ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਨਿੱਝਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਟ 

ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਨਿੱਝਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਟ 

* ਦਲ ਖ਼ਾਲਸਾ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ- ਦੋਨਾਂ ਕੌਮੀ ਨਾਇਕਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿੱਚ ਲਾਈਆਂ ਜਾਣ

* ਕੈਨੇਡਾ ਸਰਕਾਰ ਭਾਈ ਨਿੱਝਰ ਨੂੰ ਕਤਲ ਕਰਨ ਵਾਲੇ ਸਾਜ਼ਿਸ਼ਕਰਤਾ ਦਾ ਪਰਦਾਫਾਸ਼ ਕਰਕੇ ਕਾਨੂੰਨ ਅਨੁਸਾਰ ਸਜ਼ਾ ਦੇਵੇ - ਦਲ ਖ਼ਾਲਸਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ- ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਮਿੱਠੀ ਨਿੱਘੀ ਅਤੇ ਪਿਆਰੀ ਯਾਦ ਵਿੱਚ ਦਰਬਾਰ ਸਾਹਿਬ ਸਮੂਹ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ ਜਿੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਤੇ ਅਰਦਾਸ ਕੀਤੀ ਗਈ । 

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹੈੱਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ, ਭਾਈ ਮੋਹਕਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ, ਭਾਈ ਨਰੈਣ ਸਿੰਘ ਚੌੜਾ ਸਮੇਤ ਵੱਡੀ ਗਿਣਤੀ ਵਿੱਚ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਪਾਸੋਂ ਮੰਗ ਕੀਤੀ ਕਿ ਦੋਨਾਂ ਦੋਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ।

ਪੰਥਕ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਈ ਗਜਿੰਦਰ ਸਿੰਘ ਦੇ ਪਰਵਾਰਿਕ ਮੈਂਬਰਾਂ ਭਰਾ ਦਰਸ਼ਨ ਸਿੰਘ ਤੇ ਭਰਜਾਈ ਤੇਜਿੰਦਰ ਕੌਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਭਾਈ ਗਜਿੰਦਰ ਸਿੰਘ ਦੇ ਸਾਥੀ ਹਾਈਜੈਕਰ ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ ਅਤੇ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਦੀ ਭੈਣ ਬੀਬੀ ਸੁਰਿੰਦਰ ਕੌਰ ਨੂੰ ਵੀ ਸਿਰੋਪਾ ਭੇਟ ਕਰਕੇ ਸਨਮਾਨ ਦਿੱਤਾ । 

ਦਲ ਖ਼ਾਲਸਾ ਅਤੇ ਮਾਨ ਦਲ ਦੇ ਆਗੂਆਂ ਨੇ ਕਿਹਾ ਕਿ ਭਾਜੀ ਗਜਿੰਦਰ ਸਿੰਘ ਅਤੇ ਭਾਈ ਨਿੱਝਰ ਗੁਰੂ ਗ੍ਵੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਸਨ ਅਤੇ ਉਹ ਤਾ-ਉਮਰ ਖਾਲਿਸਤਾਨ ਲਈ ਸੰਘਰਸ਼ੀਲ ਰਹੇ, ਜਿਨ੍ਹਾਂ ਨੂੰ ਕੌਮੀ ਸਨਮਾਨ ਤੇ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ । 

ਜਿਕਰਯੋਗ ਹੈ ਕਿ ਦਲ ਖ਼ਾਲਸਾ ਦੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਦੀ ਬੀਤੇ ਵਰ੍ਹੇ 3 ਜੁਲਾਈ ਨੂੰ ਲਾਹੌਰ ਵਿਖੇ ਦੇਹਾਂਤ ਹੋਇਆ ਸੀ ਅਤੇ ਭਾਈ ਹਰਦੀਪ ਸਿੰਘ ਨਿੱਝਰ ਜਿੰਨਾ ਦੀ ਕੈਨੇਡਾ ਵਿਖੇ ਦੋ ਵਰ੍ਹੇ ਪਹਿਲਾਂ 19 ਜੂਨ ਨੂੰ ਭਾਰਤੀ ਏਜੰਸੀ ਵਲੋਂ ਕਤਲ ਕੀਤਾ ਗਿਆ ਸੀ।  

ਦਲ ਖ਼ਾਲਸਾ ਆਗੂਆਂ ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾਪਿੰਡ, ਕੰਵਰਪਾਲ ਸਿੰਘ, ਬਾਬਾ ਹਰਦੀਪ ਸਿੰਘ, ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਦੋਨਾਂ ਕੌਮੀ ਨਾਇਕਾਂ ਦੀ ਤਸਵੀਰ ਅਜਾਇਬ ਘਰ ਵਿੱਚ ਸ਼ਸ਼ੋਬਿਤ ਕਰਨ। 

ਪਰਮਜੀਤ ਸਿੰਘ ਮੰਡ ਨੇ ਧਾਮੀ ਸਾਹਿਬ ਨੂੰ ਚੇਤੇ ਕਰਵਾਇਆ ਕਿ ਪਿਛਲੇ ਵਰ੍ਹੇ ਭਾਜੀ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੋਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ ਪਰ ਇੱਕ ਸਾਲ ਬੀਤਣ ਮਗਰੋਂ ਵੀ ਤਖ਼ਤ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਗਈ। 

ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਮਾਨ ਅਤੇ ਪਰਮਜੀਤ ਸਿੰਘ ਮੰਡ ਨੇ ਭਾਈ ਨਿੱਝਰ ਲਈ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਦੋ ਸਾਲ ਬੀਤ ਗਏ ਪਰ ਭਾਈ ਨਿੱਝਰ ਨੂੰ ਕਤਲ ਕਰਨ ਵਾਲੇ ਸਾਜ਼ਿਸ਼ਕਰਤਾ ਦਾ ਪਰਦਾਫਾਸ਼ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕੈਨੇਡਾ ਦੀ ਜਾਂਚ ਏਜੰਸੀ ਨਾਕਾਮ ਰਹੀ ਹੈ। ਕੰਵਰਪਾਲ ਸਿੰਘ ਨੇ ਕਿਹਾ ਕਿ ਭਾਈ ਨਿੱਝਰ ਨੂੰ ਕੈਨੇਡਾ ਦੀ ਪਾਰਲੀਮੈਂਟ ਨੇ ਸ਼ਰਧਾਂਜਲੀ ਦਿੱਤੀ ਸੀ ਉਸੇ ਤਰਜ਼ ਤੇ ਸਿੱਖ ਪਾਰਲੀਮੈਂਟ ( ਸ਼੍ਰੋਮਣੀ ਕਮੇਟੀ) ਵੀ ਆਪਣੇ ਜਨਰਲ ਇਜਲਾਸ ਵਿੱਚ ਸ਼ਰਧਾਂਜਲੀ ਮਤਾ ਪਾਸ ਕਰੇ। 

ਪ੍ਰੈਸ ਨੂੰ ਜਾਣਕਾਰੀ ਦੇਂਦਿਆ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਜਰਮਨੀ, ਕੈਨੇਡਾ ਅਤੇ ਯੂ.ਕੇ. ਅੰਦਰ ਵੀ ਇਹਨਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। 

ਦਲ ਖ਼ਾਲਸਾ ਦੇ ਸਕੱਤਰ  ਨੇ ਭਾਈ ਗਜਿੰਦਰ ਸਿੰਘ ਨੇ ਲੰਮੀ ਜਲਾਵਤਨੀ ਕੱਟੀ ਹੈ ਜਿਸ ਦਾ ਬਹੁਤਾਤ ਹਿੱਸਾ ਉਹਨਾਂ ਪਾਕਿਸਤਾਨ ਵਿੱਚ ਬਿਤਾਇਆ ਹੈ। ਉਹਨਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਦੇ ਰੋਸ ਤੇ ਰੋਹ ਵਜੋਂ ਭਾਰਤੀ ਜਹਾਜ਼ ਅਗਵਾ ਕੀਤਾ ਸੀ ਜਿਸ ਕਾਰਨ ਉਹਨਾਂ ਨੂੰ ਆਪਣੇ ਚਾਰ ਸਾਥੀਆਂ ਸਮੇਤ ਪਾਕਿਸਤਾਨ ਵਿੱਚ ਉਮਰ ਕੈਦ ਦੀ ਸਜਾ ਹੋਈ ਸੀ ਜੋ ਉਹਨਾਂ ਸਤੰਬਰ 1981 ਤੋ 1995 ਤੱਕ 14 ਸਾਲ ਜੇਲ ਵਿੱਚ ਰਹਿ ਕੇ ਕੱਟੀ । ਸਤੰਬਰ 2020 ਵਿੱਚ ਭਾਈ ਗਜਿੰਦਰ ਸਿੰਘ ਨੂੰ ਅਕਾਲ ਤਖਤ ਸਾਹਿਬ ਵਲੋ ਜਲਾਵਤਨ ਸਿੱਖ ਯੋਧਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਪਿਛਲੇ ਵਰ੍ਹੇ ਉਹਨਾਂ  ਦੀ ਅੰਤਿਮ ਅਰਦਾਸ ਮੌਕੇ ਅਕਾਲ ਤਖਤ ਸਾਹਿਬ ਨੇ ਉਹਨਾ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ।

ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਸਰਬਜੀਤ ਸਿੰਘ ਘੁਮਾਣ, ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ, ਦਰਬਾਰ ਸਾਹਿਬ ਮੈਨੇਜਰ ਭਗਵਾਨ ਸਿੰਘ, ਦਲ ਖਾਲਸਾ ਦੇ ਰਣਬੀਰ ਸਿੰਘ, ਜੁਗਰਾਜ ਸਿੰਘ ਪਿੰਡ ਵਾਂ, ਅਵਤਾਰ ਸਿੰਘ, ਅਰਪਾਲ ਸਿੰਘ, ਮਾਸਟਰ ਕੁਲਵੰਤ ਸਿੰਘ, ਸੁਖਦੇਵ ਸਿੰਘ ਹਸਨਪੁਰ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਿਸਤਾਨੀ, ਸਾਰਜ ਸਿੰਘ, ਗੁਰਵਿੰਦਰ ਸਿੰਘ ਬਠਿੰਡਾ, ਜਸਵੀਰ ਸਿੰਘ ਡਾਂਗੂ, ਗੁਰਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ, ਰਾਜਵਿੰਦਰ ਸਿੰਘ ਮਾਨਸਾ, ਕੁਲਦੀਪ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਸਤਿਨਾਮ ਸਿੰਘ ਕੰਡਾ, ਗੁਰਨਿਵਾਜ ਸਿੰਘ ਆਦਿ ਹਾਜ਼ਿਰ ਸਨ।