ਪੁਰਤਗਾਲ ਵਿਚ ਗੈਂਗਵਾਰ: ਲਾਰੰਸ ਬਿਸ਼ਨੋਈ ਦੀ ਅੰਤਰਰਾਸ਼ਟਰੀ ਸਾਜਿਸ਼
ਕੈਨੇਡਾ ਤੋਂ ਯੂਰਪ: ਲਾਰੰਸ ਗੈਂਗ ਦਾ ਵਧ ਰਿਹਾ ਦਬਾਅ
ਰਣਦੀਪ ਮਲਿਕ ਦੀ ਧਮਕੀ: ਗੋਲੀਬਾਰੀ ਦੀ ਜ਼ਿੰਮੇਵਾਰੀ ਕਬੂਲੀ
ਭਾਰਤੀ ਏਜੰਸੀਆਂ 'ਤੇ ਦੋਸ਼: ਕੀ ਹੈ ਅਸਲ ਸੱਚ?
ਪੁਰਤਗਾਲ ਦੀ ਰਾਜਧਾਨੀ ਲਿਸਬਨ ਦੇ ਓਡੀਵੇਲਸ ਇਲਾਕੇ ਵਿਚ ਹੋਈ ਤਾਜ਼ਾ ਗੈਂਗਵਾਰ ਨੇ ਪੂਰੀ ਦੁਨੀਆਂ ਵਿਚ ਹਲਚਲ ਮਚਾ ਦਿੱਤੀ ਹੈ। ਇਸ ਗੈਂਗਵਾਰ ਦੇ ਪਿੱਛੇ ਭਾਰਤ ਦੇ ਖਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਹੈ। ਇਸ ਘਟਨਾ ਨੇ ਨਾ ਸਿਰਫ਼ ਭਾਰਤੀ ਅਪਰਾਧੀ ਨੈੱਟਵਰਕ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਉਜਾਗਰ ਕੀਤਾ, ਸਗੋਂ ਸਥਾਨਕ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੀ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ। ਲਾਰੰਸ ਬਿਸ਼ਨੋਈ ਗੈਂਗ ਦੇ ਸਹਿਯੋਗੀ ਅਤੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੇ ਵਾਂਟਿਡ ਗੈਂਗਸਟਰ ਰਣਦੀਪ ਮਲਿਕ ਨੇ ਫੇਸਬੁੱਕ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਉਸ ਨੇ ਰੋਮੀ ਅਤੇ ਪ੍ਰਿੰਸ ਨਾਮੀ ਗੈਂਗ ਦੇ ਟਿਕਾਣੇ 'ਤੇ ਗੋਲੀਬਾਰੀ ਕਰਵਾਉਣ ਦਾ ਦਾਅਵਾ ਕੀਤਾ, ਜੋ ਪੁਰਤਗਾਲ ਵਿਚ ਗੈਰ-ਕਾਨੂੰਨੀ ਧੰਦਿਆਂ ਵਿਚ ਸ਼ਾਮਲ ਦੱਸੇ ਜਾਂਦੇ ਹਨ।
ਰਣਦੀਪ ਮਲਿਕ ਨੇ ਆਪਣੀ ਪੋਸਟ 'ਚ ਲਿਖਿਆ, "ਜੈ ਸ੍ਰੀ ਰਾਮ, ਸਤ ਸ੍ਰੀ ਅਕਾਲ... ਪੁਰਤਗਾਲ ਦੇ ਓਡੀਵੇਲਸ, ਲਿਸਬਨ ਵਿਚ ਹੋਈ ਗੋਲੀਬਾਰੀ ਮੈਂ, ਰਣਦੀਪ ਮਲਿਕ ਅਤੇ ਲਾਰੰਸ ਬਿਸ਼ਨੋਈ ਗੈਂਗ ਨੇ ਕਰਵਾਈ ਹੈ। ਪੁਰਤਗਾਲ ਵਿਚ ਗੈਰ-ਕਾਨੂੰਨੀ ਕੰਮ ਕਰ ਰਹੇ ਰੋਮੀ ਅਤੇ ਪ੍ਰਿੰਸ ਨੂੰ ਆਪਣਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ।" ਉਸ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇ ਉਸ ਦੀ ਧਮਕੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਨਤੀਜੇ ਖਤਰਨਾਕ ਹੋਣਗੇ। ਪੋਸਟ ਵਿਚ ਮਲਿਕ ਨੇ ਕਈ ਮਾਰੇ ਗਏ ਗੈਂਗਸਟਰਾਂ ਦੇ ਨਾਂ ਵੀ ਜ਼ਿਕਰ ਕੀਤੇ, ਜਿਵੇਂ ਅੰਕਿਤ ਭਾਦੂ ਸ਼ੇਰੇਵਾਲਾ, ਜਤਿੰਦਰ ਗੋਗੀ, ਗੋਲਡੀ ਢਿੱਲੋਂ, ਕਾਲਾ ਰਾਣਾ, ਅਰਜ਼ੂ ਬਿਸ਼ਨੋਈ, ਸ਼ੁਭਮ ਲੋਨਕਰ ਅਤੇ ਸਾਹਿਲ ਦੁਹਾਨ ਹਿਸਾਰ।
ਇਹ ਪਹਿਲੀ ਵਾਰ ਹੈ ਜਦੋਂ ਪੁਰਤਗਾਲ ਦੀ ਧਰਤੀ 'ਤੇ ਭਾਰਤੀ ਅਪਰਾਧੀ ਗਰੋਹਾਂ ਵਿਚਕਾਰ ਅਜਿਹੀ ਵੱਡੀ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕੈਨੇਡਾ ਵਿਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮਾਹਿਰਾਂ ਅਨੁਸਾਰ, ਲਾਰੰਸ ਬਿਸ਼ਨੋਈ ਗੈਂਗ ਨੇ 2024 ਅਤੇ 2025 ਵਿਚ ਵਿਦੇਸ਼ੀ ਧਰਤੀ 'ਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਨੇ ਇਸ ਗੈਂਗ ਦੀ ਅੰਤਰਰਾਸ਼ਟਰੀ ਪਕੜ ਨੂੰ ਹੋਰ ਮਜ਼ਬੂਤ ਕੀਤਾ ਹੈ।
ਲਾਰੰਸ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਹੀਆਂ। ਕੈਨੇਡਾ ਵਿਚ ਵੀ ਇਸ ਗੈਂਗ ਨੇ ਆਪਣੀ ਖੂੰਖਾਰ ਸਾਜਿਸ਼ਾਂ ਨਾਲ ਹਲਚਲ ਮਚਾਈ ਹੋਈ ਹੈ। ਕੈਨੇਡਾ ਵਿਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਤੇ ਦੋ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲਾਰੰਸ ਗੈਂਗ ਨਾਲ ਜੋੜਿਆ ਗਿਆ ਸੀ। ਇਸ ਤੋਂ ਇਲਾਵਾ, ਰਾਸ਼ਟਰੀ ਕਬੱਡੀ ਖਿਡਾਰੀ ਸੋਨੂੰ ਨੋਲਟਾ ਅਤੇ ਕੈਨੇਡੀਅਨ ਗੈਂਗਸਟਰ ਸੁੱਖਾ ਦੁਨੀਕੇ ਦੀ ਹੱਤਿਆ ਦੇ ਤਾਰ ਵੀ ਇਸ ਗੈਂਗ ਨਾਲ ਜੁੜੇ ਹੋਏ ਹਨ। ਇਨ੍ਹਾਂ ਘਟਨਾਵਾਂ ਨੇ ਸਥਾਨਕ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਲਾਰੰਸ ਬਿਸ਼ਨੋਈ ਗੈਂਗ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੈਂਗ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਕੈਨੇਡਾ ਵਿਚ ਸਿੱਖ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਸੀ । 2023 ਵਿਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਾ ਜ਼ਿੰਮੇਵਾਰ ਵੀ ਇਸ ਗੈਂਗ ਨੂੰ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤੀ ਡਿਪਲੋਮੈਟਸ ਨੇ ਕੈਨੇਡਾ ਵਿਚ ਅਪਰਾਧੀ ਸੰਗਠਨਾਂ, ਜਿਵੇਂ ਲਾਰੰਸ ਬਿਸ਼ਨੋਈ ਗੈਂਗ, ਨਾਲ ਮਿਲ ਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕੈਨੇਡਾ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਹਸੀ।
ਲਾਰੰਸ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਸਿਰਫ਼ ਵਿਦੇਸ਼ਾਂ ਤੱਕ ਹੀ ਸੀਮਤ ਨਹੀਂ। ਨਵੰਬਰ 2024 ਵਿਚ ਚੰਡੀਗੜ੍ਹ ਵਿਚ ਦੋ ਮਸ਼ਹੂਰ ਕਲੱਬਾਂ, ਸੇਵੀਲ ਬਾਰ ਐਂਡ ਲਾਊਂਜ (ਜੋ ਕਿ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਮਲਕੀਅਤ ਹੈ) ਅਤੇ ਡੀ ਓਰਾ ਕਲੱਬ ਦੇ ਬਾਹਰ ਹੋਏ ਵਿਸਫੋਟਾਂ ਵਿਚ ਵੀ ਇਸ ਗੈਂਗ ਦਾ ਹੱਥ ਮੰਨਿਆ ਜਾ ਰਿਹਾ ਹੈ। ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਾਰੰਸ ਦੇ ਸਹਿਯੋਗੀ ਗੋਲਡੀ ਬਰਾੜ ਨੇ ਲਈ। ਇਸ ਤੋਂ ਇਲਾਵਾ, ਪੰਜਾਬੀ ਗਾਇਕ ਗਿੱਪੀ ਗਰੇਵਾਲ ਅਤੇ ਏ.ਪੀ. ਢਿੱਲੋਂ ਦੇ ਕੈਨੇਡਾ ਸਥਿਤ ਘਰਾਂ 'ਤੇ ਗੋਲੀਬਾਰੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵੀ ਇਸ ਗੈਂਗ ਨਾਲ ਜੁੜੀਆਂ ਹਨ। ਕੈਲੀਫੋਰਨੀਆ ਵਿਚ ਡਰੱਗ ਲਾਰਡ ਸੁਨੀਲ ਯਾਦਵ ਦੀ ਹੱਤਿਆ ਦੇ ਪਿੱਛੇ ਵੀ ਲਾਰੰਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ।
ਰਣਦੀਪ ਮਲਿਕ, ਜੋ ਕਿ ਐੱਨ.ਆਈ.ਏ. ਦੀ ਵਾਂਟਿਡ ਸੂਚੀ 'ਚ ਸ਼ਾਮਲ ਹੈ, ਨੂੰ ਪਿਛਲੇ ਮਹੀਨੇ ਅਮਰੀਕੀ ਮਾਈਗ੍ਰੇਸ਼ਨ ਵਿਭਾਗ (ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਨੇ ਹਿਰਾਸਤ ਵਿਚ ਲਿਆ ਸੀ, ਪਰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਮਲਿਕ ਦਾ ਨਾਂ ਦਿੱਲੀ ਵਿਚ ਜਿਮ ਮਾਲਕ ਨਦੀਰ ਸ਼ਾਹ ਦੀ ਹੱਤਿਆ ਅਤੇ ਸੈਲੀਬ੍ਰਿਟੀਜ਼ ਨੂੰ ਧਮਕੀਆਂ ਦੇਣ ਵਰਗੇ ਅਪਰਾਧਾਂ ਵਿਚ ਵੀ ਸਾਹਮਣੇ ਆਇਆ ਹੈ।
ਕੈਨੇਡਾ ਦੀ ਪੁਲਿਸ ਅਤੇ ਸਰਕਾਰ ਨੇ ਲਾਰੰਸ ਬਿਸ਼ਨੋਈ ਗੈਂਗ 'ਤੇ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰਨ ਦੇ ਦੋਸ਼ ਲਗਾਏ ਸਨ। ਆਰ.ਸੀ.ਐੱਮ.ਪੀ. ਦੀ ਸਹਾਇਕ ਕਮਿਸ਼ਨਰ ਬ੍ਰਿਜੇਟ ਗੌਵਿਨ ਨੇ ਦਾਅਵਾ ਕੀਤਾ ਸੀ ਕਿ ਇਹ ਗੈਂਗ ਭਾਰਤ ਦੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰੌ) ਦੇ ਸਹਿਯੋਗ ਨਾਲ ਕੈਨੇਡਾ 'ਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। 2023 ਵਿਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਅਤੇ ਸੁਖਦੂਲ ਸਿੰਘ ਗਿੱਲ ਦੀ ਵਿਨੀਪੈਗ ਵਿਚ ਹੋਈ ਹੱਤਿਆ ਨੂੰ ਵੀ ਇਸ ਗੈਂਗ ਨਾਲ ਜੋੜਿਆ ਗਿਆ ਸੀ।
ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ "ਬੇਬੁਨਿਆਦ" ਅਤੇ "ਰਾਜਨੀਤੀ ਤੋਂ ਪ੍ਰੇਰਿਤ" ਦੱਸਦਿਆਂ ਖਾਰਜ ਕਰ ਦਿੱਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਕੈਨੇਡਾ ਨੇ ਇਨ੍ਹਾਂ ਦਾਅਵਿਆਂ ਦੇ ਸਮਰਥਨ 'ਚ ਕੋਈ ਸਬੂਤ ਨਹੀਂ ਦਿੱਤਾ। ਭਾਰਤ ਨੇ ਇਸ ਦੀ ਬਜਾਏ ਕੈਨੇਡਾ ਨੂੰ ਲਾਰੰਸ ਗੈਂਗ ਦੇ ਮੈਂਬਰਾਂ ਨੂੰ ਹਵਾਲਗੀ ਕਰਨ ਦੀ ਮੰਗ ਕੀਤੀ ਹੈ, ਪਰ ਕੈਨੇਡਾ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਲਾਰੰਸ ਬਿਸ਼ਨੋਈ, ਜੋ 2014 ਤੋਂ ਜੇਲ੍ਹ ਵਿਚ ਹੈ, ਨੇ ਆਪਣੇ ਅਪਰਾਧੀ ਨੈੱਟਵਰਕ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੋਂ ਲੈ ਕੇ ਅਮਰੀਕਾ, ਕੈਨੇਡਾ, ਯੂਰਪ, ਖਾੜੀ ਦੇਸ਼ਾਂ ਅਤੇ ਹੋਰ ਥਾਵਾਂ 'ਤੇ ਫੈਲਾਇਆ ਹੈ। ਪੰਜਾਬ ਪੁਲਿਸ ਅਨੁਸਾਰ, ਇਸ ਗੈਂਗ ਦੇ 700 ਤੋਂ ਵੱਧ ਮੈਂਬਰ ਹਨ ਅਤੇ ਪੰਜਾਬ 'ਚ ਹੀ 2500 ਜਾਣੇ-ਪਛਾਣੇ ਅੱਡੇ ਹਨ। ਲਾਰੰਸ ਨੇ ਜੇਲ੍ਹ ਵਿਚੋਂ ਹੀ ਮੋਬਾਈਲ ਫੋਨ ਅਤੇ ਇਨਕ੍ਰਿਪਟਿਡ ਮੈਸੇਜਾਂ ਰਾਹੀਂ ਆਪਣੇ ਗੈਂਗ ਨੂੰ ਚਲਾਇਆ ਹੋਇਆ ਹੈ। ਉਸ ਦਾ ਸਹਿਯੋਗੀ ਗੋਲਡੀ ਬਰਾੜ, ਜੋ ਕੈਨੇਡਾ ਵਿਚ ਰਹਿੰਦਾ ਹੈ, ਗੈਂਗ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਨੂੰ ਸੰਭਾਲਦਾ ਹੈ।
ਐੱਨ.ਆਈ.ਏ. ਨੇ ਲਾਰੰਸ ਨੂੰ 84 ਅਪਰਾਧੀ ਮਾਮਲਿਆਂ 'ਚ ਨਾਮਜ਼ਦ ਕੀਤਾ ਹੈ, ਜਿਨ੍ਹਾਂ 'ਚੋਂ 19 ਮਾਮਲੇ ਅਦਾਲਤ 'ਚ ਵਿਚਾਰ ਅਧੀਨ ਹਨ। ਗੈਂਗ ਦੀਆਂ ਗਤੀਵਿਧੀਆਂ 'ਚ ਡਰੱਗ ਸਮੱਗਲਿੰਗ, ਹਥਿਆਰ ਸਪਲਾਈ, ਐਕਸਟੋਰਸ਼ਨ ਅਤੇ ਟਾਰਗੇਟਿਡ ਕਤਲ ਸ਼ਾਮਲ ਹਨ। ਮਾਹਿਰਾਂ ਅਨੁਸਾਰ, ਲਾਰੰਸ ਦੀ ਸਫਲਤਾ ਦੇ ਪਿੱਛੇ ਜੇਲ੍ਹ 'ਚ ਬਣੇ ਸੰਪਰਕ ਅਤੇ ਸੰਭਾਵਿਤ ਸਿਆਸੀ ਸਮਰਥਨ ਵੀ ਮੰਨਿਆ ਜਾ ਰਿਹਾ ਹੈ।
ਪੁਰਤਗਾਲ ਦੀ ਇਸ ਗੈਂਗਵਾਰ ਨੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ ਕਿ ਭਾਰਤੀ ਅਪਰਾਧੀ ਨੈੱਟਵਰਕ ਵਿਦੇਸ਼ੀ ਧਰਤੀ 'ਤੇ ਕਿਵੇਂ ਅਤੇ ਕਿਉਂ ਇੰਨੀ ਤੇਜ਼ੀ ਨਾਲ ਫੈਲ ਰਹੇ ਹਨ।












Comments (0)