ਪੰਜਾਬ ਵਿੱਚ ਹਿੰਦੂਤਵੀ,ਅਕਾਲੀ ਰਾਜਨੀਤੀ ਬਨਾਮ ਪੰਥਕ ਰਾਜਨੀਤੀ ਦਾ ਭਵਿੱਖ ਕੀ ਹੈ?
ਪੰਜਾਬ ਦੀ ਵਾਰਿਸ ਰਾਜਨੀਤਕ ਪਾਰਟੀ ਕੋਣ?
*ਕੀ ਬਾਦਲ ਅਕਾਲੀ ਜਾਂ ਬਾਗੀ ਅਕਾਲੀ ਧੜਾ ਸਿਖ ਪੰਥ ਦਾ ਸਮਰਥਨ ਹਾਸਿਲ ਕਰ ਸਕੇਗਾ?
ਪੰਜਾਬ, ਜਿਹੜਾ ਭਾਰਤੀ ਸੰਘ ਦਾ ਇਕੱਲਾ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ, ਅੱਜ ਵੀ ਆਪਣੀ ਵਿਲੱਖਣ ਰਾਜਨੀਤਕ ਅਤੇ ਸਮਾਜੀ ਪਛਾਣ ਨਾਲ ਜੂਝ ਰਿਹਾ ਹੈ। ਪੰਜਾਬ ਹਮੇਸ਼ਾ ਕੇਂਦਰ ਵਲੋਂ ਅਨਿਆਂ ਦਾ ਸ਼ਿਕਾਰ ਰਿਹਾ ਹੈ। ਅੱਜ ਪੰਜਾਬ ਤੇ ਸਿੱਖ ਪੰਥ ਵਿਰੋਧੀ ਨੀਤੀਆਂ ਕਾਰਣ ਅਕਾਲੀ ਦਲ ਦੀ ਹੋਂਦ ਖਤਮ ਹੋ ਚੁਕੀ ਹੈ। ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਕੋਈ ਰਾਜਨੀਤਕ ਜਮਾਤ ਨਹੀਂ ਬਚੀ।
ਦੂਜੇ ਪਾਸੇ ਹਿੰਦੂ ਰਾਸ਼ਟਰਵਾਦੀ ਰਾਜਨੀਤੀ, ਜੋ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਵਰਗੀਆਂ ਸੰਸਥਾਵਾਂ ਨਾਲ ਜੁੜੀ ਹੋਈ ਹੈ, ਪੰਜਾਬ ਵਿੱਚ ਆਪਣੀਆਂ ਜੜ੍ਹਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਹ ਰਾਜਨੀਤੀ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨਾਲ ਗਠਜੋੜ ਕਰਕੇ ਸਤਾ ਵਿਚ ਆਈ ਸੀ। ਇਸ ਦਾ ਪੰਜਾਬ ਵਿਚ ਅਕਾਲੀ ਗਠਜੋੜ ਬਿਨਾਂ ਕੋਈ ਭਵਿੱਖ ਨਹੀਂ।
ਸਮੇਂ ਦਾ ਸੱਚ ਇਹ ਹੈ ਕਿ ਧੜਿਆਂ ਵਿੱਚ ਵੰਡੀ ਅਕਾਲੀ ਰਾਜਨੀਤੀ ਇਤਿਹਾਸ ਦੀਆਂ ਕਬਰਾਂ ਵਿੱਚ ਜਜ਼ਬ ਹੋ ਚੁੱਕੀ ਹੈ, ਜਿਸ ਦੇ ਮਰ ਕੇ ਉੱਠਣ ਦੀ ਕੋਈ ਉਮੀਦ ਨਹੀਂ ਜਾਪਦੀ। ਅਕਾਲੀ ਦਲ ਦੀ ਲੀਡਰਸ਼ਿਪ ਕਿਹੜਾ ਕੂਕੁਨੂਸ ਪੰਛੀ ਹੈ ਜੋ ਸੜ ,ਬਲ ਕੇ ਤਬਾਹ ਹੋਕੇ ਫਿਰ ਜੀਅ ਉਠੇਗਾ।
ਕੂਕਨੂਸ ਤਾਂ ਗੁਰੂ ਦਾ ਪੰਥ ਹੈ ਜੋ ਅਨੇਕਾਂ ਘਲੂਘਾਰੇ ਅਤੇ ਜ਼ਾਲਮ ਤਾਕਤਾਂ, ਧਾੜਵੀਆਂ ਦਾ ਸਾਹਮਣਾ ਕਰਦਾ, ਤਬਾਹ ਹੁੰਦਾ ,ਨਸਲਕੁਸ਼ੀਆਂ ਕਰਾਉਂਦਾ,ਘਲੂਘਾਰਿਆਂ ਦਾ ਸਾਹਮਣਾ ਕਰਦਾ ਅੱਜ ਵੀ ਅਮਰ ਹੈ। ਅੱਜ ਵੀ ਗੁਰੂ ਪੰਥ ਗੁਰੂ ਦੇ ਆਦਰਸ਼ ਉੱਤੇ ਖੜ੍ਹਾ ਹੈ।
ਅਕਾਲੀ ਦਲ ਦੇ ਵਿਨਾਸ਼ ਦਾ ਇਤਿਹਾਸਕ ਵਰਤਾਰਾ ਅਕਾਲੀ ਲੀਡਰਸ਼ਿਪ ਦੀ ਨਲਾਇਕੀ, ਸਮਝੌਤਾਵਾਦੀ ਵਿਹਾਰ ਅਤੇ ਸੱਤਾ ਦੀ ਲਾਲਸਾ ,ਸਿੱਖ ਪੰਥ ਦੇ ਏਜੰਡੇ ਨੂੰ ਅਖੋਂ ਪਰੋਖੇ ਕਰਨ ਤੇ ਸਿੱਖ ਵਿਰੋਧੀਆਂ ,ਸਿੱਖ ਨਸਲਕੁਸ਼ੀਆਂ ਦੇ ਜ਼ਿੰਮੇਵਾਰ ਦੋਸ਼ੀਆਂ ਦੇ ਹੱਕ ਵਿਚ ਭੁਗਤਣ ਕਾਰਨ ਵਾਪਰਿਆ ਹੈ। ਸਿੱਖ ਪੰਥ ਦੀ ਰੂਹ ਵਿੱਚੋਂ ਅਕਾਲੀ ਦਲ ਖ਼ਤਮ ਹੋ ਚੁੱਕਾ ਹੈ। ਇਹ ਦੁਬਾਰਾ ਜਨਮ ਲਵੇਗਾ ,ਇਹ ਅਸੰਭਵ ਜਿਹਾ ਵਰਤਾਰਾ ਜਾਪਦਾ ਹੈ।
ਅਕਾਲੀ ਦਲ ਤੇ ਇਸ ਦੀ ਲੀਡਰਸ਼ਿਪ ਕੋਈ ਕੂਕੁਨੂਸ ਨਹੀਂ ਜੋ ਅੱਗ ਵਿਚ ਫਨਾਹ ਹੋਕੇ ਜੀਉਂਦਾ ਹੋ ਸਕੇ। ਜੋ ਅਕਾਲੀ ਲੀਡਰਸ਼ਿਪ ਹੈ,ਭਾਵੇਂ ਕਿਸੇ ਧੜੇ ਨਾ ਸਬੰਧਤ ਹੈ ,ਉਹ ਸਤਾ ਚਾਹੁੰਦੀ ਹੈ,ਪਰ ਸਿੱਖ ਪੰਥ ਨੂੰ ਇਹਨਾਂ ਅਕਾਲੀਆਂ ਦੀ ਸਤਾ ਦਾ ਕੀ ਫਾਇਦਾ,ਜਿਸ ਦਾ ਮਾੜਾ ਤੇ ਬਚੇਖਾਣੀ ਸਿਆਸਤ ਦਾ ਦੁਖਾਂਤਕ ਤਜਰਬਾ ਸਿੱਖ ਕੌਮ ਹੰਡਾ ਚੁਕੀ ਹੈ।ਬੇਅਦਬੀਆਂ, ਸੌਦਾ ਕਾਂਡ ਵਿਚ ਇਹਨਾਂ ਦੀ ਸ਼ਮੂਲੀਅਤ ਕਿਸੇ ਨੂੰ ਭੁਲੀ ਨਹੀਂ।
ਪੰਜਾਬ ਦੀ ਰਾਜਨੀਤੀ ਤੇ ਸਿੱਖ ਪੰਥ ਦੇ ਦੁਖਾਂਤ ਨੂੰ ਸਮਝਣ ਲਈ ਇਤਿਹਾਸ ਵੱਲ ਨਿਗਾਹ ਮਾਰਨੀ ਜ਼ਰੂਰੀ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਕੇਂਦਰ ਸਰਕਾਰ ਨੇ ਹਮੇਸ਼ਾਂ ਅਨਿਆਂ ਕੀਤਾ ਹੈ। ਚਾਹੇ ਰਾਜ ਭਾਸ਼ਾ ਦਾ ਮਸਲਾ ਹੋਵੇ, ਨਦੀਆਂ ਦੇ ਪਾਣੀਆਂ ਦੀ ਵੰਡ ਹੋਵੇ ਜਾਂ ਰਾਜਧਾਨੀ ਚੰਡੀਗੜ੍ਹ ਦਾ ਵਿਵਾਦ, ਪੰਜਾਬ ਨਾਲ ਵਾਰ ਵਾਰ ਵਿਤਕਰਾ ਤੇ ਬੇਇਨਸਾਫ਼ੀ ਕੀਤੀ ਗਈ । 1984 ਵਿੱਚ ਫੌਜੀ ਹਮਲੇ ਅਤੇ ਇਸ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਨੇ ਸਿੱਖ ਪੰਥ ਨੂੰ ਡੂੰਘੇ ਜ਼ਖਮ ਦਿੱਤੇ ਹਨ।
ਇਸ ਨੇ ਸਿੱਖਾਂ ਵਿੱਚ ਬੇਗਾਨਗੀ , ਨਰਾਜ਼ਗੀ,ਬੇਚੈਨੀ ਨੂੰ ਵਧਾਇਆ ਹੈ ਅਤੇ ਸਿੱਖ ਪੰਥ ਦੇ ਇਕ ਧੜੇ ਵਿਚ ਅਲੱਗਵਾਦ ਵਰਗੇ ਵਿਚਾਰਾਂ ਨੂੰ ਜਨਮ ਦਿੱਤਾ ਹੈ। ਕਾਗਰਸ ਸਤਾ ਕਾਲ ਵੇਲੇ ਕੇਂਦਰੀ ਰਾਜਨੀਤੀ ਨੇ ਪੰਜਾਬ ਨਾਲ ਜੁੜੇ ਅੰਦੋਲਨਾਂ ਨੂੰ ਹਿੰਸਾ ਤੇ ਅੱਤਵਾਦ ਨਾਲ ਜੋੜ ਕੇ ਬਦਨਾਮ ਕੀਤਾ ਸੀ। ਜੋ ਵੀ ਪੰਜਾਬ ਦੇ ਹਿੱਤਾਂ ਲਈ ਲੜਦਾ , ਉਸ ਨੂੰ ਦੇਸ਼ ਦਾ ਗੱਦਾਰ ਕਰਾਰ ਦਿੱਤਾ ਜਾਂਦਾ ਸੀ। ਪੰਜਾਬ ਵਿੱਚ ਫਿਰਕੂ ਗਤੀਵਿਧੀਆਂ ਧਾਰਮਿਕ ਤੇ ਜਾਤੀਵਾਦੀ , ਡੇਰਾਵਾਦ ਦਾ ਉਭਾਰ ਸਿੱਖ ਵਿਰੋਧੀ ਰਾਜਨੀਤੀ ਦਾ ਮਨੋਰਥ ਹੈ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਅਕਾਲੀ ਦਲ ਬਾਦਲ ਦਲ ਤੋਂ ਅਲੱਗ ਚੋਣ ਲੜਕੇ ਪੰਜਾਬ ਵਿੱਚ ਆਪਣਾ ਵੋਟ ਸ਼ੇਅਰ ਵਧਾਇਆ, ਪਰ ਕੋਈ ਸੀਟ ਨਹੀਂ ਜਿੱਤੀ। ਇਹ ਦਰਸਾਉਂਦਾ ਹੈ ਕਿ ਹਿੰਦੂ ਵੋਟ ਨੂੰ ਇਕਮੁਠ ਕਰਨ ਦੀ ਕੋਸ਼ਿਸ਼ ਪੰਜਾਬ ਵਿਚ ਜਾਰੀ ਹੈ, ਪਰ ਸਿੱਖ ਬਹੁਗਿਣਤੀ ਇਸ ਰਾਜਨੀਤੀ ਦੇ ਉਲਟ ਭੁਗਤਦੀ ਹੈ।ਇਸੇ ਕਰਕੇ ਪੰਜਾਬ ਦੀ ਰਾਜਨੀਤੀ ਭਾਰਤ ਦੇ ਬਾਕੀ ਪ੍ਰਾਤਾਂ ਤੋਂ ਵਖਰਾ ਸਿਆਸੀ ਨੈਰੇਟਿਵ ਤੇ ਸਿਆਸਤ ਸਿਰਜਦੀ ਹੈ।
ਪਰ ਗਲ ਦਿਲਚਸਪ ਹੈ ਕਿ ਅਕਾਲੀ ਦਲ ਨੇ ਭਾਜਪਾ ਦੀ ਪਰੋੜ ਰਾਜਨੀਤੀ ਤੋਂ ਕੁਝ ਨਹੀਂ ਸਿਖਿਆ।ਭਾਜਪਾ ਹਿੰਦੂ ਰਾਜਨੀਤੀ ਤੇ ਏਜੰਡਾ ਲੈਕੇ ਤੁਰੀ,ਪਰ ਸਭ ਹਿੰਦੂ ਭਾਈਚਾਰੇ ਨੂੰ ਆਪਣੇ ਹੱਕ ਵਿਚ ਇਕਠਾ ਕੀਤਾ ਤੇ ਕਦੇ ਵੀ ਸਤਾ ਦੌਰਾਨ ਹਿੰਦੂ ਭਾਈਚਾਰੇ ਖਿਲਾਫ ਨਹੀਂ ਖੜੀ ਹੋਈ।ਇਸ ਦੇ ਉਲਟ ਅਕਾਲੀ ਦਲ ਬਾਦਲ ਕਦੇ ਵੀ ਸਿੱਖ ਪੰਥ ਦੇ ਹਕ ਵਿਚ ਖੜਾ ਨਹੀਂ ਹੋਇਆ।ਵਾਜਪਾਈ ਸਰਕਾਰ ਦੇ ਹੁੰਦਿਆਂ ਨਾ ਪੰਜਾਬ ਦਾ ਕਰਜਾ ਮਾਫ ਕਰਾ ਸਕਿਆ ,ਨਾ ਬੰਦੀ ਸਿੱਖ ਰਿਹਾਅ ਕਰਾ ਸਕਿਆ।ਭਾਜਪਾ ਨੇ ਅੱਜ ਤਕ ਕਿਸੇ ਪਾਰਟੀ ਨਾਲ ਬਿਨਾਂ ਸ਼ਰਤ ਸਮਝੌਤਾ ਨਹੀਂ ਕੀਤਾ।ਪਰ ਬਾਦਲ ਦਲ ਇਕ ਲੱਖ ਸਿੱਖਾਂ ਦੀਆਂ ਸ਼ਹਾਦਤਾਂ ਉਪਰੰਤ ਅਨੰਦਪੁਰ ਮਤੇ ਤੋਂ ਬਾਗੀ ਹੋ ਗਿਆ,ਪੰਜਾਬ ਦੀਆਂ ਮੰਗਾਂ ਮਨਵਾਉਣ ਦੀ ਥਾਂ ਬਿਨਾਂ ਸ਼ਰਤ ਭਾਜਪਾ ਨਾਲ ਗਠਜੋੜ ਕਰਦੇ ਰਹੇ।
ਅਕਾਲੀ ਦਲ ਦੇ ਵਿਰੋਧ ਵਿਚ ਪੰਥਕ ਰਾਜਨੀਤੀ
ਅਕਾਲੀ ਦਲ ਦੇ ਢਹਿ ਜਾਣ ਕਾਰਨ ਪੰਥਕ ਰਾਜਨੀਤੀ ਅੰਮ੍ਰਿਤਪਾਲ ਸਿੰਘ ਦੀ ਸਿਆਸਤ ਨਾਲ ਜੁੜ ਕੇ ਉਭਰੀ ਹੈ। ਅੰਮ੍ਰਿਤਪਾਲ ਸਿੰਘ, ਜੋ ਵਾਰਿਸ ਪੰਜਾਬ ਦੇ ਨਾਂ ਹੇਠ ਸਿੱਖ ਯੂਥ ਨੂੰ ਇਕਠਾ ਕਰਨ ਵਾਲੇ ਆਗੂ ਹਨ, ਨੂੰ 2023 ਵਿੱਚ ਐੱਨਐੱਸਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਵੀ, ਉਹ 2024 ਵਿੱਚ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਜਿੱਤ ਗਏ ਤੇ ਫਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਜਿੱਤ ਗਏ। ਇਹ ਜਿੱਤ ਇਕ ਤਰ੍ਹਾਂ ਸਿੱਖ ਭਾਈਚਾਰੇ ਦੀ ਬਾਦਲ ਦਲ ਖਿਲਾਫ ਬਗਾਵਤ ਸੀ। ਜਨਵਰੀ 2025 ਵਿੱਚ ਉਹਨਾਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਂ ਨਾਲ ਨਵੀਂ ਪਾਰਟੀ ਲਾਂਚ ਕੀਤੀ, ਜੋ ਪੰਜਾਬ ਦੇ ਖੇਤਰੀ ਹਿੱਤਾਂ ਅਤੇ ਸਿੱਖ ਪਛਾਣ ਨੂੰ ਉਭਾਰਨ ਵੱਲ ਕੇਂਦਰਿਤ ਹੈ। ਇਹ ਰਾਜਨੀਤੀ ਅਕਾਲੀ ਰਾਜਨੀਤੀ ਲਈ ਚੁਣੌਤੀ ਹੈ।ਪਰ ਇਸ ਕੋਲ ਬੋਧਿਕ ਲੀਡਰਸ਼ਿਪ ਦੀ ਘਾਟ ਹੈ।ਇਹ ਸਮਾਂ ਹੀ ਦਸੇਗਾ ਕਿ ਇਹ ਪਾਰਟੀ ਕਿੰਨੀ ਕੁ ਸਫਲ ਹੁੰਦੀ ਹੈ।ਇਸ ਦਾ ਭਵਿੱਖ ਕੀ ਹੈ?
ਦੂਜੇ ਪਾਸੇ, ਖਾਲਿਸਤਾਨ ਦੇ ਡਰ ਦਾ ਨੈਰੇਟਿਵ ਜੋ ਮਿਥਿਆ ਗਿਆ ਹੈ,ਉਹ ਹਿੰਦੂਤਵ ਰਾਜਨੀਤੀ ਦੇ ਉਭਾਰ ਲਈ ਇੱਕ ਮਜ਼ਬੂਤ ਏਜੰਡਾ ਬਣਿਆ ਹੋਇਆ ਹੈ। ਇਸ ਨੈਰੇਟਿਵ ਦੀ ਉਪਯੋਗਤਾ ਅਸਲ ਵੱਖਵਾਦੀ ਖ਼ਤਰਿਆਂ ਵਿੱਚ ਨਹੀਂ, ਬਲਕਿ ਹਿੰਦੂ ਭਾਈਚਾਰੇ ਨੂੰ ਇਕੱਠਾ ਕਰਨ, ਪੰਜਾਬ ਵਿਚ ਰਾਸ਼ਟਰਵਾਦੀ ਸਿਆਸਤ ਸਿਰਜਣ ਵਿਚ ਹੈ। ਜਦ ਕਿ ਖਾਲਿਸਤਾਨ ਅੰਦੋਲਨ ਪੰਜਾਬ ਵਿਚ ਨਾਰੇਬਾਜ਼ੀ ਤਕ ਸੀਮਤ ਹੈ।
ਬਾਗੀ ਅਕਾਲੀ ਦਲ ਬਾਦਲ ਰਾਜਨੀਤੀ ਨੂੰ ਨੁਕਸਾਨ ਪਹੁੰਚਾਏਗਾ
ਭਾਰਤ ਦੇ ਹੋਰ ਹਿੱਸਿਆਂ ਵਿੱਚ ਖੇਤਰੀ ਪਾਰਟੀਆਂ ਨੇ ਹਿੰਦੂਤਵ ਦੇ ਕੇਂਦਰੀਕਰਨ ਵਿਰੁੱਧ ਵਿਰੋਧ ਪ੍ਰਦਾਨ ਕੀਤਾ ਹੈ। ਤਾਮਿਲਨਾਡੂ ਵਿੱਚ ਡੀਐੱਮਕੇ, ਬੰਗਾਲ ਵਿੱਚ ਟੀਐੱਮਸੀ ਅਤੇ ਉੱਤਰ ਪ੍ਰਦੇਸ਼ ਵਿੱਚ ਐੱਸਪੀ ਨੇ ਹਿੰਦੂਤਵੀ ਰਾਜਨੀਤੀ ਨੂੰ ਚੁਣੌਤੀ ਦਿੱਤੀ ਹੈ। ਪਰ ਪੰਜਾਬ ਵਿੱਚ ਖੇਤਰਵਾਦ ਦਾ ਏਜੰਡਾ ਨਹੀਂ ਉਭਰਿਆ। ਇਸ ਦਾ ਕਾਰਨ ਅਕਾਲੀ ਦਲ ਦੀ ਵੰਡੀਆਂ , ਨਿਘਾਰ ਤੇ ਪੰਥਕ ਅਧਾਰ ਗੁਆਉਣਾ ਹੈ। ਅਗਸਤ 2025 ਵਿੱਚ ਅਕਾਲੀ ਦਲ ਵਿੱਚ ਵੱਡੇ ਵਿਵਾਦ ਹੋਏ ਹਨ।
ਅਕਾਲੀ ਰਾਜਨੀਤੀ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਅਤੇ ਬਾਗੀ ਧੜੇ ਵਿੱਚ ਵੰਡ ਹੋ ਗਈ ਹੈ। ਬਾਗੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਹੈ। ਇਹ ਵੰਡ ਬਾਦਲ ਅਕਾਲੀ ਦਲ ਨੂੰ ਹੋਰ ਨੁਕਸਾਨ ਪਹੁੰਚਾਏਗੀ । ਸੱਚ ਇਹ ਵੀ ਹੈ ਕਿ ਖਾਲਿਸਤਾਨੀ ਧੜਿਆਂ ਵਲੋਂ ਅਨੰਦਪੁਰ ਮਤੇ ਦਾ ਵਿਰੋਧ ਕਾਰਣ ਅਕਾਲੀ ਰਾਜਨੀਤੀ ਤੇ ਖੇਤਰੀ ਏਜੰਡੇ ਦਾ ਨੁਕਸਾਨ ਹੋਇਆ ਹੈ।ਜਦ ਕਿ ਪੰਜਾਬ ਨੂੰ ਖੇਤਰੀ ਏਜੰਡੇ ਤੇ ਖੇਤਰੀ ਰਾਜਨੀਤਕ ਪਾਰਟੀ ਦੀ ਲੋੜ ਹੈ।
ਪੰਜਾਬ ਦੀ ਸਾਂਝੀ ਰਾਜਨੀਤੀ ਖਲਾਅ ਵਿਚ ਕਿਉਂ?
ਤੀਸਰਾ ਕਾਰਨ ਪੰਜਾਬ ਦੀ ਧਾਰਮਿਕ ਅਤੇ ਜਾਤੀ ਵੰਡ ਹੈ। ਪੰਜਾਬ ਵਿੱਚ ਸਿੱਖ, ਹਿੰਦੂ, ਦਲਿਤ ਅਤੇ ਹੋਰ ਭਾਈਚਾਰੇ ਵੱਖ ਵੱਖ ਰਾਜਨੀਤਕ ਏਜੰਡੇ ਉੱਤੇ ਵੰਡੇ ਹੋਏ ਹਨ। ਇਸੇ ਕਰਕੇ ਪੰਜਾਬ ਦਾ ਸਾਂਝਾ ਸਿਆਸੀ ਏਜੰਡਾ ਨਹੀਂ ਬਣ ਸਕਿਆ। ਇਸ ਕਾਰਣ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਅਕਾਲੀ ਧੜੇ ਖੇਤਰਵਾਦ ਨੂੰ ਮਜ਼ਬੂਤ ਕਰਨ ਦੀ ਬਜਾਏ ਭਾਜਪਾ ਨਾਲ ਗੱਠਜੋੜ ਕਰਨ ਲਈ ਪਬਾਂ ਭਾਰ ਹਨ। ਉਹਨਾਂ ਦੀ ਇਛਾ ਵੀ ਇਹੀ ਹੈ। ਇਹ ਆਪ ਹਾਈਕਮਾਂਡ ਨੂੰ ਪਹੁੰਚ ਕਰ ਰਹੇ ਹਨ ਸਾਡੇ ਨਾਲ ਸਮਝੌਤਾ ਕੀਤਾ ਜਾਵੇ।ਖੇਤਰੀ ਏਜੰਡਾ ਤੇ ਉਸ ਉਪਰ ਪਹਿਰੇਦਾਰੀ ਅਕਾਲੀ ਰਾਜਨੀਤੀ ਦਾ ਮਨੋਰਥ ਨਹੀਂ ਰਿਹਾ।ਇਸ ਕਾਰਨ ਸਿੱਖ ਅਤੇ ਪੰਜਾਬੀ ਇਨ੍ਹਾਂ ਉੱਤੇ ਵਿਸ਼ਵਾਸ ਨਹੀਂ ਕਰਦੇ। ਭਾਜਪਾ ਇਨ੍ਹਾਂ ਦੇ ਸਿਆਸੀ ਨਿਘਾਰ ਕਾਰਣ ਇਨ੍ਹਾਂ ਅਕਾਲੀ ਧੜਿਆਂ ਨਾਲ ਹਾਲ ਦੀ ਘੜੀ ਸਮਝੌਤਾ ਕਰਨ ਨੂੰ ਤਿਆਰ ਨਹੀਂ।
ਕਿਸਾਨ ਯੂਨੀਅਨਾਂ ਵਿਚੋਂ ਖੇਤਰੀ ਸਿਆਸਤ ਦਾ ਉਭਾਰ ਮੁਸ਼ਕਲ
ਹਾਲਾਂਕਿ ਕਿਸਾਨ ਅੰਦੋਲਨ ਕੇਂਦਰੀ ਰਾਜਨੀਤੀ ਲਈ ਚੈਲਿੰਜ ਹੈ। 2020-21 ਦੇ ਅੰਦੋਲਨ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸਨ। 2024-25 ਵਿੱਚ ਵੀ ਕਿਸਾਨ ਅੰਦੋਲਨ ਜਾਰੀ ਰਿਹਾ ਸੀ। ਐੱਮਐੱਸਪੀ ਦੀ ਗਰੰਟੀ, ਕਰਜ਼ਾ ਮੁਆਫੀ ਅਤੇ ਭੂਮੀ ਨੀਤੀਆਂ ਵਿਰੁੱਧ ਪ੍ਰਦਰਸ਼ਨ ਹੁਣ ਵੀ ਹੋ ਰਹੇ ਹਨ। ਮਾਰਚ 2025 ਵਿੱਚ ਪੰਜਾਬ ਪੁਲਿਸ ਨੇ ਕਿਸਾਨ ਮੋਰਚਾ ਡੰਡੇ ਦੀ ਤਾਕਤ ਨਾਲ ਖਿੰਡਾਅ ਦਿਤਾ ਸੀ , ਲੀਡਰਸ਼ਿਪ ਦੀਆਂ ਗਿ੍ਫਤਾਰੀਆਂ ਕੀਤੀਆਂ । ਅਗਸਤ 2025 ਵਿੱਚ ਪੰਜਾਬ ਸਰਕਾਰ ਨੂੰ ਕਿਸਾਨ ਅੰਦੋਲਨ ਕਾਰਣ ਲੈਂਡ ਪੂਲਿੰਗ ਪਾਲਿਸੀ 2025 ਵਾਪਸ ਲੈਣੀ ਪਈ ਸੀ, ਜਿਸ ਨੂੰ ਕਿਸਾਨਾਂ ਨੇ ਲੋਕਾਂ ਦੀ ਜਿੱਤ ਕਿਹਾ ਸੀ। ਪਰ ਵੱਖ ਵੱਖ ਧੜਿਆਂ ਵਿੱਚ ਵੰਡੀ ਕਿਸਾਨ ਰਾਜਨੀਤੀ ਆਪਣੀ ਖੇਤਰੀ ਪਾਰਟੀ ਸਿਰਜਣ ਅਤੇ ਅਗਵਾਈ ਕਰਨ ਤੋਂ ਅਸਮਰੱਥ ਹੈ। ਇਸ ਵਲੋਂ ਪਹਿਲਾਂ ਵੀ ਰਾਜਨੀਤੀ ਸਿਰਜਣ ਦੇ ਤਜਰਬੇ ਫੇਲ ਹੋ ਚੁਕੇ ਹਨ ।
ਪੰਜਾਬੀ ਨੂੰ ਖੇਤਰੀ ਰਾਜਨੀਤੀ ਦੀ ਲੋੜ
ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਰਾਜਨੀਤੀ ਦੀ ਲੋੜ ਹੈ, ਜੋ ਧਾਰਮਿਕ ਅਤੇ ਜਾਤੀ ਵੰਡ ਤੋਂ ਉੱਪਰ ਉੱਠ ਕੇ ਪੰਜਾਬ ਦੇ ਆਰਥਿਕ, ਸਮਾਜੀ ,ਬੋਲੀ ਭਾਸ਼ਾ ਅਤੇ ਸੱਭਿਆਚਾਰਕ ਹਿੱਤਾਂ ਨੂੰ ਸੁਰੱਖਿਅਤ ਕਰੇ। ਪੰਜਾਬ ਨੂੰ ਇਕਮੁਠ ਹੋ ਕੇ ਆਪਣੀ ਖੇਤਰੀ ਰਾਜਨੀਤੀ ਸਿਰਜਣੀ ਚਾਹੀਦੀ ਹੈ। ਨਵੇਂ ਅਕਾਲੀ ਦਲ ਕੋਲ ਵੀ ਬਾਦਲ ਦਲ ਤੋਂ ਟੁੱਟ ਕੇ ਗਏ ਲੀਡਰ ਹਨ, ਜਿਨ੍ਹਾਂ ਦੀ ਮੌਕਾਪ੍ਰਸਤੀ ਤੋਂ ਪੰਥ ਤੇ ਪੰਜਾਬ ਪਹਿਲਾਂ ਹੀ ਨਿਰਾਸ਼ ਹੈ। ਉਹ ਪੰਜਾਬ ਦਾ ਨਵਾਂ ਏਜੰਡਾ ਸਿਰਜ ਕੇ ਖੇਤਰੀ ਰਾਜਨੀਤੀ ਸਿਰਜ ਸਕੇ, ਇਹ ਪੰਜਾਬੀਆਂ ਤੇ ਸਿੱਖ ਪੰਥ ਨੂੰ ਸੁਪਨਿਆ ਵਰਗਾ ਜਾਪਦਾ ਹੈ। ਇਹਨਾਂ ਕੋਲ ਤਾਮਿਲਨਾਡੂ ਵਰਗੇ ਸਟਾਲਨ, ਬੰਗਾਲ ਦੀ ਮਮਤਾ ਬੈਨਰਜੀ ਵਰਗਾ ਲੀਡਰ ਨਹੀਂ ਹੈ ਤੇ ਨਾ ਹੀ ਪੰਜਾਬ ਦੀ ਯੋਗ ਤੇ ਆਦਰਸ਼ਕ ਅਗਵਾਈ ਦੀ ਇੱਛਾ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ












Comments (0)