ਬਰਤਾਨਵੀ ਫੌਜ ਦੀ ਮਦਦ ਨਾਲ ਸਿੱਖ ਘਲੂਘਾਰਾ ਜੂਨ 84 ਕਰਵਾਇਆ ਕਾਂਗਰਸ ਨੇ

ਭਾਜਪਾ ਆਗੂ ਨਿਸ਼ੀਕਾਂਤ ਦੂਬੇ ਨੇ ਸਨਸਨੀਖੇਜ਼ ਕੀਤਾ ਦਾਅਵਾ

*ਭਾਜਪਾ ਦੀ ਸ਼ਾਤਰੀ ਸਿਆਸਤ: ਸਿੱਖ ਪੰਥ ਨੂੰ ਆਪਣੇ ਨਾਲ ਜੋੜਨਾ ਜਾਂ ਕਾਂਗਰਸ ਨੂੰ ਬਦਨਾਮ ਕਰਨਾ?

*ਪੰਥਕ ਜਥੇਬੰਦੀਆਂ ਦਾ ਤਿੱਖਾ ਪ੍ਰਤੀਕਰਮ: ਸੰਤ ਭਿੰਡਰਾਂਵਾਲੇ ਨੂੰ ਦੋਸ਼ੀ ਠਹਿਰਾਉਣਾ ਅਪਮਾਨਜਨਕ

*ਸਾਕਾ ਨੀਲਾ ਤਾਰਾ: ਬਰਤਾਨਵੀ ਭੂਮਿਕਾ ਦੀ ਜਾਂਚ ਕਿਉਂ ਨਹੀਂ? ਮੋਦੀ ਸਰਕਾਰ 'ਤੇ ਸਵਾਲ

ਨਿਸ਼ੀਕਾਂਤ ਦੂਬੇ ਦੇ ਬਿਆਨ ਨੂੰ ਸਿਆਸੀ ਮਾਹਿਰ ਭਾਜਪਾ ਦੀ ਉਸ ਰਣਨੀਤੀ ਨਾਲ ਜੋੜ ਰਹੇ ਹਨ, ਜਿਸ ਵਿੱਚ ਕਾਂਗਰਸ ਨੂੰ ਸਿੱਖ ਮੁੱਦਿਆਂ 'ਤੇ ਬਦਨਾਮ ਕਰਕੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਘਲੂਘਾਰਾ 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਨੂੰ ਸਿੱਖ ਭਾਈਚਾਰਾ ਇੱਕ ਜ਼ਾਲਮਾਨਾ ਅਤੇ ਸੰਵੇਦਨਸ਼ੀਲ ਘਟਨਾ ਮੰਨਦਾ ਹੈ, ਜਿਸ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਗਈਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਭਾਰੀ ਨੁਕਸਾਨ ਹੋਇਆ। ਅਜਿਹੇ ਵਿੱਚ, ਭਾਜਪਾ ਦਾ ਇਹ ਦਾਅਵਾ ਕਿ ਕਾਂਗਰਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਭਾਰਿਆ ਅਤੇ ਬਰਤਾਨਵੀ ਫੌਜ ਦੀ ਮਦਦ ਨਾਲ ਇਹ ਹਮਲਾ ਕੀਤਾ, ਸਿੱਖ ਪੰਥ ਵਿੱਚ ਤਿੱਖੀ ਪ੍ਰਤੀਕਿਰਿਆ ਦਾ ਕਾਰਨ ਬਣਿਆ ਹੈ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦੋਸ਼ੀ ਠਹਿਰਾਉਣ ਦਾ ਮੁੱਦਾ ਵੀ ਭਾਜਪਾ ਦੀ ਸਿਆਸਤ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਸੰਤ ਭਿੰਡਰਾਂਵਾਲੇ ਸਿੱਖ ਪੰਥ ਵਿੱਚ ਇੱਕ ਸਿੱਖ ਜਰਨੈਲ ਤੇ ਆਗੂ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਸਿੱਖਾਂ ਦੇ ਹੱਕਾਂ ਅਤੇ ਆਨੰਦਪੁਰ ਸਾਹਿਬ ਮਤੇ ਦੀਆਂ ਮੰਗਾਂ ਨੂੰ ਉਠਾਇਆ ਸੀ। 

ਭਾਜਪਾ ਦਾ ਇਹ ਦਾਅਵਾ ਕਿ ਕਾਂਗਰਸ ਨੇ ਸੰਤ ਭਿੰਡਰਾਂਵਾਲਿਆਂ ਨੂੰ ਜਨਮ ਦਿੱਤਾ ਤੇ ਸਿੱਖ ਪੰਥ ਲਈ ਦੁਖਾਂਤ ਸਿਰਜਣ ਲਈ ਭੂਮਿਕਾ ਨਿਭਾਈ । ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਇਸ ਮੁੱਦੇ ਨੂੰ ਚੁੱਕ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕਰ ਰਹੀ ਹੈ: ਪਹਿਲਾਂ, ਕਾਂਗਰਸ ਨੂੰ ਸਿੱਖ-ਵਿਰੋਧੀ ਦੱਸ ਕੇ ਉਸ ਦੀ ਸਿਆਸੀ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ, ਅਤੇ ਦੂਜਾ, ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਆਪਣੇ ਪੱਖ ਵਿੱਚ ਕਰਕੇ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨਾ ਚਾਹੁੰਦੀ ਹੈ।

ਪਰ ਸਵਾਲ ਇਹ ਵੀ ਉੱਠਦਾ ਹੈ ਕਿ ਭਾਜਪਾ ਸਰਕਾਰ, ਜੋ 2014 ਤੋਂ ਕੇਂਦਰ ਵਿੱਚ ਸੱਤਾ ਵਿੱਚ ਹੈ, ਨੇ ਸਿੱਖ ਘਲੂਘਾਰਾ ਜੂਨ 84 ਦੀ ਜਾਂਚ ਕਿਉਂ ਨਹੀਂ ਕਰਵਾਈ? ਸਿੱਖ ਪੰਥ ਦੀਆਂ ਪੰਥਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਜਪਾ ਦਾ ਇਹ ਬਿਆਨ ਸਿਰਫ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੈ, ਨਾ ਕਿ ਸਿੱਖਾਂ ਨਾਲ ਸੱਚਮੁੱਚ ਹਮਦਰਦੀ। 

ਸਿੱਖ ਫੈਡਰੇਸ਼ਨ (ਯੂਕੇ) ਦੇ ਨੁਮਾਇੰਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਭਾਜਪਾ ਦੇ ਇਹ ਦੋਸ਼ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹਨ। ਜੇਕਰ ਉਹ ਸੱਚਮੁੱਚ ਸਿੱਖਾਂ ਦੇ ਹੱਕ ਵਿੱਚ ਹਨ, ਤਾਂ ਮੋਦੀ ਸਰਕਾਰ ਨੂੰ ਸਿੱਖ ਘਲੂਘਾਰਾ ਜੂਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸੁਤੰਤਰ ਜਾਂਚ ਕਰਵਾਉਣੀ ਚਾਹੀਦੀ।”

ਪੰਥਕ ਜਥੇਬੰਦੀਆਂ ਨੇ ਨਿਸ਼ੀਕਾਂਤ ਦੂਬੇ ਦੇ ਬਿਆਨ ਨੂੰ ਸਿੱਖ-ਵਿਰੋਧੀ ਅਤੇ ਭੜਕਾਊ ਕਰਾਰ ਦਿੱਤਾ ਹੈ। ਸਿੱਖ ਫੈਡਰੇਸ਼ਨ (ਇੰਡੀਆ) ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਭਾਜਪਾ ਦਾ ਸੰਤ ਭਿੰਡਰਾਂਵਾਲੇ ਨੂੰ ਦੋਸ਼ੀ ਠਹਿਰਾਉਣਾ ਅਤੇ ਕਾਂਗਰਸ 'ਤੇ ਦੋਸ਼ ਲਗਾਉਣਾ ਸਿਰਫ ਸਿਆਸੀ ਖੇਡ ਹੈ। ਸਿੱਖ ਘਲੂਘਾਰਾ ਜੂਨ84 ਸਿੱਖਾਂ ਦੇ ਦਿਲਾਂ 'ਤੇ ਇੱਕ ਡੂੰਘਾ ਘਾਉ ਹੈ। ਇਸ ਦੀ ਸੱਚਾਈ ਸਾਹਮਣੇ ਲਿਆਉਣ ਦੀ ਬਜਾਏ, ਭਾਜਪਾ ਇਸ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ।”

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਇਸ ਬਿਆਨ ਦੀ ਸਖਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਮੋਦੀ ਸਰਕਾਰ ਸਿੱਖ ਘਲੂਘਾਰਾ ਜੂਨ 84 ਦੀ ਸੁਤੰਤਰ ਜਾਂਚ ਕਰਵਾਏ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਦੋਸ਼ਾਂ ਵਿੱਚ ਨਵਾਂ ਕੁਝ ਨਹੀਂ। 2014 ਵਿੱਚ ਬਰਤਾਨਵੀ ਸਰਕਾਰ ਦੇ ਦਸਤਾਵੇਜ਼ਾਂ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤ ਨੇ ਬਰਤਾਨਵੀ ਮਦਦ ਮੰਗੀ ਸੀ। ਪਰ ਸਵਾਲ ਇਹ ਹੈ ਕਿ ਮੋਦੀ ਸਰਕਾਰ 11 ਸਾਲਾਂ ਵਿੱਚ ਇਸ ਮੁੱਦੇ 'ਤੇ ਜਾਂਚ ਕਿਉਂ ਨਹੀਂ ਕਰਵਾ ਸਕੀ?

ਪੰਥਕ ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਸੰਤ ਭਿੰਡਰਾਂਵਾਲੇ ਨੂੰ ਦੋਸ਼ੀ ਠਹਿਰਾਉਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸਾਜਿਸ਼ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੰਤ ਭਿੰਡਰਾਂਵਾਲੇ ਸਿੱਖ ਸੰਘਰਸ਼ ਦੇ ਪ੍ਰਤੀਕ ਸਨ, ਅਤੇ ਉਨ੍ਹਾਂ ਨੂੰ ਬਦਨਾਮ ਕਰਕੇ ਸਿੱਖ ਪੰਥ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਿੱਖ ਘਲੂਘਾਰਾ ਜੂਨ 84 ਵਿਚ ਬਰਤਾਨਵੀ ਭੂਮਿਕਾ ਦੀ ਜਾਂਚ ਦੀ ਮੰਗ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੀ ਲੇਬਰ ਸਰਕਾਰ?

ਬਰਤਾਨਵੀ ਲੇਬਰ ਸਰਕਾਰ ਵੱਲੋਂ ਸਿੱਖ ਘਲੂਘਾਰਾ ਜੂਨ 84 ਵਿੱਚ ਬਰਤਾਨਵੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਵਧ ਰਹੀ ਹੈ। 2014 ਵਿੱਚ ਬਰਤਾਨਵੀ ਸਰਕਾਰ ਦੇ ਜਾਰੀ ਕੀਤੇ ਦਸਤਾਵੇਜ਼ਾਂ ਵਿੱਚ ਖੁਲਾਸਾ ਹੋਇਆ ਸੀ ਕਿ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਤੋਂ ਫੌਜੀ ਮਦਦ ਮੰਗੀ ਸੀ। ਇਨ੍ਹਾਂ ਦਸਤਾਵੇਜ਼ਾਂ ਅਨੁਸਾਰ, ਨਵੰਬਰ 1983 ਵਿੱਚ ਭਾਰਤੀ ਖੁਫੀਆ ਵਿਭਾਗ ਦੇ ਮੁਖੀ ਨਾਲ ਬਰਤਾਨਵੀ ਖੁਫੀਆ ਏਜੰਸੀ ਐਮ I6 ਦੇ ਅਧਿਕਾਰੀਆਂ ਦੀ ਗੱਲਬਾਤ ਹੋਈ ਸੀ। ਫਰਵਰੀ 1984 ਵਿੱਚ ਬਰਤਾਨਵੀ ਫੌਜ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦਾ ਮੁਆਇਨਾ ਕਰਕੇ ਸਲਾਹ ਦਿੱਤੀ ਸੀ ਕਿ ਸੰਤ ਭਿੰਡਰਾਂਵਾਲੇ ਨੂੰ ਹੈਲੀਕਾਪਟਰਾਂ ਰਾਹੀਂ ਅਚਾਨਕ ਹਮਲਾ ਕਰਕੇ ਗ੍ਰਿਫਤਾਰ ਕੀਤਾ ਜਾਵੇ, ਜਿਸ ਨਾਲ ਜਾਨੀ ਨੁਕਸਾਨ ਘੱਟ ਹੋਵੇ। ਪਰ ਇਸ ਸਲਾਹ ਨੂੰ ਨਹੀਂ ਮੰਨਿਆ ਗਿਆ।

ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਬਰਤਾਨਵੀ ਸਰਕਾਰ ਨੇ ਕਈ ਮਹੱਤਵਪੂਰਨ ਦਸਤਾਵੇਜ਼ ਜਨਤਕ ਨਹੀਂ ਕੀਤੇ ਅਤੇ ਕੁਝ ਨੂੰ ਬਾਅਦ ਵਿੱਚ ਹਟਾ ਵੀ ਲਿਆ। ਸਿੱਖ ਫੈਡਰੇਸ਼ਨ (ਯੂਕੇ) ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ, “ਲੇਬਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਿੱਖਾਂ ਦੀ ਜਾਂਚ ਦੀ ਮੰਗ ਨੂੰ ਸਮਰਥਨ ਦਿੱਤਾ ਸੀ, ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਚੁੱਪ ਹਨ। ਇਹ ਸਿੱਖਾਂ ਨਾਲ ਧੋਖਾ ਹੈ।”

ਬਰਤਾਨਵੀ ਸੰਸਦ ਵਿੱਚ ਸਿੱਖ ਸੰਸਦ ਮੈਂਬਰਾਂ, ਜਿਵੇਂ ਕਿ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਜਸਬੀਰ ਸਿੰਘ ਅਠਵਾਲ ਅਤੇ ਵਰਿੰਦਰ ਜਸ ਨੇ ਵੀ ਇਸ ਮੰਗ ਨੂੰ ਵਾਰ-ਵਾਰ ਉਠਾਇਆ ਹੈ। ਲੇਬਰ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਇਸ ਜਾਂਚ ਦਾ ਵਾਅਦਾ ਕੀਤਾ ਸੀ, ਪਰ ਅਪ੍ਰੈਲ 2025 ਵਿੱਚ ਸਿੱਖ ਭਾਈਚਾਰੇ ਵੱਲੋਂ ਦਿੱਤੇ ਗਏ ਦੋ ਮਹੀਨਿਆਂ ਦੇ ਅਲਟੀਮੇਟਮ ਦੇ ਬਾਵਜੂਦ ਕੋਈ ਪ੍ਰੋਗਰੈਸ ਨਹੀਂ ਹੋਇਆ।

ਹੁਣ ਤੱਕ ਅਪਰੇਸ਼ਨ ਬਲਿਊ ਸਟਾਰ ਵਿੱਚ ਬਰਤਾਨਵੀ ਭੂਮਿਕਾ ਦੀ ਜਾਂਚ ਸਬੰਧੀ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। 2014 ਵਿੱਚ ਬਰਤਾਨਵੀ ਸਰਕਾਰ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਹੁਕਮਾਂ ਨਾਲ ਕੀਤੀ ਗਈ ਸਮੀਖਿਆ ਵਿੱਚ ਵੀ ਸਿਰਫ ਸੀਮਤ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜਿਸ ਨੂੰ ਸਿੱਖ ਪੰਥ ਨੇ ਨਾਕਾਫੀ ਦੱਸਿਆ ਸੀ। ਸਿੱਖ ਸਮੁਦਾਏ ਦਾ ਮੰਨਣਾ ਹੈ ਕਿ ਅਪਰੇਸ਼ਨ ਬਲਿਊ ਸਟਾਰ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਜ਼ਰੂਰੀ ਹੈ।

ਮੋਦੀ ਸਰਕਾਰ 'ਤੇ ਵੀ ਸਵਾਲ ਉੱਠ ਰਹੇ ਹਨ ਕਿ 11 ਸਾਲਾਂ ਦੀ ਸੱਤਾ ਦੇ ਬਾਵਜੂਦ ਉਸ ਨੇ ਇਸ ਮੁੱਦੇ 'ਤੇ ਜਾਂਚ ਕਿਉਂ ਨਹੀਂ ਕਰਵਾਈ। ਪੰਥਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਜਪਾ ਸਿਰਫ ਸਿਆਸੀ ਲਾਹਾ ਲੈਣ ਲਈ ਇਸ ਮੁੱਦੇ ਨੂੰ ਉਛਾਲਦੀ ਹੈ, ਪਰ ਸੱਚਾਈ ਸਾਹਮਣੇ ਲਿਆਉਣ ਦੀ ਇੱਛਾ ਨਹੀਂ ਰੱਖਦੀ। ਸਿੱਖ ਫੈਡਰੇਸ਼ਨ ਦੇ ਗੁਰਮੀਤ ਸਿੰਘ ਨੇ ਕਿਹਾ, “ਜੇਕਰ ਮੋਦੀ ਸਰਕਾਰ ਸਿੱਖਾਂ ਦੇ ਹੱਕ ਵਿੱਚ ਹੈ, ਤਾਂ ਉਹ ਸਿੱਖ ਘਲੂਘਾਰਾ ਜੂਨ 84 ਅਤੇ ਨਵੰਬਰ1984 ਦੇ ਕਤਲੇਆਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਜਾਂਚ ਕਰਵਾਏ। ਸਿੱਖ ਪੰਥ ਨੂੰ ਸੱਚ ਜਾਣਨ ਦਾ ਹੱਕ ਹੈ।”

ਸਿੱਖ ਘਲੂਘਾਰਾ ਜੂਨ 84 ਅਤੇ ਇਸ ਵਿੱਚ ਬਰਤਾਨਵੀ ਭੂਮਿਕਾ ਦਾ ਮੁੱਦਾ ਸਿੱਖ ਭਾਈਚਾਰੇ ਲਈ ਅੱਤ ਸੰਵੇਦਨਸ਼ੀਲ ਹੈ। ਨਿਸ਼ੀਕਾਂਤ ਦੂਬੇ ਦੇ ਬਿਆਨ ਨੇ ਇਸ ਮੁੱਦੇ ਨੂੰ ਮੁੜ ਚਰਚਾ ਵਿੱਚ ਲਿਆਂਦਾ ਹੈ, ਪਰ ਸਿੱਖ ਪੰਥ ਦਾ ਮੰਨਣਾ ਹੈ ਕਿ ਇਹ ਸਿਰਫ ਸਿਆਸੀ ਖੇਡ ਹੈ। ਬਰਤਾਨਵੀ ਲੇਬਰ ਸਰਕਾਰ ਦੀ ਚੁੱਪੀ ਅਤੇ ਮੋਦੀ ਸਰਕਾਰ ਦੀ ਜਾਂਚ ਨਾ ਕਰਵਾਉਣ ਦੀ ਨੀਤੀ ਨੇ ਸਿੱਖ ਪੰਥ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਸਿੱਖ ਪੰਥਕ ਜਥੇਬੰਦੀਆਂ ਦੀ ਮੰਗ ਹੈ ਕਿ ਇਸ ਘਟਨਾ ਦੀ ਪੂਰੀ ਸੱਚਾਈ ਸਾਹਮਣੇ ਆਵੇ, ਤਾਂ ਜੋ ਸਿੱਖ ਭਾਈਚਾਰੇ ਨੂੰ ਨਿਆਂ ਮਿਲ ਸਕੇ।