ਕੈਨੇਡਾ ਨਾਲ ਵਪਾਰ ਲਈ ਤਿਆਰ ਪੁਲ ਖੋਲਣ ਵਾਸਤੇ ਥਾਨੇਦਾਰ ਤੇ ਹੋਰਨਾਂ ਨੇ ਟਰੰਪ ਨੂੰ ਕੀਤੀ ਅਪੀਲ

ਕੈਨੇਡਾ ਨਾਲ ਵਪਾਰ ਲਈ ਤਿਆਰ ਪੁਲ ਖੋਲਣ ਵਾਸਤੇ ਥਾਨੇਦਾਰ ਤੇ ਹੋਰਨਾਂ ਨੇ ਟਰੰਪ ਨੂੰ ਕੀਤੀ ਅਪੀਲ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਡੈਮੋਕਰੈਟਿਕ ਪ੍ਰਤੀਨਿਧੀ ਸ਼੍ਰੀ ਥਾਨੇਦਾਰ ਤੇ ਹੋਰਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ, ਜੋ ਬਣ ਕੇ ਤਿਆਰ ਹੋ ਗਿਆ ਹੈ, ਨੂੰ ਤੁਰੰਤ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਪੁਲ ਡੀਟਰਾਇਟ ਨੂੰ ਵਿੰਡਸਰ, ਓਨਟਾਰੀਓ ਨਾਲ ਜੋੜੇਗਾ। ਜਿਸ ਨਾਲ ਕੈਨੇਡਾ ਨਾਲ ਕਾਰੋਬਾਰ ਲਈ ਇੱਕ ਹੋਰ ਰਾਹ ਖੁੱਲ੍ਹ ਜਾਵੇਗਾ ਜਿਸ ਨਾਲ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਥਾਨੇਦਾਰ ਸਮੇਤ ਹੋਰ ਆਲੋਚਕਾਂ ਨੇ ਕਿਹਾ ਹੈ ਕਿ ਇਹ ਕਰਾਸਿੰਗ ਜੂਨ ਵਿੱਚ ਖੁੱਲਣੀ ਸੀ ਪਰ ਟਰੰਪ ਪ੍ਰਸ਼ਾਸਨ ਦੁਆਰਾ ਇਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਰਾਸ਼ਟਰਪਤੀ ਇੱਕ ‘ਬਿਹਤਰ ਸੌਦੇ’ ਲਈ ਜ਼ੋਰ ਦੇ ਰਹੇ ਹਨ। ਆਲੋਚਕਾਂ ਨੇ ਮੋਰੂਨ ਪਰਿਵਾਰ ਵੱਲ ਇਸ਼ਾਰਾ ਕੀਤਾ ਹੈ, ਜੋ ਕਿ ਅੰਬੈਸਡਰ ਬ੍ਰਿਜ ਦੇ ਮਾਲਕ ਹਨ। ਇਸ ਪਰਿਵਾਰ ਦੇ ਲੰਬੇ ਸਮੇਂ ਤੋਂ ਟਰੰਪ ਪ੍ਰਸ਼ਾਸਨ ਨਾਲ ਰਾਜਨੀਤਿਕ ਸਬੰਧ ਹਨ ਜਿਸ ਨਾਲ ਇਸ ਚਰਚਾ ਨੂੰ ਹਵਾ ਮਿਲੀ ਹੈ ਕਿ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਨੂੰ ਮੁਕਾਬਲੇ ਤੋਂ ਬਚਾਉਣ ਲਈ ਪੁਲ ਨੂੰ ਰੋਕ ਰਹੇ ਹਨ।
ਥਾਨੇਦਾਰ ਨੇ ਇੱਕ ਸਮਾਗਮ ਦੌਰਾਨ ਰਿਵਰਸਾਈਡ ਪਾਰਕ ਵਿਖੇ ਹਾਊਸ ਹੋਮਲੈਂਡ ਸਿਕਿਓਰਿਟੀ ਕਮੇਟੀ ਦੇ ਦੋ ਸੀਨੀਅਰ ਡੈਮੋਕ੍ਰੇਟਿਕ ਮੈਂਬਰਾਂ ਨਾਲ ਇਸ ਮਹੱਤਵਪੂਰਨ ਕਰਾਸਿੰਗ ਦਾ ਮੁੱਦਾ ਜੋਰਦਾਰ ਢੰਗ ਨਾਲ ਉਠਾਇਆ। ਥਾਨੇਦਾਰ, ਜੋ ਉਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਹੈ ਜਿੱਥੇ ਪੁਲ ਸਥਿਤ ਹੈ, ਨੇ ਵਾਈਟ ਹਾਊਸ ’ਤੇ ਦਬਾਅ ਵਧਾਉਣ ਲਈ ਪ੍ਰਤੀਨਿਧੀ ਬੈਨੀ ਥੌਮਸਨ ਅਤੇ ਲੂ ਕੋਰੀਆ ਨਾਲ ਮਿਲ ਕੇ ਦਲੀਲ ਦਿੱਤੀ ਕਿ ਦੇਰੀ ਮਿਸ਼ੀਗਨ ਦੀ ਆਰਥਿਕਤਾ ’ਤੇ ਸਿੱਧਾ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਆਟੋਮੋਟਿਵ ਸਪਲਾਈ ਚੇਨ ਅਤੇ ਹਜ਼ਾਰਾਂ ਨੌਕਰੀਆਂ ਲਈ ਜ਼ਰੂਰੀ ਹੈ ਜੋ ਸਰਹੱਦ ਪਾਰਲੇ ਹਿੱਸੇ-ਪੁਰਜਿਆਂ ਅਤੇ ਸਾਮਾਨ ’ਤੇ ਨਿਰਭਰ ਕਰਦੇ ਹਨ। ਥਾਨੇਦਾਰ ਨੇ ਕਿਹਾ ਕਿ ਇਹ ਪੁਲ ਜਿਥੇ ਅਮਰੀਕਾ ਦੇ ਆਟੋ ਉਦਯੋਗ ਲਈ ਸਹਾਇਕ ਹੋਵੇਗਾ ਉਥੇ ਇਹ ਪੁਲ ਸਾਡੀਆਂ ਆਟੋ ਨੌਕਰੀਆਂ ਨੂੰ ਬਰਕਰਾਰ ਰੱਖਣ ਅਤੇ ਵਧਾਉਣ ਲਈ ਸਹਾਇਕ ਹੋਵੇਗਾ। ਉਨਾਂ ਚਿਤਾਵਨੀ ਦਿੱਤੀ ਕਿ ਉਹ ਇਸ ਸਬੰਧੀ ਹਰ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ ਅਤੇ ਰਾਜਨੀਤਿਕ ਕਦਮ ਵੀ ਚੁੱਕਣਗੇ। ਪ੍ਰਤੀਨਿਧੀ ਲੂ ਕੋਰੀਆ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਪੁਲ ਉਪਰੋਂ ਆਵਾਜਾਈ ਸ਼ੁਰੂ ਕਰਕੇ ਆਪਣੇ ਸਿਰ ਸਿਹਰਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ ਅਤੇ ਉਹ ਇਸ ਦਾ ਸਿਹਰਾ ਉਸੇ ਤਰਾਂ ਲੈ ਸਕਦਾ ਹੈ ਜਿਵੇਂ ਉਸ ਨੂੰ ਲੈਣਾ ਚਾਹੀਦਾ ਹੈ।
ਸਮਾਗਮ ਨੂੰ ਸਮਾਪਤ ਕਰਦੇ ਹੋਏ, ਥਾਨੇਦਾਰ ਨੇ ਰਾਸ਼ਟਰਪਤੀ ਨੂੰ ਇੱਕ ਸਪੱਸ਼ਟ ਅਪੀਲ ਜਾਰੀ ਕੀਤੀ ਤੇ ਕਿਹਾ ‘ਸ਼੍ਰੀਮਾਨ ਟਰੰਪ, ਗੋਰਡੀ ਹੋਵ ਬ੍ਰਿਜ ਖੋਲੋ। ਸ਼੍ਰੀਮਾਨ ਟਰੰਪ, ਪੁਲ ਖੋਲੋ, ਕਿਉਂਕਿ ਮਿਸ਼ੀਗਨ ਨੂੰ ਇਸ ਦੀ ਲੋੜ ਹੈ, ਸੰਯੁਕਤ ਰਾਜ ਦੇ ਲੋਕਾਂ ਨੂੰ ਇਸ ਦੀ ਲੋੜ ਹੈ।’’
ਦਿੱਲੀ ਭੇਜੀ ਜਾ ਰਹੀ ਕੁਕੀਨ ਮਿਆਮੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਜ਼ਬਤ
ਮਿਆਮੀ - ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਮਿਆਮੀ ਕੌਮਾਂਤਰੀ ਹਵਾਈ ਅੱਡੇ ਨੇੜੇ ਇੱਕ ਏਅਰ ਕਾਰਗੋ ਗੁਦਾਮ ਵਿਚੋਂ 49 ਪੌਂਡ ਕੁਕੀਨ ਬਰਾਮਦ ਕੀਤੀ ਹੈ ਜਿਸ ਨੂੰ ਦਿੱਲੀ ਭੇਜਿਆ ਜਾਣਾ ਸੀ। ਇਹ ਕੁਕੀਨ ਸਪੀਕਰਾਂ ਅਤੇ ਐਂਪਲੀਫ਼ਾਇਰਾਂ ਦੇ ਅੰਦਰ ਛੁਪਾ ਕੇ ਰੱਖੀ ਹੋਈ ਸੀ ਜਿਸ ਦਾ ਬਜਾਰੀ ਮੁੱਲ ਇਕ ਅਨੁਮਾਨ ਅਨੁਸਾਰ 15 ਲੱਖ ਡਾਲਰ ਤੋਂ ਵੱਧ ਹੈ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸ਼ਿਪਮੈਂਟ ਸੈਂਟੋ ਡੋਮਿੰਗੋ, ਡੋਮਿਨਿਕਨ ਰੀਪਬਲਿਕ ਤੋਂ ਸ਼ੁਰੂ ਹੋਈ ਸੀ ਅਤੇ ‘ਸੰਗੀਤ ਉਪਕਰਣ’ ਵਜੋਂ ਦਿੱਲੀ ਜਾ ਰਹੀ ਸੀ। ਅਧਿਕਾਰੀਆਂ ਨੇ ਇਸ ਸਬੰਧੀ ਕਿਸੇ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਦਿੱਤੀ ਹੈ ਤੇ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ।