ਜੇਲੈਂਸਕੀ ਅਮਨ ਨਹੀਂ ਚਹੁੰਦਾ ਉਹ ਤੀਸਰਾ ਵਿਸ਼ਵ ਯੁੱਧ ਚਹੁੰਦਾ ਹੈ-ਟਰੰਪ
ਰਾਸ਼ਟਰਪਤੀ ਟਰੰਪ ਤੇ ਜ਼ੇਲੈਂਸਕੀ ਵਿਚਾਲੇ ਮੀਟਿੰਗ ਦੌਰਾਨ ਹੋਈ ਤਕਰਾਰ ਉਪਰੰਤ ਜ਼ੇਲੈਂਸਕੀ ਨੂੰ ਵਾਈਟ ਹਾਊਸ ਵਿਚੋਂ ਚਲੇ ਜਾਣ ਲਈ ਕਿਹਾ
ਖਣਿਜ ਪਦਾਰਥਾਂ ਬਾਰੇ ਸਮਝੌਤੇ ਉਪਰ ਨਹੀਂ ਹੋਏ ਦਸਤਖਤ, ਸਾਂਝੀ ਪ੍ਰੈਸ ਕਾਨਫਰੰਸ ਵੀ ਹੋਈ ਰੱਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵਿਚਾਲੇ ਵਾਈਟ ਹਾਊਸ ਵਿਚ ਹੋਈ ਮੀਟਿੰਗ ਦੌਰਾਨ ਦੋਨਾਂ ਆਗੂਆਂ ਵਿਚਾਲੇ ਤਕਰਾਰ ਹੋਣ ਦੀ ਖਬਰ ਹੈ। ਮੀਟਿੰਗ ਵਿਚ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਵੀ ਮੌਜੂਦ ਸਨ। ਬਿਨਾਂ ਕਿਸੇ ਸਿੱਟੇ ਦੇ ਖਤਮ ਹੋਈ ਮੀਟਿੰਗ ਦੌਰਾਨ ਸਥਿੱਤੀ ਇਸ ਹੱਦ ਤੱਕ ਅਣਸੁਖਾਵੀਂ ਬਣ ਗਈ ਕਿ ਟਰੰਪ ਨੇ ਯੁਕਰੇਨੀ ਰਾਸ਼ਟਰਪਤੀ ਨੂੰ ਵਾਈਟ ਹਾਊਸ ਵਿਚੋਂ ਚਲੇ ਜਾਣ ਲਈ ਕਹਿ ਦਿੱਤਾ। ਵਾਈਟ ਹਾਊਸ ਦੇ ਇਕ ਅਧਿਕਾਰੀ ਅਨੁਸਾਰ ਬਾਅਦ ਵਿਚ ਜ਼ੇਲੈਂਸਕੀ ਤੁਰੰਤ ਵਾਈਟ ਹਾਊਸ ਛੱਡ ਕੇ ਚਲੇ ਗਏ। ਮੀਟਿੰਗ ਵਿਚ ਯੁਕਰੇਨ ਦੇ ਕੁੱਦਰਤੀ ਖਣਿਜ ਪਦਾਰਥਾਂ ਸਬੰਧੀ ਦੋਨਾਂ ਦੇਸ਼ਾਂ ਵਿਚਾਲੇ ਸਮਝੌਤੇ ਉਪਰ ਦਸਤਖਤ ਕੀਤੇ ਜਾਣੇ ਸਨ ਪਰੰਤੂ ਅਜਿਹਾ ਸੰਭਵ ਨਹੀਂ ਹੋ ਸਕਿਆ। ਮੀਟਿੰਗ ਵਿਚ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਜ਼ੇਲੈਂਸਕੀ ਨੂੰ ਕਿਹਾ ਕਿ ਉਹ ਟਰੰਪ ਪ੍ਰਤੀ ਅਣਉੁੱਚਿਤ ਰਵਈਆ ਰਖਦੇ ਹਨ। ਤੁਹਾਨੂੰ ਰੂਸ ਨਾਲ ਜੰਗ ਦੇ ਕਾਰਨਾਂ ਬਾਰੇ ਭਾਸ਼ਣ ਦੇਣ ਦੀ ਬਜਾਏ ਅਮਰੀਕਾ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੀਟਿੰਗ ਤੋਂ ਕੁਝ ਸਮੇ ਬਾਅਦ ਟਰੰਪ ਨੇ ਕਿਹਾ ਕਿ ''ਰਾਸ਼ਟਰਪਤੀ ਜ਼ੇਲੈਂਸਕੀ ਅਮਨ ਲਈ ਤਿਆਰ ਨਹੀਂ ਹੈ।
ਉਸ ਨੇ ਓਵਾਲ ਦਫਤਰ ਵਿਚ ਅਮਰੀਕਾ ਦਾ ਅਪਮਾਨ ਕੀਤਾ ਹੈ। ਹੁਣ ਉਹ ਓਦੋਂ ਹੀ ਵਾਪਿਸ ਆ ਸਕਦਾ ਹੈ ਜਦੋਂ ਅਮਨ ਲਈ ਤਿਆਰ ਹੋਵੇਗਾ।'' ਮੀਟਿੰਗ ਉਪਰੰਤ ਟਰੰਪ ਤੇ ਜ਼ੇਲੈਂਸਕੀ ਦੀ ਰੱਖੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਰੱਦ ਕਰ ਦਿੱਤਾ ਗਿਆ। ਰਾਸ਼ਟਰਪਤੀ ਟਰੰਪ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਯੁਕਰੇਨ ਨਾਲ ਜੰਗ ਖਤਮ ਕਰਨ ਬਾਰੇ ਕੀਤੀ ਗੱਲਬਾਤ ਉਪਰੰਤ ਇਹ ਮੀਟਿੰਗ ਸੰਭਵ ਹੋਈ ਸੀ। ਮੀਟਿੰਗ ਵਿਚ ਉਸ ਵੇਲੇ ਪਾਰਾ ਸਿਖਰ 'ਤੇ ਪੁੱਜ ਗਿਆ ਜਦੋਂ ਜ਼ੇਲੈਂਸਕੀ ਨੇ ਕਿਹਾ ਅਮਰੀਕਾ ਹੁਣ ਪਿੱਛੇ ਹਟ ਰਿਹਾ ਹੈ ਪਰੰਤੂ ਇਸ ਬਾਰੇ ਤੁਹਾਨੂੰ ਭਵਿੱਖ ਵਿਚ ਅਹਿਸਾਸ ਹੋਵੇਗਾ। ਇਸ 'ਤੇ ਟਰੰਪ ਨੇ ਕਿਹਾ ਸਾਨੂੰ ਇਹ ਦੱਸਣ ਦੀ ਕੋਸ਼ਿਸ ਨਾ ਕਰੋ ਕਿ ਅਸੀਂ ਕਿਵੇਂ ਮਹਿਸੂਸ ਕਰਾਂਗੇ, ਅਸੀਂ ਇਕ ਸਮੱਸਿਆ ਹੱਲ ਕਰਨ ਦਾ ਯਤਨ ਕਰ ਰਹੇ ਹਾਂ। ਜ਼ੇਲੈਂਸਕੀ ਨੇ ਟੋਕਦਿਆਂ ਕਿਹਾ 'ਮੈ ਤੁਹਾਨੂੰ ਸਮਝਾ ਨਹੀਂ ਰਿਹਾ''। ਇਸ 'ਤੇ ਵੈਂਸ ਨੇ ਕਿਹਾ '' ਹਾਂ ਬਿਲਕੁੱਲ ਇਹ ਹੀ ਤਾਂ ਤੂੰ ਕਰ ਰਿਹਾ ਹੈ।'' ਤੈਸ਼ ਵਿਚ ਆਏ ਟਰੰਪ ਨੇ ਕਿਹਾ '' ਤੂੰ ਇਸ ਸਮੇ ਸਾਨੂੰ ਹੁਕਮ ਦੇਣ ਦੀ ਸਥਿੱਤੀ ਵਿਚ ਨਹੀਂ ਹੈ। ਅਸੀਂ ਬਹੁਤ ਚੰਗਾ ਤੇ ਬਹੁਤ ਮਜਬੂਤ ਅਹਿਸਾਸ ਕਰਾਂਗੇ ਪਰੰਤੂ ਇਸ ਵੇਲੇ ਤੇਰੀ ਹਾਲਤ ਬਹੁਤੀ ਚੰਗੀ ਨਹੀਂ ਹੈ। ਤੂੰ ਚੰਗੀ ਸਥਿੱਤੀ ਵਿਚ ਨਹੀਂ ਹੈ।'' ਟਰੰਪ ਨੇ ਆਪਣੀ ਗਲ ਜਾਰੀ ਰਖਦਿਆਂ ਕਿਹਾ ਤੂੰ ਲੱਖਾਂ ਲੋਕਾਂ ਦੀ ਜਾਨ ਨਾਲ ਜੂਆ ਖੇਡ ਰਿਹਾ ਹੈ, ਤੂੰ ਤੀਸਰੀ ਵਿਸ਼ਵ ਜੰਗ ਦਾ ਜੂਆ ਖੇਡ ਰਿਹਾ ਹੈ ਜੋ ਤੂੰ ਕਰ ਰਿਹਾ ਹੈ ਉਹ ਇਸ ਦੇਸ਼ ਦਾ ਅਪਮਾਨ ਹੈ। ਵਾਈਟ ਹਾਊਸ ਵਿਚੋਂ ਚਲੇ ਜਾਣ ਉਪਰੰਤ ਐਕਸ ਉਪਰ ਪਾਏ ਇਕ ਬਿਆਨ ਵਿਚ ਜ਼ੇਲੈਂਸਕੀ ਨੇ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ '' ਸਮਥਰਨ ਕਰਨ ਲਈ ਧੰਨਵਾਦ ਅਮਰੀਕਾ, ਇਸ ਮੀਟਿੰਗ ਲਈ ਧੰਨਵਾਦ। ਯੁਕਰੇਨ ਨੂੰ ਅਮਨ ਦੀ ਲੋੜ ਹੈ, ਅਸੀਂ ਇਸ ਵਾਸਤੇ ਕੰਮ ਕਰ ਰਹੇ ਹਾਂ।'' ਰੂਸੀ ਆਗੂਆਂ ਨੇ ਟਰੰਪ ਤੇ ਜ਼ੇਲੈਂਸਕੀ ਵਿਚਾਲੇ ਹੋਈ ਤਕਰਾਰ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ''ਢੀਠ ਸੂਰ ਨੂੰ ਆਖਰਕਾਰ ਓਵਾਲ ਦਫਤਰ ਵਿਚ ਉਚਿੱਤ ਥਪੜ ਪਿਆ ਹੈ। ਉਹ ਇਸ ਦਾ ਹੀ ਹੱਕਦਾਰ ਹੈ।'' ਰਸ਼ੀਅਨ ਫੈਡਰੇਸ਼ਨ ਸਕਿਉਰਿਟੀ ਕੌਂਸਲ ਦੇ ਉੱਪ ਪ੍ਰਧਾਨ ਤੇ ਸਾਬਕਾ ਰੂਸੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦਮਿਤਰੀ ਮੈਡਵੇਡੇਵ ਐਕਸ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ''ਰਾਸ਼ਟਰਪਤੀ ਟਰੰਪ ਸਹੀ ਹਨ। ਕੀਵ ਹਕੂਮਤ ਤੀਸਰੀ ਵਿਸ਼ਵ ਜੰਗ ਦਾ ਜੂਆ ਖੇਡ ਰਹੀ ਹੈ।''











Comments (0)