ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਗੇਟ ਦੀ ਕਾਰਸੇਵਾ ਹੋਈ ਸ਼ੁਰੂ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਗੇਟ ਦੀ ਕਾਰਸੇਵਾ ਹੋਈ ਸ਼ੁਰੂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੀ ਧਰਤੀ ਦੇ ਪਹਿਲੇ ਖਾਲਿਸਤਾਨੀ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਜਿਹਨਾਂ ਨੂੰ ਭਾਰਤ ਦੀ ਹਿੰਦੂ ਕੱਟੜਪੰਥੀ ਸਰਕਾਰ ਵੱਲੋਂ ਆਪਣੇ ਸ਼ੂਟਰਾਂ ਰਾਹੀਂ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਕਨੇਡਾ ਦੀ ਕਾਰ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਉਹਨਾਂ ਦੀ ਸ਼ਹਾਦਤ ਅਤੇ ਨਿੱਘੀ ਯਾਦ ਨੂੰ ਸਮਰਪਿਤ ਉਹਨਾਂ ਦੇ ਸ਼ਹੀਦੀ ਅਸਥਾਨ ਦੇ ਉੱਤੇ ਯਾਦਗਾਰੀ ਗੇਟ ਦੀ ਉਸਾਰੀ ਦੀ ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ । ਭਾਈ ਨਿਝਰ ਦੇ ਯਾਦਗਾਰੀ ਗੇਟ ਦਾ ਸ਼ਹੀਦੀ ਅਸਥਾਨ ਦੇ ਉੱਤੇ ਮੇਨ ਸਟਰੱਕਚਰ ਫਰੇਮ ਪ੍ਰੰਬਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖੜਾ ਕੀਤਾ ਗਿਆ ਹੈ, ਗੁਰੂ ਘਰ ਦੇ ਪ੍ਰੰਬਧਕਾਂ ਨੇ ਦੱਸਿਆ ਕਿ ਬਹੁਤ ਜਲਦੀ ਰਹਿੰਦੀਆਂ ਸੇਵਾਵਾਂ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਸੰਪੂਰਨ ਹੋ ਜਾਣਗੀਆਂ ।

ਜਿਕਰਯੋਗ ਹੈ ਕਿ ਇਸ ਯਾਦਗਾਰੀ ਗੇਟ ਨੂੰ ਲੈਕੇ ਕੁਝ ਵਿਵਾਦ ਵੀ ਸ਼ੁਰੂ ਹੋਏ ਸਨ ਜਿਸ ਵਿੱਚ ਕੁਝ ਵੀਰਾਂ ਵੱਲੋਂ ਗੇਟ ਨੂੰ ਚੌੜਾ ਕਰਨ ਦੀ ਮੰਗ ਚੁੱਕੀ ਪਰ ਗੇਟ ਨੂੰ ਜਿਸ ਹਿਸਾਬ ਨਾਲ ਕੈਨੇਡਾ ਦੀ ਸਰੀ ਸਿਟੀ ਨੇ ਪਾਸ ਕੀਤਾ ਹੈ ਗੇਟ ਦੀ ਉਸਾਰੀ ਉਸ ਤਰੀਕੇ ਨਾਲ ਹੀ ਕੀਤੀ ਜਾਵੇਗੀ।

ਗੇਟ ਨੂੰ ਚੋੜਾ ਕਰਨ ਵਾਲੇ ਵੀਰਾਂ ਨੇ ਸਿਟੀ ਦੇ ਵਿਚ ਨਵੇਂ ਨਕਸ਼ੇ ਦੀ ਦ੍ਰਖਵਾਸਤ ਪਾਈ ਗਈ ਹੈ ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖ਼ਾਲਸਾ, ਭਾਈ ਅਵਤਾਰ ਸਿੰਘ ਖਹਿਰਾ ਅਤੇ ਹੋਰਾਂ ਵੱਲੋਂ ਕਿਸੇ ਵੀ ਤਰਾਂ ਦੇ ਆਪਸੀ ਮੱਤ-ਭੇਦ ਅਤੇ ਟਕਰਾਅ ਨੂੰ ਟਾਲਦਿਆਂ ਸਿਟੀ ਵੱਲੋਂ ਦਿੱਤੀ ਗਈ ਤਰੀਕ ਤੱਕ ਫੈਸਲੇ ਦੀ ਉਡੀਕ ਕਰਨ ਦੀ ਬੇਨਤੀ ਕੀਤੀ ਹੈ ।

ਬੁੜੈਲ ਜੇਲ੍ਹ ਅੰਦਰ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਜੀ ਤਾਰਾ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਗੁਰੂ ਘਰ ਅਤੇ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ ਸੀ ਕਿ ਯਾਦਗਾਰੀ ਗੇਟ ਦੀ ਸੇਵਾ ਬਿਨਾ ਕਿਸੇ ਰੁਕਾਵਟ ਅਤੇ ਅੜਚਨ ਤੋਂ ਮੁਕੰਮਲ ਕੀਤੀ ਜਾਵੇ ਅਤੇ ਭਾਈ ਹਰਦੀਪ ਸਿੰਘ ਜੀ ਨਿੱਜਰ ਦੇ ਪਰਿਵਾਰ ਦੇ ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆ ਅਤੇ ਸੰਗਤਾਂ ਵੱਲੋਂ ਇਹੋ ਮੰਗ ਅਤੇ ਬੇਨਤੀ ਉੱਠੀ ਕਿ ਯਾਦਗਾਰੀ ਗੇਟ ਦੀ ਸੇਵਾ ਜਿਸ ਤਰੀਕੇ ਨਾਲ ਸ਼ੁਰੂ ਹੋਈ ਹੈ ਓਸੇ ਤਰਾਂ ਹੀ ਪੂਰੀ ਭਾਵਨਾ ਦੇ ਨਾਲ ਸੰਪੂਰਨ ਹੋਵੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਜੇ ਦਿੱਤੀ ਗਈ ਤਰੀਕ ਤੱਕ ਸਿਟੀ ਵੱਲੋਂ ਕੋਈ ਫੈਸਲਾ ਨਾ ਆਇਆ ਤਾਂ ਸੰਗਤਾਂ ਦੀ ਮੰਗ ਅਤੇ ਖੁਸ਼ੀ ਨੂੰ ਪ੍ਰਵਾਨ ਕਰਦਿਆਂ ਯਾਦਗਾਰੀ ਗੇਟ ਦੀ ਸੇਵਾ ਬਿਲਕੁਲ ਓਸੇ ਤਰਾਂ ਹੋਵੇਗੀ ਜਿਸ ਤਰਾਂ ਸ਼ੁਰੂ ਕੀਤੀ ਗਈ ਹੈ ।

ਯਾਦਗਾਰੀ ਗੇਟ ਦੇ ਨਾਲ-ਨਾਲ ਇੱਕ ਮੋਨੂਮੈਂਟ ਦੀ ਉਸਾਰੀ ਵੀ ਹੋਣੀ ਹੈ ਜਿਸ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਤਸਵੀਰ ਅਤੇ ਉਹਨਾਂ ਦੀਆਂ ਪੰਥ ਪ੍ਰਤੀ ਘਾਲਨਾਵਾਂ ਅਤੇ ਪ੍ਰੇਰਨਾ ਭਰਿਆ ਜੀਵਨ ਅਤੇ ਇਤਿਹਾਸ ਲਿਖਿਆ ਹੋਵੇਗਾ ਅਤੇ ਇਸਦੇ ਨਾਲ-ਨਾਲ 45 ਫੁੱਟ ਉੱਚਾ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਵੀ ਲਹਿਰਾਇਆ ਜਾਵੇਗਾ

ਦੇਸ਼ਾਂ-ਵਿਦੇਸ਼ਾਂ ਤੋਂ ਕੌਮੀ ਸੰਘਰਸ਼ ਅਤੇ ਸ਼ਹੀਦਾਂ ਨੂੰ ਪ੍ਰੇਮ ਕਰਨ ਵਾਲੀਆਂ ਸਿੱਖ ਸੰਗਤਾਂ ਦੇ ਵਿੱਚ ਇਸ ਯਾਦਗਾਰ ਨੂੰ ਲੈਕੇ ਬਹੁਤ ਖ਼ੁਸ਼ੀ, ਚਾਅ, ਪ੍ਰੇਮ ਅਤੇ ਉਤਸ਼ਾਹ ਹੈ ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੇਟ ਉਸਾਰੀ ਦੀ ਚੱਲ ਰਹੀ ਕਾਰਸੇਵਾ ਵਿੱਚ ਤਨ-ਮਨ-ਧਨ ਕਰਕੇ ਭਾਵਨਾ ਨਾਲ ਸਹਿਯੋਗ ਦਿੱਤਾ ਜਾਵੇ।