ਮਨਜਿੰਦਰ ਸਿੰਘ ਸਿਰਸਾ ਦੀ ਜਿੱਤ ਮਗਰੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਫੋਟੋ ਖਿਚਾਉਣ ਕਾਰਣ ਸਰਨਾ ਨੇ ਮੁਦਾ ਉਠਾਇਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਜਿੱਤ ਹਾਸਿਲ ਕੀਤੀ ਹੈ ਤਾਂ ਨਾਲ ਹੀ ਵਿਵਾਦ ਵੀ ਛਿੜ ਚੁੱਕੇ ਹਨ। ਬੀਤੇ ਦਿਨੀਂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਜਿਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿਰਸਾ ਨੂੰ ਸਿਰੋਪਾ ਭੇਟ ਕਰ ਰਹੇ ਹਨ। ਇਸੇ ਨੂੰ ਲੈ ਕੇ ਮਸਲਾ ਖੜ੍ਹਾ ਹੋ ਗਿਆ ਹੈ। ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਤਾਂ ਉਨ੍ਹਾਂ ਮਨਜਿੰਦਰ ਸਿੰਘ ਸਿਰਸਾ ਨੂੰ ਦਾੜ੍ਹੀ ਨਾ ਰੰਗਣ ਦਾ ਆਦੇਸ਼ ਦਿੱਤਾ ਸੀ ਪਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਆਦੇਸ਼ ਨੂੰ ਟਿੱਚ ਜਾਣਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਲਟ ਜਾਂਦੇ ਹੋਏ ਦਾੜ੍ਹੀ ਰੰਗਣੀ ਅੱਜ ਤੱਕ ਜਾਰੀ ਰੱਖੀ ਹੋਈ ਹੈ। ਜਦੋਂ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਸਰਕਾਰਾਂ ਦੌਰਾਨ ਕੈਬਨਿਟ ਰੈਂਕ ਤੇ ਰਹੇ ਸਾਰੇ ਆਗੂਆਂ ਨੂੰ ਤਲਬ ਕੀਤਾ ਗਿਆ ਤਾਂ ਮਨਜਿੰਦਰ ਸਿਰਸਾ ਨੂੰ ਦਾੜ੍ਹੀ ਰੰਗਣ ਕਾਰਨ ਉੱਥੋਂ ਬਾਹਰ ਕੱਢ ਦਿੱਤਾ ਗਿਆ ਕਿ ਕੁਰਹਿਤੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀ ਆ ਸਕਦਾ ਉਸਦੇ ਬਾਰੇ ਬਾਅਦ ਵਿੱਚ ਫੈਸਲਾ ਹੋਵੇਗਾ।
ਉਸ ਵੇਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਤੇ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸਨ ਪਰ ਉਹ ਫੈਸਲਾ ਅੱਜ ਤੱਕ ਕੌਮ ਨੂੰ ਪਤਾ ਨਹੀਂ ਲੱਗਿਆ ਕਿ ਸਿਰਸੇ ਨੂੰ ਕੀ ਸਜ਼ਾ ਲਗਾਈ ਗਈ ਪਰ ਹੁਣ ਮਨਜਿੰਦਰ ਸਿਰਸੇ ਦੀਆਂ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਤਸਵੀਰਾਂ ਨਸ਼ਰ ਹੋਈਆਂ ਹਨ ਜਿਸ ਵਿੱਚ ਇਹ ਸਿਰਸੇ ਨੂੰ ਸਿਰਪਾਓ ਦੇ ਕੇ ਪਿੱਠ ਥਾਪੜ ਰਹੇ ਹਨ। ਇਸ ਲਈ ਸਵਾਲ ਉੱਠਦਾ ਹੈ ਕਿ ਇੱਕ ਕੁਰਹਿਤੀਏ ਦੀ ਪਿੱਠ ਥਾਪੜ ਕੇ ਤੇ ਸਿਰਪਾਓ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਕੀ ਸਾਬਤ ਕਰਨਾ ਚਾਹੁੰਦੇ ਹਨ ?
ਸਰਨਾ ਨੇ ਕਿਹਾ ਕਿ ਜਦੋਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਕੁਰਹਿਤੀਆ ਦੀ ਪਿੱਠ ਥਾਪੜਨਗੇ ਫੇਰ ਕੌਮ ਦੀ ਨਵੀਂ ਪੀੜ੍ਹੀ ਤੇ ਇਸਦਾ ਕੀ ਅਸਰ ਪਵੇਗਾ ? ਕੀ ਇਹ ਮਨਮਤਾਂ ਤੇ ਕੁਰਹਿਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਨਹੀਂ ? ਜਾਂ ਫਿਰ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਪਹਿਲਾਂ ਬਿਆਨ ਦਿੱਤਾ ਸੀ ਕਿ ‘ਸਾਡੀ ਦਿੱਲੀ ਨਾਲ ਯਾਰੀ ਹੈ’ ਹੁਣ ਉਹ ਆਪਣੀ ਦਿੱਲੀ ਨਾਲ ਯਾਰੀ ਪੁਗਾ ਰਹੇ ਹਨ ? ਜੋ ਕਿ ਸਿੱਖ ਕੌਮ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ। ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹਨ ਜੋ ਦਾੜ੍ਹੀ ਰੰਗਣ ਵਾਲਿਆਂ ਨੂੰ ਸਿੱਖ ਸੰਸਥਾਵਾਂ ਨੂੰ ਬਰਬਾਦ ਕਰਨ ਵਾਲੇ ਨੂੰ ਸਿਰਪਾਓ ਤੇ ਥਾਪੜੇ ਦੇ ਕੇ ਕੌਮ ਨੂੰ ਨਮੋਸ਼ੀ ਦਵਾ ਰਹੇ ਹਨ ਤੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀ ਧਿਰਾਂ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 80 ਫੀਸਦ ਤੋਂ ਵੱਧ ਆਗੂਆਂ ਨਾਲ ਉਨ੍ਹਾਂ ਦੇ ਸਬੰਧ ਹਨ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਸਿਰੋਪਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਉਹ ਦਿੱਲੀ ਕਥਾ ਕੀਰਤਨ ਵਾਸਤੇ ਗਏ ਹੋਏ ਸਨ ਅਤੇ ਇਹ ਸਿਰੋਪਾ ਗੁਰਦੁਆਰੇ ਦੇ ਹੈੱਡ ਗ੍ਰੰਥੀ ਵੱਲੋਂ ਦਿੱਤਾ ਗਿਆ ਹੈ।











Comments (0)