ਅਮਰੀਕੀ ਵਸਤਾਂ ਦਾ ਬਾਈਕਾਟ: ਸਵਦੇਸ਼ੀ ਮੁਹਿੰਮ ਦੀ ਨਵੀਂ ਲਹਿਰ ਛਿੜੀ,ਕਿੰਨੀ ਕੁ ਸਫਲ ਹੋਵੇਗੀ ?
*ਟਰੰਪ ਦੇ ਟੈਰਿਫਾਂ ਨੇ ਵਧਾਇਆ ਰੋਸ, ਭਗਵਿਆਂ ਵਿੱਚ ਅਮਰੀਕੀ ਕੰਪਨੀਆਂ 'ਤੇ ਗੁੱਸਾ
*ਮੋਦੀ ਦਾ ਸਵਦੇਸ਼ੀ ਸੱਦਾ: 'ਮੇਡ ਇਨ ਇੰਡੀਆ' ਨੂੰ ਅਪਣਾਉਣ ਦੀ ਅਪੀਲ
*ਸਾਧ ਰਾਮਦੇਵ ਦੀ ਨਵੀਂ ਕਲਾਕਾਰੀ: ਅਮਰੀਕੀ ਬ੍ਰਾਂਡਾਂ ਨੂੰ ਚੁਣੌਤੀ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ 'ਤੇ ਲਗਾਏ ਗਏ ਮਨਮਰਜ਼ੀ ਵਾਲੇ ਟੈਰਿਫਾਂ ਨੇ ਭਾਰਤ ਵਿੱਚ ਭਗਵੇਂ ਰਾਸ਼ਟਰਵਾਦੀਆਂ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ।ਟਰੰਪ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਬਹਾਨੇ ਨਾਲ 25 ਫੀਸਦੀ ਵਾਧੂ ਟੈਰਿਫ ਲਗਾਏ ਹਨ, ਜਿਸ ਨਾਲ ਕੁੱਲ ਟੈਰਿਫ 50 ਫੀਸਦੀ ਤੱਕ ਪਹੁੰਚ ਗਏ ਹਨ। ਇਸ ਫੈਸਲੇ ਨੂੰ ਭਾਰਤ ਨੇ ਗਲਤ ਅਤੇ ਬੇਇਨਸਾਫੀ ਵਾਲਾ ਦੱਸਦਿਆਂ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਹਰ ਕਦਮ ਚੁੱਕਾਂਗੇ। ਭਗਵਿਆਂ ਵਲੋਂ ਕੋਕਾ-ਕੋਲਾ, ਪੈਪਸੀ, ਕੇਐੱਫਸੀ, ਮੈਕਡਾਨਲਡਸ ਅਤੇ ਸਬਵੇ ਵਰਗੀਆਂ ਅਮਰੀਕੀ ਦਿੱਗਜ ਕੰਪਨੀਆਂ ਦਾ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਆਪਣੇ ਭਾਸ਼ਣ ਵਿੱਚ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ ਹੈ, ਜਦਕਿ ਯੋਗ ਗੁਰੂ ਬਾਬਾ ਰਾਮਦੇਵ ਨੇ ਨਵੀਂ ਛੁਰਲੀ ਛਡਦਿਆਂ ਅਮਰੀਕੀ ਵਸਤਾਂ ਨੂੰ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਭਾਰਤ ਵਿੱਚ ਭਗਵੇਂ ਰਾਸ਼ਟਰਵਾਦੀ ਅਤੇ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਵੱਲੋਂ ਇਸ ਨੂੰ ਅਮਰੀਕੀ ਹੰਕਾਰ ਵਜੋਂ ਵੇਖਿਆ ਜਾ ਰਿਹਾ ਹੈ। ਕੁਝ ਲੋਕਾਂ ਨੇ ਤਾਂ ਅਮਰੀਕੀ ਸਾਮਾਨ ਖਰੀਦਣ ਤੋਂ ਪਹਿਲਾਂ ਹੀ ਪਰਹੇਜ਼ ਸ਼ੁਰੂ ਕਰ ਦਿੱਤਾ ਹੈ। ਬਾਬਾ ਰਾਮਦੇਵ ਨੇ ਟਵੀਟ ਕਰਕੇ ਕਿਹਾ, "ਪੈਪਸੀ, ਕੋਕਾ-ਕੋਲਾ, ਕੇਐੱਫਸੀ ਅਤੇ ਮੈਕਡਾਨਲਡਸ ਵਰਗੇ ਅਮਰੀਕੀ ਬ੍ਰਾਂਡਾਂ ਦੇ ਕਾਊਂਟਰਾਂ 'ਤੇ ਇੱਕ ਵੀ ਭਾਰਤੀ ਨਹੀਂ ਦਿਸਣਾ ਚਾਹੀਦਾ। ਬਾਈਕਾਟ ਇੰਨਾ ਵੱਡਾ ਹੋਵੇ ਕਿ ਅਮਰੀਕਾ ਤੱਕ ਅਸਰ ਪਹੁੰਚੇ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਫਰਾਂਸ, ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਅਮਰੀਕੀ ਵਸਤਾਂ ਦਾ ਬਾਈਕਾਟ ਹੋ ਚੁੱਕਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਇਹ ਤਿਉਹਾਰਾਂ ਦਾ ਮੌਸਮ ਹੈ – ਨਵਰਾਤਰੀ, ਵਿਜੈਦਸ਼ਮੀ, ਧਨਤੇਰਸ ਅਤੇ ਦੀਵਾਲੀ। ਇਹ ਸਾਡੀ ਸੰਸਕ੍ਰਿਤੀ ਦੇ ਉਤਸਵ ਹਨ ਪਰ ਇਨ੍ਹਾਂ ਨੂੰ ਆਤਮਨਿਰਭਰਤਾ ਦੇ ਉਤਸਵ ਵੀ ਬਣਾਉਣੇ ਚਾਹੀਦੇ ਹਨ। ਅਸੀਂ ਜੋ ਵੀ ਖਰੀਦਾਂਗੇ, ਉਹ ਮੇਡ ਇਨ ਇੰਡੀਆ ਹੋਵੇਗਾ।" ਮੋਦੀ ਪਿਛਲੇ 11 ਸਾਲਾਂ ਤੋਂ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਮੁਹਿੰਮ ਚਲਾ ਰਹੇ ਹਨ। ਪਰ ਅਸਲੀ ਸਵਾਲ ਇਹ ਹੈ ਕਿ ਇਹ ਸੱਦਾ ਕਿਉਂ ਦਿੱਤਾ ਗਿਆ? ਮਾਹਿਰਾਂ ਮੁਤਾਬਕ, ਇਹ ਟਰੰਪ ਦੇ ਟੈਰਿਫਾਂ ਨੂੰ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਟਰੰਪ ਨੂੰ ਖੁੱਲ੍ਹਾ ਪੱਤਰ ਲਿਖ ਕੇ 1905 ਦੇ ਸਵਦੇਸ਼ੀ ਅੰਦੋਲਨ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਜੇ 146 ਕਰੋੜ ਭਾਰਤੀ ਉਸੇ ਭਾਵਨਾ ਨਾਲ ਅਮਰੀਕੀ ਕੰਪਨੀਆਂ 'ਤੇ ਰਣਨੀਤਕ ਰੋਕ ਲਗਾਉਣ ਤਾਂ ਅਸਰ ਅਮਰੀਕਾ 'ਤੇ ਭਾਰਤ ਤੋਂ ਵੱਧ ਹੋਵੇਗਾ। ਪੈਪਸੀਕੋ ਲਈ ਭਾਰਤ ਦੁਨੀਆ ਦੇ ਟਾਪ-15 ਬਾਜ਼ਾਰਾਂ ਵਿੱਚ ਸ਼ਾਮਲ ਹੈ ਅਤੇ ਕੰਪਨੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਇੱਥੇ 3500-4000 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਇਸ ਲਈ ਬਾਈਕਾਟ ਨੇ ਇਨ੍ਹਾਂ ਕੰਪਨੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਪਰ ਇਹ ਮੁਹਿੰਮ ਕਿੰਨੀ ਸਫਲ ਹੋਵੇਗੀ?
ਇਤਿਹਾਸ ਵੇਖੀਏ ਤਾਂ 1915 ਵਿੱਚ ਮਹਾਤਮਾ ਗਾਂਧੀ ਨੇ ਵਿਦੇਸ਼ੀ ਵਸਤਾਂ ਦਾ ਬਾਈਕਾਟ ਕੀਤਾ ਸੀ ਅਤੇ ਲੋਕਾਂ ਨੇ ਅੰਗਰੇਜ਼ੀ ਸਾਮਾਨ ਨੂੰ ਅੱਗ ਲਗਾਈ ਸੀ। ਪਰ ਅੱਜ ਦਾ ਜ਼ਮਾਨਾ ਵੱਖਰਾ ਹੈ। ਦੁਨੀਆ ਇੱਕ ਗਲੋਬਲ ਵਿਲੇਜ ਬਣ ਗਈ ਹੈ। ਕੋਈ ਵੀ ਦੇਸ਼ ਪੂਰੀ ਤਰ੍ਹਾਂ ਆਤਮਨਿਰਭਰ ਨਹੀਂ ਹੋ ਸਕਦਾ। ਭਾਰਤ ਦੀ ਚੀਨ 'ਤੇ ਨਿਰਭਰਤਾ ਵਧੀ ਹੈ – ਵਪਾਰ ਘਾਟਾ ਦਿਨ ਦੂਣੀ ਰਾਤ ਚੌਗਣੀ ਵਧ ਰਿਹਾ ਹੈ। ਤੇਲ ਆਯਾਤ 80 ਤੋਂ 82 ਫੀਸਦੀ ਤੱਕ ਪਹੁੰਚ ਗਿਆ ਹੈ। ਅਮਰੀਕਾ ਤੋਂ ਊਰਜਾ ਖਰੀਦ ਵੀ ਦੂਣੀ ਹੋ ਗਈ ਹੈ। ਪਿਛਲੇ 11 ਸਾਲਾਂ ਵਿੱਚ ਆਤਮਨਿਰਭਰਤਾ ਦੀ ਬਜਾਏ ਨਿਰਭਰਤਾ ਵਧੀ ਹੈ। ਛੋਟੇ ਉਦਮੀਆਂ ਨੂੰ ਹੱਲਾਸ਼ੇਰੀ ਨਹੀਂ ਮਿਲੀ ਅਤੇ ਉਹ ਵਪਾਰੀ ਬਣ ਗਏ, ਚੀਨ ਤੋਂ ਸਾਮਾਨ ਲਿਆ ਕੇ ਵੇਚਣ ਲੱਗੇ।
ਰਾਮਦੇਵ ਦੀ ਨਵੀਂ ਛੁਰਲੀ ਦੇ ਅਰਥ ਕੀ ਹਨ??
ਰਾਮਦੇਵ ਨਾ ਸਿਰਫ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਬਲਕਿ ਪਤੰਜਲੀ ਵਰਗੇ ਆਪਣੇ ਬ੍ਰਾਂਡਾਂ ਨੂੰ ਵਧਾਉਣਾ ਚਾਹੁੰਦੇ ਹਨ। ਪਰ ਵਿਹਾਰਕ ਤੌਰ 'ਤੇ ਇਹ ਮੁਸ਼ਕਲ ਹੈ। ਅੱਜ ਲੋਕਾਂ ਦੀ ਜ਼ਿੰਦਗੀ ਵਿੱਚ ਅਮਰੀਕੀ ਬ੍ਰਾਂਡ ਘੁਲਮਿਲ ਗਏ ਹਨ। ਨੌਜਵਾਨ ਕੋਲਾ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰਨਾ ਮੁਸ਼ਕਲ ਸਮਝਦੇ ਹਨ। ਫਿਰ ਵੀ, ਸੋਸ਼ਲ ਮੀਡੀਆ 'ਤੇ #BoycottAmericanGoods ਅਤੇ #SwadeshiAndolan ਵਰਗੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ। ਕੁਝ ਸ਼ਹਿਰਾਂ ਵਿੱਚ ਪ੍ਰਦਰਸ਼ਨ ਵੀ ਹੋ ਰਹੇ ਹਨ।
ਇਸ ਮੁਹਿੰਮ ਦਾ ਅਸਰ ਕੀ ਹੋਵੇਗਾ?
ਜੇ ਸਫਲ ਹੋਈ ਤਾਂ ਭਾਰਤੀ ਉਦਮੀਆਂ ਨੂੰ ਬੂਸਟ ਮਿਲੇਗਾ। ਛੋਟੀਆਂ ਵਸਤਾਂ ਜਿਵੇਂ ਰੋਜ਼ਮਰਾ ਦੇ ਸਾਮਾਨ ਦਾ ਉਤਪਾਦਨ ਵਧੇਗਾ। ਆਪਣੇ ਸੋਸ਼ਲ ਮੀਡੀਆ ਪਲੈਟਫਾਰਮ, ਸਰਚ ਇੰਜਨ ਅਤੇ ਈ-ਕਾਮਰਸ ਵਿਕਸਿਤ ਹੋਣਗੇ। ਪਰ ਜੇ ਅਸਫਲ ਹੋਈ ਤਾਂ ਇਹ ਸਿਰਫ ਨਾਰੇਬਾਜ਼ੀ ਬਣ ਕੇ ਰਹਿ ਜਾਵੇਗੀ। ਮਾਹਿਰ ਕਹਿੰਦੇ ਹਨ ਕਿ ਆਤਮਨਿਰਭਰਤਾ ਲਈ ਛੋਟੇ ਕਦਮ ਚਾਹੀਦੇ ਹਨ – ਉਦਮੀਆਂ ਨੂੰ ਉਤਸ਼ਾਹਿਤ, ਤਕਨੀਕ ਵਿੱਚ ਨਿਵੇਸ਼ ਅਤੇ ਨੀਤੀਆਂ ਵਿੱਚ ਸੁਧਾਰ। ਆਖਰ ਵਿੱਚ, ਇਹ ਮੁਹਿੰਮ ਭਾਰਤ ਨੂੰ ਮਜ਼ਬੂਤ ਬਣਾਉਣ ਵਾਲੀ ਹੈ ਪਰ ਇਸ ਨੂੰ ਵਿਹਾਰਕ ਬਣਾਉਣ ਲਈ ਨੈਤਿਕ ਅਤੇ ਵਿਵਹਾਰਕ ਤਾਕਤ ਚਾਹੀਦੀ ਹੈ।












Comments (0)