ਪੰਜਾਬ 'ਚ ਵਿਕਣ ਵਾਲਾ ਦੁੱਧ ਤੇ ਹੋਰ ਪਦਾਰਥਾਂ 'ਚ ਮਿਲਾਵਟ 7 ਫ਼ੀਸਦੀ ਵਧੀ

ਪੰਜਾਬ 'ਚ ਵਿਕਣ ਵਾਲਾ ਦੁੱਧ ਤੇ ਹੋਰ ਪਦਾਰਥਾਂ 'ਚ ਮਿਲਾਵਟ 7 ਫ਼ੀਸਦੀ ਵਧੀ

 *2024-25 ਦੌਰਾਨ ਭੋਜਨ ਦੇ 22 ਫ਼ੀਸਦੀ ਨਮੂਨੇ ਹੋਏ ਫ਼ੇਲ੍ਹ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਪੰਜਾਬ ਵਿਚ ਪਿਛਲੇ ਇਕ ਸਾਲ ਦੌਰਾਨ ਦੁੱਧ, ਦੁੱਧ ਤੋਂ ਬਣੇ ਪਦਾਰਥਾਂ, ਮਠਿਆਈਆਂ, ਤੇਲ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ 7 ਫ਼ੀਸਦੀ ਵਧੀ ਹੈ ।ਦੁੱਧ ਦੀ ਮਾਤਰਾ ਤੇ ਮਿਆਦ ਵਧਾਉਣ ਲਈ ਬੇਈਮਾਨ ਅਨਸਰ ਇਸ ’ਚ ਡਿਟਰਜੈਂਟ, ਯੂਰੀਆ, ਸਟਾਰਚ, ਗਲੂਕੋਜ਼ ਤੇ ਫੋਰਮਾਲਿਨ ਮਿਲਾਉਂਦੇ ਹਨ। 2024-25 ਵਿਚ ਪੰਜਾਬ ਵਿਚ 22 ਫ਼ੀਸਦੀ ਭੋਜਨ ਦੇ ਨਮੂਨੇ ਫ਼ੇਲ੍ਹ ਪਾਏ ਗਏ ਜਦਕਿ 2023-24 ਵਿਚ 15 ਫ਼ੀਸਦੀ ਨਮੂਨੇ ਫ਼ੇਲ੍ਹ ਹੋਏ ਸਨ । ਖਾਣ-ਪੀਣ ਦੀਆਂ ਵਸਤਾਂ ਵਿਚ ਖ਼ਤਰਨਾਕ ਮਿਲਾਵਟ ਕੈਂਸਰ, ਜਿਗਰ ਤੇ ਗੁਰਦੇ ਨਾਲ ਸਬੰਧਿਤ ਬਿਮਾਰੀਆਂ ਤੋਂ ਇਲਾਵਾ ਦਸਤ, ਐਲਰਜੀ, ਮਤਲੀ ਤੇ ਸ਼ੂਗਰ ਨੂੰ ਜਨਮ ਦੇ ਰਹੀ ਹੈ । ਇਹ ਖੁਲਾਸਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ਼.ਐਸ.ਏ.ਏ.ਆਈ.) ਦੀ ਰਿਪੋਰਟ ਵਿਚ ਹੋਇਆ ਹੈ । ਰਿਪੋਰਟ ਅਨੁਸਾਰ ਸਾਲ 2023-24 ਵਿਚ 6041 ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 929 ਨਮੂਨੇ ਫ਼ੇਲ੍ਹ ਹੋਏ ਹਨ ।ਇਹ ਕੁੱਲ ਨਮੂਨਿਆਂ ਦਾ 15.38 ਫ਼ੀਸਦ ਸੀ । ਇਸ ਕਾਰਨ ਇਕ ਯੂਨਿਟ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ।ਜੇਕਰ 2022-23 ਦੀ ਗੱਲ ਕਰੀਏ ਤਾਂ 8179 ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 1724 ਨਮੂਨੇ ਫੇਲ੍ਹ ਹੋਏ ਯਾਨੀ ਕਿ 21.08 ਫ਼ੀਸਦੀ ਸਨ ਜਦਕਿ 2021-22 ਵਿਚ ਲਏ ਗਏ 6768 ਭੋਜਨ ਦੇ ਨਮੂਨਿਆਂ 'ਚੋਂ 1059 ਨਮੂਨੇ ਨਿਰਧਾਰਤ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ | ਇਹ ਕੁੱਲ ਨਮੂਨਿਆਂ ਦਾ 15.65 ਫ਼ੀਸਦੀ ਸੀ ।ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਇਹ ਰਿਪੋਰਟ ਪੇਸ਼ ਕੀਤੀ ਹੈ ।ਜੇਕਰ ਪਿਛਲੇ 4 ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਿਲਾਵਟ ਵਧ ਰਹੀ ਹੈ, ਪਰ ਵਿਭਾਗ ਵਲੋਂ ਸੈਂਪਲਿੰਗ ਵੀ ਘਟ ਰਹੀ ਹੈ, ਜਿਸ ਤੋਂ ਸਾਫ਼ ਹੈ ਕਿ ਜੇਕਰ ਪਿਛਲੇ ਕੁਝ ਸਾਲਾਂ 'ਚ ਹੋਰ ਨਮੂਨੇ ਲਏ ਗਏ ਹੁੰਦੇ ਤਾਂ ਮਿਲਾਵਟ ਦੇ ਕੁਝ ਹੋਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਸਕਦੇ ਸਨ ।ਮਿਲਾਵਟੀ ਭੋਜਨਾਂ 'ਚ ਮੌਜੂਦ ਰਸਾਇਣ ਜਿਵੇਂ ਸੀਸਾ ਤੇ ਆਰਸੈਨਿਕ ਕੈਂਸਰ ਦਾ ਕਾਰਨ ਬਣ ਸਕਦੇ ਹਨ ।ਇਸੇ ਤਰ੍ਹਾਂ ਇਹ ਰਸਾਇਣ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।ਇਨ੍ਹਾਂ ਦੇ ਸੇਵਨ ਨਾਲ ਦਿਲ ਤੇ ਹੋਰ ਅੰਗਾਂ ਉਪਰ ਮਾੜਾ ਪ੍ਰਭਾਵ ਪੈ ਸਕਦਾ ਹੈ ।

 ਐਫ਼.ਐਸ.ਏ.ਏ.ਆਈ. ਖੇਤਰੀ ਦਫਤਰਾਂ ਤੋਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਰਾਹੀਂ ਭੋਜਨ ਮਿਲਾਵਟ ਦਾ ਪਤਾ ਲਗਾਉਣ ਲਈ ਭੋਜਨ ਉਤਪਾਦਾਂ ਦੀ ਨਿਯਮਤ ਨਿਗਰਾਨੀ, ਨਿਰੀਖਣ ਤੇ ਨਮੂਨੇ ਲੈਂਦਾ ਹੈ । ਅਥਾਰਟੀ ਵਲੋਂ ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਐਕਟ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਜਿਸ 'ਚ ਜੁਰਮਾਨਾ ਲਗਾਉਣਾ ਤੇ ਲਾਇਸੈਂਸ ਰੱਦ ਕਰਨਾ ਸ਼ਾਮਿਲ ਹੈ। ਪਰ ਪੂਰੀ ਸਖਤੀ ਨਹੀਂ ਹੋ ਰਹੀ।ਹਾਲਾਂਕਿ, ਮਿਲਾਵਟ ਕਰਨ ਵਾਲਿਆਂ ਵਿਰੁੱਧ ਦੀਵਾਨੀ ਤੇ ਫ਼ੌਜਦਾਰੀ ਕੇਸ ਦਰਜ ਹੋਣ ਦੇ ਬਾਵਜੂਦ ਇਸ ਅਲਾਮਤ ਨੂੰ ਨੱਥ ਨਹੀਂ ਪਾਈ ਜਾ ਸਕੀ। ਅਜਿਹੇ ਮਾਮਲਿਆਂ ਵਿੱਚ ਸਜ਼ਾ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਕੇਸ ਦਰਜ ਹੋਣ ਦੇ ਬਾਵਜੂਦ ਇਹ ਬੇਰੋਕ ਜਾਰੀ ਹੈ। ਜ਼ਿਆਦਾਤਰ ਮੁਲਜ਼ਮਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ’ਚੋਂ ਬਚ ਨਿਕਲਣਗੇ। ਦੁੱਧ ’ਚ ਆਮ ਵਰਤੇ ਜਾਂਦੇ ਮਿਲਾਵਟੀ ਪਦਾਰਥਾਂ ਦੀ ਸ਼ਨਾਖ਼ਤ ਲਈ ਟੈਸਟਿੰਗ ਕਿੱਟਾਂ ਬਾਜ਼ਾਰ ’ਚ ਉਪਲੱਬਧ ਹਨ। ਇਨ੍ਹਾਂ ਉਤਪਾਦਾਂ ਨੂੰ ਕਿਫ਼ਾਇਤੀ ਬਣਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਤੇ ਸਰਲ ਹੋਣੇ ਚਾਹੀਦੇ ਹਨ ਤਾਂ ਕਿ ਖ਼ਪਤਕਾਰਾਂ ਦੇ ਨਾਲ-ਨਾਲ ਸਹਿਕਾਰੀ ਡੇਅਰੀ ਤੇ ਪਲਾਂਟ ’ਚ ਵੀ ਦੁੱਧ ਦੀ ਗੁਣਵੱਤਾ ਜਾਂਚੀ ਜਾ ਸਕੇ। ਇਸ ਦੇ ਨਾਲ-ਨਾਲ, ਖ਼ੁਰਾਕ ਸੁਰੱਖਿਆ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਰਾਕੀ ਪਦਾਰਥਾਂ ਦੇ ਨਿਰੀਖਣ ਤੇ ਜਾਂਚ ਲਈ ਅਗਾਊਂ ਸਰਗਰਮ ਹੋਣ। ਸੈਂਪਲ ਦੀ ਜਾਂਚ ਤੋਂ ਬਾਅਦ ਘਟੀਆ ਮਿਆਰਾਂ ਲਈ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ’ਤੇ ਮਾੜੇ ਅਨਸਰਾਂ ਨੂੰ ਬਲ ਮਿਲਦਾ ਹੈ ਤੇ ਉਹ ਲੋਕਾਂ ਦੀ ਸਿਹਤ ਨਾਲ ਖੇਡਣਾ ਜਾਰੀ ਰੱਖਦੇ ਹਨ।ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ।