ਗਰਮ ਲਹਿਰਾਂ ਦੀ ਲਪੇਟ ’ਚ ਕਿਉਂ ਆਇਆ ਯੂਰੋਪ?

ਗਰਮ ਲਹਿਰਾਂ ਦੀ ਲਪੇਟ ’ਚ ਕਿਉਂ ਆਇਆ ਯੂਰੋਪ?


ਡਾ. ਗੁਰਿੰਦਰ ਕੌਰ

ਸਾਲ 2026 ਦੇ ਜੂਨ ਦੇ ਮਹੀਨੇ ਵਿੱਚ ਯੂਰੋਪ ਮਹਾਂਦੀਪ ਦੇ ਕਈ ਦੇਸ਼ ਭਿਆਨਕ ਗਰਮ ਲਹਿਰਾਂ ਦੀ ਲਪੇਟ ਵਿੱਚ ਆਏ ਰਹੇ। ਮਹਾਂਦੀਪ ਦੇ ਕਈ ਖੇਤਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਕੀਤਾ ਗਿਆ। ਸਪੇਨ ਦੇ ਅੰਦੂਜ਼ਾਰ ਸ਼ਹਿਰ ਵਿੱਚ ਪਾਰਾ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਯੂਰੋਪ ਵਿੱਚ ਜੂਨ, 2026 ਵਿੱਚ ਆਈਆਂ ਅਗੇਤੀਆਂ ਗਰਮ ਲਹਿਰਾਂ ਨੇ 21 ਤੋਂ 29 ਜੂਨ ਤੱਕ ਦੇ ਅਰਸੇ ਵਿੱਚ 1300 ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਅਰਸੇ ਵਿੱਚ ਸਭ ਤੋਂ ਵੱਧ ਜਾਨੀ ਨੁਕਸਾਨ ਫਰਾਂਸ ਵਿੱਚ ਹੋਇਆ ਜਿੱਥੇ 1000 ਤੋਂ ਵੱਧ ਵਿਅਕਤੀ ਗਰਮੀ ਕਾਰਨ ਮਰ ਗਏ। ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਵਿੱਚ 40 ਤੋਂ 50 ਵਿਅਕਤੀ ਤਾਂ ਉਹ ਸਨ ਜੋ ਗਰਮੀ ਤੋਂ ਰਾਹਤ ਪਾਉਣ ਝੀਲਾਂ ਜਾਂ ਨਦੀਆਂ ਵਿੱਚ ਜਾ ਵੜੇ ਅਤੇ ਉਨ੍ਹਾਂ ਵਿੱਚ ਡੁੱਬਣ ਕਾਰਨ ਮਰ ਗਏ। ਗਰਮ ਲਹਿਰਾਂ ਦਾ ਕਹਿਰ ਇੰਨਾ ਜ਼ਿਆਦਾ ਸੀ ਕਿ ਹਜ਼ਾਰਾਂ ਵਿਦਿਅਕ ਅਦਾਰੇ ਬੰਦ ਕਰਨੇ ਪਏ ਅਤੇ ਇਮਾਰਤਾਂ ਤੋਂ ਬਾਹਰ ਹੋਣ ਵਾਲੇ ਪ੍ਰੋਗਰਾਮ ਅਤੇ ਕਈ ਟਰਾਮ ਅਤੇ ਰੇਲ ਰੂਟ ਕੈਂਸਲ ਕਰਨੇ ਪਏ। ਸੜਕਾਂ, ਟਰਾਮ ਲਾਈਨਾਂ ਅਤੇ ਰੇਲ ਟਰੈਕ ਪਿਘਲਣ ਕਾਰਨ ਆਵਾਜਾਈ ਵਿੱਚ ਵੀ ਭਾਰੀ ਰੁਕਾਵਟ ਆਈ ਅਤੇ ਸਟੋਰਾਂ ਵਿੱਚ ਖਾਣ-ਪੀਣ ਵਾਲਾ ਸਾਮਾਨ (ਆਈਸ-ਕਰੀਮ, ਚਾਕਲੇਟ ਆਦਿ) ਗਰਮੀ ਕਾਰਨ ਪਿਘਲ ਕੇ ਖ਼ਰਾਬ ਹੋ ਗਿਆ।
ਗਰਮ ਲਹਿਰਾਂ ਨੇ ਯੂਰਪ ਦੇ ਊਰਜਾ ਸੈਕਟਰ ਨੂੰ ਵੀ ਪ੍ਰਭਾਵਿਤ ਕੀਤਾ ਕਿਉਂਕਿ ਨਿਊਕਲੀਅਰ ਪਾਵਰ ਪਲਾਟਾਂ ਨੂੰ ਚਾਲੂ ਰੱਖਣ ਲਈ ਠੰਢੇ ਪਾਣੀ ਦੀ ਲੋੜ ਹੁੰਦੀ ਹੈ, ਪਰ ਨਦੀਆਂ ਦਾ ਪਾਣੀ ਗਰਮ ਹੋਣ ਦੇ ਡਰੋਂ ਉਹ ਵੀ ਕੁਝ ਸਮੇਂ ਲਈ ਬੰਦ ਕਰਨੇ ਪਏ।
ਯੂਰੋਪ ਵਿੱਚ ਆਮਤੌਰ ਉੱਤੇ ਮਈ ਅਤੇ ਜੂਨ ਮਹੀਨਿਆਂ ਵਿੱਚ ਮੌਸਮ ਖ਼ੁਸ਼ਗਵਾਰ ਹੁੰਦਾ ਹੈ। ਇਸ ਸਾਲ ਪਹਿਲੀਆਂ ਗਰਮ ਲਹਿਰਾਂ ਮਈ ਵਿੱਚ ਅਤੇ ਦੂਜੀ ਵਾਰ ਜੂਨ ਵਿੱਚ ਆਈਆਂ। ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਯੂਰੋਪ ਦੇ ਉੱਤਰੀ ਖੇਤਰਾਂ ਦਾ ਦਿਨ ਵੇਲੇ ਤਾਪਮਾਨ 20 ਤੋਂ 30 ਡਿਗਰੀ ਸੈਲਸੀਅਸ ਅਤੇ ਰਾਤ ਵੇਲੇ 11 ਤੋਂ 17 ਡਿਗਰੀ ਸੈਲਸੀਅਸ ਰਹਿੰਦਾ ਹੈ, ਪਰ ਇਸ ਵਾਰ ਮਈ ਅਤੇ ਜੂਨ ਵਿੱਚ ਗਰਮ ਲਹਿਰਾਂ ਦੀ ਆਮਦ ਸਮੇਂ ਤਾਪਮਾਨ ਔਸਤ ਨਾਲੋਂ 10 ਤੋਂ 15 ਡਿਗਰੀ ਸੈਲਸੀਅਸ ਜ਼ਿਆਦਾ ਸੀ।
ਜੂਨ ਦੇ ਮਹੀਨੇ ਵਿੱਚ ਯੂਰੋਪੀਅਨ ਦੇਸ਼ਾਂ ਵਿੱਚ ਤਾਪਮਾਨ ਵਿੱਚ ਵਾਧਾ ਹੀਟ ਡੋਮ ਬਣਨ ਕਾਰਨ ਹੋਇਆ ਹੈ। ਉੱਤਰੀ ਅਫ਼ਰੀਕਾ ਤੋਂ ਆਈਆਂ ਗਰਮ ਹਵਾਵਾਂ ਅਤੇ ਵਾਤਾਵਰਣ ਵਿਚਲੀ ਉੱਪਰਲੀ ਸਤਿਹ ਦੇ ਤਾਪਮਾਨ ਦੇ ਪ੍ਰਭਾਵ ਥੱਲੇ ਇਸ ਖੇਤਰ ਵਿੱਚ ਹੀਟ ਡੋਮ ਬਣ ਗਿਆ ਸੀ। ਹੀਟ ਡੋਮ ਹਵਾਵਾਂ ਦੇ ਵਹਾਅ ਵਿੱਚ ਰੁਕਾਵਟ ਪੈਣ ਕਰਕੇ ਬਣ ਜਾਂਦਾ ਹੈ। ਗਰਮ ਹਵਾ ਦੇ ਵੱਧ ਦਬਾਅ ਵਾਲਾ ਖੇਤਰ ਇੱਕ ਚੋਟੀ ਦਾ ਆਕਾਰ ਧਾਰਨ ਕਰ ਲੈਂਦਾ ਹੈ ਅਤੇ ਇਸ ਦੇ ਆਲੇ-ਦੁਆਲੇ ਦੋਵੇਂ ਪਾਸੇ ਹਵਾ ਦੇ ਘੱਟ ਦਬਾਅ ਵਾਲੇ ਖੇਤਰ ਇਸ ਵਿਚਲੀ ਗਰਮ ਹਵਾ ਨੂੰ ਬਾਹਰ ਨਿਕਲਣ ਤੋਂ ਰੋਕ ਦਿੰਦੇ ਹਨ ਜਿਸ ਦੇ ਨਤੀਜੇ ਵੱਜੋਂ ਉਸ ਖੇਤਰ ਦਾ ਤਾਪਮਾਨ ਆਲੇ-ਦੁਆਲੇ ਦੇ ਖੇਤਰਾਂ ਤੋਂ ਬਹੁਤ ਜ਼ਿਆਦਾ ਵਧ ਜਾਂਦਾ ਹੈ। ਇਸ ਤਰ੍ਹਾਂ ਦਾ ਵਰਤਾਰਾ ਉੱਥੇ ਕੁਝ ਦਿਨ ਜਾਂ ਇੱਕ ਹਫ਼ਤੇ ਤੱਕ ਰਹਿ ਸਕਦਾ ਹੈ। ਹੀਟ ਡੋਮ ਨੂੰ ਯੂਰਪ ਵਿੱਚ ਓਮੇਗਾ ਬਲਾਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਆਕਾਰ ਦਾ ਗਰੀਕ ਭਾਸ਼ਾ ਦੇ ਇੱਕ ਅੱਖਰ ਓਮੇਗਾ ਵਰਗਾ ਹੁੰਦਾ ਹੈ।
ਯੂਰਪ ਵਿੱਚ ਮਈ ਅਤੇ ਜੂਨ ਵਿੱਚ ਹੋਏ ਇਸ ਤਾਪਮਾਨ ਦੇ ਵਾਧੇ ਨੂੰ ਐਲ-ਨੀਨੋ ਅਤੇ ਮੌਸਮੀ ਤਬਦੀਲੀਆਂ ਨਾਲ ਜੋੜਿਆ ਜਾ ਰਿਹਾ ਹੈ। 2026 ਦਾ ਸਾਲ ਸੁਪਰ ਐਲ-ਨੀਨੋ ਇੱਕ ਕੁਦਰਤੀ ਸਾਲ ਹੈ। ਐਲ-ਨੀਨੋ ਕੁਦਰਤੀ ਵਰਤਾਰਾ ਹੈ ਜੋ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦੇ ਔਸਤ ਤਾਪਮਾਨ ਤੋਂ ਜ਼ਿਆਦਾ ਗਰਮ ਹੋਣ ਨਾਲ ਵਾਪਰਦਾ ਹੈ। ਨੋਆ ਦੇ ਵਿਗਿਆਨੀਆਂ ਅਨੁਸਾਰ ਭਾਵੇਂ ਇਹ ਵਰਤਾਰਾ ਜੂਨ ਮਹੀਨੇ ਦੇ ਅੱਧ ਤੋਂ ਸ਼ੁਰੂ ਹੋ ਚੁੱਕਾ ਹੈ, ਪਰ ਇਸ ਦਾ ਅਸਰ ਅਸਲ ਵਿੱਚ ਜੁਲਾਈ ਅਤੇ ਅਗਸਤ ਵਿੱਚ ਦਿਖਾਈ ਦੇਣ ਲੱਗੇਗਾ ਜੋ 2027 ਦੇ ਜਨਵਰੀ-ਫਰਵਰੀ ਦੇ ਮਹੀਨਿਆਂ ਤੱਕ ਜਾਵੇਗਾ। ਸੋ, ਯੂਰਪ ਵਿੱਚ ਮਈ-ਜੂਨ ਦੇ ਮਹੀਨਿਆਂ ਵਿੱਚ ਗਰਮ ਲਹਿਰਾਂ ਦੀ ਆਮਦ ਐਲ-ਨੀਨੋ ਕਰਕੇ ਨਹੀਂ ਹੋਈ ਹੈ।
ਵਰਲਡ ਵੈਦਰ ਐਟਰੀਬਿਊਸ਼ਨ ਦੇ ਵਿਗਿਆਨੀਆਂ ਦੀ ਇੱਕ ਖੋਜ ਅਨੁਸਾਰ ਯੂਰਪ ਵਿੱਚ 2026 ਆਈਆਂ ਗਰਮ ਲਹਿਰਾਂ ਸਿੱਧੇ ਤੌਰ ਉੱਤੇ ਧਰਤੀ ਉੱਤਲੇ ਤਾਪਮਾਨ ਦੇ ਵਾਧੇ ਨਾਲ ਸਬੰਧਿਤ ਹਨ। ਧਰਤੀ ਅਤੇ ਸਮੁੰਦਰ ਦਾ ਔਸਤ ਤਾਪਮਾਨ ਲਗਾਤਾਰ ਵਧ ਰਿਹਾ ਹੈ। ਰਿਕਾਰਡ ਅਨੁਸਾਰ ਪਿਛਲੇ ਤਿੰਨ ਸਾਲ ਕ੍ਰਮਵਾਰ 2024, 2023 ਅਤੇ 2025 ਹੁਣ ਤੱਕ ਸਭ ਤੋਂ ਗਰਮ ਸਾਲ ਰਹੇ ਹਨ। ਯੂਰਪ ਵਿੱਚ 1976 ਵਿੱਚ ਆਈਆਂ ਗਰਮ ਲਹਿਰਾਂ ਨਾਲੋਂ 2026 ਵਿੱਚ ਆਈਆਂ ਗਰਮ ਲਹਿਰਾਂ 3.5 ਡਿਗਰੀ ਸੈਲਸੀਅਸ ਵੱਧ ਤਾਪਮਾਨ ਵਾਲੀਆਂ ਅਤੇ 2003 ਦੀਆਂ ਗਰਮ ਲਹਿਰਾਂ ਨਾਲੋਂ 2 ਡਿਗਰੀ ਸੈਲਸੀਅਸ ਵੱਧ ਤਾਪਮਾਨ ਵਾਲੀਆਂ ਸਨ। ਜੇਕਰ ਇਹ ਗਰਮ ਲਹਿਰਾਂ ਐਲ-ਨੀਨੋ ਦੇ ਪ੍ਰਭਾਵ ਥੱਲੇ ਆਈਆਂ ਹੁੰਦੀਆਂ ਤਾਂ ਇਹ 1976 ਦੇ ਤਾਪਮਾਨ ਵਾਲੀਆਂ ਹੀ ਹੁੰਦੀਆਂ, ਪਰ ਇਨ੍ਹਾਂ ਵਿਚਲਾ ਤਾਪਮਾਨ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਨਾਲ ਹੀ ਵਧ ਰਿਹਾ ਹੈ। ਤਾਪਮਾਨ ਵਿੱਚ ਇੱਕ ਡਿਗਰੀ ਦੇ ਵਾਧੇ ਦਾ ਹਰ ਇੱਕ ਹਿੱਸਾ ਬਹੁਤ ਮਹੱਤਵਪੂਰਨ ਹੁੰਦਾ ਹੈ। ‘ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ’ ਦੀ ਛੇਵੀਂ ਰਿਪੋਰਟ ਅਨੁਸਾਰ ਧਰਤੀ ਦੇ ਔਸਤ ਤਾਪਮਾਨ ਵਿੱਚ ਇੱਕ ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗਰਮ ਲਹਿਰਾਂ ਦੀ ਆਮਦ ਵਿੱਚ 3 ਤੋਂ 5 ਗੁਣਾ ਤੱਕ ਵਾਧਾ ਹੋ ਸਕਦਾ ਹੈ।
ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਅਨੁਸਾਰ ਧਰਤੀ ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਵਿੱਚ 1.4 ਡਿਗਰੀ ਸੈਲਸੀਅਸ ਵਧ ਚੁੱਕਾ ਹੈ। ਵਰਲਡ ਮੈਟਰੋਲੋਜ਼ੀਕਲ ਆਰਗੇਨਾਈਜ਼ੇਸ਼ਨ ਦੇ ਰਿਕਾਰਡ ਅਨੁਸਾਰ ਯੂਰੋਪ ਧਰਤੀ ਉੱਤੇ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ ਹੈ। ਹੁਣ ਇੱਥੋਂ ਦਾ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਨਾਲੋਂ 2.3 ਡਿਗਰੀ ਸੈਲਸੀਅਸ ਤੋਂ 2.4 ਡਿਗਰੀ ਸੈਲਸੀਅਸ ਤੱਕ ਵਧ ਚੁੱਕਿਆ ਹੈ। ਯੂਰੋਪ ਦੇ ਤਾਪਮਾਨ ਵਿੱਚ ਵਾਧੇ ਦੇ ਮੁੱਖ ਕਾਰਨ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਨਾਲ ਜੁੜੇ ਹਨ ਜਿਨ੍ਹਾਂ ਵਿੱਚ ਆਰਕਟਿਕ ਖੇਤਰ ਵਿਚਲਾ ਬਰਫ਼ ਦਾ ਘਟਦਾ ਖੇਤਰ ਅਤੇ ਉੱਥੋਂ ਦਾ ਗਲੋਬਲ ਔਸਤ ਤੋਂ ਚਾਰ ਗੁਣਾ ਵਧਦਾ ਤਾਪਮਾਨ ਆਦਿ ਹਨ।
ਇਸ ਤੋਂ ਇਲਾਵਾ ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ਤੋਂ ਆਉਣ ਵਾਲੀਆਂ ਰੇਤਲੀਆਂ ਹਨੇਰੀਆਂ ਦੀ ਆਮਦ ਦੀ ਗਿਣਤੀ ਅਤੇ ਗਹਿਰਾਈ ਵਿੱਚ ਵਾਧਾ ਹੋਣਾ ਵੀ ਗਲੋਬਲ ਤਾਪਮਾਨ ਨਾਲ ਸਬੰਧਿਤ ਹੈ। ਇਸ ਤਰ੍ਹਾਂ ਦੇ ਵਰਤਾਰੇ ਲਈ ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ ਪੰਜਵੀਂ ਰਿਪੋਰਟ (2014) ਰਾਹੀਂ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਗਈ ਤਾਂ ਦੁਨੀਆ ਦਾ ਕੋਈ ਵੀ ਦੇਸ਼ ਮੌਸਮੀ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਤੋਂ ਬਚ ਨਹੀਂ ਸਕੇਗਾ।
ਯੂਰੋਪ ਦੇ ਤਾਪਮਾਨ ਨੂੰ ਇਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਲੱਗੀਆਂ ਹੋਈਆਂ ਲੜਾਈਆਂ ਵੀ ਗਰਮਾ ਰਹੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ਉੱਤੇ ਰੂਸ-ਯੂਕ੍ਰੇਨ (24 ਫਰਵਰੀ 2022 ਤੋਂ), ਇਜ਼ਰਾਇਲ-ਫਲਸਤੀਨ (7 ਅਕਤੂਬਰ 2023 ਤੋਂ) ਅਤੇ ਅਮਰੀਕਾ-ਇਜ਼ਰਾਇਲ ਅਤੇ ਇਰਾਨ (28 ਫਰਵਰੀ 2026 ਤੋਂ) ਹਨ। ਇਨ੍ਹਾਂ ਲੜਾਈਆਂ ਦੌਰਾਨ ਵਰਤੇ ਗਏ ਰਸਾਇਣ ਆਲੇ-ਦੁਆਲੇ ਦੇ ਖੇਤਰਾਂ ਨੂੰ ਤੇਜ਼ੀ ਨਾਲ ਗਰਮਾ ਅਤੇ ਉੱਥੋਂ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਉਪਰੋਕਤ ਕਾਰਨਾਂ ਕਰਕੇ ਯੂਰੋਪ ਮਹਾਂਦੀਪ ਤੇਜ਼ੀ ਨਾਲ ਗਰਮਾ ਰਿਹਾ ਹੈ।
ਤਾਪਮਾਨ ਵਿੱਚ ਵਾਧੇ ਨਾਲ ਆਈਆਂ ਗਰਮ ਲਹਿਰਾਂ ਦੇ ਕਹਿਰ ਕਾਰਨ ਯੇਲ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ 2024 ਵਿੱਚ 62,325 ਅਤੇ 2022 ਵਿੱਚ 61,560 ਵਿਅਕਤੀਆਂ ਦੀ ਮੌਤ ਹੋ ਗਈ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤਾਪਮਾਨ ਤਾਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕਾਂ ਲਈ ਵੀ ਵਧ ਰਿਹਾ ਹੈ, ਪਰ ਯੂਰੋਪੀਅਨ ਦੇਸ਼ਾਂ ਵਿੱਚ ਮੌਤਾਂ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਕਿਉਂ ਹੋ ਰਹੀਆਂ ਹਨ। ਯੂਰੋਪ ਦੇ ਲੋਕਾਂ ਦੇ ਇੰਨੀ ਵੱਡੀ ਗਿਣਤੀ ਵਿੱਚ ਮਰਨ ਦੇ ਮੁੱਖ ਕਾਰਨ ਉੱਥੋਂ ਦੇ ਘਰਾਂ ਦੀ ਬਣਤਰ, ਘਰਾਂ ਨੂੰ ਬਣਾਉਣ ਲਈ ਵਰਤਿਆ ਜਾਂਦਾ ਸਾਮਾਨ (ਸਮੱਗਰੀ), ਤੇਜ਼ੀ ਨਾਲ ਬਦਲਦਾ ਮੌਸਮ ਦਾ ਮਿਜਾਜ਼, ਗਰਮ ਤਾਪਮਾਨ ਨਾਲ ਸਿੱਝਣ ਲਈ ਸਹੂਲਤਾਂ ਦੀ ਘਾਟ, ਗਰਮ ਤਾਪਮਾਨ ਦਾ ਆਦੀ ਨਾ ਹੋਣਾ ਅਤੇ ਵਡੇਰੀ ਉਮਰ ਦੇ ਲੋਕਾਂ ਦੀ ਵੱਧ ਗਿਣਤੀ ਦਾ ਹੋਣਾ ਆਦਿ ਹਨ। ਯੂਰਪ ਦੇ ਮਕਾਨ ਅਤੇ ਉੱਥੋਂ ਦਾ ਬੁਨਿਆਦੀ ਢਾਂਚਾ ਠੰਢੇ ਤਾਪਮਾਨ ਨਾਲ ਸਿੱਝਣ ਲਈ ਬਣਿਆ ਹੋਇਆ ਹੈ। ਇੱਥੋਂ ਦੇ ਘਰ ਸਰਦੀਆਂ ਵਿੱਚ ਠੰਢ ਤੋਂ ਬਚਾਅ ਲਈ ਗਰਮੀਆਂ ਦੇ ਮੌਸਮ ਵਿੱਚ ਗਰਮਾਇਸ਼ ਆਪਣੇ ਵਿੱਚ ਸਮਾਅ ਲੈਂਦੇ ਹਨ ਜੋ ਹੁਣ ਉਨ੍ਹਾਂ ਲਈ ਘਾਤਕ ਬਣ ਗਿਆ ਹੈ। ਦੂਜਾ, ਯੂਰੋਪ ਦੇ ਸਿਰਫ਼ 10 ਤੋਂ 20 ਫ਼ੀਸਦ ਘਰਾਂ ਵਿੱਚ ਹੀ ਏਅਰ ਕੰਡੀਸ਼ਨ ਦੀ ਸਹੂਲਤ ਹੈ, ਬਾਕੀ ਘਰ ਇਸ ਸਹੂਲਤ ਤੋਂ ਵਾਂਝੇ ਹਨ। ਤੀਜਾ, ਯੂਰੋਪ ਮਹਾਂਦੀਪ ਇਤਿਹਾਸਕ ਤੌਰ ਉੱਤੇ ਆਪਣੇ ਠੰਢੇ ਮੌਸਮ ਕਰਕੇ ਜਾਣਿਆ ਜਾਂਦਾ ਸੀ। ਆਮ ਤੌਰ ਉੱਤੇ ਇੱਥੇ ਗਰਮੀਆਂ ਵਿੱਚ ਤਾਪਮਾਨ 20 ਤੋਂ 30 ਡਿਗਰੀ ਸੈਲਸੀਅਸ ਰਹਿੰਦਾ ਸੀ ਜਿਸ ਕਰਕੇ ਇੱਥੋਂ ਦੇ ਲੋਕ ਇੰਨੀ ਜ਼ਿਆਦਾ ਗਰਮੀ ਸਹਿਣ ਦੇ ਆਦੀ ਨਹੀਂ ਹਨ। ਅਕਸਰ ਵਡੇਰੀ ਉਮਰ ਵਿੱਚ ਇੱਕ ਤਾਂ ਉਂਝ ਹੀ ਵਿਅਕਤੀ ਸਰੀਰਕ ਤੌਰ ਉੱਤੇ ਕਮਜ਼ੋਰ ਹੋ ਜਾਂਦੇ ਹਨ ਅਤੇ ਦੂਜਾ ਵਡੇਰੀ ਉਮਰ ਦੇ ਲੋਕਾਂ ਨੇ ਅਜਿਹਾ ਮੌਸਮ ਆਪਣੀ ਸਾਰੀ ਜ਼ਿੰਦਗੀ ਹੰਢਾਇਆ ਹੀ ਨਹੀਂ ਸੀ।
ਯੂਰੋਪੀਅਨ ਦੇਸ਼ਾਂ ਨੂੰ ਇਨ੍ਹਾਂ ਗਰਮ ਹਵਾਵਾਂ ਦੇ ਕਹਿਰ ਤੋਂ ਲੋਕਾਂ ਦਾ ਬਚਾਅ ਕਰਨ ਲਈ ਸਭ ਤੋਂ ਪਹਿਲਾਂ ਘਰਾਂ ਦੀ ਬਣਤਰ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਦੂਜਾ, ਲੋਕਾਂ ਨੂੰ ਘਰਾਂ ਵਿੱਚ ਪੱਖੇ ਅਤੇ ਏਅਰ ਕੰਡੀਸ਼ਨ ਦੀ ਸੁਵਿਧਾ ਲਗਾਉਣ ਲਈ ਵੀ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਮਹਾਂਦੀਪ ਦੇ ਹਰ ਇੱਕ ਦੇਸ਼ ਦੀ ਸਰਕਾਰ ਨੂੰ ਕੁਝ ਅਜਿਹੀਆਂ ਜਨਤਕ ਥਾਵਾਂ ਬਣਾਉਣੀਆਂ ਚਾਹੀਦੀਆਂ ਹਨ ਜਿੱਥੇ ਏਅਰ ਕੰਡੀਸ਼ਨ ਦੀ ਸਹੂਲਤ ਮੌਜੂਦ ਹੋਵੇ ਅਤੇ ਲੋਕ ਗਰਮ ਹਵਾਵਾਂ ਦੀ ਆਮਦ ਦੇ ਦਿਨਾਂ ਵਿੱਚ ਉੱਥੇ ਜਾ ਕੇ ਗਰਮੀ ਤੋਂ ਬਚਾ ਕਰ ਸਕਣ। ਇਸ ਦੇ ਨਾਲ ਨਾਲ ਪਾਰਕ ਅਤੇ ਹੋਰ ਖੁੱਲ੍ਹੀਆਂ ਥਾਵਾਂ, ਜਿੱਥੇ ਲੋਕ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕਣ, ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਘਣੀ ਛਾਂ ਵਾਲੇ ਦਰੱਖਤ ਵੀ ਲਗਾਉਣੇ ਚਾਹੀਦੇ ਹਨ।
ਅੰਤਰਰਾਸ਼ਟਰੀ ਪੱਧਰ ਉੱਤੇ ਭਾਵੇਂ ਕਾਨਫਰੰਸਾਂ ਤਾਂ ਹਰ ਸਾਲ ਹੋ ਰਹੀਆਂ ਹਨ ਅਤੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਲਈ ਯੋਜਨਾਵਾਂ ਵੀ ਬਣਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ। ਇਸ ਦੇ ਨਾਲ ਵੱਖ-ਵੱਖ ਦੇਸ਼ ਜੋ ਇੱਕ ਦੂਜੇ ਨਾਲ ਲੜਾਈ ਕਰ ਰਹੇ ਹਨ ਉੱਥੇ ਦੁਨੀਆ ਦੇ ਬਾਕੀ ਦੇਸ਼ ਇਕੱਠੇ ਹੋ ਕੇ ਲੜਾਈ ਬੰਦ ਕਰਵਾਉਣ ਤਾਂ ਕਿ ਲੋਕ ਸ਼ੁੱਧ ਹਵਾ ਅਤੇ ਚੰਗੇ ਵਾਤਾਵਰਣ ਵਿੱਚ ਸਾਹ ਲੈ ਸਕਣ। ਇਸ ਲਈ ਦੁਨੀਆ ਦੇ ਸਾਰੇ ਦੇਸ਼ਾਂ ਖ਼ਾਸ ਕਰਕੇ ਜਿਹੜੇ ਗਰੀਨਹਾਊਸ ਗੈਸਾਂ ਦੀ ਜ਼ਿਆਦਾ ਨਿਕਾਸੀ ਵਿੱਚ ਕਟੌਤੀ ਕਰਦੇ ਹਨ, ਉਹ ਤੇਜ਼ੀ ਨਾਲ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿੱਚ ਕਟੌਤੀ ਕਰਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਯੂਰਪ ਵਰਗੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਜੋ ਕਿ ਮਨੁੱਖਤਾ ਦਾ ਘਾਣ ਹੈ। ਸੋ, ਸਮੇਂ ਦੀ ਲੋੜ ਹੈ ਕਿ ਇਸ ਪਾਸੇ ਤੁਰੰਤ ਬਣਦਾ ਧਿਆਨ ਦੇ ਕੇ ਲੋੜੀਂਦਾ ਯੋਗਦਾਨ ਪਾਇਆ ਜਾਵੇ।