ਰਾਮ ਮੰਦਰ ਦਾ ਮੁੱਦਾ ਸੰਘ ਮੁਖੀ ਭਾਗਵਤ ਨੇ ਕਿਉਂ ਮੁੜ ਚੁਕਿਆ..?

ਰਾਮ ਮੰਦਰ ਦਾ ਮੁੱਦਾ ਸੰਘ ਮੁਖੀ ਭਾਗਵਤ ਨੇ ਕਿਉਂ ਮੁੜ ਚੁਕਿਆ..?

*ਮੋਦੀ ਭਾਗਵਤ ਉਪਰ ਕਿਉਂ ਪੈ ਰਹੇ ਨੇ ਭਾਰੂ?

*ਕੀ ਭਾਗਵਤ ਨੂੰ ਸੰਘ ਪਰਿਵਾਰ ਦੇ ਮੁਖੀ ਵਜੋਂ ਅਸਤੀਫਾ ਦੇਣਾ ਪਵੇਗਾ

*ਨਫ਼ਰਤੀ ਮੁਹਿੰਮ ਹੋਰ ਤਿੱਖੀ ਹੋਵੇਗੀ ਤੇ ਘੱਟ ਗਿਣਤੀਆਂ ਉੱਤੇ ਹਮਲੇ ਵਧਣਗੇ

 ਅੱਧੇ-ਅਧੂਰੇ ਰਾਮ ਮੰਦਰ ਦੇ ਉਦਘਾਟਨ ਦੇ ਇਕ ਸਾਲ ਬਾਅਦ ਹੀ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਇਹ ਬਿਆਨ ਦੇਣ ਦੀ ਕਿਉਂ ਸੁੱਝੀ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਨਾਲ ਹੀ ਭਾਰਤ ਨੂੰ ਅਸਲੀ ਆਜ਼ਾਦੀ ਮਿਲੀ? ਦਰਅਸਲ, ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਸੀਤਯੁੱਧ ਚੱਲ ਰਿਹਾ ਸੀ। ਭਾਗਵਤ ਦੇ ਕੁਝ ਬਿਆਨਾਂ ਨੂੰ ਮੋਦੀ 'ਤੇ ਤਿੱਖੇ ਹਮਲੇ ਮੰਨਿਆ ਜਾ ਰਿਹਾ ਸੀ। ਜਵਾਬ ਵਿਚ ਮੋਦੀ ਵਲੋਂ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਤਿੱਖੇ ਜਵਾਬੀ ਹਮਲੇ ਕਰਦਿਆਂ ਇਕ ਬਿਆਨ ਦਿੱਤਾ ਸੀ ਕਿ ਭਾਜਪਾ ਨੂੰ ਪਹਿਲਾਂ ਸੰਘ ਦੀ ਜ਼ਰੂਰਤ ਹੁੰਦੀ ਸੀ, ਪਰ ਭਾਜਪਾ ਹੁਣ ਆਤਮ-ਨਿਰਭਰ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਭਾਗਵਤ ਨੇ ਹਰ ਮਸਜਿਦ ਦੇ ਹੇਠਾਂ ਮੰਦਰ ਲੱਭਣ ਦੇ ਸਿਲਸਿਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਰਾਮ ਮੰਦਰ ਨਿਰਮਾਣ ਤੋਂ ਬਾਅਦ ਕੁਝ ਲੋਕ ਅਜਿਹਾ ਮੰਨਣ ਲੱਗੇ ਹਨ ਕਿ ਉਹ ਅਜਿਹੇ ਮੁੱਦੇ ਚੁੱਕ ਕੇ ਹਿੰਦੂਆਂ ਦੇ ਨੇਤਾ ਬਣ ਜਾਣਗੇ, ਤਾਂ ਉਨ੍ਹਾਂ ਦੇ ਇਸ ਬਿਆਨ 'ਤੇ ਸੰਘ ਦੇ ਹਲਕਿਆਂ ਵਿਚ ਤਿੱਖੀ ਪ੍ਰਤੀਕਿਰਿਆ ਹੋਈ ਸੀ।

 ਸੰਘ ਨਾਲ ਜੁੜੇ ਅਤੇ ਮੋਦੀ ਸਮਰਥਕ ਮੰਨੇ ਜਾਣ ਵਾਲੇ ਸਾਧੂ-ਸੰਤਾਂ ਨੇ ਭਾਗਵਤ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਸਾਡੇ ਮਾਰਗਦਰਸ਼ਕ ਨਹੀਂ ਹਨ। ਇੱਥੋਂ ਤੱਕ ਕਿ ਸੰਘ ਦੇ ਮੁੱਖ ਪੱਤਰ 'ਆਰਗੇਈਨਾਜ਼ਰ' ਨੇ ਵੀ ਭਾਗਵਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਸੀ। ਕੁਲ ਮਿਲਾ ਕੇ ਭਾਗਵਤ ਚਹੁੰਪਾਸਿਆਂ ਤੋਂ ਘਿਰ ਕੇ ਅਲੱਗ-ਥਲੱਗ ਪੈ ਗਏ ਹਨ। ਮੰਨਿਆ ਜਾਣ ਲੱਗਾ ਕਿ ਹੁਣ ਭਾਗਵਤ ਨੂੰ ਜਲਦ ਹੀ ਸਰਸੰਘ ਚਾਲਕ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ, ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਭਾਗਵਤ ਨੇ ਰਾਮ ਮੰਦਰ ਨਿਰਮਾਣ ਨੂੰ ਅਸਲੀ ਆਜ਼ਾਦੀ ਦੱਸਣ ਵਾਲਾ ਬਿਆਨ ਦੇ ਕੇ ਮੋਦੀ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਮੋਦੀ ਦੇ ਸਾਹਮਣੇ ਸਮਰਪਣ ਕਰ ਦਿੱਤਾ ਹੈ।

ਸੰਘ ਪਰਵਾਰ ਵੱਲੋਂ ਗੈਰ ਹਿੰਦੂ ਧਰਮਾਂ ਨੂੰ ਸਨਾਤਨ ਵਿੱਚ ਤਬਦੀਲ ਕਰਨ ਦੀ ਚਲਾਈ ਮੁਹਿੰਮ

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਿਵਸ ’ਤੇ ਸੱਚੀ ਅਜ਼ਾਦੀ ਹਾਸਲ ਕੀਤੀ ਹੈ। ਉਨ੍ਹਾਂ ਮੁਤਾਬਕ ਰਾਮ ਮੰਦਰ ਨਿਰਮਾਣ ਦੇ ਦਿਨ ਨੂੰ ‘ਪ੍ਰਤਿਸ਼ਠਾ ਦੁਆਦਸੀ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਹਿੰਦੂ ਕਲੰਡਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਪਿਛਲੇ ਸਾਲ ਪੋਹ ਸੁਦੀ ਦੋ (ਦੁਆਦਸੀ) ਨੂੰ ਹੋਇਆ ਸੀ। ਇਸ ਸਾਲ ਪੋਹ ਸੁਦੀ ਦੋ 11 ਜਨਵਰੀ ਨੂੰ ਸੀ।

ਭਾਗਵਤ ਨੇ ਇਹ ਬਿਆਨ ਦੇ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੰਘ ਲਈ ਅਜ਼ਾਦੀ ਅੰਦੋਲਨ ਦਾ ਕੋਈ ਮਹੱਤਵ ਨਹੀਂ ਹੈ। ਇਸ ਬਿਆਨ ਨਾਲ ਭਾਗਵਤ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਅਸ਼ਫਾਕ ਉੱਲਾ ਖਾਨ ਤੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਕੀਤੇ ਗਏ ਅਹਿੰਸਾ ਅੰਦੋਲਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਭਾਗਵਤ ਨੇ ਕਿਹਾ ਸੀ ਕਿ ਭਾਰਤ, ਜਿਸ ਨੇ ਕਈ ਸਦੀਆਂ ਹਮਲਾਵਰਾਂ ਦਾ ਸਾਹਮਣਾ ਕੀਤਾ, ਨੇ ਅਸਲੀ ਅਜ਼ਾਦੀ ਇਸੇ ਦਿਨ ਪ੍ਰਾਪਤ ਕੀਤੀ ਸੀ। ਇਸ ਤੋਂ ਸਾਫ਼ ਹੈ ਕਿ ਆਰ ਐੱਸ ਐੱਸ ਹਮਲਾਵਰ ਸ਼ਬਦ ਮੁਗਲਾਂ ਬਾਰੇ ਵਰਤਦਾ ਹੈ, ਅੰਗਰੇਜ਼ ਉਸ ਲਈ ਹਮਲਾਵਰ ਨਹੀਂ ਹਨ। 

ਇਸੇ ਕਾਰਨ ਹੀ ਸੰਘ ਨੇ ਅਜ਼ਾਦੀ ਅੰਦੋਲਨ ਨੂੰ ਕੁਚਲਣ ਲਈ ਸਮੇਂ-ਸਮੇਂ ਉੱਤੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਲਈ ਸੰਘ ਪਾਸ ਨਾ ਕੋਈ ਭਗਤ ਸਿੰਘ, ਨਾ ਗਾਂਧੀ ਤੇ ਨਾ ਸੁਭਾਸ਼ ਚੰਦਰ ਬੋਸ ਸੀ। ਉਸ ਦੀ ਵਿਰਾਸਤ ਸਿਰਫ਼ ਸਾਵਰਕਰ ਹੈ, ਜੋ ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਕੇ ਜੇਲ੍ਹੋਂ ਬਾਹਰ ਆਇਆ ਸੀ ਤੇ ਆ ਕੇ ਜਿਨਾਹ ਦੀ ਦੋ ਕੌਮਾਂ ਦੀ ਥਿਊਰੀ ਦਾ ਸਮਰਥਨ ਕਰਕੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਹੁਲਾਰਾ ਦਿੱਤਾ ਸੀ।

ਆਰ ਐੱਸ ਐੱਸ ਨੇ ਅਜ਼ਾਦੀ ਤੋਂ ਬਾਅਦ ਨਾ ਤਾਂ ਤਿਰੰਗੇ ਦਾ ਸਨਮਾਨ ਕੀਤਾ ਤੇ ਨਾ ਸੰਵਿਧਾਨ ਨੂੰ ਮਾਨਤਾ ਦਿੱਤੀ ਸੀ। ਸੰਘ ਨੇ ਆਪਣੇ ਜਨਮ ਤੋਂ ਲੈ ਕੇ 52 ਸਾਲਾਂ ਤੱਕ ਨਾਗਪੁਰ ਵਿਖੇ ਆਪਣੇ ਹੈੱਡਕੁਆਟਰ ਉੱਤੇ ਤਿਰੰਗਾ ਝੰਡਾ ਨਹੀਂ ਲਹਿਰਾਇਆ ਸੀ। ਤਿਰੰਗੇ ਦਾ ਸਨਮਾਨ ਨਾ ਕਰਨ ਦੀ ਅਲੋਚਨਾ ਤੋਂ ਬਾਅਦ ਅਗਸਤ 2002 ਵਿੱਚ ਸੰਘ ਨੇ ਆਪਣੇ ਹੈੱਡਕੁਆਟਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਸੀ। ਇਸ ਦੀ ਵੀ ਦਿਲਚਸਪ ਕਹਾਣੀ ਹੈ। 26 ਜਨਵਰੀ 2001 ਨੂੰ ਤਿੰਨ ਨੌਜਵਾਨਾਂ ਨੇ ਸੰਘ ਦੇ ਹੈੱਡਕੁਆਟਰ ਵਿੱਚ ਜਬਰੀ ਵੜ ਕੇ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਸੰਘ ਵੱਲੋਂ ਇਨ੍ਹਾਂ ਤਿੰਨਾਂ ਉੱਤੇ ਐੱਫ਼ ਆਈ ਆਰ ਕਰਾ ਦਿੱਤੀ ਗਈ ਸੀ। ਸੰਨ 2013 ਵਿੱਚ ਇਨ੍ਹਾਂ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ, ਕਿਉਂਕਿ ਸੰਘ ਨੇ ਮੁਕੱਦਮੇ ਦੀ ਪੈਰਵੀ ਨਹੀਂ ਕੀਤੀ ਸੀ। ਉਸ ਨੂੰ ਡਰ ਸੀ ਕਿ ਜੇਕਰ ਨੌਜਵਾਨਾਂ ਨੂੰ ਸਜ਼ਾ ਹੋ ਗਈ ਤਾਂ ਉਸ ਦੀ ਬਦਨਾਮੀ ਹੋਵੇਗੀ। ਇਸ ਦਾ ਸਿੱਟਾ ਇਹ ਨਿਕਲਿਆ ਕਿ 26 ਜਨਵਰੀ 2002 ਨੂੰ ਸੰਘ ਵੱਲੋਂ ਆਪਣੇ ਹੈੱਡਕੁਆਟਰ ਉੱਤੇ ਬਕਾਇਦਾ ਤਿਰੰਗਾ ਲਹਿਰਾਇਆ ਗਿਆ, ਜੋ ਹੁਣ ਹਰ ਸਾਲ ਲਹਿਰਾਇਆ ਜਾਂਦਾ ਹੈ।

ਸੰਘ ਦੇ ਪ੍ਰਮੁੱਖ ਅਖਬਾਰ ‘ਆਰਗੇਨਾਈਜ਼ਰ’ ਨੇ ਬਕਾਇਦਾ ਸੰਪਾਦਕੀ ਲਿਖ ਕੇ ਸੰਵਿਧਾਨ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਹ ਸੰਵਿਧਾਨ ਨਹੀਂ ਚਾਹੀਦਾ, ਜੋ ਮਨੂੰ ਸਮਿ੍ਰਤੀ ਮੁਤਾਬਕ ਨਾ ਲਿਖਿਆ ਗਿਆ ਹੋਵੇ। ਉਸ ਨੇ ਕਿਹਾ ਸੀ ਕਿ ਭਾਰਤ ਨੂੰ ਮਨੂੰ ਸਮਿ੍ਰਤੀ ਮੁਤਾਬਕ ਚਲਾਇਆ ਜਾਣਾ ਚਾਹੀਦਾ ਹੈ। ਮੋਹਨ ਭਾਗਵਤ ਸਮੇਂ-ਸਮੇਂ ਉਤੇ ਐੱਸ ਸੀ-ਐੱਸ ਟੀ ਰਾਖਵੇਂਕਰਨ ਦਾ ਵੀ ਵਿਰੋਧ ਕਰਦੇ ਰਹਿੰਦੇ ਹਨ, ਪਰ ਜਦੋਂ ਜਨਤਕ ਵਿਰੋਧ ਹੁੰਦਾ ਹੈ ਤਾਂ ਬਿਆਨ ਵਾਪਸ ਲੈ ਲੈਂਦੇ ਹਨ।

ਮੋਹਨ ਭਾਗਵਤ ਆਪਣੇ ਬਿਆਨ ਨੂੰ ਆਸਥਾ ਦਾ ਤੜਕਾ ਲਾਉਣਾ ਵੀ ਨਹੀਂ ਭੁੱਲੇ। 

ਇਥੇ ਬੱਸ ਨਹੀਂ,ਸੰਘ ਮੁਖੀ ਮੋਹਨ ਭਾਗਵਤ ਦੇ 13 ਜਨਵਰੀ ਨੂੰ ਇੰਦੌਰ ਵਿੱਚ ਇੱਕ ਪ੍ਰੋਗਰਾਮ ਵਿੱਚ ਦਿੱਤੇ ਅਜ਼ਾਦੀ ਵਾਲੇ ਭਾਸ਼ਣ ਦਾ ਹੁਣ ਦੂਜਾ ਹਿੱਸਾ ਵੀ ਸਾਹਮਣੇ ਆ ਗਿਆ ਹੈ। ਇਸ ਵਿੱਚ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਵੇਲੇ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇੱਕ ਮੁਲਾਕਾਤ ਦੌਰਾਨ ਸੰਘ ਵੱਲੋਂ ਚਲਾਈ ਜਾਂਦੀ ‘ਘਰ ਵਾਪਸੀ’ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਸੀ। ‘ਘਰ ਵਾਪਸੀ’ ਸੰਘ ਪਰਿਵਾਰ ਵੱਲੋਂ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ, ਜਿਸ ਰਾਹੀਂ ਮੁਸਲਿਮ, ਇਸਾਈ ਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਹਿੰਦੂ ਧਰਮ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸੰਘ ਮੰਨਦਾ ਹੈ ਕਿ ਇਹ ਸਾਰੇ ਮੂਲ ਰੂਪ ਵਿੱਚ ਹਿੰਦੂ ਸਨ ਤੇ ਇਨ੍ਹਾਂ ਨੂੰ ਮੁੜ ਹਿੰਦੂ ਧਰਮ ਵਿੱਚ ਲਿਆਉਣਾ ‘ਘਰ ਵਾਪਸੀ’ ਹੈ।

ਸਚਾਈ ਇਹ ਹੈ ਕਿ ਭਾਗਵਤ ਲਈ ਰਾਮ ਮੰਦਰ ਹੀ ਭਾਰਤ ਹੈ। ‘‘ਇਸ ਭਾਰਤ ਦੇ ਨਾਗਰਿਕ ਉਹ ਲੋਕ ਹਨ, ਜਿਹੜੇ ਰਾਮ ਮੰਦਰ ਵਿਚ ਆਸਥਾ ਰੱਖਦੇ ਹਨ। ਇਹ ਕਹਿ ਕੇ ਉਨ੍ਹਾਂ ਇਸਾਈਆਂ, ਮੁਸਲਮਾਨਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਸਿੱਖਾਂ ਨੂੰ ਭਾਰਤ ਦੇ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਭਾਗਵਤ ਦੇ ਇਸ ਦੇਸ਼ ਵਿੱਚ ਨਾ ਸਤਿਗੁਰੂ ਗੁਰੂ ਨਾਨਕ ਲਈ ਕੋਈ ਥਾਂ ਹੈ, ਨਾ ਸੰਤ ਰਵਿਦਾਸ ਲਈ ਤੇ ਨਾ ਸੰਤ ਕਬੀਰ ਲਈ, ਕਿਉਂਕਿ ਉਨ੍ਹਾਂ ਦੀ ਕਿਸੇ ਮੰਦਰ ਵਿੱਚ ਆਸਥਾ ਨਹੀਂ ਸੀ। ਉਨ੍ਹਾਂ ਦਾ ਰਾਮ ਤਾਂ ਕਣ-ਕਣ ਵਿੱਚ ਵਸਦਾ ਸੀ। ਭਾਗਵਤ ਨੇ ਇਸ ਬਿਆਨ ਰਾਹੀਂ ਭਾਰਤ ਦੇ ਸੰਵਿਧਾਨ ਨੂੰ ਵੀ ਨਕਾਰਿਆ ਹੈ, ਜਿਹੜਾ ਭਾਰਤ ਵਿੱਚ ਜੰਮੇ ਹਰ ਵਿਅਕਤੀ ਨੂੰ ਅਜ਼ਾਦ ਮੰਨਦਾ ਹੈ ਤੇ ਉਸ ਨੂੰ ਆਪਣੀ ਆਸਥਾ ਮੁਤਾਬਕ ਜ਼ਿੰਦਗੀ ਜੀਣ ਦਾ ਅਧਿਕਾਰ ਦਿੰਦਾ ਹੈ।

ਅਸਲ ਵਿੱਚ ਭਾਗਵਤ ਦਾ ਇਹ ਸਾਰਾ ਭਾਸ਼ਣ ਸੰਘ ਦੇ ਅਗਲੇ ਏਜੰਡੇ ਨੂੰ ਸਾਹਮਣੇ ਲਿਆਉਂਦਾ ਹੈ ਜੋ ਮੋਦੀ ਦੀ ਹਿੰਦੂਤਵੀ ਰਾਜਨੀਤੀ ਨੂੰ ਪ੍ਰਮੋਟ ਕਰਦਾ ਹੈ। ਭਾਗਵਤ ਦੇ ਇਸ ਬਿਆਨ ਤੋਂ ਬਾਅਦ ਬਾਕੀ ਧਰਮਾਂ ਪ੍ਰਤੀ ਨਫ਼ਰਤੀ ਮੁਹਿੰਮ ਹੋਰ ਤਿੱਖੀ ਹੋਵੇਗੀ ਤੇ ਘੱਟ ਗਿਣਤੀਆਂ ਉੱਤੇ ਹਮਲੇ ਵਧਣਗੇ।