ਸ੍ਰੋਮਣੀ ਕਮੇਟੀ ਮੈਂਬਰ ਗਰੇਵਾਲ ਬਾਗੀ ਅਕਾਲੀਆਂ ਤੋਂ ਔਖੇ ਕਿ ਜਥੇਦਾਰ ਅਕਾਲ ਤਖਤ ਨੂੰ ਹੁਕਮ ਨਾ ਦੇਣ
ਮਾਮਲਾ ਅਕਾਲ ਤਖਤ ਉਪਰ ਸੁਖਬੀਰ ਬਾਦਲ ਦੇ ਮਾਮਲੇ ਬਾਰੇ ਬਾਗੀਆਂ ਅਕਾਲੀਆਂ ਦੀ ਸ਼ਿਕਾਇਤ ਦਾ
* ਸਿਖ ਪੰਥ ਦਾ ਸਿਧਾਂਤ ਇਹ ਹੈ ਕਿ ਜਥੇਦਾਰ ਸੁਪਰੀਮ ਨਹੀਂ , ਸੁਪਰੀਮ ਗੁਰੂ ਪੰਥ ਹੈ
* ਸਿਰਫ ਬਾਗੀ ਅਕਾਲੀਆਂ ਦਾ ਨਹੀਂ ,ਸਭ ਸਿਖਾਂ ਦਾ ਫਰਜ਼ ਹੈ ਕਿ ਜਥੇਦਾਰ ਨੂੰ ਸਹੀ ਫੈਸਲੇ ਲੈਣ ਦੀ ਅਪੀਲ ਕਰਨ
ਬੀਤੇ ਦਿਨੀਂ ਸ੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਬਾਗੀ ਅਕਾਲੀਆਂ ਉਪਰ ਸਖਤ ਟਿਪਣੀਆਂ ਕਰਦਿਆਂ ਕਿਹਾ ਕਿ ਬਾਗੀ ਅਕਾਲੀਆਂ ਨੂੰ ਕੋਈ ਹਕ ਨਹੀਂ ਕਿ ਉਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੇਧ ਦੇਣ ਕਿ ਜਥੇਦਾਰ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿਚ ਸਹੀ ਫੈਸਲੇ ਲੈਣ।
ਸਰਦਾਰ ਗੁਰਚਰਨ ਸਿੰਘ ਨੂੰ ਸਮਝਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁਪਰੀਮ ਨਹੀਂ।ਸੁਪਰੀਮ ਗੁਰੂ ਗ੍ਰੰਥ ਤੇ ਗੁਰੂ ਪੰਥ ਹੈ। ਅਕਾਲ ਤਖਤ ਦੇ ਜਥੇਦਾਰ ਮਨੋਰਥ ਪੰਥਕ ਹਿਤਾਂ ਦੀ ਰਾਖੀ ਕਰਨਾ ਹੈ। ਅਕਾਲ ਤਖਤ ਸਾਹਿਬ ਤੋਂ ਗਲਤ ਫੈਸਲੇ ਹੋਣ ਦੀਆਂ ਕਈ ਇਤਿਹਾਸਕ ਘਟਨਾਵਾਂ ਮੌਜੂਦ ਹਨ ਜਦੋਂ ਸਿਖ ਪੰਥ ਨੇ ਤਿਖਾ ਵਿਰੋਧ ਕੀਤਾ ਸੀ।
ਅੰਗਰੇਜ਼ ਕਾਲ ਸਮੇਂਂ ਜਥੇਦਾਰ ਅਰੂੜ ਸਿੰਘ ਤੇ ਜਨਰਲ ਡਾਇਰ ਦੀ ਨੇੜਤਾ ਦਾ ਤਿਖਾ ਵਿਰੋਧ ਹੋਇਆ ਸੀ। ਜਥੇਦਾਰ ਅਰੂੜ ਸਿੰਘ (1865 – 1926) , ਪੁੱਤਰ ਸ. ਹਰਨਾਮ ਸਿੰਘ ਸ਼ੇਰਗਿੱਲ (ਡਿਪਟੀ ਸੁਪਰਡੈਂਟ ਪੁਲੀਸ) 1905 ਤੋਂ 1920 ਤਕ ਦਰਬਾਰ ਸਾਹਿਬ ਦਾ ਸਰਬਰਾਹ ਸੀ। ਅਰੂੜ ਸਿੰਘ ਦੀ ਬਦਨਾਮੀ ਦਾ ਕਾਰਨ ਇਹ ਸੀ ਕਿ ਉਸ ਨੇ ਸਰਬਰਾਹ ਹੁੰਦਿਆਂ ਜਲਿਆਂ ਵਾਲਾ ਬਾਗ਼ ਵਿਚ 13 ਅਪ੍ਰੈਲ 1919 ਦੇ ਦਿਨ ਗੋਲੀਆਂ ਚਲਾਉਣ ਵਾਲੇ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਆਉਣ ’ਤੇ ਸਿਰੋਪਾ ਦਿੱਤਾ ਸੀ। ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ 1914 ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰਾਂ ਵੱਲੋਂ ਬਜਬਜ ਘਾਟ ’ਤੇ ਪੁਲੀਸ ਦੇ ਹੁਕਮ ਦੀ ਅਦੂਲੀ ਕਰਨ ਕਾਰਨ ਉਨ੍ਹਾਂ ਬਾਰੇ ਇਹ ਕਿਹਾ ਸੀ ਕਿ ਉਹ ਸਿੱਖ ਨਹੀਂ ਹਨ।ਅਕਾਲੀ ਮੋਰਚੇ ਤੇ ਝੱਬਰ ਮੁਤਾਬਿਕ ਦਰਬਾਰ ਸਾਹਿਬ ’ਤੇ ਕਬਜ਼ੇ ਵਾਲੇ ਦਿਨ (12 ਅਕਤੂਬਰ 1920) ਅਤੇ ਮਗਰੋਂ ਅਤੇ ਸਿੱਖ ਲੀਗ ਦੇ ਦੀਵਾਨ ਵਿਚ ਅਰੂੜ ਸਿੰਘ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ ਸੀ। ਇੰਞ ਉਹ ਬਦ ਨਾਲੋਂ ਬਦਨਾਮ ਜ਼ਿਆਦਾ ਸੀ; ਇਸ ਕਰਕੇ ਸਿਖ ਉਸ ਦੇ ਖ਼ਿਲਾਫ਼ ਸਨ ਅਤੇ ਚਾਹੁੰਦੇ ਸਨ ਕਿ ਉਹ ਅਸਤੀਫ਼ਾ ਦੇਵੇ।
24 ਅਗਸਤ 1920 ਨੂੰ ਸੰਗਤ ਦੇ ਦਬਾਅ ਕਾਰਣ ਅਸਤੀਫਾ ਦੇ ਦਿਤਾ ਸੀ।
ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿ੍ਪਾਲ ਸਿੰਘ ਨੇ ਜੂਨ 84 ਦੇ ਘਲੂਘਾਰੇ ਬਾਅਦ ਫੌਜ ਦੇ ਦਬਾਅ ਅਧੀਨ ਕਿਹਾ ਸੀ ਕਿ ਕੋਠਾ ਸਾਹਿਬ ਠੀਕ ਠਾਕ ਹੈ ਤਾਂ ਸੰਗਤਾਂ ਨੇ ਤਿਖਾ ਰੋਸ ਪ੍ਰਗਟਾਇਆ ਸੀ।ਸਿਖ ਖਾੜਕੂਆਂ ਨੇ ਉਨ੍ਹਾਂ ਉਪਰ ਹਮਲਾ ਵੀ ਕੀਤਾ ਸੀ।ਸਿਖ ਬੀਬੀਆਂ ਨੇ ਚੂੜੀਆਂ ਵੀ ਭੇਜੀਆਂ ਸਨ ਕਿ ਇਹ ਫੈਸਲੇ ਖਾਲਸਾ ਪੰਥ ਦੀ ਪ੍ਰਥਾ ਵਾਲੇ ਨਹੀਂ ਹਨ।
2015 ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ, ਸਿੱਖਾਂ ਦੇ ਵਿਰੋਧ ਤੋਂ ਬਾਅਦ ਅਕਤੂਬਰ 2015 ਵਿੱਚ ਇਹ ਫੈਸਲਾ ਵਾਪਸ ਲੈਂਦੇ ਹੋਏ 2007 ਦੇ ਹੁਕਮਨਾਮੇ ‘ਤੇ ਕਾਇਮ ਰਹਿਣ ਦੀ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਆਖੀ ਗਈ ਸੀ ਕਿ ਸੌਦਾ ਸਾਧ ਦਾ ਪੰਥਕ ਬਾਈਕਾਟ ਜਾਰੀ ਰਹੇਗਾ।ਇਸੇ ਦੋਸ਼ ਤੇ ਸਿਖ ਪੰਥ ਦੇ ਵਿਰੋਧ ਕਾਰਣ ਜਥੇਦਾਰ ਨੂੰ ਅਸਤੀਫਾ ਵੀ ਦੇਣਾ ਪਿਆ। ਫਿਰ ਸੁਆਲ ਇਹ ਹੈ ਕਿ ਜਥੇਦਾਰ ਕਿਵੇਂ ਸੁਪਰੀਮ ਹੈ? ਸੁਪਰੀਮ ਖਾਲਸਾ ਪੰਥ ਹੈ ਜਿਸਦੇ ਫੈਸਲੇ ਸਿਧਾਂਤਕ ਪਧਰ ਉਪਰ ਅਕਾਲ ਤਖਤ ਤੋਂ ਲਏ ਜਾਂਦੇ ਹਨ।ਫੈਸਲੇ ਗਲਤ ਲਏ ਜਾਣ ਤਾਂ ਗੁਰੂ ਪੰਥ ਵਲੋਂ ਵਿਰੋਧ ਲਾਜਮੀ ਹੈ।
ਜਥੇਦਾਰ ਅਕਾਲ ਤਖਤ ਦੇ ਸਿਧਾਂਤ ਮੀਰੀ -ਪੀਰੀ ਦੀ ਸੁਰਖਿਆ ਲਈ ਹਨ।
ਗਰੇਵਾਲ ਦਾ ਕਹਿਣਾ ਗੈਰ ਸਿਧਾਂਤਕ ਹੈ ਕਿ ਬਾਗੀ ਅਕਾਲੀ ਇਹ ਬੇਨਤੀ ਨਹੀਂ ਕਰ ਸਕਦੇ ਕਿ ਜਥੇਦਾਰ ਸਹੀ ਇਨਸਾਫ ਕਰਨ।ਇਹ ਹਰੇਕ ਸਿਖ ਦਾ ਫਰਜ ਹੈ ਜਥੇਦਾਰ ਨੂੰ ਆਖੇ ਸਹੀ ਫੈਸਲੇ ਕਰੋ ਅਕਾਲ ਤਖਤ ਸਾਹਿਬ ਤੋਂ। ਗੁਰਮਤਿ ਦੀ ਰੋਸ਼ਨੀ ਵਿਚ ਫੈਸਲੇ ਲਵੋ।ਕਿਉਕਿ ਮੀਰੀ ਪੀਰੀ ਦੀ ਪਹਿਰੇਦਾਰੀ ਸਿੰਘ ਸਾਹਿਬਾਨ ਕੋਲ ਹੈ।
ਅਕਾਲ ਤਖ਼ਤ ਸਾਹਿਬ ਕੇਵਲ ਧਾਰਮਿਕ ਸਥਾਨ ਨਹੀਂ ਬਲਕਿ 'ਸੰਗਤੀ ਪਾਵਰ' ਦਾ ਪ੍ਰਤੀਕ ਹੈ।ਸਿੱਖ ਮਿਸਲਾਂ ਦੇ ਸਮੇਂ ਅਕਾਲ ਤਖ਼ਤ ਸਾਹਿਬ ਸਿੱਖ ਜਮਹੂਰੀਅਤ ਦਾ ਕੇਂਦਰ ਸੀ। ਸਿੱਖ ਮਿਸਲਾਂ ਦੇ ਲੀਡਰ ਇਥੇ ਬੈਠ ਕੇ ਸਰਬ ਸੰਮਤੀ ਨਾਲ ਸਿਧਾਂਤਕ ਪੰਥਕ ਹਿਤੂ ਫੈਸਲੇ ਲੈਂਦੇ ਸਨ। ਇਹਨਾਂ ਫੈਸਲਿਆਂ ਨੂੰ ਗੁਰਮਤਾ ਆਖਿਆ ਜਾਂਦਾ ਸੀ ਅਤੇ ਅਤੇ ਚੁਣੇ ਹੋਏ ਜਥੇਦਾਰ ਉਸ ਨੂੰ ਲਾਗੂ ਕਰਦੇ ਸਨ। ਜਥੇਦਾਰ ਅਕਾਲ ਤਖਤ ਸਾਹਿਬ ਦਾ ਫਰਜ ਹੈ ਕਿ ਉਹ ਸਿਖ ਰਵਾਇਤਾਂ ਤੇ ਇਤਿਹਾਸਕ ਪਰੰਪਰਾਵਾਂ ਦੀ ਪਾਲਣਾ ਕਰਨ।
ਜਥੇਦਾਰ ਨੇ ਆਪ ਫੈਸਲਾ ਕਰਨਾ ਹੈ ਆਪਣੀ ਰੂਹ ਵਿਚ ਲਗੀ ਗੁਰੂ ਦੀ ਅਦਾਲਤ ਅਨੁਸਾਰ ਕਿ ਕੂੜ ਦੇ ਫੈਸਲੇ ਸਚ ਦੇ ਤਖਤ ਤੋਂ ਨਹੀਂ ਹੋ ਸਕਦੇ। ਜਥੇਦਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਤਿਗੁਰੂ ਕਲਗੀਆਂ ਵਾਲਾ ਖਾਲਸਾ ਪੰਥ ਵਿਚ ਬਿਰਾਜਮਾਨ ਹੈ ਤੁਹਾਡੇ ਉਪਰ ਨਜ਼ਰ ਰਖ ਰਿਹਾ ਹੈ।ਸਿਖ ਪੰਥ ਆਸ ਕਰਦਾ ਹੈ ਕਿ ਅਜੋਕੇ ਜਥੇਦਾਰ ਮੀਰੀ ਪੀਰੀ ਦੇ ਸਿਧਾਂਤ ਤੋਂ ਗਿਆਨੀ ਗੁਰਬਚਨ ਸਿੰਘ ਵਾਂਗ ਤਿਲਕਣਗੇ ਨਹੀਂ।
ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਪੁਰਾਤਨ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਬੇਦੀ ,ਅਕਾਲੀ ਫੂਲਾ ਸਿੰਘ ਵਾਂਗ ਸਿਖ ਪੰਥ ਦਾ ਪਹਿਰੇਦਾਰ ਬਣਕੇ ਇਤਿਹਾਸ ਸਿਰਜਣ ਨਾਕਿ ਗਿਆਨੀ ਗੁਰਬਚਨ ਸਿੰਘ ਵਾਲਾ ਗੁਰੂ ਪੰਥ ਵਿਰੋਧੀ ਰੋਲ ਅਦਾ ਕਰਨਾ ਹੈ ਜਿਥੇ ਅਰੂੜ ਸਿੰਘ, ਗਿਆਨੀ ਕਿ੍ਪਾਲ ਸਿੰਘ ਖਲੋਤੇ ਸਨ।
ਸ੍ਰੋਮਣੀ ਕਮੇਟੀ ਦੇ ਬੁਲਾਰਿਆਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਸਿੱਖ ਪੰਥ ਵਿੱਚ ਤਖ਼ਤ ਕੋਈ ਵਿਅਕਤੀ ਜਾਂ ਕਿਸੇ ਧੜੇ ਦੀਆਂ ਸਮੂਹ ਦੀਆਂ ਗਤੀਵਿਧੀਆਂ ਦਾ ਕੇਂਦਰ ਨਹੀਂ ਬਲਕਿ ਗੁਰੂ ਪੰਥ ਦੀ ਨਿਰਪੱਖ਼- ਸੁਤੰਤਰ ਪ੍ਰਭੂਸੱਤਾ ਸੰਪੰਨ ਸੰਸਥਾ ਹੈ।’’ ਅਜਿਹੀਆਂ ਬਿਆਨਬਾਜ਼ੀ ਤੋਂ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸੁਮੇਲ ਨੂੰ ਠਿਬੀ ਦਿੰਦੇ ਹੋਣ ਤੇ ਪੁਜਾਰੀਵਾਦ ਨੂੰ ਉਤਸ਼ਾਹਿਤ ਕਰਦੇ ਹੋਣ।ਅਜਿਹਾ ਨਾ ਹੋਵੇ ਅਕਾਲੀ ਦਲ ਵਾਂਗ ਸ੍ਰੋਮਣੀ ਕਮੇਟੀ ਉਪਰ ਸਿਖ ਪੰਥ ਦਾ ਵਿਸ਼ਵਾਸ ਖਤਮ ਹੋ ਜਾਵੇ।ਕਿਉਂਕਿ ਸਿਖ ਪੰਥ ਇਸ ਸਮੇਂ ਸਿਖ ਸਿਧਾਂਤ ਤੇ ਮਰਿਯਾਦਾ ਪ੍ਰਤੀ ਸੁਚੇਤ ਹੈ.












Comments (0)