ਕੀ ਡਰੱਗ ਸਪਲਾਈ ਦੇ ਦੋਸ਼ ਵਿਚ ਬਰਖ਼ਾਸਤ ਮਹਿਲਾ ਸਿਪਾਹੀ ਨੂੰ ਬਚਾਉਣ ਲੱਗੀ ਏ?
*14 ਸਾਲਾਂ ਵਿਚ 31 ਤਬਾਦਲੇ, 2 ਵਾਰ ਸਸਪੈਂਡ, ਇੰਸਟਾ ਕਵੀਨ ਵਜੋਂ ਮਸ਼ਹੂਰ ਕਾਂਸਟੇਬਲ ਅਮਨਦੀਪ ਕੌਰ
*ਪੁਲਿਸ ਅਧਿਕਾਰੀ ਤੇ ਮੁਲਾਜ਼ਮ ਵੀ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ
ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਵਿਚ ਖੁਦ ਪੰਜਾਬ ਪੁਲਿਸ ਦੇ ਅਧਿਕਾਰੀਆਂ, ਮੁਲਾਜ਼ਮਾਂ ਤੋਂ ਲੈ ਕੇ ਡਰੱਗ ਇੰਸਪੈਕਟਰਾਂ ਤੱਕ ਦੀ ਸ਼ਮੂਲੀਅਤ ਵੀ ਵੱਡੇ ਪੱਧਰ ’ਤੇ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਦੀ ਜਿਹੜੀ ਔਰਤ ਅਮਨਦੀਪ ਕੌਰ ਪੁਲਿਸ ਮੁਲਾਜ਼ਮ 17.71 ਗ੍ਰਾਮ ਹੈਰੋਇਨ ਦੇ ਨਾਲ ਫੜੀ ਗਈ, ਉਸ ਮਾਮਲੇ ਵਿਚ ਪੁਲਿਸ ਦੇ ਕਈ ਅਧਿਕਾਰੀ ਤੇ ਮੁਲਾਜ਼ਮ ਮੁਲਜ਼ਮ ਮਹਿਲਾ ਦੇ ਸੰਪਰਕ ਵਿਚ ਸਨ। ਮੀਡੀਆ ਰਿਪੋਟਾਂ ਅਨੁਸਾਰ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ। ਬਠਿੰਡਾ ਦੇ ਡੀਐੱਸਪੀ (ਸਿਟੀ) ਹਰਬੰਸ ਸਿੰਘ ਧਾਲੀਵਾਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਮਹਿਲਾ ਪੁਲਿਸ ਕਰਮਚਾਰੀ ਨੂੰ ਬਠਿੰਡਾ ਸ਼ਹਿਰ ਵਿੱਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇੱਕ ਐੱਸਯੂਵੀ ਗੱਡੀ ਵਿੱਚ ਨਸ਼ਾ ਕਿਤੇ ਲਿਜਾ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ, ਇਸ ਮਾਮਲੇ ਵਿਚ ਕੁਝ ਹੋਰ ਨਾਂ ਸਾਹਮਣੇ ਆ ਸਕਦੇ ਹਨ।ਇੰਸਟਾਗ੍ਰਾਮ ’ਤੇ ਇੰਸਟਾ ਕਵੀਨ ਵਜੋਂ ਜਾਣੀ ਜਾਂਦੀ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਵਸਨੀਕ ਅਮਨਦੀਪ ਦੀ 14 ਸਾਲਾਂ ਦੀ ਸੇਵਾ ਪੁਲਿਸ ਵਿਭਾਗ ’ਚ ਵਿਵਾਦਾਂ ਨਾਲ ਭਰੀ ਰਹੀ ਹੈ। ਅਮਨਦੀਪ ਕੌਰ ਜੋ 26 ਨਵੰਬਰ 2011 ਨੂੰ ਬਠਿੰਡਾ ਪੁਲਿਸ ਲਾਈਨ ’ਚ ਸ਼ਾਮਲ ਹੋਈ ਸੀ, ਦਾ ਨੌਕਰੀ ਦਾ ਇਤਿਹਾਸ ਵੱਖ-ਵੱਖ ਵਿਭਾਗਾਂ ਵਿਚ ਤਬਾਦਲਿਆਂ ਅਤੇ ਤਾਇਨਾਤੀਆਂ ਨਾਲ ਭਰਿਆ ਹੋਇਆ ਹੈ। 14 ਸਾਲਾਂ ਵਿਚ ਉਸਦਾ 31 ਵਾਰ ਤਬਾਦਲਾ ਹੋਇਆ ਸੀ।ਅਮਨਦੀਪ ਕੌਰ ਸੋਸ਼ਲ ਮੀਡੀਆ ਉੱਪਰ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਆਪਣੀਆਂ ਰੀਲਾਂ ਪੋਸਟ ਕਰਨ ਕਰਕੇ ਆਮ ਲੋਕਾਂ ਵਿੱਚ ਕਾਫ਼ੀ ਮਕਬੂਲ ਸੀ।ਇਸ ਤੋਂ ਇਲਾਵਾ ਉਹ ਰੰਗ ਬਿਰੰਗੇ ਕੱਪੜੇ ਪਾ ਕੇ ਕਥਿਤ ਤੌਰ 'ਤੇ ਭੜਕਾਊ ਗਾਣਿਆਂ ਉੱਪਰ ਰੀਲ ਤਕਰੀਬਨ ਹਰ ਰੋਜ਼ ਅਪਲੋਡ ਕਰਦੀ ਨਜ਼ਰ ਆਉਂਦੀ ਸੀ।ਅਮਨਦੀਪ ਕੌਰ ਨੇ ਪਿਛਲੇ ਦਿਨੀਂ ਆਪਣਾ ਜਨਮ ਦਿਨ ਆਪਣੀ ਗੱਡੀ ਦੇ ਬੋਨਟ ਉੱਪਰ ਕੇਕ ਕੱਟਦਿਆਂ ਮਨਾਇਆ ਸੀ ਅਤੇ ਇਸਦੀ ਰੀਲ ਸੋਸ਼ਲ ਮੀਡੀਆ ਉੱਪਰ ਅਪਲੋਡ ਕੀਤੀ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਇੰਸਟਾਗ੍ਰਾਮ ਉੱਪਰ ਅਮਨਦੀਪ ਦੇ ਇੱਕ ਦਿਨ ਵਿੱਚ ਕਰੀਬ 15 ਹਜ਼ਾਰ ਫੌਲੋਅਰਜ਼ ਵਧ ਗਏ ਹਨ।ਪੁਲਿਸ ਮੁਤਾਬਕ ਅਮਨਦੀਪ ਕੌਰ ਵਿਆਹੁਤਾ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਨਾਲੋਂ ਵੱਖ ਰਹਿ ਰਹੀ ਹੈ।ਨਸ਼ੇ ਦੇ ਮਾਮਲਿਆਂ ਨੂੰ ਲੈ ਕੇ ਅਮਨਦੀਪ ਉੱਪਰ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ, ਪਰ ਕੋਈ ਠੋਸ ਸਬੂਤ ਸਾਹਮਣੇ ਨਾ ਮਿਲਣ ਕਾਰਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।ਇਸ ਮਹਿਲਾ ਕਰਮਚਾਰੀ ਦਾ ਨਾਂ ਉਸ ਵੇਲੇ ਵੀ ਸੁਰਖੀਆਂ ਵਿੱਚ ਆਇਆ ਸੀ, ਜਦੋਂ ਸਾਲ 2022 ਵਿੱਚ ਉਸ ਨੇ ਐੱਸਐੱਸਪੀ ਦਫ਼ਤਰ ਬਠਿੰਡਾ ਦੇ ਸਾਹਮਣੇ ਕੋਈ ਜ਼ਹਿਰੀਲੀ ਚੀਜ਼ ਨਿਗਲਣ ਦੀ ਕੋਸ਼ਿਸ਼ ਕੀਤੀ ਸੀ।ਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਵੱਲੋਂ ਕਥਿਤ ਤੌਰ 'ਤੇ ਦੁਰਵਿਹਾਰ ਕੀਤੇ ਜਾਣ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰਾਂ ਨੇ ਸਾਲ 2022 ਵਿੱਚ ਹੜਤਾਲ ਉੱਪਰ ਜਾਣ ਦੀ ਧਮਕੀ ਦੇ ਦਿੱਤੀ ਸੀ।
ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਿਕ ਉਸ ਵੇਲੇ ਵੀ ਸਿਵਲ ਹਸਪਤਾਲ ਦੇ ਇੱਕ ਡਾਕਟਰ ਦੇ ਬਿਆਨ ਉੱਪਰ ਅਮਨਦੀਪ ਕੌਰ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣੀ ਡਿਊਟੀ ਨਿਭਾਈ। ਉਹ ਆਪਣੇ ਆਪ ਨੂੰ ਜਿੱਥੇ ਮਰਜ਼ੀ ਤਬਦੀਲ ਕਰ ਲੈਂਦੀ ਸੀ। ਇੰਨਾ ਹੀ ਨਹੀਂ ਇਸ ਸਮੇਂ ਦੌਰਾਨ ਅਮਨਦੀਪ ਕੌਰ ਨੂੰ ਦੋ ਵਾਰ ਮੁਅੱਤਲ ਵੀ ਕੀਤਾ ਗਿਆ ਪਰ ਉਸ ਦੇ ਵਿਵਹਾਰ ’ਚ ਕੋਈ ਬਦਲਾਅ ਨਹੀਂ ਆਇਆ। ਉਹ ਆਪਣੀ ਇੱਛਾ ਅਨੁਸਾਰ ਆਪਣੀ ਪਸੰਦ ਦੀ ਕਿਸੇ ਵੀ ਜਗ੍ਹਾ ’ਤੇ ਆਪਣਾ ਤਬਾਦਲਾ ਕਰਵਾ ਸਕਦੀ ਸੀ। ਆਪਣੀ ਨੌਕਰੀ ਦੌਰਾਨ ਉਹ ਜ਼ਿਆਦਾਤਰ ਮਾਲਵਾ ਖੇਤਰ ਵਿਚ ਤਾਇਨਾਤ ਰਹੀ।ਖ਼ਾਸ ਗੱਲ ਇਹ ਹੈ ਕਿ ਉਸ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਡੋਪ ਟੈਸਟ ਕੀਤਾ ਗਿਆ ਸੀ ਜਿਸ ’ਚ ਉਸਦੀ ਰਿਪੋਰਟ ਨੈਗੇਟਿਵ ਆਈ।
ਮੀਡੀਆ ਰਿਪੋਟਾਂ ਅਨੁਸਾਰ 'ਚਿੱਟਾ' (ਹੈਰੋਇਨ) ਬਰਾਮਦ ਹੋਣ ਬਾਅਦ ਨੌਕਰੀ ਤੋਂ ਬਰਖ਼ਾਸਤ ਕੀਤੀ ਗਈ ਪੰਜਾਬ ਪੁਲਿਸ ਦੀ ਸੀਨੀਅਰ ਸਿਪਾਹੀ ਅਮਨਦੀਪ ਕੌਰ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਤੱਥ ਹੀ ਨਹੀਂ, ਸਗੋਂ ਕਥਿਤ ਦੋਸ਼ਣ ਨੂੰ ਵੀ ਲੁਕੋਣ ਲੱਗੀ ਹੈ, ਜਿਸ ਦੇ ਚੱਲਦਿਆਂ ਉਸ ਦਾ ਦੋ ਦਿਨਾਂ ਦਾ ਰਿਮਾਂਡ ਖ਼ਤਮ ਹੋਣ 'ਤੇ ਮੀਡੀਆ ਨੂੰ ਗੁੰਮਰਾਹ ਕਰਦੇ ਹੋਏ ਉਸ ਨੂੰ ਅਦਾਲਤ ਵਿਚ ਪਿਛਲੇ ਦਰਵਾਜੇ ਰਾਹੀਂ ਪੇਸ਼ ਕੀਤਾ ਗਿਆ ।ਜਦਕਿ ਮੀਡੀਆ ਕਰਮੀ ਤੇ ਆਮ ਲੋਕ ਅਦਾਲਤੀ ਇਮਾਰਤ ਦੇ ਮੁੱਖ ਦਰਵਾਜੇ 'ਤੇ ਖੜ੍ਹੇ ਰਹਿ ਗਏ ।ਇੱਥੇ ਹੀ ਬਸ ਨਹੀਂ ਉਸ ਦੇ ਤਿੰਨ ਦਿਨਾਂ ਦੇ ਰਿਮਾਂਡ ਦੌਰਾਨ ਪੁਲਿਸ ਅਜੇ ਤੱਕ ਉਸ ਦੇ ਮੂੰਹੋਂ ਇਸ ਧੰਦੇ ਦੀ ਅਸਲੀਅਤ ਨਹੀਂ ਕਢਵਾ ਸਕੀ ਤੇ ਨਾ ਹੀ ਉਸ ਨਾਲ ਮੁਕੱਦਮੇ ਵਿਚ ਨਾਮਜ਼ਦ ਕੀਤੇ ਗਏ ਉਸ ਦੇ ਸਾਥੀ ਬਲਵਿੰਦਰ ਸਿੰਘ ਸੋਨੂੰ ਨੂੰ ਗਿ੍ਫ਼ਤਾਰ ਕਰ ਸਕੀ ਹੈ ।
ਇਸ ਸਬੰਧੀ ਐਸ.ਪੀ.(ਸਿਟੀ) ਨਰਿੰਦਰ ਸਿੰਘ ਨੇ ਸਿਰਫ਼ ਐਨਾ ਹੀ ਦੱਸਿਆ ਕਿ ਅਜੇ ਕੁਝ ਹੋਰ ਜਾਣਕਾਰੀ ਹਾਸਲ ਕਰਨ ਲਈ ਉਸ ਦਾ ਅਦਾਲਤ ਤੋਂ ਦੋ ਦਿਨਾਂ ਦਾ ਹੋਰ ਰਿਮਾਂਡ ਲਿਆ ਗਿਆ ਹੈ ਤੇ ਉਸ ਦੇ ਸਾਥੀ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।ਸੂਤਰਾਂ ਅਨੁਸਾਰ ਉਸ ਨਾਲ ਕੁਝ ਉੱਚ-ਪੁਲਿਸ ਅਧਿਕਾਰੀਆਂ ਜਾਂ ਹੋਰ ਲੋਕਾਂ ਦੀ ਨੇੜਤਾ ਜਾਣਨ ਲਈ ਪੁਲਿਸ ਵਲੋਂ ਉਸ ਦੇ ਮੋਬਾਈਲ ਫੋਨਾਂ ਨੂੰ ਜਾਂਚ ਲਈ ਚੰਡੀਗੜ੍ਹ ਵਿਖੇ ਲੈਬਾਰਟਰੀ ਵਿਚ ਭੇਜਿਆ ਗਿਆ ਹੈ |
ਪੁਲਿਸ ਵਾਲੇ ਵੀ ਦਾਗੀ

ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ, 2014 ਤੋਂ ਲੈ ਕੇ 2024 ਤੱਕ 100 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੇ ਡਰੱਗਜ਼ ਇੰਸਪੈਕਟਰ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਪਾਏ ਗਏ। ਇਨ੍ਹਾਂ ਵਿਚ ਹੋਮਗਾਰਡ ਜਵਾਨ ਤੋਂ ਲੈ ਕੇ ਏਆਈਜੀ ਪੱਧਰ ਦੇ ਅਧਿਕਾਰੀ, ਪੁਲਿਸ ਕਾਂਸਟੇਬਲ ਸ਼ਾਮਲ ਹਨ। ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਿਚ, ਪੰਜਾਬ ਵਿਚ 2022 ਤੇ 2024 ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਵਿਕਰੀ ਨਾਲ ਸਬੰਧਤ 33 ਹਜ਼ਾਰ ਮਾਮਲੇ ਦਰਜ ਕੀਤੇ ਗਏ, ਜਿਹੜੇ ਕੇਰਲ ਦੇ ਬਾਅਦ ਦੂਜੇ ਨੰਬਰ ’ਤੇ ਹਨ। ਇਸੇ ਸਮੇਂ ਵਿਚ, ਪੰਜਾਬ ’ਚ ਨਸ਼ੀਲੀਆਂ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਸਬੰਧਤ 250 ਤੋਂ ਜ਼ਿਆਦਾ ਮੌਤਾਂ ਹੋਈਆਂ। 2014 ਤੋਂ 2016 ਤੱਕ ਪੰਜਾਬ ਪੁਲਿਸ ਦੇ 53 ਮੁਲਾਜ਼ਮਾਂ ’ਤੇ ਨਸ਼ਾ ਤਸਕਰੀ ਨੂੰ ਲੈ ਕੇ ਮਾਮਲੇ ਦਰਜ ਕੀਤੇ ਗਏ। 2016 ਤੋਂ 2025 ਤੱਕ ਇਹ ਮਾਮਲੇ ਦੁੱਗਣੇ ਹੋ ਗਏ।
ਪਿਛਲੇ ਸਾਲ ਪੰਜਾਬ ਐੱਸਟੀਐੱਫ ਨੇ ਸਿੰਥੈਟਿਕ ਡਰੱਗ ਰੈਕੇਟ ਚਲਾਉਣ ਵਾਲੇ ਇਕ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ, ਜਿਹੜਾ ਕਰੋੜਾਂ ਰੁਪਏ ਦੇ ਡਰੱਗ ਕਾਰੋਬਾਰ ’ਚ ਸ਼ਾਮਲ ਸੀ। 2023 ’ਚ ਝੂਠੇ ਡਰੱਗਜ਼ ਕੇਸ ਦੀ ਆੜ ਚ ਪੁਲਿਸ ਅਧਿਕਾਰੀ ਆਪਣੇ ਹੀ ਸਹਿਯੋਗੀ ਮੁਲਾਜ਼ਮਾਂ ਤੋਂ ਰਿਸ਼ਵਤ ਲੈ ਰਹੇ ਸਨ। ਇਸ ਮਾਮਲੇ ’ਚ ਡੀਆਈਜੀ ਇੰਦਰਬੀਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ’ਤੇ ਵੀ ਕਾਰਵਾਈ ਕੀਤੀ ਗਈ, ਜਿਹੜਾ ਪਿਛਲੇ ਦੋ ਸਾਲਾਂ ਤੋਂ ਫਰਾਰ ਹੈ। ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਦੇ ਮੁਤਾਬਕ, ਨਸ਼ੇ ਖਿਲਾਫ਼ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਮਾਮਲੇ ਵਿਚ ਜਿਹੜਾ ਵੀ ਮੁਲਜ਼ਮ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਏਗਾ।
ਦੂਜੇ ਪਾਸੇ, ਅਮਨਦੀਪ ਦੀ ਬਰਖ਼ਾਸਤਗੀ ਦੀ ਪੁਸ਼ਟੀ ਕਰਦਿਆਂ ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਹਦਾਇਤਾਂ ਤੋਂ ਬਾਅਦ ਅਮਨਦੀਪ ਵਿਰੁੱਧ ਤੁਰੰਤ ਇਹ ਕਾਰਵਾਈ ਕੀਤੀ ਗਈ ਹੈ। ਆਈਜੀ ਨੇ ਕਿਹਾ ਕਿ ਪੁਲਿਸ ਜਾਂਚ ਦੌਰਾਨ ਮੁਲਜ਼ਮਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਹਾਸਲ ਕੀਤੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।












Comments (0)