ਚੀਨ ਖਾਲਿਸਤਾਨ ਦੀ ਲਹਿਰ ਨੂੰ ਉਤਸ਼ਾਹਿਤ ਕਰਨ ਲੱਗਾ
* ਫੇਸਬੁੱਕ ਖ਼ਾਤਿਆਂ ਰਾਹੀਂ ਸਿੱਖਾਂ ਵਿਚ ਕੀਤਾ ਜਾ ਰਿਹਾ ਏ ਖਾਲਿਸਤਾਨ ਦਾ ਪ੍ਰਚਾਰ
*ਮੈਟਾ ਦੀ ਥਰੈਟ ਰਿਪੋਰਟ ਵਿੱਚ ਹੋਇਆ ਖੁਲਾਸਾ
*ਮੈਟਾ ਨੇ ਆਰਟੀਫੀਸ਼ਲ ਇੰਟੈਲੀਜੈਂਸ ਜਨਰੇਟਿਡ ਹਮਲਿਆਂ ਨੂੰ ਲੈ ਕੇ ਆਪਣੀ ਰਿਪੋਰਟ ਵਿਚ ਚਿੰਤਾ ਕੀਤੀ ਜ਼ਾਹਿਰ
ਸੋਸ਼ਲ ਮੀਡੀਆ ਦਿੱਗਜ ਮੈਟਾ ਜੋ ਫੇਸਬੁੱਕ, ਇੰਸਟਗ੍ਰਾਮ ਤੇ ਵੱਟਸਐਪ ਦੀ ਮਾਲਕ ਹੈ, ਨੇ ਕਿਹਾ ਹੈ ਕਿ ਚੀਨ ਵਿਚ ਇੱਕ ਨੈਟਵਰਕ ਨੇ ਸੋਸ਼ਲ ਮੀਡੀਆ ’ਤੇ ‘ਖਾਲਿਸਤਾਨ ਆਜ਼ਾਦੀ ਅੰਦੋਲਨ’, ਪੰਜਾਬ ਵਿਚ ਹੜ੍ਹ ਤੇ ਭਾਰਤ ਸਰਕਾਰ ਦੀ ਆਲੋਚਨਾ ਦੀਆਂ ਫਰਜ਼ੀ ਪੋਸਟਾਂ ਤੇ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਦੀ ਵਰਤੋਂ ਕਰਕੇ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਨੂੰ ਗੁਮਰਾਹ ਕੀਤਾ।
ਮੈਟਾ ਨੇ ਆਪਣੀ ਮਈ ਮਹੀਨੇ ਦੀ ਰਿਪੋਰਟ ਵਿਚ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਨ੍ਹਾਂ ਗਰੁੱਪਾਂ ਨੇ ‘ਅਪਰੇਸ਼ਨ ਕੇ’ ਦੇ ਨਾਂ ਹੇਠ ਇੱਕ ਫਰਜ਼ੀ ਕਾਰਕੁਨ ਅੰਦੋਲਨ ਸ਼ੁਰੂ ਕੀਤਾ ਹੈ ਜਿਸ ਨੇ ਸਿੱਖ ਹਮਾਇਤੀ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਹੈ।’ ਰਿਪੋਰਟ ਅਨੁਸਾਰ ਇਹ ਅੰਦੋਲਨ ਫਰਜ਼ੀ ਖ਼ਾਤਿਆਂ ਦੇ ਕਈ ਸਮੂਹਾਂ ਰਾਹੀਂ ਚਲਾਇਆ ਗਿਆ ਜਿਸ ਵਿੱਚ ਭਾਰਤ ਤੇ ਤਿੱਬਤ ਨੂੰ ਨਿਸ਼ਾਨਾ ਬਣਾਉਣ ਵਾਲੇ ਚੀਨ ਦੇ ਇੱਕ ਸਮੂਹ ਦੇ ਲਿੰਕ ਵੀ ਸ਼ਾਮਲ ਸਨ। ਸੋਸ਼ਲ ਮੀਡੀਆ ਰਾਹੀਂ ਆਸਟਰੇਲੀਆ, ਕੈਨੇਡਾ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਬਰਤਾਨੀਆ ਤੇ ਨਾਈਜੀਰੀਆ ਦੇ ਸਿੱਖਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਮੈਟਾ ਨੇ ਕਿਹਾ, ‘ਅਸੀਂ ਆਪਣੀ ਨੀਤੀ ਦੀ ਉਲੰਘਣਾ ਕਰਨ ’ਤੇ 37 ਫੇਸਬੁੱਕ ਖ਼ਾਤੇ, 13 ਪੇਜ, ਪੰਜ ਗਰੁੱਪ ਅਤੇ ਇੰਸਟਾਗ੍ਰਾਮ ਤੋਂ ਨੌਂ ਖ਼ਾਤੇ ਹਟਾਏ ਹਨ
ਇਹ ਪੋਸਟਾਂ ਐਕਸ(ਪਹਿਲਾਂ ਟਵਿੱਟਰ) ਅਤੇ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ਰਾਹੀਂ ਕੀਤੀਆਂ ਜਾ ਰਹੀਆਂ ਸਨ। ਇੰਨਾ ਹੀ ਨਹੀਂ ਇਸ ਦੌਰਾਨ ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੀਆਂ ਪੋਸਟਾਂ ਵੀ ਦੇਖਣ ਨੂੰ ਮਿਲੀਆਂ। ਇਹ ਖਾਤੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਲਈ ਬਣਾਏ ਗਏ ਸਨ।
ਇਨ੍ਹਾਂ 'ਤੇ ਯੋਜਨਾ ਤਹਿਤ ਇਸ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਕਥਿਤ ਤੌਰ 'ਤੇ ਇਨ੍ਹਾਂ ਖਾਤਿਆਂ ਦਾ ਸਬੰਧ ਚੀਨ ਨਾਲ ਪਾਇਆ ਗਿਆ ਹੈ। ਇਹ ਅਕਾਊਂਟ ਲੰਬੇ ਸਮੇਂ ਤੋਂ ਭਾਰਤ ਦੇ ਖਿਲਾਫ ਇਸ ਤਰ੍ਹਾਂ ਦੀਆਂ ਪੋਸਟਾਂ ਰਿਲੀਜ਼ ਕਰ ਰਹੇ ਸਨ।
ਮੈਟਾ ਨੇ ਕਿਹਾ ਕਿ ਖ਼ਬਰਾਂ ਤੇ ਮੌਜੂਦਾ ਘਟਨਾਵਾਂ ਬਾਰੇ ਇਹ ਪੋਸਟਾਂ ਮੁੱਢਲੇ ਤੌਰ ’ਤੇ ਅੰਗਰੇਜ਼ੀ ਤੇ ਹਿੰਦੀ ਵਿੱਚ ਸਨ ਅਤੇ ਇਨ੍ਹਾਂ ਨਾਲ ਛੇੜਛਾੜ ਕੀਤੀਆਂ ਤਸਵੀਰਾਂ ਵੀ ਨਸ਼ਰ ਕੀਤੀਆਂ ਗਈਆਂ ਸਨ। ਪੰਜਾਬ ਵਿਚ ਹੜ੍ਹਾਂ ਤੇ ਖਾਲਿਸਤਾਨ ਆਜ਼ਾਦੀ ਅੰਦੋਲਨ ਤੋਂ ਇਲਾਵਾ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਕਤਲ ਤੇ ਭਾਰਤ ਸਰਕਾਰ ਦੀ ਆਲੋਚਨਾ ਨਾਲ ਸਬੰਧਤ ਤਸਵੀਰਾਂ ਦੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ। ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨੀ ਸੋਸ਼ਲ ਮੀਡੀਆ ਖ਼ਾਤਿਆਂ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਪਰ ਚੀਨ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੀਨ ਤੇ ਪਾਕਿਸਤਾਨ ਦੀ ਸਾਂਝੀ ਗਤੀਵਿਧੀ ਵੀ ਹੋ ਸਕਦੀ ਹੈ।
ਮੈਟਾ ਦੀ ਹਾਲੀਆ ਥਰੈਟ ਰਿਪੋਰਟ ਵਿੱਚ ਉਨ੍ਹਾਂ ਸਾਰੇ ਸੰਭਾਵੀ ਖਤਰਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਭਾਰਤ ਸਮੇਤ ਗਲੋਬਲ ਇੰਟਰਨੈਟ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਤੋਂ ਕਈ ਕਰਾਸ ਇੰਟਰਨੈੱਟ ਮੁਹਿੰਮਾਂ ਦਾ ਵੀ ਪਤਾ ਲੱਗਾ ਹੈ, ਜਿਨ੍ਹਾਂ ਨੂੰ ਮੈਟਾ ਨੇ ਬਲਾਕ ਕਰ ਦਿੱਤਾ ਹੈ।
ਮੇਟਾ ਦਾ ਕਹਿਣਾ ਹੈ ਕਿ ਉਸ ਨੇ ਅੱਜ ਤੱਕ ਅਜਿਹੇ ਹਮਲੇ ਨਹੀਂ ਦੇਖੇ ਹਨ। ਇੰਟਰਨੈਟ 'ਤੇ ਜਾਅਲੀ ਮੁਹਿੰਮਾਂ ਚਲਾਉਣ ਲਈ ਜਾਅਲੀ ਪ੍ਰੋਫਾਈਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖਾਤੇ ਜਨਰੇਟਿਵ ਐਡਵਰਸੇਰੀਅਲ ਨੈੱਟਵਰਕ ਦੁਆਰਾ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਇਹ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਇਹਨਾਂ ਦੇ ਪਿੱਛੇ ਕੌਣ ਹੈ।
ਮੇਟਾ ਨੇ ਕਿਹਾ ਕਿ ਯੂਰਪੀ ਸੰਘ (ਈਯੂ) ਸੰਸਦੀ ਚੋਣਾਂ ਸਬੰਧੀ ਚੱਲ ਰਹੀ ਚਰਚਾ ਅਤੇ ਕੌਮਾਂਤਰੀ ਭਾਈਚਾਰੇ ਤੋਂ ਯੂਕਰੇਨ ਨੂੰ ਮਿਲ ਰਹੇ ਸਮਰਥਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਯੂਰਪੀ ਸੰਘ ਦੀਆਂ ਸੰਸਦੀ ਚੋਣਾਂ ਨਾਲ ਸਬੰਧਤ ਚਰਚਾ ਵਿਦੇਸ਼ੀ ਖਤਰਿਆਂ ਦੇ ਕੇਂਦਰ ਵਿੱਚ ਸੀ। ਇਨ੍ਹਾਂ ਵਿੱਚ ਡੋਪਲਗੈਂਗਰ ਵੀ ਸ਼ਾਮਲ ਹੈ। ਵਰਤਮਾਨ ਵਿੱਚ, ਮੇਟਾ ਨੇ ਈਯੂ ਦੇ ਸੰਬੰਧ ਵਿੱਚ ਨਕਾਰਾਤਮਕ ਮੁਹਿੰਮਾਂ ਅਤੇ ਅਪ੍ਰਮਾਣਿਕ ਸਮੱਗਰੀ ਨੂੰ ਬਲੌਕ ਕੀਤਾ ਹੈ। ਇਸ ਦੇ ਨਾਲ ਹੀ ਕ੍ਰੋਏਸ਼ੀਆ, ਫਰਾਂਸ, ਜਰਮਨੀ, ਪੋਲੈਂਡ ਅਤੇ ਇਟਲੀ ਨਾਲ ਸਬੰਧਤ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਮੇਟਾ ਨੇ ਯੂਕਰੇਨ ਨੂੰ ਮਿਲ ਰਹੇ ਅੰਤਰਰਾਸ਼ਟਰੀ ਸਮਰਥਨ ਨੂੰ ਕਮਜ਼ੋਰ ਕਰਨ ਲਈ ਚਲਾਈ ਜਾ ਰਹੀ ਮੁਹਿੰਮ 'ਤੇ ਰੋਕ ਲਗਾ ਦਿੱਤੀ ਹੈ। ਮੇਟਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਨਿਊਜ਼ ਮੀਡੀਆ ਜਾਂ ਸਰਕਾਰੀ ਏਜੰਸੀ ਤੋਂ ਯੂਕਰੇਨ ਦੇ ਖਿਲਾਫ ਮੁਹਿੰਮ ਚਲਾ ਰਹੀ ਸਪੂਫ ਵੈੱਬਸਾਈਟ ਨਾਲ ਕੋਈ ਲਿੰਕ ਨਹੀਂ ਮਿਲਿਆ ਹੈ।
ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਫੇਸਬੁੱਕ ਉਪਰ ਲਿਖਿਆ ਹੈ ਕਿ ਚੀਨ ਅਪਣੇ ਸੋਸ਼ਲ ਮੀਡੀਆ ਰਾਹੀੰ ਹਿੰਦੁਸਤਾਨ ਦੀ ਦੁਖਦੀ ਰਗ - ਖਾਲਿਸਤਾਨ - ਨੂੰ ਛੇੜ ਰਿਹਾ ਹੈ ।ਇਸ ਭੇਦ ਦਾ ਪ੍ਗਟਾਵਾ 'ਫੇਸਬੁਕ' ਅਤੇ 'ਇੰਨਸਟਾਗਰਾਮ' ਦੀ ਮਾਲਕ-ਸੰਗਠਣ 'ਮੇਟਾ' ਨੇ ਅਪਣੀ ਇਕ ਤਾਜ਼ਾ ਰਿਪੋਰਟ ਵਿਚ ਕੀਤਾ ਹੈ । ਚੀਨੀ ਪ੍ਰਬੰਧ ਸਰਕਾਰ ਦੀ ਆਗਿਆ ਬਗ਼ੈਰ ਕਿਸੇ ਸ਼ਹਿਰੀ ਨੂੰ ਪਰਾਏ ਦੇਸ ਦੇ ਰਾਜਸੀ ਹਾਲਾਤ ਉਪਰ ਚੰਗੀ ਮੰਦੀ ਟਿਪਣੀ ਕਰਨ ਨਹੀੰ ਦਿੰਦਾ ਪਰ ਹੈਰਾਨੀਜਨਕ ਤੌਰ ਤੇ ਇਹ ਖਾਲਿਸਤਾਨ ਦੇ ਵਿਚਾਰ ਅਤੇ ਪੰਜਾਬ ਦੇ ਹਾਲਾਤ ਬਾਰੇ ਸੂਚਨਾਵਾਂ ਅਤੇ ਚਰਚਾ ਚਲਣ ਦਿੰਦਾ ਹੈ । 'ਮੇਟਾ' ਗਰੁਪ ਦੀ ਰਪੋਰਟ ਅਨੁਸਾਰ 'ਫੇਸਬੁਕ' ਅਤੇ 'ਭਾਰਤੀ ਖੁਫੀਆ ਏਜੰਸੀਆਂ ਨੇ ਨੋਟ ਕੀਤਾ ਕਿ ਹੁਣ ਤਕ ਇਸ ਵਿਸ਼ੇ ਵਿਚ ਸਿਰਫ ਪਾਕਿਸਤਾਨ ਦੀ ਦਿਲਚਸਪੀ ਵੇਖੀ ਗਈ ਸੀ ਪਰ ਹੁਣ ਇਸ ਵਿਸ਼ੇ ਨੂੰ ਚੀਨ ਨੇ ਵੀ ਫੜ ਲਿਆ ਹੈ ।












Comments (0)