ਕੀਮਤਾਂ ਵਿਚ ਵਾਧੇ ਦਾ ਦੋਸ਼ ਟੈਰਿਫ਼ ਉਪਰ ਲਾਉਣ ਦੀ ਕੋਸ਼ਿਸ਼ ਬੰਦ ਹੋਵੇ- ਡੋਨਾਲਡ ਟਰੰਪ ਵੱਲੋਂ ਤਾੜਨਾ

ਕੀਮਤਾਂ ਵਿਚ ਵਾਧੇ ਦਾ ਦੋਸ਼ ਟੈਰਿਫ਼ ਉਪਰ ਲਾਉਣ ਦੀ ਕੋਸ਼ਿਸ਼ ਬੰਦ ਹੋਵੇ- ਡੋਨਾਲਡ ਟਰੰਪ ਵੱਲੋਂ ਤਾੜਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦਿਓਕੱਦ ਪ੍ਰਚੂਨ ਵਿਕ੍ਰੇਤਾ ਵਾਲਮਾਰਟ ਵੱਲੋਂ ਕੀਮਤਾਂ ਵਿਚ ਹੋਰ ਵਾਧਾ ਹੋ ਜਾਣ ਦਾ ਐਲਾਨ ਕਰਨ ਤੋਂ  ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖਤ ਤਾੜਨਾ ਕਰਦਿਆਂ ਕਿਹਾ ਹੈ ਕਿ ਕੀਮਤਾਂ ਵਿਚ ਵਾਧੇ ਦਾ ਦੋਸ਼ ਟੈਰਿਫ ਉਪਰ ਮੜਨ ਦੀ ਕੋਸ਼ਿਸ਼ ਬੰਦ ਕਰਨ ਦੀ ਲੋੜ ਹੈ। ਵਾਲਮਾਰਟ ਦੇ ਸੀ ਈ ਓ ਡੋਗਲਸ ਮੈਕਮਿਲਨ ਨੇ ਕਿਹਾ ਹੈ ਕਿ ਟਰੰਪ ਦੇ ਟੈਰਿਫ਼ ਖਾਸ ਤੌਰ 'ਤੇ ਚੀਨੀ ਵਸਤਾਂ ਉਪਰ ਬਹੁਤ ਜਿਆਦਾ ਹੋਣ ਕਾਰਨ ਕੀਮਤਾਂ ਵਧ ਰਹੀਆਂ ਹਨ। ਉਨਾਂ ਕਿਹਾ ਕਿ ਅਸੀਂ ਕੀਮਤਾਂ ਨੂੰ ਘੱਟ ਰਖਣ  ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਪਰੰਤੂ ਇਸ ਹਫਤੇ ਟੈਰਿਫ਼ ਘਟਾਉਣ ਦਾ ਐਲਾਨ ਕਰਨ ਦੇ ਬਾਵਜੂਦ ਟੈਰਿਫ਼ ਜਿਆਦਾ ਹਨ ਜਿਸ ਕਾਰਨ ਅਸੀਂ ਦਬਾਅ ਝਲ ਨਹੀਂ ਸਕਾਂਗੇ ਕਿਉਂਕਿ ਪਹਿਲਾਂ ਹੀ ਸਮਾਨ ਬਹੁਤ ਘੱਟ ਮੁਨਾਫ਼ੇ 'ਤੇ ਵੇਚਿਆ ਜਾ ਰਿਹਾ ਹੈ। ਟਰੰਪ ਨੇ ਇਸ ਦੇ ਜਵਾਬ ਵਿਚ ਸੋਸ਼ਲ ਮੀਡੀਆ ਟਰੁੱਥ ਉਪਰ ਕਿਹਾ ਹੈ ਕਿ '' ਜਿਥੋਂ ਤੱਕ ਵਾਲਮਾਰਟ ਤੇ ਚੀਨ ਦਾ ਸਬੰਧ ਹੈ, ਟੈਰਿਫ਼ ਨੂੰ ਭੁੱਲਣਾ ਪਵੇਗਾ ਤੇ ਗਾਹਕ ਕੋਲੋਂ ਵਾਧੂ ਪੈਸਾ ਨਹੀਂ ਲਿਆ ਜਾਵੇਗਾ। ਮੈ ਨਜਰ ਰਖ ਰਿਹਾ ਹਾਂ ਤੇ ਮੈ ਤੁਹਾਡਾ ਗਾਹਕ ਵੀ ਹਾਂ।'' ਦੂਸਰੇ ਪਾਸੇ ਆਰਥਿਕ ਮਾਹਿਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਟੈਰਿਫ਼ ਦਾ ਬੋਝ ਗਰੀਬ  ਤੇ ਮੱਧ ਵਰਗ ਅਮਰੀਕੀਆਂ ਉਪਰ ਪਵੇਗਾ ਜੋ ਵਾਲਮਾਰਟ ਦੇ ਮੂਲ ਗਾਹਕ ਹਨ।

ਇਹ ਗਾਹਕ ਵਾਲਮਾਰਟ ਕੋਲੋਂ ਬਿਨਾਂ ਕੋਈ ਬਹਿਸ ਕੀਤਿਆਂ ਚੁੱਪਚਾਪ ਖਰੀਦਦਾਰੀ ਕਰਦੇ ਹਨ। ਖਾਸ ਤੌਰ 'ਤੇ ਕਰਿਆਨੇ ਦੀ ਖਰੀਦਦਾਰੀ ਇਨਾਂ ਵੱਲੋਂ ਕੀਤੀ ਜਾਂਦੀ ਹੈ। ਕੰਪਨੀ ਦੇ ਵਿੱਤ ਵਿਭਾਗ ਦੇ ਮੁਖੀ ਜੌਹਨ ਡੇਵਿਡ ਰੇਨੀ ਨੇ ਕਿਹਾ ਹੈ ਕਿ ਮਈ ਦੇ ਅੰਤ ਵਿੱਚ ਵਾਲਮਾਰਟ ਵੱਲੋਂ ਕੀਮਤਾਂ ਵਿਚ  ਵਾਧਾ ਲਾਗੂ ਹੋਣ ਦੀ ਸੰਭਾਵਨਾ ਹੈ  ਤੇ ਜੂਨ ਵਿਚ ਕੀਮਤਾਂ ਹੋਰ ਵਧ ਜਾਣਗੀਆਂ। ਹਾਲ ਹੀ ਵਿਚ ਅਮਰੀਕਾ ਤੇ ਚੀਨ ਵਿਚਾਲੇ 90 ਦਿਨਾਂ ਲਈ ਹੋਈ ਸਹਿਮਤੀ ਤਹਿਤ ਚੀਨੀ ਦਰਾਮਦ ਉਪਰ 30% ਟੈਰਿਫ਼ ਲੱਗੇਗਾ ਤੇ ਅਮਰੀਕੀ ਵਸਤਾਂ ਉਪਰ ਚੀਨ 10% ਟੈਰਿਫ਼ ਵਸੂਲੇਗਾ। ਇਥੇ ਜਿਕਰਯੋਗ ਹੈ ਕਿ ਵਾਲਮਾਰਟ ਦੇ ਅਮਰੀਕਾ ਵਿਚ 4600 ਤੋਂ ਵਧ ਸੋਟਰ ਹਨ ਤੇ ਉਹ ਕੈਨੇਡਾ,ਚੀਨ, ਮੈਕਸੀਕੋ ਤੇ ਵਿਤਨਾਮ ਸਮੇਤ ਹੋਰ ਦੇਸ਼ਾਂ ਤੋਂ ਦਰਾਮਦ ਕਰਦਾ ਹੈ।