ਕਾਂਗਰਸ ਨੇ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕਿਉਂ ਨਹੀਂ ਕੱਢਿਆ?

ਕਾਂਗਰਸ ਨੇ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕਿਉਂ ਨਹੀਂ ਕੱਢਿਆ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ : ਕਾਂਗਰਸ ਪਾਰਟੀ ’ਤੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸੁਰੱਖਿਆ ਦੇਣ ਦੇ ਇਲਜ਼ਾਮ ਲਗਦੇ ਰਹੇ ਹਨ। ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ, ਦੋਵੇਂ ਹੀ 1984 ਦੀ ਹਿੰਸਾ ਦੇ ਮੁੱਖ ਦੋਸ਼ੀਆਂ ਵਿੱਚ ਸ਼ੁਮਾਰ ਹਨ, ਪਰ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦੀ ਬਜਾਏ ਅਹਿਮ ਅਹੁਦੇ ਦਿੱਤੇ 1984, 1991 ਅਤੇ 2004 ਵਿੱਚ ਟਾਈਟਲਰ ਸੰਸਦ ਮੈਂਬਰ ਚੁਣੇ ਗਏ। ਉਹ 1986 ਤੋਂ 1996 ਤੱਕ ਕੋਲਾ, ਸੈਰ-ਸਪਾਟਾ ਅਤੇ ਸਿਵਲ ਏਵੀਏਸ਼ਨ ਵਰਗੇ ਮੰਤਰਾਲਿਆਂ ਵਿੱਚ ਕੇਂਦਰੀ ਰਾਜ ਮੰਤਰੀ ਰਹੇ। 2009 ਵਿੱਚ ਵਿਵਾਦ ਕਾਰਨ ਉਸ ਦੀ ਲੋਕ ਸਭਾ ਟਿਕਟ ਵਾਪਸ ਲਈ ਗਈ, ਪਰ ਉਹ ਅਜੇ ਵੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਥਾਈ ਮੈਂਬਰ ਹੈ।

 ਸੱਜਣ ਕੁਮਾਰ ਨੂੰ 2018 ਵਿੱਚ ਦਿੱਲੀ ਦੀ ਅਦਾਲਤ ਨੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਵੀ ਕਾਂਗਰਸ ਨੇ ਉਸ ਨੂੰ ਪਾਰਟੀ ਵਿੱਚੋਂ ਨਹੀਂ ਕੱਢਿਆ, ਹਾਲਾਂਕਿ ਉਸ ਦੀ ਸਿਆਸੀ ਸਰਗਰਮੀ ਘੱਟ ਹੋ ਗਈ। ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਸੰਗਠਨਾਂ ਨੇ ਕਾਂਗਰਸ ’ਤੇ ਦੋਸ਼ੀਆਂ ਨੂੰ ਸੁਰੱਖਿਆ ਦੇਣ ਦੇ ਇਲਜ਼ਾਮ ਲਗਾਏ, ਪਰ ਕਾਂਗਰਸ ਨੇ ਇਸ ਮੁੱਦੇ ’ਤੇ ਸਪੱਸ਼ਟ ਰੁਖ ਨਹੀਂ ਅਪਣਾਇਆ। ਪਾਰਟੀ ਦਾ ਤਰਕ ਰਿਹਾ ਹੈ ਕਿ ਨਿਆਂ ਪ੍ਰਕਿਰਿਆ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ, ਪਰ ਇਹ ਚੁੱਪੀ ਸਿੱਖ ਭਾਈਚਾਰੇ ਵਿੱਚ ਗੁੱਸੇ ਦਾ ਕਾਰਨ ਬਣੀ।

 ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਠਨਾਂ ਨੇ ਕਾਂਗਰਸ ਅਤੇ ਸੀਬੀਆਈ ’ਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲਗਾਏ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਅਤੇ ਜਾਂਚ ਏਜੰਸੀਆਂ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ, ਤਾਂ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੁੰਦੀ।