’’ਸਫ਼ਰ-ਏ-ਪੰਜਾਬੀ 2025“ ਤਹਿਤ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾਇਆ ਸਮਾਗਮ
ਨਵੀਂ ਦਿੱਲੀ, 9 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਸਹਿਯੋਗ ਨਾਲ ’’ਸਫਰ ਏ ਪੰਜਾਬੀ 2025’ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕਰਵਾਇਆ ਗਿਆ ਜਿਸ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਅਤੇ ਕੋ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ ਵੱਲੋਂ ਇਹ ਉਪਰਾਲਾ ਕਰਨ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਘਰ-ਘਰ ਪਹੁੰਚਾਉਣ ਲਈ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਚੰਗੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪੰਜਾਬੀ ਭਾਸ਼ਾ ਦਾ ਆਪ ਹੀ ਪ੍ਰਸਾਰ ਹੁੰਦਾ ਹੈ। ਪਰ ਫਿਰ ਅਸੀਂ ਵੇਖਿਆ ਕਿ ਲੋਕਾਂ ਵੱਲੋਂ ਮਾਡਰਨ ਸਭਿਆਚਾਰ ਅਪਣਾਉਂਦੇ ਹੋਏ ਮਾਂ ਬੋਲੀ ਪੰਜਾਬੀ ਦੀ ਵਰਤੋਂ ਘਟਾ ਦਿੱਤੀ। ਉਹਨਾਂ ਕਿਹਾ ਕਿ ਅਨੇਕਾਂ ਘਰਾਂ ਵਿਚ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਦੀ ਨਹੀਂ। ਇਸ ਵਾਸਤੇ ਅਸੀਂ ਤਿੰਨ ਸਾਲ ਪਹਿਲਾਂ ਇਹ ਪੰਜਾਬੀ ਭਾਸ਼ਾ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਜਿਸ ਵੱਲੋਂ ਤਿੰਨ ਸਾਲਾਂ ਵਿਚ ਰਜਵੀਂ ਮਿਹਨਤ ਕੀਤੀ ਗਈ ਤੇ ਹਰ ਸਾਲ ਇਕ ਨਵਾਂ ਸਿਰਲੇਖ ਲੈ ਕੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਵਾਰ ਸਫਰ ਏ ਪੰਜਾਬੀ ਤਹਿਤ ਵੱਖ-ਵੱਖ ਸਕੂਲਾਂ ਨੂੰ ਵੱਖ-ਵੱਖ ਸਿਰਲੇਖ ਦਿੱਤੇ ਗਏ। ਪੰਜਾਬੀ ਭਾਸ਼ਾ ਦਾ ਪਿਛੋਕੜ ਕੀ ਹੈ, ਗੁਰਮੁਖੀ ਵਿਚ ਪੰਜਾਬੀ ਭਾਸ਼ਾ ਕਿਵੇਂ ਲਗਾਈ ਗਈ ਆਦਿ ਸਵਾਲਾਂ ਨਾਲ ਵਿਦਿਆਰਥੀਆਂ ਨੂੰ ਜਵਾਬ ਤਿਆਰ ਕਰਨ ਵਾਸਤੇ ਪ੍ਰੇਰਿਆ ਗਿਆ। ਉਹਨਾਂ ਕਿਹਾ ਕਿ ਦੋ ਸਕੂਲਾਂ ਨੇ ਭਾਸ਼ਾ ਨੂੰ ਅੱਗੇ ਵਧਾਉਣ ਵਾਸਤੇ ਵੀ ਪ੍ਰੋਗਰਾਮ ਰੱਖੇ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨੇ ਇਸ ਤਰੀਕੇ ਇਹ ਪ੍ਰੋਗਰਾਮ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਘਰ-ਘਰ ਪ੍ਰਚਲਤ ਕਰਨ ਦੀ ਕੋਸ਼ਿਸ਼ ਕਾਮਯਾਬ ਹੋ ਰਹੀ ਹੈ। ਉਹਨਾਂ ਕਿਹਾ ਕਿ ਭਾਸ਼ਾਵਾਂ ਹਰੇਕ ਨੂੰ ਆਪਣੀਆਂ ਪਿਆਰੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਬੇਸ਼ੱਕ ਅੰਗਰੇਜ਼ੀ ਦੀ ਵਰਤੋਂ ਵੀ ਜ਼ਰੂਰੀ ਹੈ ਪਰ ਮਾਂ ਬੋਲੀ ਵਿਸਾਰੀ ਨਹੀਂ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਘਰਾਂ ਵਿਚ ਮਾਪਿਆਂ ਅਤੇ ਸਕੂਲਾਂ ਵਿਚ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ। ਉਹਨਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਅੰਗਰੇਜ਼ੀ ਤੇ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾ ਨਾ ਬੋਲੀ ਜਾਵੇ। ਉਹਨਾਂ ਸੁਝਾਅ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਅਸੀਂ ਹਰ ਘਰ ਦੇ ਬਾਹਰ ਪੋਸਟਰ ਜਾਂ ਸਟਿੱਕਰ ਲਗਾਏ ਜਾਣਗੇ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਾਰਸ ਹਾਂ। ਇਸ ਮੌਕੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਅਧਿਆਪਕਾ ਸਰਬਜੀਤ ਕੌਰ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਸਤਨਾਮ ਸਿੰਘ ਜੱਗਾ ਚੇਅਰਮੈਨ, ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਅਤੇ ਕੋ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ ਤੋਂ ਇਲਾਵਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਿੰਸੀਪਲ, ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੀ ਕੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।











Comments (0)