ਕੈਲੀਫੋਰਨੀਆ ਵਿਚ ਪਿਤਾ ਨੇ ਆਪਣੇ ਦੋ ਬੱਚਿਆਂ ਤੇ ਪਤਨੀ ਦੀ ਹੱਤਿਆ ਕਰਨ ਉਪਰੰਤ ਕੀਤੀ ਖੁਦਕੁੱਸ਼ੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਸ਼ਹਿਰ ਮਿਲਪਿਟਸ ਦੇ ਇਕ ਘਰ ਵਿਚ ਹੋਈਆਂ 4 ਮੌਤਾਂ ਬਾਰੇ ਵੇਰਵਾ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਹੈ ਕਿ ਇਹ ਹੱਤਿਆ ਤੇ ਖੁਦਕੁੱਸ਼ੀ ਦਾ ਮਾਮਲਾ ਹੈ। ਪਿਤਾ ਵੱਲੋਂ ਆਪਣੇ ਦੋ ਬੱਚਿਆਂ ਤੇ ਪਤਨੀ ਨੂੰ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਗਈ। ਮਿਲਪਿਟਸ ਪੁਲਿਸ ਮੁਖੀ ਜੇਰਡ ਹਰਨਾਂਡੇਜ਼ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬੀਤੇ ਦਿਨ ਰਾਤ 9 ਵਜੇ ਦੇ ਕਰੀਬ ਵਾਪਰੀ ਜਦੋਂ ਮ੍ਰਿਤਕਾਂ ਦੇ ਕਿਸੇ ਨਜ਼ਦੀਕੀ ਨੇ ਪੁਲਿਸ ਨੂੰ ਫੋਨ ਕਰਕੇ ਕੋਈ ਅਣਹੋਣੀ ਵਾਪਰ ਜਾਣ ਦਾ ਖਦਸ਼ਾ ਜਾਹਿਰ ਕੀਤਾ ਸੀ। ਪੁਲਿਸ ਮੌਕੇ ਉਪਰ ਪੁੱਜੀ ਤਾਂ ਉਸ ਨੂੰ ਘਰ ਵਿਚ 2 ਬੱਚਿਆਂ ਸਮੇਤ 4 ਜਣੇ ਮ੍ਰਿਤਕ ਹਾਲਤ ਵਿਚ ਮਿਲੇ ਸਨ। ਮ੍ਰਿਤਕਾਂ ਦੀ ਪਛਾਣ 36 ਸਾਲਾ ਵਿਨ ਗੁਯੇਨ, 36 ਸਾਲਾ ਬੈਟੀ ਫਾਮ ਤੇ ਉਨਾਂ ਦੇ 9 ਸਾਲ ਦੇ ਪੁੱਤਰ ਤੇ 4 ਸਾਲ ਦੀ ਧੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਹਰੇਕ ਮ੍ਰਿਤਕ ਦੇ ਇਕ-ਇਕ ਗੋਲੀ ਵੱਜੀ ਹੋਈ ਹੈ ਤੇ ਸਪਸ਼ਟ ਤੌਰ 'ਤੇ ਘਟਨਾ ਲਈ ਜਿੰਮੇਵਾਰ ਗੁਯੇਨ ਹੈ। ਉਸ ਦੇ ਨਾਂ 'ਤੇ ਰਜਿਸਟਰਡ ਗੰਨ ਮੌਕੇ ਤੋਂ ਬਰਾਮਦ ਹੋਈ ਹੈ। ਪੁਲਿਸ ਮੁਖੀ ਨੇ ਘਟਨਾ ਉਪਰ ਅਫਸੋਸ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਕਿਸਮ ਦੀ ਘਟਨਾ ਰੋਕਣ ਲਈ ਉਹ ਪੁਲਿਸ ਦੀ ਮੱਦਦ ਲੈ ਸਕਦੇ ਹਨ। ਪੁਲਿਸ ਅਨੁਸਾਰ ਮਿਲਪਿਟਸ ਦੀ ਇਕ ਆਤਮ ਹੱਤਿਆ ਰੋਕੋ ਟਾਸਕ ਫੋਰਸ ਹੈ। ਇਹ ਟਾਸਕ ਫੋਰਸ ਸਾਂਟਾ ਕਲਾਰਾ ਕਾਊਂਟੀ ਬੇਹਾਵਿਓਰਲ ਹੈਲਥ ਸਰਵਿਸਜ ਨਾਲ ਮਿਲ ਕੇ ਕੰਮ ਕਰਦੀ ਹੈ।











Comments (0)