ਕੈਨੇਡਾ ਵਿੱਚ ਸੰਸਦੀ ਚੋਣਾਂ 28 ਅਪਰੈਲ ਨੂੰ ਹੋਣਗੀਆਂ
*ਚੋਣਾਂ ਦੇ ਐਲਾਨ ਮਗਰੋਂ ਦੇਸ਼ ਵਿਚ ਸਿਆਸੀ ਹਲਚਲ ਤੇਜ਼
*ਸਰਵੇਖਣਾਂ ਅਨੁਸਾਰ ਲਿਬਰਲ ਕੰਜ਼ਰਵੇਟਿਵਾਂ ਨੂੰ ਦੇ ਰਹੇ ਨੇ ਮਾਤ
ਅੰਮ੍ਰਿਤਸਰ ਟਾਈਮਜ਼
ਵੈਨਕੂਵਰ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਦੇਸ਼ ਵਿੱਚ 28 ਅਪਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰ ਕੇ ਲੋਕ ਸਭਾ ਭੰਗ ਕਰਨ ਅਤੇ ਫੌਰੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ।ਇਹ ਚੋਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਵਪਾਰ ਯੁੱਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸਨੂੰ 51ਵਾਂ ਅਮਰੀਕੀ ਸੂਬਾ ਬਣਨ ਦਾ ਸੱਦਾ ਦਿੱਤਾ ਹੈ।ਇਨ੍ਹਾਂ ਚੋਣਾਂ ਵਿੱਚ ਅਜਿਹੇ ਹੀ ਕਈ ਮੁੱਦੇ ਹਨ ਜੋ ਵੋਟਰਾਂ ਦੇ ਦਿਮਾਗ 'ਚ ਸਭ ਤੋਂ ਜ਼ਿਆਦਾ ਹੋਣਗੇ।
ਕਾਰਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਵਰਨਰ ਜਨਰਲ ਨੇ 28 ਅਪਰੈਲ ਨੂੰ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਦੀ ਬੇਨਤੀ ਮਨਜ਼ੂਰੀ ਕਰ ਲਈ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੇ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫਾਂ ਬਾਰੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੌਜੂਦਾ 44ਵੀਂ ਲੋਕ ਸਭਾ ਦੇ 338 ਮੈਂਬਰ ਸਨ ਜਦਕਿ ਕੁਝ ਸੂਬਿਆਂ ਵਿੱਚ ਆਬਾਦੀ ਵਧਣ ਕਾਰਨ ਨਵੀਂ ਹੱਦਬੰਦੀ ਕਰ ਕੇ ਪੰਜ ਸੀਟਾਂ ਦਾ ਵਾਧਾ ਕੀਤਾ ਗਿਆ ਹੈ। 28 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ 45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 172 ਮੈਂਬਰਾਂ ਦੀ ਲੋੜ ਹੋਵੇਗੀ।
ਕੀ ਕਹਿੰਦੇ ਨੇ ਸਰਵੇਖਣ
ਚੋਣਾਂ ਵਿੱਚ ਕਾਰਨੀ ਦਾ ਸਾਹਮਣਾ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨਾਲ ਹੋਵੇਗਾ, ਜਿਨ੍ਹਾਂ ਦੀ ਪਾਰਟੀ 2023 ਦੇ ਮੱਧ ਤੋਂ ਕੌਮੀ ਚੋਣਾਂ ਵਿੱਚ ਅੱਗੇ ਚੱਲ ਰਹੀ ਹੈ, ਹਾਲਾਂਕਿ ਹਾਲ ਹੀ ਦੇ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਮੁਕਾਬਲਾ ਹੁਣ ਬਰਾਬਰੀ ਦਾ ਹੈ।ਤਾਜ਼ਾ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਲਿਬਰਲਾਂ ਨੂੰ 37.8 ਫੀਸਦ ਸਮਰਥਨ ਮਿਲਿਆਂ, ਜੋ ਕੰਜ਼ਰਵੇਟਿਵਾਂ ਤੋਂ ਕੁਝ ਹੀ ਫੀਸਦ (37.2%) ਅੱਗੇ ਹਨ।ਸੰਸਦ ਵਿੱਚ ਪੰਜ ਨਵੀਂਆਂ ਸੀਟਾਂ ਦੇ ਵਾਧੇ ਨਾਲ ਸੀਟਾਂ ਦੀ ਕੁੱਲ ਗਿਣਤੀ 343 ਸੀਟਾਂ ਕਰ ਦਿੱਤੀਆਂ ਗਈਆਂ ਹਨ। ਲਿਬਰਲ ਪਾਰਟੀ ਨੇ ਪੁਸ਼ਟੀ ਕੀਤੀ ਕਿ ਕਾਰਨੀ ਨੇਪੀਅਨ ਦੇ ਓਟਾਵਾ ਰਾਈਡਿੰਗ ਵਿਚ ਹਾਊਸ ਆਫ਼ ਕਾਮਨਜ਼ ਦੀ ਸੀਟ ਲਈ ਚੋਣ ਲੜਨਗੇ, ਜਿਸ ’ਤੇ ਪਿਛਲੇ ਇਕ ਦਹਾਕੇ ਤੋਂ ਲਿਬਰਲ ਸੰਸਦ ਮੈਂਬਰ ਚੰਦਰ ਆਰੀਆ ਦਾ ਕਬਜ਼ਾ ਹੈ। ਆਰੀਆ ਨੂੰ ਦੋ ਮਹੀਨੇ ਪਹਿਲਾਂ ਦੱਸਿਆ ਗਿਆ ਸੀ ਕਿ ਪਾਰਟੀ ਦੀ ਲੀਡਰਸ਼ਿਪ ਲਈ ਉਨ੍ਹਾਂ ਦੀ ਉਮੀਦਵਾਰੀ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਪਿਛਲੇ ਹਫ਼ਤੇ ਉਨ੍ਹਾਂ ਨਾਮਜ਼ਦਗੀ ਰੱਦ ਕਰ ਦਿੱਤੀ ਗਈ।
ਕੈਨੇਡਾ ਵਿਚ ਸਿਆਸੀ ਹੱਲਚਲ ਤੇਜ਼
ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਲੋਕ ਸਭਾ ਭੰਗ ਕਰਕੇ ਹੰਗਾਮੀ ਚੋਣਾਂ ਕਰਵਾਉਣ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਤਜਵੀਜ਼ ’ਤੇ ਜਿਵੇਂ ਹੀ ਸਹੀ ਪਾਈ ਤਾਂ ਦੇਸ਼ ਵਿਚ ਸਿਆਸੀ ਹਲਚਲ ਤੇਜ਼ ਹੋ ਗਈ। ਹਰੇਕ ਪਾਰਟੀ ਅਤੇ ਉਸ ਦੇ ਉਮੀਦਵਾਰਾਂ ਦੀਆਂ ਆਈਟੀ ਟੀਮਾਂ ਨੇ ਮੋਰਚੇ ਸੰਭਾਲਦੇ ਹੋਏ ਹਲਕੇ ਦੇ ਲੋਕਾਂ ਦੇ ਫੋਨ ਨੰਬਰਾਂ, ਈਮੇਲਾਂ ਤੇ ਸੋਸ਼ਲ ਮੀਡੀਆ ਖਾਤਿਆਂ ’ਤੇ ਆਪਣੇ ਚੋਣ ਵਾਅਦਿਆਂ ਵਾਲੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਬੇਸ਼ੱਕ ਸਾਰੇ ਦੇਸ਼ ਨੂੰ ਠੰਡ ਨੇ ਆਪਣੀ ਜਕੜ ਵਿੱਚ ਲਿਆ ਹੋਇਆ ਹੈ, ਪਰ ਸੜਕਾਂ ’ਤੇ ਰੌਣਕ ਪਰਤਣ ਲੱਗੀ ਹੈ। ਰੇਡੀਓ ਅਤੇ ਟੀਵੀ ਚੈਨਲਾਂ ’ਤੇ ਮੁੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਚਰਚਾ ਪਹਿਲਾਂ ਨਾਲੋਂ ਵਧ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਵਾਰ ਦੀ ਚੋਣ ਪਹਿਲੀਆਂ ਚੋਣਾਂ ਤੋਂ ਕੁਝ ਮਹਿੰਗੀ ਹੋਵੇਗੀ, ਪਰ ਲੋਕ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਨ, ਇਸ ਦਾ ਪਤਾ 28 ਅਪਰੈਲ ਦੀ ਰਾਤ ਨੂੰ ਹੀ ਲੱਗੇਗਾ।ਬੇਸ਼ੱਕ, ਰਿਹਾਇਸ਼ ਅਤੇ ਇਮੀਗ੍ਰੇਸ਼ਨ ਵਰਗੇ ਘਰੇਲੂ ਮੁੱਦੇ ਅਜੇ ਵੀ ਮਹੱਤਵਪੂਰਨ ਰਹਿਣਗੇ, ਪਰ ਦਹਾਕਿਆਂ ਵਿੱਚ ਪਹਿਲੀ ਵਾਰ, ਇਥੋਂ ਦੇ ਲੋਕਾਂ ਦੇ ਮਨਾਂ ਵਿਚ ਦੇਸ਼ ਦੇ ਭਵਿੱਖ ਬਾਰੇ ਬੁਨਿਆਦੀ ਸਵਾਲ ਵੀ ਹੋਣਗੇ।
ਮਾਰਕ ਕਾਰਨੀ ਨੇ 14 ਮਾਰਚ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਦਿਆਂ ਹੀ ਕਾਰਬਨ ਟੈਕਸ ਹਟਾਉਣ ਸਮੇਤ ਲੋਕਾਂ ਵੱਲੋਂ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਮੰਨ ਲਈਆਂ ਤਾਂ ਲਿਬਰਲ ਪਾਰਟੀ ਦਾ ਹੇਠਾਂ ਵੱਲ ਜਾ ਰਿਹਾ ਗਰਾਫ ਇਕਦਮ ਵਧ ਗਿਆ ਤੇ ਹਫਤੇ ਬਾਅਦ ਹੋਏ ਸਰਵੇਖਣਾਂ ਵਿਚ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੂੰ ਪਛਾੜ ਦਿੱਤਾ।
ਕਿਹੜੀਆਂ ਮੁੱਖ ਪਾਰਟੀਆਂ ਚੋਣ ਮੈਦਾਨ ਵਿੱਚ ਹਨ?
ਕੈਨੇਡਾ ਦੀਆਂ ਅਗਲੀਆਂ ਚੋਣਾਂ ਵਿੱਚ ਚਾਰ ਮੁੱਖ ਪਾਰਟੀਆਂ ਮੈਦਾਨ ਵਿੱਚ, ਜਿਨ੍ਹਾਂ ਵਿੱਚ ਲਿਬਰਲਜ਼, ਕੰਜ਼ਰਵੇਟਿਵ, ਨਿਊ ਡੈਮੋਕ੍ਰੇਟਸ (ਐੱਨਡੀਪੀ) ਅਤੇ ਦਿ ਬਲੌਕ ਕਿਊਬੀਕੋਇਸ।ਲਿਬਰਲਜ਼ ਸਾਲ 2015 ਤੋਂ ਸੱਤਾ ਵਿੱਚ ਹਨ ਅਤੇ ਉਦੋਂ ਹੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ। ਉਨ੍ਹਾਂ ਕੋਲ ਮੌਜੂਦਾ ਸਮੇਂ ਵਿੱਚ 153 ਸੀਟਾਂ ਹਨ।
ਕੰਜ਼ਰਵੇਟਿਵਸ 120 ਸੀਟਾਂ ਦੇ ਨਾਲ ਅਧਿਕਾਰਤ ਤੌਰ ʼਤੇ ਵਿਰੋਧੀ ਧਿਰ ਹੈ।ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਵਾਲੇ ਪਿਏਰ ਪੋਇਲੀਏਵਰਾ, ਲਿਬਰਲਜ਼ ਦੇ ਆਗੂ ਮਾਰਕ ਕਾਰਨੀ ਹਨ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹਨ।
ਕੀ ਟਰੰਪ ਦਾ ਪ੍ਰਭਾਵ ਪਵੇਗਾ
ਟਰੰਪ ਦੇ ਦਖਲ ਨੇ ਕੈਨੇਡਾ ਵਿੱਚ ਸਿਆਸਤ ਨੂੰ ਪਹਿਲਾਂ ਹੀ ਨਵਾਂ ਰੂਪ ਦੇ ਦਿੱਤਾ ਹੈ। ਪਹਿਲਾਂ ਜਿਥੇ ਲੱਗ ਰਿਹਾ ਸੀ ਕਿ ਇਸ ਵਾਰ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੋਵੇਗੀ, ਉੱਥੇ ਹੁਣ ਇਹ ਮੁਕਾਬਲਾ ਕੰਜ਼ਰਵੇਟਿਵ ਅਤੇ ਲਿਬਰਲਾਂ ਵਿਚਕਾਰ ਬਰਾਬਰੀ ਦਾ ਨਜ਼ਰ ਆਉਣ ਲੱਗਿਆ ਹੈ।
ਅਗਲੇ ਕੁਝ ਹਫ਼ਤਿਆਂ ਵਿੱਚ ਅਮਰੀਕੀ ਰਾਸ਼ਟਰਪਤੀ ਕੀ ਕਹਿੰਦੇ ਹਨ ਅਤੇ ਕਰਦੇ ਹਨ, ਇਹ ਨਿਸ਼ਚਤ ਤੌਰ 'ਤੇ ਚੋਣ ਦੌੜ ਵਿੱਚ ਅਹਿਮ ਭੂਮਿਕਾ ਨਿਭਾਵੇਗਾ।ਉਦਾਹਰਨ ਲਈ, 2 ਅਪ੍ਰੈਲ ਨੂੰ ਚੋਣ ਮੁਹਿੰਮ ਦੇ ਦੂਜੇ ਹਫ਼ਤੇ ਦੌਰਾਨ, ਵ੍ਹਾਈਟ ਹਾਊਸ ਵੱਲੋਂ ਗਲੋਬਲ ਟੈਰਿਫਾਂ ਦਾ ਐਲਾਨ ਕਰਨ ਦੀ ਉਮੀਦ ਹੈ।
ਉਹ ਚੋਣਾਂ ਬਾਰੇ ਆਪਣੇ ਵਿਚਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ। 18 ਮਾਰਚ ਨੂੰ ਉਨ੍ਹਾਂ ਨੇ ਫੌਕਸ ਨਿਊਜ਼ ਦੀ ਹੋਸਟ ਲੌਰਾ ਇੰਗ੍ਰਾਹਮ ਨੂੰ ਕਿਹਾ ਕਿ ਕੰਜ਼ਰਵੇਟਿਵ ਆਗੂ ਪਿਏਰ ਪੋਲੀਏਵ "ਮੂਰਖਤਾਪੂਰਨ ਢੰਗ ਨਾਲ, ਮੇਰੇ ਦੋਸਤ ਨਹੀਂ ਹੈ" ਅਤੇ "ਅਸਲ ਵਿੱਚ ਇੱਕ ਉਦਾਰਵਾਦੀ ਨਾਲ ਨਜਿੱਠਣਾ ਆਸਾਨ ਹੋ ਸਕਦਾ ਹੈ।"
ਅਖੀਰ ਵਿੱਚ ਉਨ੍ਹਾਂ ਕਿਹਾ, ਕੌਣ ਜਿੱਤਦਾ ਹੈ "ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦਾ"।
ਕੈਨੇਡੀਅਨ ਜਾਣਦੇ ਹਨ ਕਿ ਉਨ੍ਹਾਂ ਦੇ ਅਗਲੇ ਪ੍ਰਧਾਨ ਮੰਤਰੀ ਕੋਲ ਡੌਨਲਡ ਟਰੰਪ ਨਾਲ ਨਜਿੱਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।ਇਸ ਲਈ ਬਹੁਤ ਸਾਰੇ ਵੋਟਰਾਂ ਦੇ ਮਨਾਂ ਵਿੱਚ ਇਹ ਸਵਾਲ ਹੈ- ਇੱਕ ਮਨਮੌਜੀ ਅਮਰੀਕੀ ਰਾਸ਼ਟਰਪਤੀ ਨੂੰ ਸਭ ਤੋਂ ਵੱਧ ਕੁਸ਼ਲਤਾ ਨਾਲ ਕੌਣ ਸੰਭਾਲ ਸਕਦਾ ਹੈ?
ਇਹ ਮੁਕਾਬਲਾ ਮੂਲ ਰੂਪ ਵਿੱਚ ਨਵੇਂ ਲਿਬਰਲ ਆਗੂ ਮਾਰਕ ਕਾਰਨੀ ਅਤੇ ਪਿਅਰ ਪੋਲੀਏਵ ਵਿਚਕਾਰ ਹੈ, ਜੋ 2022 ਤੋਂ ਕੰਜ਼ਰਵੇਟਿਵਾਂ ਦੀ ਅਗਵਾਈ ਕਰ ਰਹੇ ਹਨ।
ਦੋ ਹੋਰ ਵੱਡੀਆਂ ਪਾਰਟੀਆਂ ਹਨ - ਖੱਬੇ-ਪੱਖੀ ਨਿਊ ਡੈਮੋਕਰੇਟਸ (ਐਨਡੀਪੀ) ਅਤੇ ਬਲੋਕ ਕੀਬੀਕੁਆ - ਪਰ ਕੈਨੇਡੀਅਨਾਂ ਨੇ ਇਤਿਹਾਸਕ ਤੌਰ 'ਤੇ ਕੰਜ਼ਰਵੇਟਿਵ ਜਾਂ ਲਿਬਰਲ ਸਰਕਾਰਾਂ ਹੀ ਚੁਣੀਆਂ ਹਨ।
60 ਸਾਲਾ ਕਾਰਨੀ ਇੱਕ ਸਾਬਕਾ ਕੇਂਦਰੀ ਬੈਂਕਰ ਹਨ ਜੋ ਸਿਆਸਤ ਵਿੱਚ ਨਵੇਂ ਹਨ। ਜਦੋਂ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਤੋਂ ਅਹੁਦਾ ਸੰਭਾਲਿਆ, ਤਾਂ ਉਹ ਕੈਨੇਡਾ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣੇ ਜੋ ਕਦੇ ਵੀ ਸੰਸਦ ਮੈਂਬਰ ਨਹੀਂ ਰਹੇ।।
ਉਨ੍ਹਾਂ ਕੋਲ ਵਿਸ਼ਵ ਪੱਧਰ ਦਾ ਤਜ਼ਰਬਾ ਹੈ। ਉਨ੍ਹਾਂ ਨੇ 2013-2020 ਤੱਕ ਬੈਂਕ ਆਫ਼ ਇੰਗਲੈਂਡ ਨੂੰ ਸੰਭਾਲਿਆ ਹੈ ਪਰ ਸਿਆਸੀ ਮੁਹਿੰਮ ਵਿੱਚ ਉਨ੍ਹਾਂ ਕੋਲ ਸਮਾਂ ਘੱਟ ਹੈ ਅਤੇ ਇਹ ਆਮ ਚੋਣਾਂ ਉਨ੍ਹਾਂ ਦੀ ਪਹਿਲੀ ਅਸਲ ਪ੍ਰੀਖਿਆ ਹੋਣਗੀਆਂ।
ਜੇਕਰ ਲਿਬਰਲ ਚੋਣ ਜਿੱਤਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਦਾ ਕਾਰਜਕਾਲ ਦੇਸ਼ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਹੋ ਸਕਦਾ ਹੈ।
ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਾਰਨੀ ਨੇ ਕਿਹਾ ਹੈ ਕਿ "ਰਾਸ਼ਟਰਪਤੀ ਟਰੰਪ ਦੀਆਂ ਅਣਉਚਿਤ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਲਈ ਉਨ੍ਹਾਂ ਦੇ ਖਤਰਿਆਂ ਕਾਰਨ ਅਸੀਂ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ।'ਉਨ੍ਹਾਂ ਕਿਹਾ, "ਉਹ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਜਾਵੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਇਸ ਲਈ ਮੈਂ ਆਪਣੇ ਸਾਥੀ ਕੈਨੇਡਿਆਈ ਨਾਗਰਿਕਾਂ ਕੋਲੋਂ ਇੱਕ ਮਜ਼ਬੂਤ ਸਕਾਰਾਤਮਕ ਫ਼ਤਵਾ ਮੰਗ ਰਿਹਾ ਹਾਂ। ਮੈਂ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਅਤੇ 28 ਅਪਰੈਲ ਨੂੰ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ।











Comments (0)