ਪੰਚਬਟੀ ਸੰਦੇਸ਼ ਦਾ ‘ਗਿਆਨੀ ਕਿਰਪਾਲ ਸਿੰਘ ਵਿਸ਼ੇਸ਼ ਅੰਕ’ ਰਿਲੀਜ਼

ਪੰਚਬਟੀ ਸੰਦੇਸ਼ ਦਾ ‘ਗਿਆਨੀ ਕਿਰਪਾਲ ਸਿੰਘ ਵਿਸ਼ੇਸ਼ ਅੰਕ’ ਰਿਲੀਜ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪਟਿਆਲਾ : (ਡਾ. ਪਰਮਵੀਰ ਸਿੰਘ ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਬਲਬੀਰ ਸਿੰਘ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵੱਲੋਂ ‘ਪੰਚਬਟੀ ਸੰਦੇਸ਼’ ਦਾ ਅਪ੍ਰੈਲ-ਅਕਤੂਬਰ ਅੰਕ ਰਿਲੀਜ਼ ਕੀਤਾ ਗਿਆ। ਗਿਆਨੀ ਕਿਰਪਾਲ ਸਿੰਘ ਨਾਲ ਸੰਬੰਧਿਤ ਇਹ ਵਿਸ਼ੇਸ਼ ਅੰਕ ਇਹਨਾਂ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਪੰਥਕ ਸੇਵਾਵਾਂ ਪ੍ਰਤੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹਨਾਂ ਦਾ ਸਮੁੱਚਾ ਜੀਵਨ ਸਿੱਖ ਪੰਥ ਦੀ ਸੇਵਾ ਅਤੇ ਸਿੱਖ ਧਰਮ ਗ੍ਰੰਥਾਂ ਦੇ ਅਧਿਐਨ ਪ੍ਰਤੀ ਸਮਰਪਿਤ ਰਿਹਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਨੇ ਗਿਆਨੀ ਕਿਰਪਾਲ ਸਿੰਘ ਸੰਬੰਧੀ ਇਹ ਵਿਸ਼ੇਸ਼ ਅੰਕ ਰਿਲੀਜ਼ ਕਰਦੇ ਹੋਏ ਕਿਹਾ ਕਿ ਇਹ ਅੰਕ ਸਿੱਖ ਧਰਮ ਦੇ ਖੋਜਾਰਥੀਆਂ ਅਤੇ ਵਿਿਦਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।

ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਡਾ. ਕੁਲਵਿੰਦਰ ਸਿੰਘ ਦੇਹਰਾਦੂਨ ਦੇ ਸਹਿਯੋਗ ਨਾਲ ਇਹ ਅੰਕ ਤਿਆਰ ਕੀਤਾ ਗਿਆ ਹੈ। ਗਿਆਨੀ ਜੀ ਵੱਲੋਂ ਤਿਆਰ ਕੀਤੀ ਗਈ ਸਵੈ-ਜੀਵਨੀ ਨਾਲ ਸੰਬੰਧਿਤ ਮਹੱਤਵਪੂਰਨ ਅੰਸ਼ ਇਸ ਅੰਕ ਵਿਚ ਸ਼ਾਮਲ ਕੀਤੇ ਗਏ ਹਨ। ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਦੇ ਘਟਨਾਕ੍ਰਮ ਦੌਰਾਨ ਗਿਆਨੀ ਕਿਰਪਾਲ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਇਸ ਸਮੇਂ ਸਮੂਹ ਸਿੱਖ ਆਗੂ ਜੇਲ੍ਹਾਂ ਵਿਚ ਬੰਦ ਸਨ ਅਤੇ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ-ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਦੇ ਸਹਿਯੋਗ ਨਾਲ ਪੰਥ ਦੀ ਅਗਵਾਈ ਕੀਤੀ ਸੀ। ਗਿਆਨੀ ਸਾਹਿਬ ਸਿੰਘ ਜੀ ਦੀ ਵਿਸ਼ੇਸ਼ ਇੰਟਰਵਿਊ ਕਰਕੇ ਇਸ ਅੰਕ ਵਿਚ ਛਾਪੀ ਗਈ ਹੈ ਜਿਸ ਵਿਚੋਂ ਸਿੱਖ ਪੰਥ ਨਾਲ ਸੰਬੰਧਿਤ ਮਹੱਤਵਪੂਨ ਮਸਲਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਗਿਆਨੀ ਕਿਰਪਾਲ ਸਿੰਘ ਜੀ ਪੰਥਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਾਰਾ ਜੀਵਨ ਸਿੱਖ ਅਧਿਐਨ ਨਾਲ ਜੁੜੇ ਰਹੇ ਅਤੇ ਉਹਨਾਂ ਨੇ ਆਪਣੇ ਜੀਵਨ ਵਿਚ ਇਹ ਮਹੱਤਵਪੂਰਨ ਅਕਾਦਮਿਕ ਕਾਰਜ ਕੀਤੇ ਸਨ - ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ, ਅੱਖੀਂ ਡਿੱਠਾ ਸਾਕਾ ਨੀਲਾ ਤਾਰਾ, ਜੀਵਨ ਬਾਬਾ ਗੁਰਬਖ਼ਸ਼ ਸਿੰਘ ਸ਼ਹੀਦ, ਸਿੱਖ ਮੱਤ ਦਰਸ਼ਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਆਦਰਸ਼ਕ ਜੀਵਨ, ਤਿੰਨ ਰੰਗ, ਗਯਾਨੀ ਗਯਾਨ ਸਿੰਘ ਰਚਿਤ ਸ੍ਰੀ ਗੁਰੁ ਪੰਥ ਪ੍ਰਕਾਸ਼ ਦੀ ਸੰਪਾਦਨਾ, ਸਮ ਅਰਥ ਕੋਸ਼, ਸ੍ਰੀ ਅੰਮ੍ਰਿਤਸਰ ਮਹਿਮਾ ਕੋਸ਼ ਆਦਿ। 

 ਇਸ ਮੌਕੇ ਸਿੱਖ ਧਰਮ ਵਿਸ਼ਵਕੋਸ਼ ਦੇ ਸਾਬਕਾ ਮੁੱਖ-ਸੰਪਾਦਕ ਡਾ. ਧਰਮ ਸਿੰਘ, ਸਿੱਖ ਵਿਸ਼ਵਕੋਸ਼ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਸੰਧੂ, ਡਾ. ਮੁਹੰਮਦ ਇਦਰੀਸ, ਡਾ. ਕਸ਼ਮੀਰ ਸਿੰਘ, ਸ. ਗੁਰਮੇਲ ਸਿੰਘ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।