ਬਠਿੰਡਾ ਸੀਆਈਏ-2 ਦੀ ਹਿਰਾਸਤ ’ਚ ਤਸ਼ੱਦਦ: ਪੁਲਿਸ ’ਤੇ ਸਵਾਲ ਖੜੇ ਹੋਏ

ਬਠਿੰਡਾ ਸੀਆਈਏ-2 ਦੀ ਹਿਰਾਸਤ ’ਚ ਤਸ਼ੱਦਦ: ਪੁਲਿਸ ’ਤੇ ਸਵਾਲ ਖੜੇ ਹੋਏ

ਨਰਿੰਦਰਦੀਪ ਸਿੰਘ ਦੀ ਹਿਰਾਸਤੀ ਮੌਤ: ਪੋਸਟਮਾਰਟਮ ਰਿਪੋਰਟ ਵਿਚ 16 ਸੱਟਾਂ ਦਾ ਖੁਲਾਸਾ

ਜਦੋਂ ਕਾਨੂੰਨ ਦੇ ਰਾਖੇ ਖ਼ੁਦ ਜ਼ੁਲਮ ਦੀ ਚਾਦਰ ਓੜ੍ਹ ਲੈਣ, ਤਾਂ ਇਨਸਾਫ਼ ਦੀ ਆਸ ਕਿਥੋਂ ਜਾਗੇ? ਬਠਿੰਡਾ ਦੇ ਨਰਿੰਦਰਦੀਪ ਸਿੰਘ ਦੀ ਹਿਰਾਸਤੀ ਮੌਤ ਨੇ ਪੰਜਾਬ ਦੀ ਸੀਆਈਏ ਪੁਲਿਸ ਦੇ ਕਾਲੇ ਕਾਰਨਾਮਿਆਂ ਨੂੰ ਇੱਕ ਵਾਰ ਫਿਰ ਨੰਗਾ ਕਰ ਦਿੱਤਾ। 10 ਪੇਜਾਂ ਦੀ ਪੋਸਟਮਾਰਟਮ ਰਿਪੋਰਟ ਇੱਕ ਚੀਕਦੀ ਸੱਚਾਈ ਹੈ—16 ਸੱਟਾਂ, ਸਰੀਰ ’ਤੇ ਨੀਲ, ਖੂਨ ਦੇ ਧੱਬੇ, ਜੀਭ ’ਤੇ ਕੱਟ, ਅੱਖਾਂ ਵਿਚ ਲਹੂ—ਇਹ ਸਭ ਕੋਈ ਕਹਾਣੀ ਨਹੀਂ, ਸਗੋਂ ਪੁਲਿਸ ਦੀ ਬੇਰਹਿਮੀ ਦਾ ਜ਼ਾਲਮਾਨਾ ਸਬੂਤ ਹੈ। ਛੇ ਘੰਟਿਆਂ ਦੀ ਕੁੱਟਮਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ, ਪਰ ਸਵਾਲ ਇਹ ਹੈ—ਕੀ ਇਸ ਜ਼ੁਲਮ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲੇਗੀ, ਜਾਂ ਇਹ ਵੀ ਲਵਾਰਸ ਲਾਸ਼ਾਂ ਵਾਂਗ ਫਾਈਲਾਂ ਵਿਚ ਦਫ਼ਨ ਹੋ ਜਾਵੇਗਾ?

ਨਰਿੰਦਰਦੀਪ ਸਿੰਘ ਕੌਣ ਸੀ?

ਨਰਿੰਦਰਦੀਪ ਸਿੰਘ ਗੋਨਿਆਣਾ, ਬਠਿੰਡਾ ਦਾ ਇੱਕ ਨੌਜਵਾਨ ਅਧਿਆਪਕ ਸੀ। ਉਸ ਦੀ ਪਛਾਣ ਇੱਕ ਸਾਧਾਰਨ ਪਰਿਵਾਰਕ ਵਿਅਕਤੀ ਵਜੋਂ ਸੀ, ਜੋ ਸਥਾਨਕ ਲੋਕਾਂ ਵਿੱਚ ਜਾਣਿਆ-ਪਛਾਣਿਆ ਸੀ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਨੈਨਸੀ ਅਤੇ ਹੋਰ ਨਜ਼ਦੀਕੀ ਸਨ, ਜੋ ਹੁਣ ਉਸ ਦੀ ਮੌਤ ਤੋਂ ਬਾਅਦ ਨਿਆਂ ਦੀ ਮੰਗ ਕਰ ਰਹੇ ਹਨ।

ਪੁਲਿਸ ਨੇ ਕਿਉਂ ਫੜਿਆ?

ਨਰਿੰਦਰਦੀਪ ਸਿੰਘ ਨੂੰ ਬਠਿੰਡਾ ਸੀਆਈਏ-2 (ਕ੍ਰਿਮੀਨਲ ਇਨਵੈਸਟੀਗੇਸ਼ਨ ਏਜੰਸੀ) ਦੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਹਾਲਾਂਕਿ, ਸਪੱਸ਼ਟ ਤੌਰ ’ਤੇ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿਸ ਅਪਰਾਧ ਦੇ ਸ਼ੱਕ ’ਤੇ ਫੜਿਆ ਗਿਆ। ਸੀਆਈਏ ਦੀ ਜਾਂਚ ਸ਼ਾਖਾ ਅਕਸਰ ਗੰਭੀਰ ਅਪਰਾਧਾਂ ਜਿਵੇਂ ਨਸ਼ਿਆਂ, ਹਥਿਆਰਾਂ ਜਾਂ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਦੀ ਪੜਤਾਲ ਕਰਦੀ ਹੈ। ਪਰਿਵਾਰ ਅਤੇ ਸਥਾਨਕ ਸਮਾਜ ਮੁਤਾਬਕ, ਨਰਿੰਦਰਦੀਪ ’ਤੇ ਕੋਈ ਠੋਸ ਦੋਸ਼ ਨਹੀਂ ਸਨ, ਅਤੇ ਉਸ ਦੀ ਹਿਰਾਸਤ ’ਚ ਮੌਤ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ ਹਨ।

ਏਮਜ਼ ਬਠਿੰਡਾ ਦੀ 10 ਪੰਨਿਆਂ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ, ਨਰਿੰਦਰਦੀਪ ਦੇ ਸਰੀਰ ’ਤੇ 16 ਸੱਟਾਂ ਦੇ ਨਿਸ਼ਾਨ ਮਿਲੇ, ਜਿਨ੍ਹਾਂ ਵਿੱਚ ਨੀਲ, ਖੂਨ ਦੇ ਧੱਬੇ, ਜੀਭ ’ਤੇ ਕੱਟ ਅਤੇ ਅੱਖਾਂ ਵਿੱਚ ਲਹੂ ਸ਼ਾਮਲ ਸਨ। ਇਹ ਸੱਟਾਂ ਬਲੰਟ ਫੋਰਸ (ਡੰਡਿਆਂ, ਮੁੱਕਿਆਂ ਜਾਂ ਲੱਤਾਂ) ਨਾਲ ਲੱਗੀਆਂ ਸਨ, ਜੋ ਮੌਤ ਤੋਂ 6 ਘੰਟੇ ਪਹਿਲਾਂ ਦੀਆਂ ਸਨ। ਰਿਪੋਰਟ ਤੋਂ ਸਾਫ਼ ਹੈ ਕਿ ਉਸ ਦੀ ਮੌਤ ਸੀਆਈਏ-2 ਦੀ ਹਿਰਾਸਤ ਵਿੱਚ ਤਸ਼ੱਦਦ ਕਾਰਨ ਹੋਈ ਸੀ।

ਸੀਆਈਏ-2 ਦੇ ਇੰਚਾਰਜ ਕਰਨਦੀਪ ਸਿੰਘ ਸੰਧੂ ’ਤੇ ਕਤਲ ਦਾ ਦੋਸ਼ ਹੈ, ਪਰ ਅਜੇ ਤੱਕ ਕੋਈ ਸਪੱਸ਼ਟ ਕਾਰਵਾਈ ਨਹੀਂ ਹੋਈ। ਪਰਿਵਾਰ ਅਤੇ ਸਮਾਜਿਕ ਜਥੇਬੰਦੀਆਂ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਰਹੀਆਂ ਹਨ।ਪਰ ਸਰਕਾਰ ਦਾ ਰਵੱਈਆ ਅਜੇ ਵੀ ਢਿੱਲਾ-ਢਾਲਾ ਹੈ। ਹੁਣ ਤੱਕ ਕੋਈ ਦੋਸ਼ੀ ਪੁਲਿਸ ਅਧਿਕਾਰੀ ਗ੍ਰਿਫਤਾਰ ਨਹੀਂ ਹੋਇਆ, ਨਾ ਹੀ ਸਰਕਾਰ ਨੇ ਕੋਈ ਸਖ਼ਤ ਨੋਟਿਸ ਲਿਆ। 

ਨਰਿੰਦਰਦੀਪ ਦੀ ਪਤਨੀ ਨੈਨਸੀ, ਪਿਤਾ ਰਣਜੀਤ ਸਿੰਘ ਤੇ ਮਾਮਾ ਡਾ. ਨਵਦੀਪ ਸਿੰਘ ਨੇ ਗੋਨਿਆਣਾ ਵਿਚ ਰੋਸ ਧਰਨੇ ਨਾਲ ਨਿਆਂ ਦੀ ਲੜਾਈ ਸ਼ੁਰੂ ਕਰ ਦਿੱਤੀ। ਸ਼ਹਿਰ ਬੰਦ, ਮੈਡੀਕਲ ਸਟੋਰਾਂ ਦੀ ਹੜਤਾਲ ਤੇ ਕਿਸਾਨ-ਵਪਾਰੀ ਜਥੇਬੰਦੀਆਂ ਦਾ ਸਮਰਥਨ—ਇਹ ਸਭ ਦੱਸਦਾ ਹੈ ਕਿ ਲੋਕਾਂ ਦਾ ਸਬਰ ਜਵਾਬ ਦੇ ਰਿਹਾ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ’ਤੇ ਕਤਲ ਦਾ ਮੁਕੱਦਮਾ ਦਰਜ ਹੋਵੇ। 

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਦਾ ਕਹਿਣਾ ਸੱਚ ਨੂੰ ਝੰਜੋੜਦਾ ਹੈ—ਸੀਆਈਏ ਪੰਜਾਬ ਪੁਲਿਸ ਦੀ ‘ਤਸੀਹੇ ਦੀ ਮਸ਼ੀਨ’ ਹੈ, ਜਿੱਥੇ ਵਿਗਿਆਨਕ ਜਾਂਚ ਦੀ ਥਾਂ ਤਸ਼ੱਦਦ ਹੀ ਢੰਗ ਹੈ। ਉਹ ਮੰਗ ਕਰਦੇ ਹਨ ਕਿ ਸੀਆਈਏ ਨੂੰ ਖ਼ਤਮ ਕਰਕੇ ਇਸ ਦੇ ਜ਼ਾਲਮ ਅਫਸਰਾਂ ’ਤੇ ਸਖ਼ਤ ਕਾਰਵਾਈ ਹੋਵੇ।

ਰਾਜਨੀਤਕ ਪਾਰਟੀਆਂ ਦੀ ਗੱਲ ਕਰੀਏ, ਤਾਂ ਇਹ ਮਾਮਲਾ ਸਿਆਸਤ ਦੀ ਭੇਂਟ ਵੀ ਚੜ੍ਹ ਰਿਹਾ। ਭਾਜਪਾ ਆਪ ’ਤੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਾ ਰਹੀ, ਜਦਕਿ ਸਥਾਨਕ ਆਗੂਆਂ ਨੇ ਧਰਨੇ ’ਵਿਚ ਸ਼ਮੂਲੀਅਤ ਕਰਕੇ ਪਰਿਵਾਰ ਨੂੰ ਸਮਰਥਨ ਦਿੱਤਾ। ਸੀਨੀਅਰ ਕਾਂਗਰਸ ਆਗੂ ਸਖਮੰਦਰ ਸਿੰਘ ਬਰਾੜ ਵੀ ਧਰਨੇ ’ਚ ਸ਼ਾਮਲ ਸਨ, ਪਰ ਪਾਰਟੀ ਦਾ ਸਪੱਸ਼ਟ ਰੁਖ ਸਾਹਮਣੇ ਨਹੀਂ ਆਇਆ।ਨਿਆਂ ਦੀ ਇਹ ਲੜਾਈ ਸਿਰਫ਼ ਨਰਿੰਦਰਦੀਪ ਦੀ ਨਹੀਂ, ਸਗੋਂ ਹਰ ਉਸ ਇਨਸਾਨ ਦੀ ਹੈ, ਜੋ ਜ਼ੁਲਮ ਦੀ ਚੁੰਗਲ ’ਚ ਫਸ ਕੇ ਦਮ ਤੋੜਦਾ।

 ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਨਰਿੰਦਰਦੀਪ ਦੀ ਮੌਤ ’ਤੇ ਦੁੱਖ ਜਤਾਇਆ ਅਤੇ ਪਰਿਵਾਰ ਨੂੰ ਨਿਆਂ ਦੀ ਲੜਾਈ ’ਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪੰਜਾਬ ਨੂੰ ‘ਪੁਲਿਸ ਸਟੇਟ’ ਵਿੱਚ ਤਬਦੀਲ ਹੋਣ ਦੀ ਚਿੰਤਾ ਜਤਾਈ।