ਭਾਈ ਨਿਝਰ ਦੇ ਕਤਲ ਵਿਚ ਮੋਦੀ ਦੀ ਸ਼ਮੂਲੀਅਤ ਪਿਛੇ ਕੈਨੇਡੀਅਨ ਅਖਬਾਰ ਦਾ ਕੀ ਸੱਚ ਸੀ?

ਭਾਈ ਨਿਝਰ ਦੇ ਕਤਲ ਵਿਚ ਮੋਦੀ ਦੀ ਸ਼ਮੂਲੀਅਤ ਪਿਛੇ ਕੈਨੇਡੀਅਨ ਅਖਬਾਰ ਦਾ ਕੀ ਸੱਚ ਸੀ?

*ਭਾਰਤ ਨੇ ਕੀਤਾ ਵਿਰੋਧ,ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਰਿਪੋਟ ਨੂੰ  ਦਸਿਆ ਝੂਠਾ

-ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਦੇਸ਼ ਦੀ ਰਾਸ਼ਟਰੀ ਪੁਲਿਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੇ ਸੀਨੀਅਰ ਅਧਿਕਾਰੀਆਂ ਵਲੋਂ ਬੀਤੇ ਮਹੀਨਿਆਂ ਦੌਰਾਨ ਭਾਰਤੀ ਕੂਟਨੀਤਕਾਂ, ਖੁਫ਼ੀਆ ਤੰਤਰ ਤੋਂ ਭਾਰਤੀ ਗ੍ਰਹਿ ਮੰਤਰੀ ਤੱਕ ਕੈਨੇਡਾ ਵਿਚ ਗੈਰ-ਕਾਨੂੰਨੀ ਸਰਗਰਮੀਆਂ ਵਿਚ ਸ਼ਮੂਲੀਅਤ ਦੀਆਂ ਬਿਆਨਬਾਜ਼ੀਆਂ ਬਾਰੇ ਖ਼ਬਰਾਂ ਦੀ ਸਿਆਹੀ ਨਹੀਂ ਸੁੱਕ ਰਹੀ,ਪਰ ਹੁਣੇ ਜਿਹੇ  ਕੈਨੇਡਾ ਵਿਚ ਮੀਡੀਆ ਦੇ ਇਕ ਹਿੱਸੇ ਗਲੋਬ ਐਂਡ ਮੇਲ ਵਿਚ ਕੈਨੇਡੀਅਨ ਖੁਫ਼ੀਆ ਜਾਣਕਾਰੀ ਦੇ ਹਵਾਲੇ ਨਾਲ ਨਰਿੰਦਰ ਮੋਦੀ, ਜੈਸ਼ੰਕਰ ਅਤੇ ਡੋਵਾਲ ਵਿਰੁੱਧ ਦੂਸ਼ਣਬਾਜ਼ੀ ਦੀਆਂ ਰਿਪੋਰਟਾਂ ਚਰਚਿਤ ਰਹੀਆਂ ਸਨ।ਦਾਅਵਾ ਕੀਤਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਝਰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੀ ਜਾਣਕਾਰੀ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਇਸ ਸਾਜ਼ਿਸ਼ ਵਿਚ ਸ਼ਾਮਲ ਸਨ, ਜਿਸ ਦੀ ਅਗਵਾਈ ਕਥਿਤ ਤੌਰ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ। ਹਾਲਾਂਕਿ ਇਸ ਰਿਪੋਰਟ ਵਿੱਚ ਕੋਈ  ਸਬੂਤ ਪੇਸ਼ ਨਹੀਂ ਕੀਤਾ ਗਿਆ। 

ਦੂਜੇ ਪਾਸੇ ਇਸ ਕੈਨੇਡੀਅਨ ਮੀਡੀਆ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ  ਨੇ ਦੋਸ਼ਾਂ ਨੂੰ "ਬੇਤੁਕਾ" ਤੇ ਝੂਠਾ ਕਰਾਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ‘ਨਿੰਦਾਯੋਗ’ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਅਜਿਹੇ ਸਿਆਸੀ ਦੋਸ਼ਾਂ ਨੂੰ ਸਿੱਧੇ ਤੌਰ 'ਤੇ ਨਕਾਰਨਾ ਚਾਹੀਦਾ ਹੈ, ਤਾਂ ਜੋ ਸਮੁੱਚੇ ਤੌਰ 'ਤੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਨਾ ਵਿਗੜਨ। 

ਭਾਰਤ ਦੇ ਇਸ ਪ੍ਰਤੀਕਰਮ ਤੋਂ ਬਾਅਦ ਕੈਨੇਡਾ ਸਰਕਾਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਰਿਪੋਰਟਾਂ ਦਰੁੱਸਤ ਨਹੀਂ ਸਨ ਤੇ ਅੱਟੇ-ਸੱਟੇ 'ਤੇ ਆਧਾਰਿਤ ਸਨ । ਪਿ੍ਵੀ ਆਫ਼ਿਸ ਤੋਂ ਆਏ ਉਪਰੋਕਤ ਅਧਿਕਾਰਤ ਬਿਆਨ ਵਿਚ ਕੈਨੇਡਾ ਵਿਚੋਂ ਜਾਣਕਾਰੀਆਂ ਇਕੱਤਰ ਕਰਨ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਮੂਲੀਅਤ ਦੇ ਕੈਨੇਡਾ ਸਰਕਾਰ ਵਲੋਂ ਲਗਾਏ ਦੋਸ਼ਾਂ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ।ਪਰ ਬੀਤੇ ਦਿਨੀਂ ਕੈਨੇਡਾ ਵਿਚ ਪ੍ਰਧਾਨ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਸਾਂਝੇ ਸਰਕਾਰੀ ਦਫ਼ਤਰ ਪਿ੍ਵੀ ਕੌਂਸਲ ਆਫਿਸ ਤੋਂ ਸੀਨੀਅਰ ਬੁਲਾਰੀ ਨੇਥਲੀ ਡੋਰੀਨ ਦੇ ਹਵਾਲੇ ਨਾਲ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਜਨਤਕ ਸੁਰੱਖਿਆ ਨੂੰ ਖਤਰਾ ਹੋਣ ਦੇ ਅਧਾਰ 'ਤੇ ਬੀਤੀ 14 ਅਕਤੂਬਰ ਨੂੰ ਆਰ.ਸੀ.ਐੱਮ.ਪੀ. ਦੇ ਅਧਿਕਾਰੀਆਂ ਨੇ ਵਿਸ਼ੇਸ਼ ਕਦਮ ਉਠਾਏ ਗਏ ਸਨ ਅਤੇ ਭਾਰਤ ਸਰਕਾਰ ਦੇ ਏਜੰਟਾਂ ਵਲੋਂ ਕੈਨੇਡਾ ਵਿਚ ਗੰਭੀਰ ਮੁਜਰਮਾਨਾ ਸਰਗਰਮੀਆਂ ਵਿਚ ਸ਼ਮੂਲੀਅਤ ਦੇ ਦੋਸ਼ ਜਨਤਕ ਤੌਰ 'ਤੇ ਲਗਾਏ ਗਏ ਸਨ ।ਬਿਆਨ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਕੈਨੇਡਾ ਸਰਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਜਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਕੈਨੇਡਾ ਵਿਚ ਮੁਜ਼ਰਮਾਨਾ ਸਰਗਰਮੀਆਂ ਵਿਚ ਸ਼ਮੂਲੀਅਤ ਦੇ ਸਬੂਤਾਂ ਦੀ ਜਾਣਕਾਰੀ ਨਹੀਂ ਅਤੇ ਨਾ ਕੈਨੇਡਾ ਸਰਕਾਰ ਵਲੋਂ ਅਜਿਹੇ ਦੋਸ਼ ਲਗਾਏ ਗਏ ਹਨ । ਨੇਥਲੀ ਡਰੋਇਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੈ ।

 ਪ੍ਰਧਾਨ ਮੰਤਰੀ ਟਰੂਡੋ ਨੇ ਬੀਤੇ ਦਿਨੀਂ ਬਰੈਂਪਟਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਅਸੀਂ ਦੇਖਿਆ ਹੈ ਕਿ ਮੀਡੀਆ ਨੂੰ ਗੁਪਤ ਤੱਥਾਂ ਨੂੰ ਲੀਕ ਕਰਨ ਵਾਲੇ ਅਪਰਾਧੀਆਂ ਨੇ ਲਗਾਤਾਰ ਗ਼ਲਤ ਜਾਣਕਾਰੀ ਪ੍ਰਦਾਨ ਕੀਤੀ ਹੈ। ਉਸਨੇ ਅੱਗੇ ਕਿਹਾ ਕਿ ਇਸੇ ਲਈ ਅਸੀਂ ਵਿਦੇਸ਼ੀ ਦਖਲਅੰਦਾਜ਼ੀ ਦੀ ਰਾਸ਼ਟਰੀ ਜਾਂਚ ਸ਼ੁਰੂ ਕੀਤੀ, ਜੋ ਦਰਸਾਉਂਦੀ ਹੈ ਕਿ ਮੀਡੀਆ ਨੂੰ ਜਾਣਕਾਰੀ ਲੀਕ ਕਰਨ ਵਾਲੇ ਦੋਸ਼ੀ ਨਾ ਸਿਰਫ ਗੈਰ ਭਰੋਸੇਯੋਗ ਹਨ, ਬਲਕਿ ਅਪਰਾਧੀ ਵੀ ਹਨ।ਪ੍ਰੈਸ ਕਾਨਫਰੰਸ ਵਿੱਚ ਟਰੂਡੋ ਤੋਂ ਗਲੋਬ ਐਂਡ ਮੇਲ ਰਿਪੋਰਟ ਅਤੇ ਕੈਨੇਡੀਅਨ ਸੁਰੱਖਿਆ ਏਜੰਸੀ ਬਾਰੇ ਪੁੱਛਿਆ ਗਿਆ ਕਿ ਕੀ ਸਰਕਾਰ ਇਸ ਗੱਲ ਦੀ ਜਾਂਚ ਕਰੇਗੀ ।ਟਰੂਡੋ ਨੇ ਕਿਹਾ ਕਿ ਕੋਈ ਏਜੰਸੀ ਅਜਿਹਾ ਦਾਅਵਾ ਕਿਵੇਂ ਕਰ ਸਕਦੀ ਹੈ ਅਤੇ ਕੋਈ ਵੀ ਮੁੱਖ ਧਾਰਾ ਮੀਡੀਆ ਬਿਨਾਂ ਭਰੋਸੇਯੋਗ ਸਬੂਤਾਂ ਦੇ ਅਜਿਹਾ ਦਾਅਵਾ ਕਿਵੇਂ ਕਰ ਸਕਦਾ ਹੈ ਕੀ ਤੁਸੀਂ ਇਸਨੂੰ ਛਾਪਦੇ ਹੋ?

 ਯਾਦ ਰਹੇ ਕਿ ਜਸਟਿਨ ਟਰੂਡੋ ਬੀਤੇ ਸਾਲ ਸਤੰਬਰ ਤੋਂ ਖ਼ਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤ ਵਿਰੁੱਧ ਦੇਸ਼ ਦੀ ਸੰਸਦ ਵਿਚ ਖੜ੍ਹ ਕੇ ਵੀ ਦੋਸ਼ ਲਗਾ ਚੁੱਕੇ ਹਨ । ਭਾਰਤੀ ਕੂਟਨੀਤਕਾਂ ਵਲੋਂ ਕੈਨੇਡਾ ਵਿਚ ਸਿੱਖਾਂ ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਉਹ ਜਾਣਕਾਰੀ ਗੈਂਗਸਟਰਾਂ ਨੂੰ ਦੇ ਕੇ ਸਿੱਖਾਂ ਵਿਰੁੱਧ ਵਾਰਦਾਤਾਂ ਕਰਵਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ । ਇਹ ਵੀ ਕਿਹਾ ਗਿਆ ਸੀ ਕਿ ਗੈਂਗਸਟਰ ਲਾਰੰਸ ਬਿਸ਼ਨੋਈ ਗਿਰੋਹ ਭਾਰਤ ਦਾ ਸਰਕਾਰੀ ਗਿਰੋਹ ਹੈ ,ਜਿਸਨੂੰ ਕੈਨੇਡਾ ਵਿਚ ਭਾਰਤੀ ਕੂਟਨੀਤਿਕ ਅਫਸਰਾਂ ਨੇ ਪਾਲਿਆ ਹੈ।ਇਸ ਰਾਹੀਂ ਕੈਨੇਡਾ ਵਿਚ ਖਾਲਿਸਤਾਨੀਆਂ ਵਿਰੁੱਧ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਜੂਨ 2023 ਵਿੱਚ ਖ਼ਾਲਿਸਤਾਨ ਸਮਰਥਕ  ਹਰਦੀਪ ਸਿੰਘ ਨਿੱਝਰ ਦੀ ਇੱਕ ਗੁਰਦੁਆਰੇ ਦੇ ਬਾਹਰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਾਲਾਂਕਿ ਹੁਣ ਤੱਕ ਇਹ ਭੇਤ ਸਾਹਮਣੇ ਨਹੀਂ ਆ ਸਕਿਆ ਕਿ ਇਹ ਕਤਲ ਕਿਸ ਨੇ ਕੀਤਾ ਹੈ?ਕੈਨੇਡਾ ਸਰਕਾਰ ਹਾਲੇ ਜਾਂਚ ਕਰ ਰਹੀ ਹੈ।