ਸ਼ਤਾਬਦੀਆਂ ਮਨਾਉਣ ਲਈ ਇਕਸੁਰਤਾ ਦੀ ਲੋੜ
ਸ਼ਤਾਬਦੀ ਸਮਾਗਮ ਸਿੱਖਾਂ ਨੂੰ ਉਸ ਦੇ ਪਿਛੋਕੜ ਅਤੇ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ ਜਿਸ ਵਿਚੋਂ ਅਤੀਤ ਦੀਆਂ ਘਟਨਾਵਾਂ ਨੂੰ ਵੱਡੇ ਪੱਧਰ ’ਤੇ ਪ੍ਰਚਾਰ ਕੇ ਉਹਨਾਂ ਵਿਚੋਂ ਭਵਿੱਖ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਚੜ੍ਹਦੀਕਲਾ ਵਿਚ ਰਹਿ ਕੇ ਅਗਲਾ ਜੀਵਨ ਪੰਧ ਤੈਅ ਕਰਨ ਦੀ ਪ੍ਰੇਰਨਾ ਗ੍ਰਹਿਣ ਕੀਤੀ ਜਾਂਦੀ ਹੈ।
‘ਬਾਬਾਣੀਆਂ ਕਹਾਣੀਆਂ’ ਤੋਂ ਪ੍ਰੇਰਨਾ ਲੈਣ ਦੀ ਭਾਵਨਾ ਨਾਲ ਮਨਾਈਆਂ ਜਾਣ ਵਾਲੀਆਂ ਇਹ ਸ਼ਤਾਬਦੀਆਂ ਇਸ ਗੱਲ ਵੱਲ ਸੰਕੇਤ ਕਰਦੀਆਂ ਹਨ ਕਿ ਅਤੀਤ ਵਿਚ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ ਉਹ ਗੌਰਵਮਈ ਅਤੇ ਮਾਣ ਕਰਨਯੋਗ ਹਨ। ਇਸ ਦ੍ਰਿਸ਼ਟੀ ਤੋਂ ਜਦੋਂ ਵੀ ਕੋਈ ਸ਼ਤਾਬਦੀ ਸਮਾਗਮ ਆਉਂਦਾ ਹੈ ਤਾਂ ਉਸ ਨੂੰ ਮਨਾਉਣ ਲਈ ਤਿਆਰੀਆਂ ਵਿਸ਼ੇਸ਼ ਰੂਪ ਵਿਚ ਕੀਤੀਆਂ ਜਾਂਦੀਆਂ ਹਨ ਅਤੇ ਜਿਹੜੇ ਇਹਨਾਂ ਵਿਚ ਹਿੱਸਾ ਲੈਂਦੇ ਹਨ, ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ।
ਸਿੱਖਾਂ ਨੇ ਹੁਣ ਤੱਕ ਜਿਹੜੇ ਸ਼ਤਾਬਦੀ ਸਮਾਗਮ ਆਯੋਜਿਤ ਕੀਤੇ ਹਨ ਉਹਨਾਂ ਵਿਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ, ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ, ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਗੁਰਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ, ਗੁਰੂ ਅਰਜਨ ਦੇਵ ਜੀ ਦਾ 400 ਸਾਲਾ ਸ਼ਹੀਦੀ ਗੁਰਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ 300 ਸਾਲਾ ਦਿਹਾੜਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ, ਬਾਬਾ ਬੁੱਢਾ ਜੀ ਦੀ ਪੰਜਵੀਂ ਜਨਮ ਸ਼ਤਾਬਦੀ, ਅਕਾਲੀ ਫੂਲਾ ਸਿੰਘ ਦਾ 200 ਸਾਲਾ ਸ਼ਹੀਦੀ ਦਿਹਾੜਾ, ਸ. ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਦਿਹਾੜਾ, ਜੈਤੋ ਦੇ ਮੋਰਚੇ ਦੀ ਸ਼ਤਾਬਦੀ, ਸਿੰਘ ਸਭਾ ਲਹਿਰ ਦੀ ਸ਼ਤਾਬਦੀ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਗੁਰਪੁਰਬ, ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ, ਗੁਰੂ ਕਾ ਬਾਗ ਮੋਰਚੇ ਦੀ ਸ਼ਤਾਬਦੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਤਾਬਦੀ, ਸ੍ਰੀ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਆਦਿ ਸ਼ਾਮਲ ਹਨ।
ਇਹਨਾਂ ਸ਼ਤਾਬਦੀਆਂ ਦੌਰਾਨ ਉਲੀਕੇ ਜਾਣ ਵਾਲੇ ਸਮਾਗਮਾਂ ਦੌਰਾਨ ਕੁੱਝ ਸਿਧਾਂਤਾਂ ਨੂੰ ਉਜਗਾਰ ਕਰਨ ਲਈ ਵਿਸ਼ੇਸ਼ ਮੰਗ ਕੀਤੀ ਜਾਂਦੀ ਰਹੀ ਹੈ, ਜਿਵੇਂ ਸਾਲ 1999 ਵਿਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਮਨੁੱਖੀ ਅਧਿਕਾਰਾਂ ਦਾ ਸਾਲ ਐਲਾਨਿਆ ਜਾਵੇ; ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹਾ ਐਲਾਨਿਆ ਜਾਵੇ, ਆਦਿ। ਇਨ੍ਹਾਂ ਇਤਿਹਾਸਕ ਸ਼ਤਾਬਦੀਆਂ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ, ਕਥਾ ਵਿਿਖਆਨ, ਕੀਰਤਨ, ਢਾਡੀ ਸਮਾਗਮ ਆਦਿ ਕੀਤੇ ਜਾਂਦੇ ਹਨ ਅਤੇ ਨਗਰ ਕੀਰਤਨ ਕੱਢੇ ਜਾਂਦੇ ਹਨ। ਇਹਨਾਂ ਸਮਾਗਮਾਂ ਦਾ ਮਨੋਰਥ ਗੁਰਬਾਣੀ ਦੇ ਪਰਉਪਕਾਰੀ ਅਤੇ ਵਿਸ਼ਵ-ਵਿਆਪੀ ਸੰਦੇਸ਼ ਨੂੰ ਸੰਸਾਰ ਵਿਚ ਪਹੁੰਚਾਉਣਾ ਹੁੰਦਾ ਹੈ।
ਇਹ ਸ਼ਤਾਬਦੀ ਸਮਾਗਮ ਸਿੱਖ ਪੰਥ ਦੀ ਇਕਜੁੱਟਤਾ ਅਤੇ ਇਕਸੁਰਤਾ ਦਾ ਵਿਿਖਆਨ ਕਰਦੇ ਹਨ ਅਤੇ ਜਿਹੜੇ ਇਲਾਕਿਆਂ ਵਿਚ ਸਿੱਖ ਘੱਟ ਗਿਣਤੀ ਵਿਚ ਮੌਜੂਦ ਹਨ, ਉਹਨਾਂ ਦੇ ਮਨ ਵਿਚ ਸਵੈਮਾਨ ਅਤੇ ਚੜ੍ਹਦੀਕਲਾ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ। ਇਹ ਸ਼ਤਾਬਦੀ ਸਮਾਗਮ ਸਮੂਹ ਸਿੱਖਾਂ ਅਤੇ ਗੈਰ-ਸਿੱਖਾਂ ’ਤੇ ਆਪਣਾ ਪ੍ਰਭਾਵ ਸਿਰਜਦੇ ਹਨ। ਇਸ ਦ੍ਰਿਸ਼ਟੀ ਤੋਂ ਅਜਿਹੇ ਸਮਾਗਮ ਧਾਰਮਿਕ ਇਕਸੁਰਤਾ ਅਤੇ ਕੌਮੀ ਇਕਜੁੱਟਤਾ ਨੂੰ ਕੇਂਦਰ ਵਿਚ ਰੱਖ ਕੇ ਮਨਾਏ ਜਾਣੇ ਚਾਹੀਦੇ ਹਨ। ਕਿਸੇ ਤਰ੍ਹਾਂ ਦਾ ਵੀ ਦਵੰਦ ਕੌਮੀ ਭਾਵਨਾਵਾਂ ਦਾ ਨੁਕਸਾਨ ਕਰ ਸਕਦਾ ਹੈ।
ਇਸ ਸਾਲ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਗੁਰਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਿਆਈ ਗੁਰਪੁਰਬ ਪ੍ਰਮੁੱਖਤਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਦੇ ਨਾਲ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਹਨਾਂ ਸ਼ਹੀਦੀ ਸਮਾਗਮਾਂ ਮੌਕੇ ਭਾਈ ਜੈਤਾ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਵੀ ਯਾਦ ਕੀਤਾ ਜਾਵੇਗਾ। ਗੁਰੂ ਗੋੋਬਿੰਦ ਸਿੰਘ ਜੀ ਨੂੰ ਗੁਰਿਆਈ ਪ੍ਰਦਾਨ ਕਰਨ ਵਾਲੇ ਬਾਬਾ ਬੁੱਢਾ ਜੀ ਦੇ ਵੰਸ਼ਜ਼ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਅਗਲੇ ਦਿਨ ਦਿੱਲੀ ਵਿਖੇ ਸਰੀਰ ਤਿਆਗ ਦਿੱਤਾ ਸੀ। ਇਹਨਾਂ ਸਮੂਹ ਗੁਰਸਿੱਖਾਂ ਨੂੰ ਯਾਦ ਕਰਨਾ ਅਤੇ ਇਹਨਾਂ ਦੁਆਰਾ ਸੰਕਟ ਦੇ ਸਮੇਂ ਨਿਭਾਈ ਗਈ ਭੂਮਿਕਾ ਨੂੰ ਲੋਕਾਂ ਤੱਕ ਲੈ ਕੇ ਜਾਣਾ ਇਕ ਵੱਡਾ ਉੱਦਮ ਹੈ।
ਗੁਰੂ ਤੇਗ ਬਹਾਦਰ ਜੀ ਵਧੇਰੇ ਸਮਾਂ ਮਾਲਵਾ ਬਾਂਗਰ ਦੇ ਇਲਾਕੇ ਵਿਚ ਵਿਚਰਦੇ ਰਹੇ ਹਨ ਅਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਵਿਚ ਉਹਨਾਂ ਦੁਆਰਾ ਲਗਪਗ 5 ਸਾਲ ਕੀਤੀਆਂ ਗਈਆਂ ਪ੍ਰਚਾਰ ਯਾਤਰਾਵਾਂ ਮਹੱਵਪੂਰਨ ਹਨ। ਇਹਨਾਂ ਇਲਾਕਿਆਂ ਵਿਚ ਵੱਸਦੇ ਗੁਰਸਿੱਖ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਮਨਾਉਣ ਲਈ ਯਤਨਸ਼ੀਲ ਹਨ। ਸਿੱਖਾਂ ਦੀਆਂ ਪ੍ਰਮੁੱਖ ਗੁਰਦੁਆਰਾ ਕਮੇਟੀਆਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸੰਬੰਧੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਮੌਕੇ ਉਲੀਕੀ ਗਈ ਵਿਉਂਤਬੰਦੀ ਮਾਰਗ ਦਰਸ਼ਨ ਕਰ ਸਕਦੀ ਹੈ।
ਇਸ ਸ਼ਤਾਬਦੀ ਨੂੰ ਮਨਾਉਣ ਲਈ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਸਿੱਖ ਪ੍ਰਤੀਨਿਧ ਬੋਰਡ, ਸਿੰਘ ਸਭਾਵਾਂ ਅਤੇ ਈਸਟ ਇੰਡੀਆ ਸਿੱਖ ਕੌਂਸਲ ਦੇ ਨੁਮਇੰਦੇ ਪ੍ਰਮੁੱਖਤਾ ਨਾਲ ਹਾਜ਼ਰੀ ਭਰਦੇ ਸਨ। ਇਹਨਾਂ ਨੇ ਜਿਹੜਾ ਸਾਂਝਾ ਪਲੇਟਫਾਰਮ ਤਿਆਰ ਕੀਤਾ ਸੀ, ਉਸ ਅਨੁਸਾਰ ਇਹਨਾਂ ਨੇ ਐਲਾਨ ਕੀਤਾ ਸੀ ਕਿ ਬਿਹਾਰ ਦੀਆਂ ਸਿੰਘ ਸਭਾਵਾਂ ਜਾਂ ਹੋਰਨਾਂ ਗੁਰਦੁਆਰਾ ਕਮੇਟੀਆਂ ਵੱਲੋਂ ਜਿਹੜੇ ਸਮਾਗਮ ਉਲੀਕੇ ਜਾਣਗੇ ਉਹਨਾਂ ਲਈ ਭੇਟਾ-ਰਹਿਤ ਰਾਗੀ ਅਤੇ ਪ੍ਰਚਾਰਕ ਜਥੇ ਭੇਜੇ ਜਾਣਗੇ ਅਤੇ ਉਹਨਾਂ ਨੂੰ ਭੇਟਾ-ਮੁਕਤ ਸਾਹਿਤ ਮੁਹੱਈਆ ਕਰਵਾਇਆ ਜਾਵੇਗਾ। ਇਕ ਸਾਲ ਤੱਕ ਚੱਲੇ ਇਹਨਾਂ ਸਮਾਗਮਾਂ ਦਾ ਬਿਹਾਰ ਦੇ ਲੋਕਾਂ ’ਤੇ ਗਹਿਰਾ ਪ੍ਰਭਾਵ ਪਿਆ ਸੀ।
ਜਨਵਰੀ 1967 ਵਿਚ ਬਿਹਾਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤੀਜੀ ਸ਼ਤਾਬਦੀ ਪਟਨਾ ਦੇ ਗਾਂਧੀ ਮੈਦਾਨ ਵਿਚ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਚੜ੍ਹਦੀਕਲਾ ਨਾਲ ਮਨਾਈ ਗਈ ਸੀ। ਹੋਰਨਾਂ ਰਾਜਸੀ ਆਗੂਆਂ ਤੋਂ ਇਲਾਵਾ ਭਾਰਤ ਦੇ ਬਹੁਤ ਸਾਰੇ ਕੇਂਦਰੀ ਵਜ਼ੀਰ ਇਹਨਾਂ ਸਮਾਗਮਾਂ ਵਿਚ ਸ਼ਾਮਲ ਹੋਣਾ ਖੁਸ਼ਕਿਸਤਮੀ ਸਮਝ ਰਹੇ ਸਨ। ਸੰਸਾਰ ਭਰ ਵਿਚੋਂ ਸਿੱਖ ਸੰਗਤ ਇਹਨਾਂ ਸਮਾਗਮਾਂ ਵਿਚ ਸ਼ਾਮਲ ਹੋਈ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਮੁੱਚੀ ਸਿੱਖ ਕੌਮ ਦਾ ਸਕਾਰਾਤਮਿਕ ਪ੍ਰਭਾਵ ਆਮ ਲੋਕਾਂ ਵਿਚ ਗਿਆ ਸੀ, ਜਿਸ ਦਾ ਵਰਨਨ ਕਰਦੇ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੈਨੇਜਰ ਗਿਆਨੀ ਗੁਰਬਚਨ ਸਿੰਘ, ਜਿਹੜੇ ਉਸ ਸਮੇਂ ਇਲਾਕੇ ਵਿਚ ਪ੍ਰਚਾਰਕ ਅਤੇ ਉੱਚੇ ਇਖਲਾਕ ਵਾਲੇ ਸੱਜਣ ਸਨ, ਨੇ ਕਿਹਾ :
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥ ਇਸ ਦੀ ਵਿਸ਼ੇਸ਼ਤਾ ਇਸ ਕਰਕੇ ਭੀ ਵੱਡੀ ਹੈ ਕਿ ਬਿਹਾਰ ਵਿਚ ਸਿੱਖਾਂ ਦੀ ਏਨੀ ਗਿਣਤੀ ਨਹੀਂ ਜਿੰਨੀ ਹਿੰਮਤ ਤਰੱਦਦ ਸਿਆਣਪ ਅਤੇ ਖੁਲ੍ਹ-ਦਿਲੀ ਨਾਲ ਇਹ ਦਿਨ ਮਨਾਏ ਗਏ।
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਾ 350ਵਾਂ ਗੁਰਪੁਰਬ ਪਟਨਾ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਨੀਤੀਸ਼ ਕੁਮਾਰ ਦੀ ਅਗਵਾਈ ਵਿਚ ਬਹੁਤ ਹੀ ਖੁੱਲ੍ਹ-ਦਿਲੀ ਨਾਲ ਮਨਾਇਆ ਗਿਆ ਸੀ। ਮੌਜੂਦ ਸਮੇਂ ਵਿਚ ਬਹੁਤ ਸਾਰੇ ਵਿਦਵਾਨਾਂ, ਸੂਝਵਾਨਾਂ, ਰਾਜਨੀਤੀਵਾਨਾਂ ਅਤੇ ਆਮ ਲੋਕਾਂ ਨੇ ਇਸ ਵਿਚ ਹਿੱਸਾ ਲਿਆ ਸੀ। ਸਮੂਹ ਸਿੱਖਾਂ ਨੇ ਬਿਹਾਰ ਸਰਕਾਰ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਪ੍ਰਸੰਸਾ ਇਸ ਕਰਕੇ ਕਰਨੀ ਬਣਦੀ ਹੈ ਕਿ ਉੱਥੇ ਸਿੱਖ ਵੋਟ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਪਰ ਫਿਰ ਵੀ ਸਰਕਾਰ ਨੇ ਦਸਮੇਸ਼ ਪਿਤਾ ਦੇ ਇਸ ਮਹੱਤਵਪੂਰਨ ਦਿਹਾੜੇ ਨੂੰ ਪੂਰੀ ਦ੍ਰਿੜਤਾ ਅਤੇ ਭਾਵਨਾ ਨਾਲ ਮਨਾਇਆ ਹੈ।
ਪਿਛਲੇ ਸਮੇਂ ਦੋਰਾਨ ਸਿੱਖਾਂ ਨੇ ਦੋ ਸ਼ਤਾਬਦੀਆਂ ਬਹੁਤ ਨੇੜਿਓਂ ਦੇਖੀਆਂ ਹਨ। 1999 ਵਿਚ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਅਤੇ 2019 ਵਿਚ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੇ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ। ਇਹਨਾਂ ਵਿਚੋਂ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਾਂਝੀ ਸਟੇਜ ਲਾਉਣ ’ਤੇ ਸਹਿਮਤੀ ਨਾ ਬਣ ਸਕੀ ਅਤੇ ਸੰਗਤ ਵਿਚ ਇਸ ਘਟਨਾ ਦੀ ਨਕਾਰਾਤਮਿਕ ਚਰਚਾ ਅਰੰਭ ਹੋ ਗਈ ਸੀ।
ਇਸ ਤੋਂ ਪਹਿਲਾਂ 1999 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਗਿਆਨੀ ਕੇਵਲ ਸਿੰਘ ਦਰਮਿਆਨ ਆਪਸੀ ਵਿਵਾਦ ਪੈਦਾ ਹੋ ਗਿਆ ਸੀ ਜਿਸ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਵਜੋਂ ਭਾਈ ਰਣਜੀਤ ਸਿੰਘ ਨੂੰ ਪਦਵੀ ਤੋਂ ਸੇਵਾ-ਮੁਕਤ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਹੀ ਅਕਾਲੀ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦਰਮਿਆਨ ਵਿਵਾਦ ਪੈਦਾ ਹੋਇਆ ਤਾਂ ਟੌਹੜਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਜੇਕਰ ਸ਼ਤਾਬਦੀਆਂ ਮਨ ’ਤੇ ਸਕਾਰਾਤਮਿਕ ਪ੍ਰਭਾਵ ਪਾਉਂਦੀਆਂ ਹਨ ਤਾਂ ਅਜਿਹੇ ਮੌਕੇ ਪੈਦਾ ਹੋਏ ਵਿਵਾਦ ਨਕਾਰਾਤਮਿਕ ਪ੍ਰਭਾਵ ਛੱਡ ਜਾਂਦੇ ਹਨ ਜਿਨ੍ਹਾਂ ਤੋਂ ਹਮੇਸ਼ਾਂ ਹੀ ਦੂਰ ਰਹਿਣ ਦੀ ਲੋੜ ਬਣੀ ਰਹਿੰਦੀ ਹੈ। ਮੌਜੂਦਾ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬਾਨ ਵਿਚਕਾਰ ਮੱਤਭੇਦ ਪੈਦਾ ਹੋ ਗਿਆ ਹੈ ਜਿਹੜਾ ਕਿ ਸਿੱਖ ਸੰਗਤ ਲਈ ਬਹੁਤ ਹੀ ਦੁਖਦਾਈ ਹੈ। ਅਜਿਹੇ ਵਿਵਾਦ ਛੇਤੀ ਹੀ ਦੂਰ ਕਰ ਲੈਣੇ ਚਾਹੀਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਕ ਪਲੇਟਫਾਰਮ ’ਤੇ ਇਕਸੁਰਤਾ ਨਾਲ ਮਨਾਇਆ ਜਾਣਾ ਚਾਹੀਦਾ ਹੈ ਤਾਂ ਹੀ ਸਿੱਖ ਕੇਂਦਰੀ ਸ਼ਕਤੀ ਵਜੋਂ ਸਾਹਮਣੇ ਆ ਸਕਦੇ ਹਨ ਅਤੇ ਸੰਗਤ ਵਿਚ ਸਕਾਰਾਤਮਿਕ ਪ੍ਰਭਾਵ ਸਿਰਜਿਆ ਜਾ ਸਕਦਾ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ












Comments (0)