਤੰਬਰ ਤੋਂ ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਬਚਾਉਣ ਦੀ ਤਿਆਰੀ ਲਈ ਭਾਰਤੀ ਜੋੜੀ ਦੀ ਇਹ ਜਿੱਤ ਅਹਿਮ ਮੰਨੀ ਜਾ ਰਹੀ ਹੈ। ਚੀਨੀ ਖਿਡਾਰੀਆਂ ’ਤੇ ਭਾਰਤੀ ਜੋੜੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ।
ਸ਼ੁਰੂਆਤ ਵਿੱਚ ਚੀਨੀ ਜੋੜੀ ਨੇ ਹਮਲਾਵਰ ਖੇਡ ਦਿਖਾਉਂਦਿਆਂ ਪਹਿਲੀ ਗੇਮ 21-11 ਨਾਲ ਆਪਣੇ ਨਾਮ ਕਰ ਲਈ। ਭਾਰਤੀ ਖਿਡਾਰੀਆਂ ਨੂੰ ਵਿਰੋਧੀਆਂ ਦੀ ਰਫ਼ਤਾਰ ਦਾ ਸਾਹਮਣਾ ਕਰਨ ਵਿੱਚ ਮੁਸ਼ਕਿਲ ਆਈ; ਹਾਲਾਂਕਿ ਦੂਜੀ ਗੇਮ ਵਿੱਚ ਭਾਰਤੀ ਜੋੜੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਤੇ ਇਹ ਗੇਮ 21-13 ਨਾਲ ਜਿੱਤ ਲਈ।
ਫ਼ੈਸਲਾਕੁਨ ਤੀਜੀ ਗੇਮ ਵਿੱਚ ਵੀ ਦੋਵਾਂ ਜੋੜੀਆਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਸ਼ੁਰੂਆਤ ਵਿੱਚ ਚੀਨੀ ਜੋੜੀ 7-3 ਨਾਲ ਅੱਗੇ ਸੀ ਪਰ ਭਾਰਤੀ ਖਿਡਾਰੀਆਂ ਨੇ ਲਗਾਤਾਰ ਚਾਰ ਅੰਕ ਲੈ ਕੇ ਸਕੋਰ 7-7 ਨਾਲ ਬਰਾਬਰ ਕਰ ਦਿੱਤਾ। ਮੈਚ ਦੇ ਆਖ਼ਰੀ ਪਲਾਂ ਵਿੱਚ 16-16 ਦੀ ਬਰਾਬਰੀ ਮਗਰੋਂ ਚੀਨੀ ਖਿਡਾਰੀਆਂ ਦੀ ਗ਼ਲਤੀ ਦਾ ਫ਼ਾਇਦਾ ਉਠਾਉਂਦਿਆਂ ਭਾਰਤੀ ਜੋੜੀ ਨੇ 21-17 ਨਾਲ ਖ਼ਿਤਾਬ ਆਪਣੇ ਨਾਮ ਕਰ ਲਿਆ।