ਦਿੱਲੀ ਦੀਆਂ ਚੋਣਾਂ ਦਾ ਪੰਜਾਬ ਉਪਰ ਕੀ ਅਸਰ ਹੋਵੇਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ 2 ਸਾਲ ਦਾ ਸਮਾਂ ਬਾਕੀ ਹੈ। ਹੁਣ ਇਹ ਵੀ ਵੇਖਣਾ ਹੋਵੇਗਾ ਕਿ ਇਸ ਸਮੇਂ ਵਿਚ ਉਹ ਆਪਣੀ ਪਾਰਟੀ ਦਾ ਪ੍ਰਭਾਵ ਬਣਾਈ ਰੱਖਣ ਦੇ ਨਾਲ-ਨਾਲ ਸੂਬੇ ਦੀ ਹਰ ਪੱਖੋਂ ਬਿਹਤਰੀ ਕਰਨ ਵਿਚ ਕਿੰਨਾ ਕੁ ਯੋਗਦਾਨ ਪਾਉਣ ਦੇ ਸਮਰੱਥ ਹੋਵੇਗੀ। ਪਾਰਟੀ ਲੀਡਰਸ਼ਿਪ ਨੂੰ ਪਿਛਲੇ 3 ਸਾਲ ਦੇ ਤਜਰਬੇ ਨੂੰ ਸਾਹਮਣੇ ਰੱਖਦਿਆਂ ਆਪਣੀਆਂ ਨੀਤੀਆਂ ਨੂੰ ਮੁੜ ਘੜਨ ਦੀ ਜ਼ਰੂਰਤ ਹੋਵੇਗੀ। ਜਿੱਥੇ ਭਾਜਪਾ ਲਈ ਇਹ ਜਿੱਤ ਹੋਰ ਵੀ ਉਤਸ਼ਾਹ ਪੈਦਾ ਕਰਨ ਵਾਲੀ ਹੋਵੇਗੀ, ਉੱਥੇ ਕਾਂਗਰਸ ਨੂੰ ਵੀ ਮੁੜ ਗੰਭੀਰਤਾ ਨਾਲ ਡੂੰਘੀ ਸੋਚ ਵਿਚਾਰ ਕਰਨ ਦੀ ਲੋੜ ਹੋਵੇਗੀ, ਕਿਉਂਕਿ 2 ਸਾਲ ਬਾਅਦ ਪੰਜਾਬ ਵਿਚ ਉਸ ਨੂੰ ਇਕ ਵਾਰ ਫਿਰ ਚੋਣ ਮੈਦਾਨ ਵਿਚ ਉਤਰਨਾ ਪਵੇਗਾ
ਹਾਲਾਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ 2027 ਦੇ ਸ਼ੁਰੂ ਵਿਚ ਹੋਣ ਕਾਰਨ ਨਤੀਜਿਆਂ ਦਾ ਰਾਜ ਦੀ ਕਿਸੇ ਚੋਣ 'ਤੇ ਤਾਂ ਛੇਤੀ ਅਸਰ ਨਹੀਂ ਪੈਣ ਵਾਲਾ ਲੇਕਿਨ ਸਮਝਿਆ ਜਾਂਦਾ ਹੈ ਕਿ ਦੇਸ਼ ਦੇ ਕੇਵਲ ਇਕੋ-ਇਕ ਸੂਬੇ ਵਿਚ ਹੁਣ ਪਾਰਟੀ ਦੀ ਸਰਕਾਰ ਦੇ ਰਹਿ ਜਾਣ ਕਾਰਨ ਆਪ ਪਾਰਟੀ ਸਰਗਰਮੀਆਂ ਅਤੇ ਸੱਤਾ ਦਾ ਕੇਂਦਰ ਹੁਣ ਪੰਜਾਬ ਬਣ ਜਾਵੇਗਾ | ਜਦੋਂਕਿ ਪਹਿਲਾਂ ਦਿੱਲੀ ਵਿਖੇ ਵੀ ਪਾਰਟੀ ਦੀ ਸਰਕਾਰ ਸੀ ਜਿੱਥੋਂ ਪਾਰਟੀ ਦੇਸ਼ ਦੇ ਦੂਜੇ ਸੂਬਿਆਂ ਵਿਚ ਪੈਰ ਪਸਾਰਨ ਲਈ ਕੰਮ ਕਰ ਰਹੀ ਸੀ | ਹੁਣ ਤੱਕ ਪਾਰਟੀ ਵਲੋਂ ਦਿੱਲੀ ਨੂੰ ਹੀ ਦੂਜੇ ਸੂਬਿਆਂ ਵਿਚ ਪ੍ਰਚਾਰ ਲਈ ਆਪਣੀਆਂ ਦਿੱਲੀ ਵਿਚਲੀਆਂ ਪ੍ਰਾਪਤੀਆਂ ਨੂੰ ਦਰਸਾਇਆ ਜਾ ਰਿਹਾ ਸੀ ਤੇ ਦਿੱਲੀ ਮਾਡਲ ਨੂੰ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ | ਹੁਣ ਪਾਰਟੀ ਨੂੰ ਪੰਜਾਬ ਹੀ ਰੋਲ ਮਾਡਲ ਹੀ ਪੇਸ਼ ਕਰਨਾ ਪੈ ਸਕਦਾ ਹੈ ਜਿਸ ਲਈ ਰਾਜ ਵਿਚਲੇ ਸਰਕਾਰੀ ਤੰਤਰ ਤੇ ਪ੍ਰਸ਼ਾਸਨ ਨੂੰ ੂ ਵੀ ਚੁਸਤ ਦਰੁਸਤ ਕਰਨ ਦੀ ਲੋੜ ਮਹਿਸੂਸ ਹੋ ਸਕਦੀ ਹੈ। ਪਾਰਟੀ ਹਾਈਕਮਾਨ ਵਲੋਂ ਕੁੱਝ ਸਮਾਂ ਪਹਿਲਾਂ ਸੂਬੇ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੂਬਾ ਯੂਨਿਟ ਦਾ ਪ੍ਰਧਾਨ ਬਣਾਉਂਦਿਆਂ ਜਥੇਬੰਦਕ ਢਾਂਚੇ 'ਚ ਵੀ ਤਬਦੀਲੀਆਂ ਕੀਤੀਆਂ ਗਈਆਂ ਸਨ ।ਪਰ ਪਾਰਟੀ ਵਿਧਾਇਕਾਂ ਵਲੋਂ ਅਫ਼ਸਰਸ਼ਾਹੀ ਦੀ ਲਗਾਤਾਰ ਨੁਕਤਾਚੀਨੀ ਹੋ ਰਹੀ ਹੈ ਕਿ ਉਸ ਵਲੋਂ ਸਰਗਰਮੀ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਹੈ । ਪਰੰਤੂ ਅਫ਼ਸਰਸ਼ਾਹੀ ਨੂੰ ਚੁਸਤ-ਦਰੁਸਤ ਕਰਨ ਲਈ ਕੀ ਆਉਂਦੇ ਦਿਨਾਂ ਦੌਰਾਨ ਕੋਈ ਅਹਿਮ ਕਦਮ ਚੁੱਕੇ ਜਾਣਗੇ ਜਿਵੇਂ ਕਿ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਖੇਤਰਾਂ 'ਚ ਹੋਣ ਵਾਲੀਆਂ ਘਟਨਾਵਾਂ ਤੋਂ ਨਸ਼ੇ ਦੇ ਵਪਾਰ ਲਈ ਜ਼ਿੰਮੇਵਾਰ ਠਹਿਰਾਉਣ ਦਾ ਐਲਾਨ ਕੀਤਾ ਗਿਆ ਹੈ ।ਕੀ ਆਪ ਨਸ਼ਿਆਂ ,ਬੇਰੁਜ਼ਗਾਰੀ ਤੇ ਗੈਗਸਟਰਾਂ ਨੂੰ ਠਲ ਪਾ ਸਕੇਗੀ?











Comments (0)