ਸਾਂਝੇ ਪੰਜਾਬ ਦਾ ਮਹਾਨ ਲੋਕ ਗਾਇਕ ਆਲਮ ਲੁਹਾਰ
ਬੋਲ ਮਿੱਟੀ ਦਿਆ ਬਾਵਿਆ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ, ਮੇਰਾ ਸੋਹਣਾ ਮਾਹੀ ਆਜਾ ਹੋ...’ ਆਲਮ ਲੁਹਾਰ ਦਾ ਗਾਇਆ ਇਹ ਗੀਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ।
ਬੇਸ਼ੱਕ ਇਸ ਗੀਤ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਮਿੱਟੀ ਦਾ ਬਾਵਾ ਆਲਮ ਲੁਹਾਰ ਗਾ ਗਿਆ, ਇਹੋ ਜਿਹਾ ਕੋਈ ਹੋਰ ਨਹੀਂ ਗਾ ਸਕਿਆ। ਉੱਚੀ ਤੇ ਸੁਰੀਲੀ ਆਵਾਜ਼ ਨਾਲ ਚਿਮਟੇ ਤੇ ਅਲਗੋਜਿਆਂ ਦੀ ਤਾਲ ਨਾਲ ਸਰੋਤਿਆਂ ਦੇ ਦਿਲਾਂ ’ਚ ਆਪਣੀ ਗਾਇਕੀ ਨਾਲ ਜੋਸ਼ ਭਰ ਦੇਣ ਵਾਲੇ ਆਲਮ ਲੁਹਾਰ ਦੀ ਰੀਸ ਅਜੇ ਤਕ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਕੋਈ ਵੀ ਗਾਇਕ ਨਹੀਂ ਕਰ ਸਕਿਆ। ਉਨ੍ਹਾਂ ਦੇ ਗਾਏ ਹਰ ਗਾਣੇ ਦੇ ਡੂੰਘੇ ਅਰਥ ਹੁੰਦੇ ਸਨ ਤੇ ਹਰ ਗੀਤ ਬਾਕਮਾਲ ਹੁੰਦਾ ਸੀ।
ਆਲਮ ਲੁਹਾਰ ਦਾ ਜਨਮ 1928 ’ਚ ਬਰਤਾਨਵੀ ਭਾਰਤ ਦੇ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਖਾਰੀਆਂ ਦੇ ਪਿੰਡ ਓਚ ਕੋਚ ਵਿਚ ਹੋਇਆ। ਉਹ ਸਾਂਝੇ ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਲੱਗਦੇ ਮੇਲਿਆਂ ਵਿਚ ਅਖਾੜੇ ਲਾ ਕੇ ਸੈਂਕੜੇ ਪੰਜਾਬੀਆਂ ਨੂੰ ਇਕੱਠਿਆਂ ਕਰ ਕੇ ਸਾਰੀ ਜ਼ਿੰਦਗੀ ਗਾਉਂਦਾ ਰਿਹਾ। ਆਲਮ ਲੁਹਾਰ ਨੇ ਆਪਣੀ ਗਾਇਕੀ ਦੀ ਪਹਿਲੀ ਐਲਬਮ 13 ਸਾਲ ਦੀ ਉਮਰ ’ਚ ਰਿਕਾਰਡ ਕਰਵਾਈ। ਮੀਆਂ ਮੁਹੰਮਦ ਬਖ਼ਸ਼ ਦੀ ਲਿਖੀ ਸੈਫੁਲ ਮਲੂਕ 1948 ਵਿਚ ਗਾਈ। ਕਿੱਸਾ ਯੂਸਫ ਜੁਨੇਜਾ 1961 ’ਚ ਗਾਇਆ। ਉਨ੍ਹਾਂ ਦਾ ਗਾਇਆ ਗੀਤ ‘ਬੋਲ ਮਿੱਟੀ ਦਿਆ ਬਾਵਿਆ’ 1964 ਵਿਚ ਬਹੁਤ ਮਕਬੂਲ ਹੋਇਆ। ਉਨ੍ਹਾਂ ਨੇ ਕਿੱਸਾ ਦੁੱਲ੍ਹਾ ਭੱਟੀ 1959 ਵਿਚ ਗਾਇਆ। ਕਿੱਸਾ ਮਿਰਜ਼ਾ ਜੱਟ 1967, ਕਿੱਸਾ ਹੀਰ-ਰਾਂਝਾ 1969 ਤੇ ਕਿੱਸਾ ਸੱਸੀ ਪੁੰਨੂੰ 1972 ਵਿਚ ਗਾਇਆ। ਉਨ੍ਹਾਂ ਨੇ 1973 ਵਿਚ ’ਵਾਜ਼ਾ ਮਾਰੀਆਂ ਬੁਲਾਇਆ ਕਈ ਵਾਰ ਮੈਂ’ ਪੰਜਾਬੀਆਂ ਸਾਹਮਣੇ ਪੇਸ਼ ਕੀਤਾ। ਆਲਮ ਲੁਹਾਰ ਨੂੰ 1960 ਤੋਂ ਲੈ ਕੇ 1970 ਤਕ ਸਭ ਤੋਂ ਵੱਧ ਸੁਣਿਆ ਜਾਂਦਾ ਰਿਹਾ। ਇਸੇ ਹੀ ਸਮੇਂ ਦੌਰਾਨ ਆਲਮ ਲੁਹਾਰ ਕੈਨੇਡਾ, ਇੰਗਲੈਂਡ, ਅਮਰੀਕਾ, ਨਾਰਵੇ ਅਤੇ ਜਰਮਨੀ ਜਾ ਕੇ ਪੰਜਾਬੀਆਂ ਨੂੰ ਆਪਣੀ ਜੋਸ਼ੀਲੀ ਤੇ ਮਸਤ ਕਰ ਦੇਣ ਵਾਲੀ ਗਾਇਕੀ ਨਾਲ ਨਿਹਾਲ ਕਰਦਾ ਰਿਹਾ।
ਜੱਦੀ ਪੇਸ਼ਾ ਨਹੀਂ ਸੀ ਗਾਇਕੀ
ਇਸ ਗਾਇਕ ਨੂੰ ਸੁਣਨ ਦੇ ਸ਼ੌਕੀਨ ਪੰਜਾਬੀ ਸ਼ੇਰ-ਏ-ਪੰਜਾਬੀ ਤੇ ਹੀਰਾ ਦੇ ਨਾਂ ਨਾਲ ਵੀ ਯਾਦ ਕਰਦੇ ਹਨ। ਆਲਮ ਲੁਹਾਰ ਦੇ ਪਿੰਡ ਤੋਂ ਜੋ ਸੜਕ ਜੀਟੀ ਰੋਡ ਨੂੰ ਜਾਂਦੀ ਹੈ, ਉਸ ਦਾ ਨਾਂ ਵੀ ਆਲਮ ਲੁਹਾਰ ਰੋਡ ਰੱਖਿਆ ਗਿਆ ਹੈ। ਉਹ ਗ਼ਰੀਬ ਲੁਹਾਰ ਪਰਿਵਾਰ ਤੋਂ ਸੀ। ਲੁਹਾਰਾ ਨੂੰ ਮੁਗ਼ਲ ਬਰਾਦਰੀ ਵੀ ਕਿਹਾ ਜਾਂਦਾ ਹੈ। ਉਸ ਦਾ ਦਾ ਜੱਦੀ ਪੇਸ਼ਾ ਗਾਇਕੀ ਨਹੀਂ ਸੀ। ਆਪਣੇ ਇਕ ਗਾਣੇ ਵਿਚ ਵੀ ਉਸ ਨੇ ਕਿਹਾ ਹੈ, ‘ਛੱਡ ਲੁਹਾਰਾ ਗਾਉਣ ਦਾ ਖਹਿੜਾ, ਤੇ ਸਨ੍ਹੀ ਹਥੌੜਾ ਵਾਹੀਏ’। ਗਾਇਕੀ ਆਲਮ ਲੁਹਾਰ ਦਾ ਭਾਵੇਂ ਜੱਦੀ ਪੇਸ਼ਾ ਨਹੀਂ ਸੀ ਪਰ ਇਸ ਮਹਾਨ ਹਸਤੀ ਨੂੰ ਨਿੱਕੇ ਹੁੰਦਿਆਂ ਤੋਂ ਹੀ ਗਾਉਣ ਦਾ ਸ਼ੌਕ ਪੈ ਗਿਆ ਸੀ। ਪਹਿਲਾਂ ਤਾਂ ਉਹ ਘਰ ‘ਚ ਹੀ ਗੁਣਗੁਣਾਉਂਦਾ ਰਹਿੰਦਾ ਸੀ। ਉਹ ਘਰੇ ਹੀ ਸਾਰਾ ਦਿਨ ਕਦੇ ਗੜਵੀ, ਕਦੇ ਪਰਾਤ ਤੇ ਕਦੇ ਘੜਾ ਵਜਾ ਕੇ ਲੈਅ ਨਾਲ ਗਾਉਂਦਾ। ਉਹਨੂੰ ਖ਼ਾਸ ਤਰਜ਼ ਵਾਲੀ ਤੇ ਸਾਫ਼-ਸੁਥਰੀ ਗਾਇਕੀ ਨਾਲ ਬਹੁਤ ਮੁਹੱਬਤ ਸੀ। ਛੋਟੇ ਹੁੰਦਿਆਂ ਆਲਮ ਲੁਹਾਰ ਆਪਣੇ ਹੀ ਪਰਿਵਾਰ ਸਾਹਮਣੇ ਗਾ ਕੇ ਗਾਇਕੀ ਦਾ ਸ਼ੌਕ ਪੂਰਾ ਕਰ ਲੈਂਦਾ ਸੀ।
ਮਿਰਜ਼ਾ ਗਾਉਣ ’ਤੇ ਮਿਲੀ ਵੱਧ ਸ਼ੋਹਰਤ
ਉਹ ਜਦੋਂ ਮਿਰਜ਼ਾ-ਸਾਹਿਬਾ ਆਪਣੀ ਤਿੱਖੀ, ਉੱਚੀ ਤੇ ਸੁਰੀਲੀ ਅਵਾਜ਼ ਵਿਚ ਗਾਉਂਦਾ ਸੀ ਤਾਂ ਪੰਜਾਬੀਆਂ ਦੇ ਮੁੱਖੜੇ ਲਾਲ ਹੋ ਜਾਂਦੇ ਸਨ। ਉਸ ਨੂੰ ਸਭ ਤੋਂ ਵੱਧ ਸ਼ੋਹਰਤ ਮਿਰਜ਼ਾ ਗਾਉਣ ‘ਤੇ ਹੀ ਮਿਲੀ। ਇਨਸਾਨੀ ਫ਼ਿਤਰਤ, ਮਕਰ-ਫਰੇਬ ਤੇ ਚਤੁਰਾਈ ਨੂੰ ਜਿਵੇਂ ਆਲਮ ਲੁਹਾਰ ਨੇ ਖ਼ੂਬਸੂਰਤੀ ਤੇ ਸੋਚਾਂ ਦੀ ਡੂੰਘਾਈ ਨਾਲ ਗਾਇਆ ਹੈ, ਉਹ ਹਰ ਪੰਜਾਬੀ ਲਈ ਹੈਰਾਨਕੁਨ ਤੇ ਰਿਸ਼ਤਿਆਂ ਦੇ ਰੰਗ ਦੇਖਣ ਤੇ ਮਹਿਸੂਸ ਕਰਨ ਦਾ ਸਭ ਤੋਂ ਕਮਾਲ ਦਾ ਅਨੋਖਾ ਅੰਦਾਜ਼ ਹੈ। ਉਨ੍ਹਾਂ ਨੇ ਸਦਾ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਛਾਣ ਬਣਾਇਆ। ਗਲ ਕੱਢਿਆ ਹੋਇਆ ਰੰਗ-ਰੰਗੀਲਾ ਕੁੜਤਾ, ਲੱਕ ਸੋਹਣੇ ਤੇ ਗੂੜ੍ਹੇ ਰੰਗ ਵਾਲਾ ਲਾਚਾ, ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ, ਲੰਮੀਆਂ ਜ਼ੁਲਫ਼ਾਂ, ਭਰਿਆ-ਭਰਿਆ ਸਰੀਰ, ਕੱਦ ਦਰਮਿਆਨਾ ਤੇ ਹੱਥ ਵਿਚ ਚਿਮਟਾ, ਗਾਉਂਦਿਆਂ ਜਦੋਂ ਖ਼ਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਖ਼ਾਸ ਅੰਦਾਜ਼ ਨਾਲ ਹਵਾ ਵਿਚ ਲਹਿਰਾ ਜਾਂਦੇ।
ਸੱਚਮੁੱਚ ਸੀ ਮਹਾਨ ਗਾਇਕ

ਸੱਚਮੁੱਚ ਮਹਾਨ ਗਾਇਕ ਸੀ ਆਲਮ ਲੁਹਾਰ। ਗਾਇਕੀ ’ਚ ਉਸ ਦਾ ਸਾਥ ਫ਼ਜ਼ਲ ਕਰੀਮ ਕਿਸਾਈ ਅਲਗੋਜਜਿਆਂ ਵਾਲਾ ਦਿੰਦਾ ਸੀ। ਉਹ ਦੋ ਅਲਗੋਜੇ ਇਕੱਠੇ ਮੂੰਹ ਵਿਚ ਲੈ ਕੇ ਵਜਾਉਂਦਾ ਸੀ। ਇਕ ਵਾਰ ਆਲਮ ਲੁਹਾਰ ਮਸ਼ਹੂਰ ਸੂਫ਼ੀ ਬਜ਼ੁਰਗ ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ’ਤੇ ਸਲਾਮ ਕਰਨ ਰੇਲਗੱਡੀ ਰਾਹੀਂ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਜਾ ਰਿਹਾ ਸੀ ਤੇ ਹੈਦਰਾਬਾਦ ਦੇ ਸਟੇਸ਼ਨ ਉੱਤੇ ਉਤਰ ਕੇ ਜਿਵੇਂ ਹੀ ਉਹ ਤੇ ਉਸ ਦੇ ਚਾਰ ਸਾਥੀ ਕਾਰ ਵਿਚ ਸਵਾਰ ਹੋ ਕੇ ਲਾਲ ਸ਼ਾਹਬਾਜ਼ ਕਲੰਦਰ ਦੀ ਮਜ਼ਾਰ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੱਸ ਨਾਲ ਟਕਰਾ ਗਈ। ਇਸ ਸੜਕ ਹਾਦਸੇ ਵਿਚ ਆਲਮ ਲੁਹਾਰ ਦੀ ਲੱਤ ਟੁੱਟ ਗਈ। ਹਸਪਤਾਲ ਵਿਚ ਕਈ ਦਿਨ ਇਲਾਜ ਚੱਲਦਾ ਰਿਹਾ। ਇਲਾਜ ਪਿੱਛੋਂ ਪੰਜਾਬ ਪਰਤ ਕੇ ਉਨ੍ਹਾਂ ਨੇ ਹਸਪਤਾਲ ਦੇ ਕਰਮਚਾਰੀਆਂ ਦੀ ਮਾੜੀ ਕਾਰਗੁਜ਼ਾਰੀ ’ਤੇ ਗੀਤ ‘ਅਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ’ ਲਿਖਿਆ ਤੇ ਆਪ ਹੀ ਗਾਇਆ। ਇਹ ਗੀਤ ਪੰਜਾਬੀਆਂ ਦੇ ਬਹੁਤ ਦਿਲ ਲੱਗਾ ਸੀ।
ਆਵਾਜ਼ ’ਚ ਸੀ ਖ਼ਾਸ ਜਾਦੂ
ਆਲਮ ਲੁਹਾਰ ਦੀ ਅਵਾਜ਼ ’ਚ ਖ਼ਾਸ ਜਾਦੂ ਸੀ। ਉਸ ਨੇ ਗਾਉਣ ਲਈ ਬਿਲਕੁਲ ਵੱਖਰੀ ਸੁਰ ਅਪਨਾਈ। ਆਲਮ ਨੇ ਆਪਣੀ ਗਾਇਕੀ ਦੇ ਇਸ ਨਿਵੇਕਲੇ ਅੰਦਾਜ਼ ਨਾਲ ਸਿਰਫ਼ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆਂ ’ਚ ਆਪਣੀ ਅਲੱਗ ਪਛਾਣ ਬਣਾਈ। ਉਸ ਦੇ ਅੰਦਾਜ਼-ਏ-ਗਾਇਕੀ ਦੀ ਨਕਲ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਦਰਜਨਾਂ ਪੰਜਾਬੀ ਗਾਇਕਾਂ ਨੇ ਉਸ ਦੇ ਲਹਿਜ਼ੇ ਤੇ ਉੱਚੀ ਸੁਰ ਵਿਚ ਗਾਉਣ ਦਾ ਢੰਗ ਅਪਨਾਇਆ ਪਰ ਕੁਦਰਤ ਜਿਸ ਬੰਦੇ ਨੂੰ ਜੋ ਵੀ ਸਰੀਰਕ ਸਿਫ਼ਤ ਭੇਟ ਕਰਦੀ ਹੈ, ਕੋਈ ਹੋਰ ਬੰਦਾ ਉਸ ਸਿਫ਼ਤ ਨੂੰ ਖੋਹਣਾ ਵੀ ਚਾਹੇ ਤਾਂ ਨਹੀਂ ਖੋਹ ਸਕਦਾ।
ਆਰਿਫ਼ ਲੁਹਾਰ ਵੀ ਵਸਦਾ ਪੰਜਾਬੀਆਂ ਦੇ ਦਿਲਾਂ ’ਚ
ਆਲਮ ਲੁਹਾਰ ਦਾ ਸਭ ਤੋਂ ਛੋਟਾ ਪੁੱਤਰ ਆਰਿਫ਼ ਲੁਹਾਰ ਪੰਜਾਬੀ ਗਾਇਕੀ ਦੇ ਮੈਦਾਨ ਵਿਚ ਨਿੱਤਰ ਕੇ ਪੰਜਾਬੀਆਂ ਦੇ ਦਿਲਾਂ ’ਚ ਵਸਦਾ ਹੈ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿਚ ਗਾ ਕੇ ਪੰਜਾਬੀਆਂ ਨੂੰ ਪੰਜਾਬੀ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ। ਜੁਗਨੀ ਆਲਮ ਲੁਹਾਰ ਦੀ ਖ਼ਾਸ ਪਛਾਣ ਬਣ ਗਈ ਸੀ। ਜੁਗਨੀ ਤਾਂ ਕਈ ਗਾਇਕਾਂ ਨੇ ਗਾਈ ਪਰ ਆਲਮ ਲੁਹਾਰ ਵਰਗੀ ਗੱਲ ਨਾ ਬਣੀ। 3 ਜੁਲਾਈ 1984 ਨੂੰ ਹੋਇਆ ਖ਼ਤਰਨਾਕ ਕਾਰ ਹਾਦਸਾ ਆਲਮ ਲੁਹਾਰ ਦੀ ਮੌਤ ਦਾ ਸਬੱਬ ਬਣਿਆ। ਉਸ ਨੇ ਆਪਣੇ ਪੁੱਤਰ ਆਰਿਫ਼ ਲੁਹਾਰ ਨੂੰ ਫੋਨ ਕੀਤਾ ਕਿ ਪੁੱਤ ਮੈਂ ਦੁਪਹਿਰ 12 ਵਜੇ ਤਕ ਘਰ ਪਹੁੰਚ ਜਾਵਾਂਗਾ। ਉਨ੍ਹਾਂ ਦਿਨਾਂ ਵਿਚ ਆਲਮ ਲੁਹਾਰ ਸਮਨਾਬਾਦ (ਲਾਹੌਰ) ਰਹਿੰਦਾ ਸੀ। ਘਰ ਵਾਲਿਆਂ ਖਾਣਾ ਤਿਆਰ ਕਰ ਕੇ ਰੱਖਿਆ ਪਰ ਆਲਮ ਲੁਹਾਰ ਨਾ ਆਇਆ। ਇਤਫ਼ਾਕ ਸੀ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਕੁਦਰਤ ਨੇ ਆਲਮ ਲੁਹਾਰ ਦੇ ਮੂੰਹੋਂ ਇਹ ਗੀਤ ਗਵਾ ਕੇ ਉਸ ਨੂੰ ਸਦਾ ਲਈ ਦੁਨੀਆ ਤੋਂ ਅਲਵਿਦਾ ਕਰ ਦਿੱਤਾ।
ਦਿਲ ਵਾਲਾ ਦੁੱਖੜਾ ਨਈਂ,
ਕਿਸੇ ਨੂੰ ਸੁਣਾਈਦਾ,
ਆਪਣੀਆਂ ਸੋਚਾਂ ਵਿਚ ਆਪੇ
ਡੁੱਬ ਜਾਈਦਾ,
ਆਪ ਵੀ ਨਾ ਆਇਓਂ ਸਾਨੂੰ ਖਤ
ਵੀ ਨਾ ਘੱਲਿਆ,
ਜ਼ਿੰਦਗੀ ਦਾ ਦੀਵਾ ਮੇਰਾ ਇਵੇਂ ਬੁਝ ਚੱਲਿਆ।
ਸਾਂਝੇ ਪੰਜਾਬ ਦੇ ਇਸ ਮਹਾਨ ਗਾਇਕ ਦੇ ਗਾਏ ਗੀਤ ਹਮੇਸ਼ਾ ਅਮਰ ਰਹਿਣਗੇ।
ਕੁਲਦੀਪ ਸਿੰਘ ਸਾਹਿਲ












Comments (0)