ਭਾਜਪਾ ਨੇੜਲੀਆਂ ਸਿਖ ਧਿਰਾਂ ਅਕਾਲੀ ਦਲ ਖਾਤਮੇ ਲਈ ਹੋਈਆਂ ਸਰਗਰਮ

ਭਾਜਪਾ ਨੇੜਲੀਆਂ ਸਿਖ ਧਿਰਾਂ ਅਕਾਲੀ ਦਲ ਖਾਤਮੇ ਲਈ ਹੋਈਆਂ ਸਰਗਰਮ

*ਪੰਥਕ ਸੰਕਟ ਦੇ ਹੱਲ ਲਈ ਜਥੇਦਾਰਾਂ ਲਈ ਵਿਧੀ ਵਿਧਾਨ ਜ਼ਰੂਰੀ

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸਿੱਖਾਂ ਦੇ ਸਿਰਮੌਰ ਤਖ਼ਤਾਂ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਨੇ ਬੀਤੇ ਸ਼ੁੱਕਰਵਾਰ ਨੂੰ ਦੋ ਹੋਰ ਜਥੇਦਾਰਾਂ ਦੀ ਬਲੀ ਲੈ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਕਦਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਬਿਰਤਾਂਤ ’ਤੇ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਦੀ ਉਪਜ ਜਾਪਦਾ ਹੈ।ਹਾਲਾਂਕਿ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਜਥੇਦਾਰ ਸਾਹਿਬਾਨ ਨੂੰ ਬਦਲਣ ਦਾ ਕਾਰਨ ਇਹ ਦੱਸਿਆ ਹੈ ਕਿ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਜਥੇਦਾਰ ਗਿਆਨੀ ਰਘੁਬੀਰ ਸਿੰਘ ਸੰਪਰਦਾ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਹੀ ਅਗਵਾਈ ਦੇਣ ਦੇ ਅਸਮਰੱਥ ਰਹੇ ਹਨ। ਵਿਰਕ ਨੇ ਕਿਹਾ ਕਿ ਸਿੱਖ ਸੰਸਥਾਵਾਂ ਵਿੱਚ ਵਧ ਰਹੇ ਪਾੜੇ ਅਤੇ ਵਿਸ਼ਵ ਪੱਧਰ 'ਤੇ ਸਿੱਖ ਪਛਾਣ ਅਤੇ ਸਵੈ-ਮਾਣ ਲਈ ਵਧ ਰਹੇ ਖ਼ਤਰੇ 'ਤੇ ਠੋਸ ਕਾਰਵਾਈ ਨਹੀਂ ਕੀਤੀ ਜਾ ਸਕੀ। ਇਸੇ ਕਰਕੇ ਸੇਵਾ ਮੁਕਤ ਕੀਤਾ ਗਿਆ ਹੈ।

ਯਾਦ ਰਹੇ ਕਿ  ਲੰਘੀ 11 ਫਰਵਰੀ 2025 ਨੂੰ 15 ਮੈਂਬਰੀ ਕਾਰਜਕਾਰੀ ਕਮੇਟੀ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਸਨ। ਇਸ ਤਰ੍ਹਾਂ ਪਿਛਲੇ ਸਾਲ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਕਾਲੀ ਆਗੂਆਂ ਨੂੰ ਪਿਛਲੇ ਅਰਸੇ ਦੌਰਾਨ ਪੰਥ ਅਤੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਬਦਲੇ ਤਨਖ਼ਾਹੀਏ ਕਰਾਰ ਦੇਣ ਦੇ ਇਤਿਹਾਸਕ ਹੁਕਮਨਾਮੇ ਦੀ ਇਬਾਰਤ ਲਿਖਣ ਵਾਲੇ  ਹੁਣ ਤਕ ਤਿੰਨ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਹੈ ਪਰ ਸਵਾਲ ਹੈ ਕਿ ਕੀ ਉਨ੍ਹਾਂ ਨੂੰ ਪੰਥਕ ਤੇ ਸਿਆਸੀ ਤੇ ਪੰਥਕ ਦਿ੍ਸ਼ ਤੋਂ ਲਾਂਭੇ ਕੀਤਾ ਜਾ ਸਕਿਆ ਹੈ? ਕੀ ਇਸ ਨਾਲ ਅਕਾਲੀ ਸੰਕਟ ਹੋਰ ਡੂੰਘਾ ਨਹੀਂ ਹੋਇਆ?

ਇਥੇ ਜ਼ਿਕਰਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਦੇ ਦੋ ਦਸੰਬਰ ਦੇ ਹੁਕਮਨਾਮੇ ਵਿਚੋਂ ਉਪਜੀ 7 ਮੈਂਬਰੀ ਕਮੇਟੀ ਨੂੰ  ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਚੋਣ ਕਮਿਸ਼ਨ ਨੂੰ ਆਧਾਰ ਬਣਾਕੇ  ਮਾਨਤਾ ਨਹੀਂ ਦਿੱਤੀ ਸੀ। ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਅਸਤੀਫ਼ਿਆਂ ਜ਼ਰੀਏ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਨੂੰ ਨਕਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਲਈ ਆਪਣਾ ਕੰਮ ਜਾਰੀ ਰੱਖਣ ਅਤੇ ਮੌਜੂਦਾ ਮੈਂਬਰਾਂ ਵਿਚੋਂ ਹੀ ਨਵਾਂ ਮੁਖੀ ਚੁਣ ਲੈਣ ਦੀ ਸੇਧ ਦੇਣ ਤੋਂ ਬਾਅਦ 5 ਮੈਂਬਰੀ ਕਮੇਟੀ ਨੇ 18 ਮਾਰਚ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਵੀਂ ਭਰਤੀ ਆਰੰਭ ਕਰਨ ਦਾ ਐਲਾਨ ਕਰ ਦਿੱਤਾ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਪੈਦਾ ਹੋ ਗਈ ਸੀ ।ਹਾਲਾਂਕਿ  ਬਾਦਲ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਆਪਣੀ ਭਰਤੀ ਪ੍ਰਕਿਰਿਆ ਲਗਭਗ ਮੁਕੰਮਲ ਕਰਨ ਦਾ ਐਲਾਨ ਕਰ ਦਿੱਤਾ ਸੀ।  ਇਸੇ ਕਰਕੇ ਜਥੇਦਾਰਾਂ ਦੀ ਬਰਤਰਫ਼ੀ ਕੀਤੀ ਗਈ।ਮੰਨਿਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੀ ਕਾਰਵਾਈ ਦਾ ਅਕਾਲੀ ਦਲ ਦਾ ਸੰਕਟ ਅਗੇ ਨਾਲੋਂ ਹੋਰ ਜ਼ਿਆਦਾ ਵਧੇਗਾ ਜੋ ਬਾਦਲ ਅਕਾਲੀ ਦਲ ਪਹਿਲਾਂ ਹੀ ਆਪਣੀ ਭਰੋਸੇਯੋਗਤਾ ਲਈ ਜਦੋਜਹਿਦ ਕਰ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਚੁੱਕਿਆ ਗਿਆ ਇਹ ਕਦਮ ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਜਾ ਰਿਹਾ ਹੈ। 

ਨਵੀਂ ਜਥੇਦਾਰ ਦੀ ਨਿਯੁਕਤੀ ਤੇ ਮਰਿਯਾਦਾ ਬਾਰੇ ਬਹਿਸ

ਹੁਣ ਗਿਆਨੀ ਕੁਲਦੀਪ ਸਿੰਘ ਗੜ੍ਹਗਜ, ਜੋ ਕਿ 2001 ਤੋਂ 'ਕਥਾਵਾਚਕ' ਹਨ, ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਸੰਤ ਬਾਬਾ ਟੇਕ ਸਿੰਘ ਧਨੌਲਾ ਨੂੰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ  ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬੀਤੇ ਦਿਨੀਂ ਅੰਮ੍ਰਿਤ ਵੇਲੇ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਗਈ ਸੀ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ ਤੇ ਬਾਅਦ ਵਿਚ ਪੰਜ ਪਿਆਰਿਆਂ ਨੇ ਸਿੰਘ ਸਾਹਿਬ ਨੂੰ ਦਸਤਾਰ ਭੇਟ ਕੀਤੀ ਗਈ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਤਰਫੋਂ ਤਖ਼ਤ ਸਾਹਿਬ ਦੇ ਸਕੱਤਰ ਪ੍ਰਤਾਪ ਸਿੰਘ ਤੇ ਮੈਨੇਜਰ ਮਲਕੀਤ ਸਿੰਘ ਵਲੋਂ ਵੀ ਸਿੰਘ ਸਾਹਿਬ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ। ਹਾਲਾਂਕਿ  ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੇਵਾ ਸੰਭਾਲ ਸੰਬੰਧੀ ਸਮਾਗਮ ਸੋਮਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾਣਾ ਸੀ ਤੇ ਪਰ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਮਾਗਮ ਦੇ ਕੀਤੇ ਜਾਣ ਵਾਲੇ ਵਿਰੋਧ ਨੂੰ ਦੇਖਦੇ ਹੋਏ ਸਿੰਘ ਸਾਹਿਬ ਦੀ ਦਸਤਾਰਬੰਦੀ ਆਨਨ-ਫਾਨਨ ਵਿਚ ਰਾਤ ਦੇ ਹਨ੍ਹੇਰੇ ਵਿਚ ਹੀ ਕਰੀਬ ਪੌਣੇ ਤਿੰਨ ਵਜੇ ਕਰ ਦਿੱਤੀ ਗਈ ਸੀ। ਹਾਲਾਂਕਿ ਬਾਅਦ 'ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਤੇ ਅੰਤ੍ਰਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਨੇ ਵੀ ਮੰਨਿਆ ਕਿ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੇ ਵਿਵਾਦ ਤੋਂ ਬਚਣ ਲਈ ਹੀ ਸਿੰਘ ਸਾਹਿਬ ਨੂੰ ਅੰਮ੍ਰਿਤ ਵੇਲੇ ਹੀ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਿੱਤੀ ਗਈ। ਜਦਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ  ਕਿਹਾ ਸੀ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤੀ ਪ੍ਰਵਾਨ ਨਹੀਂ ਹੈ ਤੇ ਅੱਜ ਜਿਸ ਤਰ੍ਹਾਂ ਗੁਪ-ਚੁੱਪ ਤਰੀਕੇ ਨਾਲ ਉਨ੍ਹਾਂ ਦੀ ਦਸਤਾਰਬੰਦੀ ਕੀਤੀ ਗਈ ਹੈ, ਉਹ ਪੰਥਕ ਮਰਿਆਦਾ ਦੀ ਘੋਰ ਉਲੰਘਣਾ ਹੈ। 

ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ 2 ਦਸੰਬਰ ਨੂੰ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਫ਼ੈਸਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੌਸ਼ਨੀ ਵਿਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ 'ਤੇ ਇੰਨ-ਬਿੰਨ ਲਾਗੂ ਹੁੰਦੀ ਹੈ ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਭਰਤੀ ਕਮੇਟੀ ਦੇ ਸਬੰਧ ਵਿਚ ਮੁੜ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਤੇ ਸੰਬੰਧਿਤ ਧਿਰਾਂ ਦੇ ਇਤਰਾਜ਼ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਸੰਬੰਧਿਤ ਧਿਰਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਸੰਬੰਧ ਵਿਚ ਇਕ ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜ਼ੀ ਤੋਂ ਗ਼ੁਰੇਜ਼ ਕਰਨ । ਇਸ ਦੌਰਾਨ  ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੁਰਾਤਨ ਮੰਗ ਮੁਤਾਬਕ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।   ਇਸ ਮੌਕੇ ਉਨ੍ਹਾਂ ਨਸ਼ਿਆਂ ਅਤੇ ਧਰਮ ਪਰਿਵਰਤਨ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ 'ਤੇ ਅਸਰਦਾਰ ਧਰਮ ਪ੍ਰਚਾਰ ਲਹਿਰ ਦੀ ਜ਼ਰੂਰਤ ਹੈ, ਜਿਸ ਨੂੰ ਉਹ ਸਿੱਖ ਸੰਤਾਂ, ਮਹਾਂਪੁਰਖਾਂ, ਸੰਪਰਦਾਵਾਂ, ਗਿਆਨੀਆਂ ਅਤੇ ਵਿਦਵਾਨਾਂ ਦੀ ਮਦਦ ਨਾਲ ਪਹਿਲ ਦੇ ਅਧਾਰ 'ਤੇ ਸ਼ੁਰੂ ਕਰਨਗੇ ।

ਬਾਦਲ ਦਲ ਵਿਚ ਬਗਾਵਤ ਤਿੱਖੀ

 ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੰਥਕ ਰਾਜਨੀਤੀ ਵਿੱਚ ਵੱਡੀ ਹਲਚਲ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪਹਿਲਾਂ ਹੀ ਆਪਣਾ ਬਹੁਤ ਸਾਰਾ ਸਿਆਸੀ ਅਧਾਰ ਗੁਆ ਚੁੱਕਾ ਹੈ। ਅਕਾਲੀ ਦਲ ਦੇ ਨਾਰਾਜ਼ ਆਗੂਆਂ ਦਾ ਇੱਕ ਹਿੱਸਾ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਰੱਦ ਕਰਦੇ ਹੋਏ ਵੱਖ ਹੋ ਗਿਆ ਸੀ। ਹੁਣ ਸੁਖਬੀਰ ਬਾਦਲ ਨੂੰ ਸਭ ਤੋਂ ਵੱਡੀ ਚੁਣੌਤੀ ਬਿਕਰਮ ਸਿੰਘ ਮਜੀਠੀਆ ਤੋਂ ਜਾਪਦੀ ਹੈ। ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿਲੋਂ, ਲਖਬੀਰ ਸਿੰਘ ਲੋਧੀਨੰਗਲ ਸਮੇਤ ਦਰਜਨਾਂ ਛੋਟੇ-ਵੱਡੇ ਆਗੂ, ਜੋ ਹਰ ਸੰਕਟ ਸਮੇਂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਖੜ੍ਹਦੇ ਆਏ ਸਨ, ਹੁਣ ਪਾਰਟੀ ਦੇ ਫ਼ੈਸਲਿਆਂ ਤੇ ਰਣਨੀਤੀ ਪ੍ਰਤੀ ਸਵਾਲ ਕਰਨ ਲੱਗੇ ਹਨ।ਬਿਕਰਮ ਸਿੰਘ ਮਜੀਠੀਆ  ਨੇ ਇਸ ਕਾਰਵਾਈ ਨੂੰ ਸਿੱਖ ਪੰਥ ਦੇ ਮਾਣ-ਸਨਮਾਨ ਅਤੇ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਦੱਸਿਆ।ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਪਿਛਲੇ ਸਮਿਆਂ ਵਾਂਗ ਸੰਕਟ ਵਿੱਚੋਂ ਉਭਰੇਗਾ ਅਤੇ ਮੁੜ ਸੁਰਜੀਤ ਹੋਵੇਗਾ।

ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅਜਿਹੇ ਆਗੂਆਂ ਉੱਤੇ ਪਾਰਟੀ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਜ਼ਾਬਤਾ ਕਾਰਵਾਈ ਦੀ ਚਿਤਾਵਨੀ ਦਿਤੀ ਹੈ।

ਬਾਦਲ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ  ਕਿਹਾ ਕਿ ਇਸ ਮੁੱਦੇ 'ਤੇ  ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੇ ਜਵਾਬਾਂ 'ਤੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਉਪਰ ਕਾਰਵਾਈ ਕੀਤੀ ਜਾਵੇਗੀ।"

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭੂੰਦੜ ਦਾ ਇਹ ਕਥਨ ਸਹੀ ਹੈ ਕਿ ਬਾਦਲਾਂ ਦੇ ਰਾਜ-ਕਾਲ ਦੌਰਾਨ ਮਜੀਠੀਆ ‘ਸੁਪਰ ਸੀ ਐਮ’ ਵਜੋਂ ਵਿਚਰਦੇ ਰਹੇ। ਅਦਾਲਤੀ ਨਿਆਂ ਭਾਵੇਂ ਹੁਣ ਤਕ ਉਨ੍ਹਾਂ ਉਪਰ ਮਿਹਰਬਾਨ ਰਿਹਾ ਹੈ, ਪਰ ਪੰਜਾਬ ਵਿਚ ‘ਚਿੱਟੇ’ ਦੇ ਪ੍ਰਚਲਣ ਦੇ ਪ੍ਰਸੰਗ ਵਿਚ ਉਨ੍ਹਾਂ ਦਾ ਅਕਸ ਅਜੇ ਵੀ ਪਹਿਲਾਂ ਵਾਂਗ ਦਾਗ਼ਦਾਰ ਹੈ। ਸਿੱਖ ਵਿਚਾਰਵਾਨਾਂ ਦਾ ਮੰਨਣਾ ਹੈ ਕਿ  ਜੇ ਮਜੀਠੀਆ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਸਲਾਹਕਾਰਾਂ ਦੇ ਖ਼ਿਲਾਫ਼ ਉੱਠ ਖੜੇ੍ ਹੋਏ ਹਨ ਤਾਂ ਇਸ ਨੂੰ ਆਮ ਸਿੱਖ ‘ਪਰਿਵਾਰਕ ਕਿੜ’ ਦੀ ਉਪਜ ਮੰਨ ਰਹੇ ਹਨ ਤੇ ਇਸ ਪਿਛੇ ਭਾਜਪਾ ਦੀ ਚਾਲ ਸਮਝ ਰਹੇ ਹਨ। 

ਰਾਜਨੀਤੀ ਦੇ ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਪੰਜਾਬੀ ਵੀ ਇਸ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੀਡਰ ਵੀ ਕਿਉਂਕਿ ਖੇਤਰੀ ਪਾਰਟੀ ਖ਼ਤਮ ਹੁੰਦੀ ਹੈ ਤਾਂ ਇਹ ਪੰਜਾਬ ਦੇ ਲੋਕਾਂ ਲਈ ਹੀ ਵੱਡਾ ਘਾਟਾ ਹੋਵੇਗਾ।''

ਡਾਕਟਰ ਪਰਮਜੀਤ ਸਿੰਘ ਮਾਨਸਾ ਕਹਿੰਦੇ ਹਨ ਕਿ ਅਕਾਲੀ ਦਲ ਵਿੱਚ ਭਾਵੇਂ ਜਿੰਨੇ ਮਰਜ਼ੀ ਧੜੇ ਹੋਣ, ਪਰ ਸ਼ਕਤੀਸ਼ਾਲੀ ਧੜਾ ਉਹ ਹੈ ਜਿਸ ਦੇ ਕੋਲ ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਫਿਲਹਾਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਕੋਲ ਹੈ। ਇਸ ਕਰਕੇ ਜੇਕਰ ਮਜੀਠੀਆ ਬਗ਼ਾਵਤ ਕਰਦੇ ਵੀ ਹਨ ਤਾਂ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਜਰੂਰ ਹੋਵੇਗਾ,ਪਰ ਮਜੀਠੀਆ ਪੰਥਕ ਲੀਡਰ ਵਜੋਂ ਪ੍ਰਵਾਨ ਨਹੀਂ ਹੋਣਗੇ।

ਨਵੇਂ ਜਥੇਦਾਰ ਦੀ ਸੇਵਾ ਸੰਭਾਲ ਉੱਤੇ ਵਿਵਾਦ

ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਸ ਤਰੀਕੇ ਨਾਲ ਸੇਵਾ ਸੰਭਾਲੀ ਉਸ ਉੱਤੇ ਵੀ ਵਿਵਾਦ ਹੋ ਗਿਆ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਜਥੇਦਾਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ, ਉੱਥੇ ਹੀ ਕੁਝ ਅਕਾਲੀ ਆਗੂ ਅਤੇ ਪੰਥਕ ਵਿਦਵਾਨ ਇਸ ਉੱਤੇ ਸਵਾਲ ਚੁੱਕੇ ਰਹੇ ਹਨ। ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਵਲੋਂ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਤਾਜਪੋਸ਼ੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ, ਉੱਥੇ ਹੁਣ ਦਲ ਖ਼ਾਲਸਾ ਨੇ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਨਵ-ਨਿਯੁਕਤ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦੀ ਤਾਜਪੋਸ਼ੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ । ਦਲ ਖ਼ਾਲਸਾ ਦੇ ਸੀਨੀਅਰ ਉੱਪ-ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਕਮੇਟੀ ਮੈਂਬਰ  ਗੁਰਵਿੰਦਰ ਸਿੰਘ ਬਠਿੰਡਾ ਆਦਿ ਨੇ ਕਿਹਾ ਕਿ ਇਸੇ ਰੋਸ ਵਜੋਂ ਦਲ ਖ਼ਾਲਸਾ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦੀ ਤਾਜਪੋਸ਼ੀ ਦਾ ਵਿਰੋਧ ਕਰੇਗਾ ਅਤੇ ਉਨ੍ਹਾਂ ਨੂੰ ਤਖਤ ਸਾਹਿਬ ਦੀ ਸੇਵਾ ਸੰਭਾਲਣ ਨਹੀਂ ਦਿੱਤੀ ਜਾਵੇਗੀ | ਇਸ ਸਬੰਧੀ ਉਹ ਛੇਤੀ ਨੁਮਾਇੰਦਾ ਸਿੱਖ ਜਥੇਬੰਦੀਆਂ ਦਾ ਤਖਤ ਦਮਦਮਾ ਸਾਹਿਬ ਵਿਖੇ ਇਕੱਠ ਸੱਦ ਰਹੇ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ "ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਹੁਦੇ ਦਾ ਚਾਰਜ ਲਏ ਜਾਣ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਣ ਅਤੇ ਸਿੱਖ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਕੀਤੇ ਗਏ ਸੇਵਾ ਸੰਭਾਲ ਸਮਾਗ਼ਮ ਨੂੰ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ "ਨਵ-ਨਿਯੁਕਤ ਜਥੇਦਾਰ ਦੀ ਸੇਵਾ ਸੰਭਾਲ ਦੇ ਸਮਾਗ਼ਮ ਦੌਰਾਨ ਨਾ ਤਾਂ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਨਾ ਹੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਨਾ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਨਾ ਹੀ ਸਿੱਖ ਸੰਗਤਾਂ, ਜਥੇਬੰਦੀਆਂ, ਸੰਪਰਦਾਵਾਂ ਹਾਜ਼ਰ ਸਨ।"

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਦਸਤਾਰਬੰਦੀ ਦੌਰਾਨ ਮਰਿਆਦਾ ਦਾ ਵੱਡਾ ਘਾਣ ਕੀਤਾ ਗਿਆ ਹੈ, ਜਿਸ ਸੰਬੰਧੀ ਉਨ੍ਹਾਂ ਕੋਲ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਵੀ ਇਤਰਾਜ਼ ਉਠਾਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਕਰਦੀ ਹੈ ਅਤੇ ਜਥੇਦਾਰ ਦੀ ਸੇਵਾ ਸੰਭਾਲਣ ਸੰਬੰਧੀ ਵਿਸ਼ੇਸ਼ ਤੌਰ ’ਤੇ ਗੁਰਮਤਿ ਸਮਾਗਮ ਸਜਾਇਆ ਜਾਂਦਾ ਹੈ ਤੇ ਇਸ ਵਿਚ ਸ਼ਾਮਲ ਹੋਣ ਲਈ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ, ਉਦਾਸੀਆਂ ਨਿਰਮਲਿਆਂ ਸੰਤਾਂ ਮਹਾਂਪੁਰਖਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕਰਦਾ ਹੈ ਤੇ ਸੰਗਤ ਜੈਕਾਰੇ ਬੁਲਾ ਕੇ ਉਸ ਨੂੰ ਪ੍ਰਵਾਨਗੀ ਦਿੰਦੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਰਵਾਇਤ ਅਨੁਸਾਰ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਜਥੇਦਾਰ ਨੂੰ ਪਹਿਲੀ ਦਸਤਾਰ ਦਿੰਦਾ ਹੈ ਤੇ ਇਸੇ ਤਰ੍ਹਾਂ ਫਿਰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਹਨ

ਦੂਜੇ ਪਾਸੇ ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਹਨ।   ਇਸ ਦੀ ਪੁਸ਼ਟੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ ਉਹਨਾਂ ਕਿਹਾ ਕਿ ਮੈਂ ਖੁਦ ਉਸ ਸਮੇਂ ਹਾਜ਼ਰ ਸੀ ।ਸ੍ਰੀ ਅਖੰਡ ਪਾਠ ਸਾਹਿਬ ਹੋ ਰਹੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰਬੰਦੀ ਕੀਤੀ ਗਈ।ਮਰਿਆਦਾ ਦੀ ਕੋਈ ਉਲੰਘਣਾ ਨਹੀਂ ਹੋਈ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਸਰਨਾ ਨੇ ਆਖਿਆ, "ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਵਿੱਚ ਬਣੇ ਹੋਏ ਹਾਲਾਤ ਦੇ ਮੱਦੇਨਜ਼ਰ ਜੋ ਫ਼ੈਸਲਾ ਸਿੰਘ ਸਾਹਿਬਾਨ ਦੀ ਨਿਯੁਕਤੀ ਦਾ ਲਿਆ ਹੈ ਅਤੇ ਟਕਰਾਅ ਤੋਂ ਬਚਣ ਲਈ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਚੁਣਦੇ ਹੋਏ ਕੌਮ ਨੂੰ ਇੱਕਮੁੱਠ ਹੋਣ ਦਾ ਸੰਦੇਸ਼ ਦਿੱਤਾ ਹੈ, ਉਸ ਨਾਲ ਇਹ ਸਾਬਤ ਹੋਇਆ ਹੈ ਕਿ ਕਮੇਟੀ ਦਾ ਇਹ ਫ਼ੈਸਲਾ ਦੂਰ ਅੰਦੇਸ਼ੀ ਵਾਲਾ ਹੈ।"

ਪੰਥਕ ਸੰਕਟ ਦਾ ਹੱਲ ਕੀ ਹੋਵੇ

ਪੰਥ ਅਤੇ ਪੰਜਾਬ ਦੀਆਂ ਸਮੂਹ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਇਹ ਚਰਚਾ ਕਰ ਰਹੀਆਂ ਹਨ ਕਿ ਪੰਜਾਬ ਦਾ ਭਵਿੱਖ ਅਕਾਲੀ ਦਲ ਦੀ ਮਜ਼ਬੂਤੀ ਨਾਲ ਹੈ। ਇਸ ਪਾਰਟੀ ਦੇ ਕਮਜ਼ੋਰ ਹੋਣ ਨਾਲ ਪੰਥ ਅਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਇਸ ਨੁਕਸਾਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਦਿਨੋ-ਦਿਨ ਵਧ ਰਹੀਆਂ ਦੂਰੀਆਂ ਕਿਵੇਂ ਘੱਟ ਹੋ ਸਕਦੀਆਂ ਹਨ? ਇਹ ਚਿੰਤਨ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਚਲਦਾ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਕੱਠੇ ਮਿਲ ਕੇ ਚੱਲਣ ਦਾ ਚਿੰਤਨ ਜਿੰਨਾ ਵਧੇਰੇ ਹੋ ਰਿਹਾ ਹੈ, ਦੂਰੀਆਂ ਓਨੀਆਂ ਹੀ ਵਧਦੀਆਂ ਜਾ ਰਹੀਆਂ ਹਨ। 

 ਅਕਾਲੀ ਦਲ ਨਾਲ ਜੁੜੇ ਹੋਏ ਬਹੁਤ ਸਾਰੇ ਆਗੂ ਇਹ ਮਹਿਸੂਸ ਕਰਦੇ ਹਨ ਕਿ 2 ਦਸੰਬਰ ਵਾਲਾ ਫ਼ੈਸਲਾ ਪੰਥ ਦੇ ਸੰਕਟ ਹੋਰ ਸੰਕਟ ਵਿਚ ਲੈ ਗਿਆ ਹੈ। ਪਰ ਪੰਥਕ ਜਥੇਬੰਦੀਆਂ ਵਿਚ ਇਹ ਸੰਦੇਸ਼ ਗਿਆ ਕਿ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਾਇਮ ਰਖਣ ਲਈ  ਹੁਕਮਨਾਮੇ ਤੇ ਭਰਤੀ ਕਮੇਟੀ ਨੂੰ ਰੱਦ ਕੀਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਨਾ ਮੰਨਦੇ ਹੋਏ ਪਹਿਲਾਂ ਤੋਂ ਮਿੱਥੀ ਹੋਈ ਯੋਜਨਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਵਾਲੇ ਪ੍ਰਧਾਨ ਨੂੰ ਹੀ ਦੁਬਾਰਾ ਨਿਯੁਕਤ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਬ ਦੇ ਨਵ-ਨਿਯੁਕਤ ਜਥੇਦਾਰ ਸਾਹਿਬ ਨੇ ਪਹਿਲੇ ਦਿਨ ਹੀ ਭਰਤੀ ਕਮੇਟੀ ਦੀ ਨਜ਼ਰਸਾਨੀ ਸੰਬੰਧੀ ਬਿਆਨ ਦੇ ਕੇ ਇਸ ਖ਼ਦਸ਼ੇ ਨੂੰ ਹੋਰ ਵਧੇਰੇ ਪ੍ਰਪੱਕ ਕਰ ਦਿੱਤਾ ਹੈ।

 ਸਮੂਹ ਸਿੱਖ ਇਹ ਚਾਹੁੰਦੇ ਹਨ ਕਿ ਮੌਜੂਦਾ ਮਸਲੇ ਦਾ ਸੁਖਾਵਾਂ ਹੱਲ ਨਿਕਲੇ, ਕਿਉਂਕਿ ਭਾਜਪਾ ਨੂੰ ਸਮਰਪਿਤ ਸਿੱਖ ਆਗੂ ਤੇ ਜਥੇਬੰਦੀਆਂ ਇਸ ਮਾਮਲੇ ਨੂੰ ਉਲਝਾਉਣਾ ਚਾਹੁੰਦੀਆਂ ਹਨ। ਉਹ ਇਸ ਮਸਲੇ ਨੂੰ ਉਲਝਾਉਣ ਲਈ ਸਰਗਰਮ ਹੋ ਚੁਕੀਆਂ ਹਨ। ਆਮ ਸਿੱਖਾਂ ਦਾ ਮੰਨਣਾ ਹੈ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਗੁਰਮਤਿ ਦੇ ਸਿਧਾਂਤ ਨੂੰ  ਪੰਥਕ ਧਿਰਾਂ ਤੇ ਸਿੱਖ ਲੀਡਰਸ਼ਿਪ ਮਨ ਵਿਚ ਧਾਰਨ ਕਰੇ । ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦਾ ਕੇਂਦਰ ਹੈ। ਜਥੇਦਾਰਾਂ ਦੀ ਨਿਯੁਕਤੀ ਬਾਰੇ ਨਿਯਮ ਹੋਣ।ਉਹ ਉਚ ਸਖਸ਼ੀਅਤ ਦੇ ਮਾਲਕ ਹੋਣ ਤੇ ਸਿੱਖ ਸਿਧਾਂਤ ਦੇ ਪਹਿਰੇਦਾਰ ਹੋਣ।

ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਜੱਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣਨਾ ਬਹੁਤ ਜ਼ਰੂਰੀ ਹੈ ਘੱਟੋ-ਘੱਟ ਪੰਥਕ ਜਥੇਬੰਦੀਆਂ ਦੀ ਸਲਾਹ ਤੇ ਜਨਰਲ ਇਜਲਾਸ ਵਿੱਚ ਪਾਸ ਹੋਣ ਉਪਰੰਤ ਸੇਵਾ ਦਿੱਤੀ ਜਾ ਸਕੇ ਤੇ ਸੇਵਾਮੁਕਤ ਕੀਤਾ ਜਾ ਸਕੇ।ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪੱਸ਼ਟ ਵਿਧੀ-ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖਾਲਸਾ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਜਾਂਦੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।